ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Monday, January 5, 2009

ਰਾਤੀ ਛਿੱਤਰਾਂ ਦੀ ਹੋਈ ਬਰਸਾਤ



ਬੜੀ ਦੇਰ ਪਹਿਲੋਂ ਗਾਣਾ ਆਇਆ ਸੀ ‘ਰਾਤੀਂ ਇਸ਼ਕੇ ਦੀ ਹੋਈ ਬਰਸਾਤ’ ਫੇਰ ਓਹਦੀ ਪੈਰੋਡੀ ਆਈ “ਰਾਤੀਂ ਛਿੱਤਰਾਂ ਦੀ ਹੋਈ ਬਰਸਾਤ ਸਾਰੀ ਰਾਤ ਕੁੱਟਦੇ ਰਹੇ” ਪਰ ਸੱਚੀ ਗੱਲ ਆ ਕਿਸੇ ਵੈਰੀ ਨੂੰ ਸਾਰੀ ਰਾਤ ਛਿੱਤਰਾਂ ਨਾਲ ਕੁੱਟ ਕੇ ਵੀ ਓਹ ਸੁਆਦ ਨੀ ਆਉਣਾ ਜਿਹੜਾ 14 ਦਸੰਬਰ ਨੂੰ ਟੀਵੀ ‘ਤੇ ਦੋ ਛਿੱਤਰ ਉੱਡਦੇ ਵੇਖ ਕੇ ਆਇਆ। ਵੈਸੇ ਤਾਂ ਇਲੈਕਟ੍ਰਾਨਿਕ ਮੀਡੀਆ ਮਸਾਲੇ ਲਾ ਕੇ ਨਿੱਕੀ ਮੋਟੀ ਚੀਜ਼ ਨੂੰ ਖਲਾਰਨ ਦਾ ਆਦੀ ਹੋ ਗਿਐ ਜਿਸ ਤੋਂ ਹਾਲੇ ਤੱਕ ਅਸੀਂ ਬਚਣ ਦੀ ਕੋਸ਼ਿਸ਼ ਕਰੀ ਜਾਨੇ ਆਂ ਪਰ…………ਆਹਾ………ਵਾਹ ਵਾਹ…………ਏਸ ਸੀਨ ਨੂੰ ਸੱਚੇ ਦਿਲੋਂ ਤੜਕਾ ਲਾਇਆ………… ਲਾ ਲਾ ਕੇ ਵਖਾਇਆ…………ਬਾਅਦ ‘ਚ ਜੋ ਕੁਝ ਹੋਇਆ ਓਹ ਵੀ ਰੋਜ਼ ਖਬਰਾਂ ‘ਚ ਵਖਾਇਆ। ਹੁਣ ਤੱਕ ਐਂ ਤਾਂ ਸਮਝ ਆ ਗਿਆ ਹੋਣੈ ਬਈ ਦੁਨੀਆਂ ਦੇ ਸਭ ਤੋਂ ਬਦਨਾਮ-ਝੂਠੇ-ਘਟੀਆ-ਆਦਮਖੋਰ-ਸ਼ੋਸ਼ਕ ਸਿਆਸਤਦਾਨ ਜਾਰਜ ਬੁਸ਼ ਵੱਲ ਨੂੰ ਉੱਡੇ ਜਾਂਦੇ ਛਿੱਤਰਾਂ ਦੀ ਗੱਲ ਹੋ ਰਹੀ ਆ ਜਿਹੜੇ ਅਲ-ਬਗਦਾਦੀਆ ਚੈਨਲ ਵਾਲੇ ਪੱਤਰਕਾਰ ਮੁੰਤਦਾਰ-ਅਲ-ਜ਼ੈਦੀ ਨੇ ਚਲਾਏ ਸੀ। ਪਰ ਗੱਲ ਅੱਗੇ ਕਰਨ ਤੋਂ ਪਹਿਲੋਂ ਚੇਤਾ ਕਰਾ ਦੇਵਾਂ ਕਿ ਇਸ ਉਡਾਣ ਦੇ ਨਤੀਜੇ ਕੀ ਹੋਏ

ਬੁਸ਼ ਦੋ ਛਿੱਤਰਾਂ ਤੋਂ ਬਚ ਗਿਆ
ਪਰ ਓਦਣ ਈ 2 ਸਾਈਟਾਂ ‘ਤੇ ਵੀਡੀਓਗੇਮਾਂ ਬਣ ਗਈਆਂ ਤੇ 20 ਦਿਨਾਂ ‘ਚ ਇੱਕ ‘ਤੇ 7 ਕਰੋੜ 36 ਲੱਖ ਤੇ ਦੂਜੇ ‘ਤੇ 9 ਕਰੋੜ 38 ਲੱਖ ਤੋਂ ਵੱਧ ਛਿੱਤਰ ਬੁਸ਼ ਨੂੰ ਪੈ ਚੁੱਕੇ ਆ ( ਮੇਰਾ ਨਿਸ਼ਾਨਾ ਮਾੜੈ ਸੋ ਦੋਵਾਂ ਸਾਈਟਾਂ ‘ਤੇ ਮੈਂ ਸਿਰਫ 12 ਤੇ 17 ਛਿੱਤਰ ਈ ਛੱਡ ਸਕਿਆ)
ਇੱਕ ਅਰਬ ਨਾਗਰਿਕ ਨੇ ਕੱਲੇ ਪਹਿਲੇ ਬੂਟ ਦੀ ਕੀਮਤ ਈ 10 ਲੱਖ ‘ਅਮਰੀਕੀ ਡਾਲਰ’ ਪਾਈ ਐ
ਬੂਟ ਬਣਾਉਨ ਵਾਲੀ ਕੰਪਨੀ ਸਾਲ ‘ਚ 15,000 ਜੋੜੇ ਵੇਚਦੀ ਸੀ ਪਰ 11 ਦਿਨਾਂ ‘ਚ ਓਹਨਾਂ ਨੂੰ 3 ਲੱਖ 70 ਹਜ਼ਾਰ ਆਡਰ ਮਿਲੇ ਨੇ ਸਾਰੇ “ਬਾਏ ਬਾਏ ਬੁਸ਼” ਡਿਜ਼ਾਈਨ ਦੇ
ਮੁੰਤਦਾਰ ਅਲ ਜ਼ੈਦੀ ਅਮਰੀਕੀ ਫੌਜ ਦੇ ਕਬਜ਼ੇ ‘ਚ ਐ, ਜਿਊਂਦਾ ਮੁੜੂ ਪਤਾ ਨੀ ਕਿਉਂਕਿ ਹਾਕਮਾਂ ਨੂੰ ਕਦੇ ਵੀ ਇਹਦਾ ਸੜਕ ‘ਤੇ ਲੋਕਾਂ ‘ਚ ਉਤਰਨਾ ‘ਅਫੋਰਡੇਬਲ’ ਨੀ ਹੋਣਾ
ਨਾ ਸਿਰਫ ਅਰਬ ਦੁਨੀਆ ਹੀਰੋ ਦਾ ਸਗੋਂ ਹਰ ਸੋਚਣ ਸਮਝਣ ਵਾਲੇ ਲਈ ਵੀ ਓਹ ਨਾਇਕ ਦੇ ਨੇੜੇ ਐ
ਟੀਵੀ ਚੈਨਲਾਂ ‘ਚ ਓਹਨੂੰ ਨੌਕਰੀ ਰੱਖਣ ਦੀ ਦੌੜ ਲੱਗੀ ਹੋਈ, ਤਨਖਾਹ ਓਦੋਂ ਤੋਂ ਈ ਸ਼ੁਰੂ ਹੋ ਜੂ ਜਦੋਂ ਤੋਂ ਪਹਿਲਾ ਬੂਟ ਸੁੱਟਿਆ ਗਿਆ ਸੀ।
ਅਮਰੀਕਾ ‘ਚ ਈ ਫਿਲਾਡੈਲਫੀਆ ਦਾ ਪੱਤਰਕਾਰ ਤੇ ਕਾਲਮਨਵੀਸ ‘ਡੇਵ ਲਿੰਡੋਰਫ’ ਕਹਿੰਦਾ ‘ਜ਼ੈਦੀ ਨੇ ਓਹ ਕੀਤਾ ਜੋ ਸਾਨੂੰ ਅਮਰੀਕੀ ਪੱਤਰਕਾਰਾਂ ਨੂੰ ਖਾਸ ਤੌਰ ‘ਤੇ ਵਾਈਟ ਹਾਊਸ ਦੀ ਬੀਟ ‘ਤੇ ਕੰਮ ਕਰਦੇ ਪੱਤਰਕਾਰਾਂ ਨੂੰ ਪਿਛਲੇ 8 ਸਾਲਾਂ ‘ਚ ਕਰਨਾ ਚਾਹੀਦਾ ਸੀ’ ਇਹ ਜਿੱਥੇ ਪੜ੍ਹਿਆ ਓਸ ਕੋਲੰਬੀਆ ਯੂਨੀਵਰਸਿਟੀ ਨੂੰ ਸਲਾਹ ਦੇ ਚੁੱਕਿਆ ਕਿ ਜ਼ੈਦੀ ਨੂੰ ਪੱਤਰਕਾਰਤਾ ਦਾ ਪ੍ਰੋਫੈਸਰ ਰੱਖੋ।
ਜ਼ੈਦੀ ਦਾ ਭਰਾ ਕਹਿੰਦਾ ਓਹ ਕਈ ਦਿਨਾਂ ਤੋਂ ਆਖਰੀ ਸ਼ੋਅ ਦੀ ਰਿਹਰਸਲ ਕਰ ਰਿਹਾ ਸੀ ਘਰ ‘ਚ ਬੁਸ਼ ਦੀ ਫੋਟੋ ‘ਤੇ ਪ੍ਰੈਕਟਿਸ ਕਰ ਕੇ।
ਸੋਸ਼ਲ ਸਾਈਟ ‘ਫੇਸਬੁੱਕ’ ‘ਤੇ ਮੁੰਤਦਾਰ ਅਲ ਜ਼ੈਦੀ ਦੇ ਫੈਨਜ਼ ਦੀ ਗਿਣਤੀ 96 ਹਜ਼ਾਰ ਟੱਪੀ ਹੋਈ ਐ।
ਇਰਾਕ ‘ਚ ਅਮਰੀਕੀ ਫੌਜਾਂ ਦੇ ਕਾਫਲਿਆਂ ‘ਤੇ ਛਿੱਤਰਾਂ ਦੀ ਬਰਸਾਤ ਆਮ ਗੱਲ ਹੋ ਗਈ ਐ
ਤੇ ਦੁਨੀਆ ‘ਚ ਵੱਖੋ ਵੱਖ ਥਾਂਵਾਂ ‘ਤੇ ਮੁਲਾਜ਼ਮ ਮਾੜੇ ਅਫਸਰਾਂ ਖਿਲਾਫ ਵੀ ਛਿੱਤਰ ਲਾਹ ਰਹੇ ਨੇ (ਨੈੱਟ ‘ਤੇ ਸਰਚ ਕਰ ਲਿਓ)

ਇੱਕ ਛੋਟਾ ਜਿਹਾ ਵਾਕਾ ਏਨੀਆ ਘਟਨਾਵਾਂ ਨੂੰ ਜਨਮ ਦੇ ਸਕਦਾ ਹੈ….ਏਨੇ ਮੂੰਹ ਅਵਾਕ ਹੈਰਾਨ ਖੁੱਲੇ ਛੱਡ ਸਕਦਾ ਹੈ……ਏਨੀ ਦੁਨੀਆ ਕਮਲੀ ਕਰ ਸਕਦਾ ਹੈ ਇਸ ਬਾਰੇ ਇਹ ਵਾਕਾ ਹੋਣ ਤੋਂ ਪਹਿਲੋਂ ਸੋਚਿਆ ਵੀ ਨਹੀਂ ਸੀ ਕਿਸੇ। ਏਨਾ ਜ਼ਰੂਰ ਆ ਕਿ ਏਧਰਲੇ ਸੱਭਿਆਚਾਰਾਂ ‘ਚ ਜੁੱਤੀ ਪੈਣ ਨਾਲੋਂ ਵੱਡੀ ਬੇਇੱਜ਼ਤੀ ਕੋਈ ਨੀਂ, ਪਰ ਫੇਰ ਵੀ ਪਹਿਲੋਂ ਛਿੱਤਰ ਪੈਣੇ ਤੇ ਫੇਰ ਏਡੀ ਪ੍ਰਤੀਕਿਰਿਆ ਆਉਣਾ ਇੱਕ ਵਾਰ ਬੁਸ਼ ਨੂੰ ਇਹ ਤਾਂ ਯਾਦ ਕਰਾ ਗਿਆ ਹੋਣਾ ਕਿ ਅਸਲ ਦੁਨੀਆ ‘ਚ ਓਹਦੀ ਔਕਾਤ ਕੀ ਹੈ। ਨਾਲ ਈ ਜੁੱਤੀਆਂ ਖਰੀਦਣ ਤੇ ਗੇਮ ‘ਚ ਸੁੱਟਣ ਵਾਲਿਆਂ ਦੇ ਅੰਕੜਿਆਂ ਨੂੰ ਦੁਬਾਰਾ ਵੇਖ ਲਓ ਤਾਂ ਇਹ ਵੀ ਪਤਾ ਲਗਦਾ ਹੈ ਕਿ 8 ਸਾਲ ਸਟੇਟ ਸਪੋਂਸਰਡ ਮੀਡੀਆ ਕੈਂਪੇਨ ਦਾ ਆਸਰਾ ਲੈਣ ਦੇ ਬਾਵਜੂਦ ਦੁਨੀਆ ਦੀਆਂ ਅੱਖਾਂ ਕਿੰਨੀਆਂ ਖੁੱਲ਼ੀਆਂ ਨੇ ਤੇ ਸਭ ਨੂੰ ਸਭ ਕੁਝ ਕਿੰਨਾ ਸਾਫ ਨਜ਼ਰ ਆਉਂਦਾ ਹੈ ਤੇ ਕਿੰਨੀ ਦੁਨੀਆ ਇਸ ਗੰਦ ਦਾ ਸਫਾਇਆ ਚਾਹੁੰਦੀ ਐ। ਅੱਤਵਾਦ ਦੀ ਸਫਾਈ ਮੁਹਿੰਮ ਦੇ ਨਾਂ ਤੋਂ ਸ਼ੁਰੂ ਹੋਈ ਕੋਲੋਨਾਈਜ਼ੇਸ਼ਨ ਤੇ ਹਥਿਆਰ, ਪੈਟਰੋਲੀਅਮ ਤੇ ਕੰਸਟਰਕਸ਼ਨ ਕੰਪਨੀਆਂ ਲਈ ਨਵੇਂ ਬਜ਼ਾਰ ਤੇ ਸੋਮੇ ਖੋਲ੍ਹਣ ਦੀ ਮੁਹਿੰਮ ਦਾ ਨੰਗਾ ਚਿੱਟਾ ਸੱਚ ਕਿਸੇ ਤੋਂ ਲੁਕਿਆ ਨਹੀਂ ਐ। ਫੇਰ ਵੀ ਨਾਂ ਸਿਰਫ ਅਮਰੀਕੀ ਸਗੋਂ ਸਾਰੀ ਦੁਨੀਆ ‘ਚ ਥੋੜੇ ਜਿਹੇ ਜਾਂ ਬਹੁਤ ਸਾਰੇ (ਆਪਣੀ ਭੁੱਖ ਮੁਤਾਬਿਕ) ਨੋਟਾਂ ਬਦਲੇ ਵਿਕਣ ਵਾਲੇ ਸਿਆਸਤਦਾਨ ਬਾਜ਼ ਨਹੀਂ ਆਉਂਦੇ। ਵੱਡਾ ਭੈੜ ਇਹ ਕਿ ਮੁੱਖ ਧਾਰਾ ਮੀਡੀਆ ਨਾਂ ਸਿਰਫ ਅਮਰੀਕਾ ਜਾਂ ਯੂਰੋਪ ‘ਚ ਸਗੋਂ ਸਾਡੇ ਮੁਲਕ ‘ਚ ਵੀ ਇਹਨਾਂ ਦੀ ਬੋਲੀ ਬੋਲਦੈ। ਪੱਤਰਕਾਰ ਭਾਈਚਾਰਾ ਮੰਨਣਾ ਚਾਹੇ ਜਾਂ ਨਾਂ ਸੱਚ ਐ ਕਿ ਹਾਕਮਾਂ ਦੇ ਨੇੜੇ ਹੋਣ ਦੀ ਚਾਹ ‘ਚ ਰਾਜਦੀਪ ਸਰਦੇਸਾਈ ਵਰਗੇ ਦੇ ਸੰਸਦ ਵਾਲੇ ਸਟਿੰਗ ਆਪ੍ਰੇਸ਼ਨਾਂ ਦਾ ਭੱਠਾ ਬਹਿ ਗਿਆ ਸੀ ਤੇ ਓਹ ਕੱਲਾ ਨੀ ਐ ਸਗੋਂ ਓਹੀ ਸਾਰਿਆਂ ਦੇ ਸੱਚ ਦੀ ਉਦਾਹਰਣ ਵੀ ਐ। ਸਾਡੇ ਤਾਂ ਹੋਰ ਵੀ ਮਾਰ ਐ, ਕੱਲਾ ਹਾਕਮਾਂ ਦੇ ਨੇੜੇ ਹੋਣ ਦੀ ਭੁੱਖ ਈ ਨੀ ਐ, ਅੰਗਰੇਜ਼ਾ ਦੇ ਵੇਲੇ ਦਾ ਹਕੂਮਤ ਦਾ ਡਰ ਵੀ, ਜਿਹਦੇ ਚਲਦਿਆਂ ਅੰਨ੍ਹੇਵਾਹ ਜੋ ਹਕੂਮਤਾਂ ਕਹਿ ਦੇਣ ਓਹਦੇ ਮਗਰ ਤੁਰ ਪੈਨੇ ਆਂ, ਬਗੈਰ ਇਹ ਸੋਚਿਆਂ ਕਿ ਆਮ ਬੰਦੇ ਨੂੰ ਇਹਦਾ ਕੀ ਫਾਇਦਾ-ਨੁਕਸਾਨ ਹੋਊ। ਮੁੰਬਈ ਹਮਲਿਆਂ ਤੋਂ ਬਾਅਦ ਪਾਕਿਸਤਾਨ ਖਿਲਾਫ ਜੰਗ ਛੇੜਣ ਦਾ ਮੁਹਾਜ਼ ਖੋਲ੍ਹਣ ਨੂੰ ਨਾਂ ਭਾਰਤੀ ਫੌਜ ਨੇ ਕਿਹਾ, ਨਾਂ ਖੁਫੀਆ ਏਜੰਸੀਆਂ ਨੇ ਤੇ ਨਾਂ ਹੀ ਵਿਦੇਸ਼ ਜਾਂ ਰੱਖਿਆ ਮੰਤਰਾਲੇ ਨੇ। ਪਰ ਵੇਖ ਲਓ ਸਾਡੇ ਮੁੱਖ ਧਾਰਾ ਨਿਊਜ਼ ਚੈਨਲਾਂ ਨੇ ਪਤਾ ਨਹੀਂ ਕਿੰਨੇ ਘੰਟਿਆਂ ਦਾ ਏਅਰ ਟਾਈਮ ਖਾ ਕੇ ਜੰਗ ਦੀ ਤਿਆਰੀ ਸ਼ੁਰੂ ਕਰਾ ‘ਤੀ ਓਹ ਵੀ ਫੈਸਲਾਕੁੰਨ ਜੰਗ ਦੀ।ਰਾਤੋ ਰਾਤ ਸੁੱਤੇ ਪਏ ਰਿਟਾਇਰ ਫੌਜੀ ਅਫਸਰਾਂ ਨੂੰ ਘਰੇ ਬੈਠਿਆਂ ਹਰ ਮਾਮਲੇ ਦਾ ਮਾਹਿਰ ਬਣਾ ਕੇ ਪ੍ਰੋਜੈਕਟ ਕਰ ‘ਤਾ। ਬਾਰਡਰ ਤੋਂ ਪੰਜ ਸੋ ਕਿਲੋਮੀਟਰ ਦੂਰ ਤੋਪਾਂ ਦੇ ਬੰਬਾਂ ਦੀ ਰੇਂਜ ਤੋਂ ਬਾਹਰ ਆਪਣੇ ਚੈਨਲਾਂ ਦੇ ਦਫਤਰ ‘ਚ ਬੈਠੇ ਕਿਸੇ ਮਾਂ ਦੇ ਪੁੱਤ ਨੇ ਇਹ ਕੋਸ਼ਿਸ਼ ਨੀ ਕੀਤੀ ਸੋਚਣ ਦੀ
ਜਾਂ ਓਥੇ ਜਾ ਕੇ ਮਾਵਾਂ ਨੂੰ ਪੁੱਛਣ ਦੀ ਕਿ ਬਈ ਥੌਡੇ ਪੁੱਤ ਮਰਾਉਣੇ ਨੇ ਤੁਸੀਂ ਤਿਆਰ ਓਂ ਕਿ ਨਹੀਂ। ਨਾਂ ਹੀ ਕਿਸੇ ਮਾਹਿਰ ਦੇ ਦਿਮਾਗ ‘ਚ ਇਹ ਆਇਆ ਕਿ ਜੰਗ ਲੜ ਕੇ ਅਸੀਂ ਸਿਰਫ ਮੰਦੀ ਦੀ ਮਾਰ ਹੇਠ ਲੰਘ ਰਹੀਆਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਜਿਹਨਾਂ ‘ਚ ਅਮਰੀਕੀ ਕੰਪਨੀਆਂ ਦੀ ਬਹੁਤਾਤ ਐ ਖਾਸ ਤੌਰ ‘ਤੇ ਓਹੀ ਹਥਿਆਰ ਤੇ ਇਮਾਰਤਸਾਜ਼ੀ/ਕੰਸਟਰਕਸ਼ਨ ਵਾਲੀਆਂ ਕੰਪਨੀਆਂ ਨੂੰ ਅੱਖਾਂ ਬੰਦ ਕਰ ਕੇ ਨਵੀਂ ਮਾਰਕਿਟ ਖੋਲ੍ਹ ਕੇ ਦੇਵਾਂਗੇ। ਅਗਲੇ ਤਾਂ ਪਹਿਲਾਂ ਹੀ ਭੁੱਖੀਆਂ ਗਿਰਝਾਂ ਵਾਂਗ ਨਜ਼ਰਾਂ ਟਿਕਾਈ ਬੈਠੇ ਨੇ ਤੇ ਓਹੀ ਬਜ਼ਾਰ ਜਿਹਦੇ ‘ਚ ਹੁਣ ਇਰਾਕ ਤੇ ਅਫਗਾਨਿਸਤਾਨ ‘ਚੋਂ ਕਮਾਈ ਘਟਦੀ ਨਜ਼ਰ ਆ ਰਹੀ ਐ ਓਹ ਨਵੇਂ ਸਿਰਿਓਂ ਏਧਰ ਖੁੱਲਦਾ ਨਜ਼ਰ ਆ ਰਿਹਾ ਐ।ਪਹਿਲੋਂ ਦੋਵੇਂ ਮੁਲਕਾਂ ਨੂੰ ਭੰਨੋ ਫੇਰ ਮੁੜ ਉਸਾਰੀ ਕਰੋ, ਅਰਬਾਂ ਦੀ ਵਿੱਤੀ ਗਤੀਵਿਧੀ ਤਿਆਰ ਤੇ ਪੂੰਜੀ ਦਾ ਨੰਗਾ ਖੇਡ ਵੀ, ਵਿੱਚ ਵਿਚਾਲੇ ਲੋਕਾਂ ਨੂੰ ਮੂਰਖ ਬਣਾਉਨ ਲਈ ਨੌਜੁਆਨ ਮੁੰਡਿਆਂ ਨੂੰ ਸ਼ਹੀਦ ਕਰਾਓ…….. ਵੈਸੇ ਵੀ ਜੇ ਜਿਉਂਦੇ ਰਹਿ ਗਏ ਤਾਂ ਕਿਤੇ ਹੱਕ ਮੰਗਣ ਈ ਨਾਂ ਤੁਰ ਪੈਣ ਸੋ ਸ਼ਹੀਦ ਹੋਏ ਵਧੀਆ ਰਹਿੰਦੇ ਨੇ।ਗੱਲ ਬਹੁਤੀ ਲੰਮੀ ਖਿੱਲਰੀ ਜਾਂਦੀ ਆ ਸੋ ਵਾਪਸ ਛਿੱਤਰਾਂ ਦੀ ਬਰਸਾਤ ਵੱਲ ਚਲੀਏ ਜਿਹਦੀ ਅਹਿਮੀਅਤ ਇਸ ਕਰ ਕੇ ਹੋਰ ਵੱਧ ਐ ਕਿਉਂਕਿ ਇਹ ਇੱਕ ਪੱਤਰਕਾਰ ਨੇ ਕੀਤੀ ਸੀ। ਜਿਹੜੀ ਹੌਲਨਾਕ ਤਸਵੀਰ ਮੈਂ ਵੇਖੀ ਤੇ ਪਿਛਲੀਆਂ ਲਾਈਨਾਂ ‘ਚ ਓਹਦਾ ਝਲਕਾਰਾ ਵਖਾਉਣ ਦੀ ਕੋਸ਼ਿਸ਼ ਕੀਤੀ ਓਹ ਤਸਵੀਰ ਸੱਚ ਨਾਂ ਹੋ ਜਾਵੇ ਇਸ ਦੇ ਲਈ ਪੱਤਰਕਾਰਾਂ ਨੂੰ ਜ਼ਮੀਰ ਵਾਲੇ ਖਾਨੇ ਨੂੰ ਹੱਥ ਪਾਉਣਾ ਪਊ। ਮੁੰਤਦਾਰ ਦੇ ਕੰਮ ਨੂੰ ਵਕਤੀ ਭਾਵੁਕਤਾ ਕਹਿ ਕੇ ਨਕਾਰਣ ਵਾਲੇ ਬਹੁਤ ਹੋਣੇ ਆ, ਕਾਰਨ ਦੱਸਿਆ ਜਾਊ ਕਿ ਜੰਗ ਵਰਗੇ ਮਾਹੌਲ ‘ਚ ਓਹਨੇ ਆਪਣੇ ਲੋਕਾਂ ਦੀ ਮਾੜੀ ਹਾਲਤ ਤੇ ਮਾਰ ਕਾਟ ਵੇਖੀ ਤਾਂ ਇਹ ਪ੍ਰਤੀਕਿਰਿਆ ਉਪਜੀ ਐ। ਪਰ ਅਸੀਂ ਵੀ ਤਾਂ ਆਪਣੇ 60% ਲੋਕਾਂ ਨੂੰ ਰੋਟੀ ਖਾਤਰ ਤਰਸਦੇ ਵੇਖ ਰਹੇ ਆਂ। ਖੁਦ ਸਰਕਾਰੀ ਅੰਕੜਿਆਂ ਮੁਤਾਬਿਕ ਦਿੱਤੀ ਗਈ ਕੌੜੀ ਸੱਚਾਈ ਕਿ ‘ਮੁਲਕ ‘ਚ 80% ਲੋਕ 20 ਰੁਪਏ ਦਿਹਾੜੀ ਤੋਂ ਹੇਠਾਂ ‘ਤੇ ਗੁਜ਼ਾਰਾ ਕਰਦੇ ਨੇ’ ਨੂੰ ਚੰਗੀ ਤਰਾਂ ਜਾਣਦੇ ਆਂ। ਫੇਰ ਵੀ ਸ਼ੇਅਰ ਮਾਰਕਿਟ ਦਾ ਭੁੜਕਣਾ ਸਾਨੂੰ ਵੱਧ ਤੰਗ ਕਰਦੈ ਬਜਾਏ ਭੁੱਖੇ ਢਿੱਡਾਂ ਦੀ ਅਵਾਜ਼ ਦੇ। ਇਹ ਜਰੂਰੀ ਨਹੀਂ ਕਿ ਹਰ ਸਰਕਾਰੀ ਪ੍ਰੈਸ ਕਾਨਫਰੰਸ ‘ਚੋਂ ‘ਕੱਲੀਆਂ ਜੁਰਾਬਾਂ ‘ਚ ਈ ਵਾਪਸ ਆਓ….ਪਰ ਫੇਰ ਵੀ ਸਸਤਾ ਵਿਕਣਾ ਛੱਡ ਕੇ ਜ਼ਰਾ ਧਰਤੀ ‘ਤੇ ਆਇਆ ਜਾਵੇ, ਅਸਲੀਅਤ ਵੇਖੀ ਤੇ ਵਖਾਈ ਜਾਵੇ, ਪੂਰੀ ਓ ਗੁਲਾਮੀ ਕੱਟਣ ਦੀ ਬਜਾਏ ਓਸੇ ਸਿਸਟਮ ‘ਚ ਬਹਿ ਕੇ ਓਹਦੇ ਖਿਲਾਫ ਲੜਣ ਲਈ ਓਹਦੇ ਸੋਮੇ ਤੇ ਆਪਣੀ ਅਕਲ ਵਰਤੀ ਜਾਵੇ………ਘੱਟੋ ਘੱਟ ਅਕਲਾਂ ਵਾਲੇ ਤਾਂ ਸਾਡੇ ਕੋਲ ਬਹੁਤ ਹੈਗੇ ਨੇ।

“ਹਰ ਤਰਫ ਹੈ ਸ਼ੋਰ ਬੱਸ ਆਦਮੀ ਖ਼ਾਮੋਸ਼ ਹੈ,
ਜਾਪਦਾ ਹੈ ਜ਼ਿੰਦਗੀ ‘ਚੋਂ ਜ਼ਿੰਦਗੀ ਖਾਮੋਸ਼ ਹੈ;

ਦਰਦ ਆਪਣੇ ਦਿਲ ਦਾ ਲਿਖ ਸਫੇ ਭਰੀ ਜਾਂਦਾ ਐ,
ਬੇਵਜਾਹ ਕਤਲਾਂ ਦੇ ਬਾਰੇ ਪਰ ਕਵੀ ਖਾਮੋਸ਼ ਐ”

-ਦਵਿੰਦਰਪਾਲ

1 comment:

  1. ਮਿੱਤਰੋ,
    ਵਧੀਆ ਯਤਨ ਆ, ਲੱਗੇ ਰਿਹੋ ।
    ਇਸੇ ਵਿਸ਼ੇ ਤੇ ਇੱਕ ਕਵਿਤਾ.....

    ਬੁਸ਼ ਦੀ ਤਕਦੀਰ

    ReplyDelete