ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Sunday, November 1, 2009

ਆ ਗਿਐ ਮੁੜ ਨਵੰਬਰ, ਚੌਰਾਸੀ ਦੇ ਜ਼ਖ਼ਮਾਂ ਨੂੰ ਕੁਰੇਦਣ ਲਈ!




ਪੰਝੀ ਵਰ੍ਹੇ ਪਹਿਲਾਂ ਵਾਪਰੇ ਦੁਖਦਾਈ ਕਾਂਡ ਦੀਆਂ ਯਾਦਾਂ ਲੈ ਕੇ ਨਵੰਬਰ ਮੁੜ ਆ ਗਿਆ ਹੈ! ਨਵੰਬਰ-84 ਵਿਚ ਭਾਰਤ ਦੇ ਇਤਿਹਾਸ ਵਿਚ ਇਕ ਅਜਿਹਾ ਕਾਲਾ ਕਾਂਡ ਜੋੜਿਆ ਗਿਆ ਹੈ, ਜੋ ਪੜ੍ਹ ਅਤੇ ਸੁਣ ਕੇ ਆਉਣ ਵਾਲੀਆਂ ਪੀੜ੍ਹੀਆਂ ਸ਼ਰਮ ਤੇ ਘ੍ਰਿਣਾ ਦੇ ਨਾਲ ਆਪਣਾ ਸਿਰ ਝੁਕਾ ਲੈਣ ਤੇ ਮਜਬੂਰ ਹੋ ਜਾਇਆ ਕਰਨਗੀਆਂ। ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੇ ਸੁਰਖਿਆ ਗਾਰਡਾਂ ਨੇ ਉਨ੍ਹਾਂ ਦੀ ਹਤਿਆ ਕਰ ਦਿਤੀ ਸੀ, ਉਸ ਤੋਂ ਬਾਅਦ ਸਾਰੇ ਦੇਸ਼ ਵਿਚ, ਵਿਸ਼ੇਸ਼ ਕਰ ਕੇ ਕੇਂਦਰ ਦੀ ਸੱਤਾ ਪੁਰ ਆਸੀਨ ਰਾਜਸੀ ਪਾਰਟੀ ਦੀ ਸੱਤਾ ਵਾਲੇ ਰਾਜਾਂ ਵਿਚ ਬੇਗੁਨਾਹ ਸਿੱਖਾਂ ਦੇ ਕਤਲਾਂ ਦੇ ਨਾਲ ਹੀ, ਉਨ੍ਹਾਂ ਦੀਆਂ ਜਾਇਦਾਦਾਂ ਨੂੰ ਲੁਟਣ ਅਤੇ ਸਾੜਨ ਅਜਿਹਾ ਸਿਲਸਿਲਾ ਸ਼ੁਰੂ ਹੋਇਆ ਕਿ ਇਉਂ ਜਾਪਣ ਲਗਾ ਜਿਵੇਂ ਦੇਸ਼ ਵਿਚ ਨਾ ਤਾਂ ਕੋਈ ਕਾਨੂੰਨ ਹੈ ਅਤੇ ਨਾ ਹੀ ਕੋਈ ਸਰਕਾਰ ਜੇ ਕੁਝ ਹੈ ਤਾਂ ਉਹ ਜੰਗਲ-ਰਾਜ ।

ਹਜ਼ਾਰਾਂ ਸਿੱਖ ਦਿਨ ਦੀਵੀਂ ਕਤਲ ਕਰ ਦਿਤੇ ਗਏ। ਉਨ੍ਹਾਂ ਵਲੋਂ ਆਪਣੇ ਖੂਨ-ਪਸੀਨੇ ਦੇ ਨਾਲ ਬਣਾਈ ਅਰਬਾਂ-ਖਰਬਾਂ ਰੁਪਏ ਦੀ ਜਾਇਦਾਦ ਲੁਟ ਲਈ ਗਈ ਤੇ ਸਾੜ ਦਿਤੀ ਗਈ। ਉਹ ਆਪਣੀਆਂ ਅੱਖਾਂ ਦੇ ਸਾਹਮਣੇ ਆਪਣਾ ਸਭ-ਕੁਝ ਬਰਬਾਦ ਤੇ ਤਬਾਹ ਹੁੰਦਾ ਵੇਖਦੇ ਅਤੇ ਖ਼ੂਨ ਦੇ ਅਥਰੂ ਵਹਾਂਦੇ ਰਹਿ ਗਏ। ਇਉਂ ਜਾਪਦਾ ਸੀ ਜਿਵੇਂ ਦੇਸ਼ ਵਿਚ ਲਗਭਗ ਇਕ ਹਫਤੇ ਲਈ ਜੰਗਲ-ਰਾਜ ਕਾਇਮ ਕਰ ਦਿਤਾ ਗਿਆ ਹੋਵੇ। ਲੁਟੇਰੇ ਤੇ ਕਾਤਲ ਹਰਲ-ਹਰਲ ਕਰਦੇ ਫਿਰ ਰਹੇ ਸਨ, ਜਿਥੇ ਕਿਤੇ ਕੋਈ ਕੇਸਾਧਾਰੀ ਪਗੜੀ ਬੰਨ੍ਹੀ ਮਿਲਦਾ, ਉਸ ਦੇ ਗਲ ਵਿਚ ਟਾਇਰ ਪਾ ਕੇ ਅਤੇ ਪਟਰੋਲ ਛਿੜਕ ਕੇ ਅੱਗ ਲਾ ਦਿਤੀ ਜਾਂਦੀ। ਫਿਰ ਤੜਪ ਰਹੇ ਤੇ ਚੀਖਾਂ ਮਾਰ ਰਹੇ ਸਿੱਖ ਦੇ ਦੁਆਲੇ ਭੰਗੜੇ ਪਾਣ ਤੇ ਕਿਲਕਾਰੀਆਂ ਮਾਰਨ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ। ਜਦੋਂ ਤਕ ਉਸਦੀਆਂ ਚੀਕਾਂ ਸੁਣਾਈ ਦਿੰਦੀਆਂ ਰਹਿੰਦੀਆਂ ਇਹ ਸਿਲਸਿਲਾ ਚਲਦਾ ਹੀ ਰਹਿੰਦਾ।
ਸ਼੍ਰੀਮਤੀ ਇੰਦਰਾ ਗਾਂਧੀ ਦੀ ਹਤਿਆ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਰੂਪ ਵਿਚ ਦੇਸ਼ ਦੀ ਵਾਗਡੋਰ ਸੰਭਾਲਣ ਵਾਲੇ ਉਨ੍ਹਾਂ ਦੇ ਪੁਤਰ ਸ਼੍ਰੀ ਰਾਜੀਵ ਗਾਂਧੀ ਨੇ ਪ੍ਰਧਾਨ ਮੰਤਰੀ ਵਜੋਂ ਦੇਸ਼-ਵਾਸੀਆਂ ਦੇ ਜਾਨ-ਮਾਲ ਦੀ ਰਖਿਆ ਕਰਨ ਦੀ ਆਪਣੀ ਜ਼ਿਮੇਂਦਾਰੀ ਨਿਭਾਉਣ ਵਿਚ ਅਸਫਲ ਰਹਿਣ ਤੇ ਅਫਸੋਸ ਪ੍ਰਗਟ ਕਰਨ ਦੀ ਬਜਾਏ, ਇਹ ਆਖ ਕੇ ਇਸ ਜੰਗਲ ਰਾਜ ਨੂੰ ਜਇਜ਼ ਕਰਾਰ ਦੇ ਦਿਤਾ ਕਿ ‘ਜਦੋਂ ਕੋਈ ਵੱਡਾ ਦਰਖ਼ਤ ਡਿਗਦਾ ਹੈ ਤਾਂ ਧਰਤੀ ਹਿਲਦੀ ਹੀ ਹੈ’। ਪਰ ਕਿਸੇ ਉਨ੍ਹਾਂ ਪਾਸੋਂ ਇਹ ਨਹੀਂ ਪੁਛਿਆ ਕਿ ਜਦੋਂ ਮਹਾਤਮਾ ਗਾਂਧੀ ਦੀ ਹਤਿਆ ਹੋਈ ਸੀ ਤਾਂ ਕੀ ਉਸ ਸਮੇਂ ਸ਼੍ਰੀਮਤੀ ਇੰਦਰਾ ਗਾਂਧੀ ਨਲੋਂ ਵੀ ਵੱਡਾ ਤੇ ਭਾਰਾ ਦਰਖ਼ਤ ਨਹੀਂ ਸੀ ਡਿੱਗਾ, ਫਿਰ ਉਸ ਸਮੇਂ ਧਰਤੀ ਕਿਉਂ ਨਹੀਂ ਸੀ ਹਿਲੀ?

ਇਕ ਸੁਆਲ : ਜਿਸਤਰ੍ਹਾਂ ਸਮੁਚੇ ਦੇਸ਼ ਵਿਚ ਸਿੱਖਾਂ ਦੇ ਕਤਲ ਲਈ ਇਕੋ ਤਕਨੀਕ ਅਪਨਾਈ ਗਈ। ਜਿਵੇਂ ਇਕ ਪਾਸੇ ਸਿੱਖਾਂ ਦੇ ਗਲ ਵਿਚ ਟਾਇਰ ਪਾ ਕੇ ਅਤੇ ਜਵਲਣਸ਼ੀਲ ਪਦਾਰਥ, ਪੈਟਰੋਲ ਆਦਿ ਛਿੜਕ ਕੇ ਉਨ੍ਹਾਂ ਨੂੰ ਸਾੜਿਆ ਜਾਂਦਾ ਰਿਹਾ ਅਤੇ ਦੂਜੇ ਪਾਸੇ ਛੋਟੇ-ਵੱਡੇ ਬਾਜ਼ਾਰਾਂ ਵਿਚ ਹਿੰਸਕ ਭੀੜ ‘ਪਹਿਲਾਂ ਤੋਂ ਹੀ ਤਿਆਰ ਕੀਤੀਆਂ ਸੂਚੀਆਂ’ ਲੈ ਕੇ ਸਿੱਖਾਂ ਦੇ ਘਰਾਂ, ਦੁਕਾਨਾਂ, ਫੈਕਟਰੀਆਂ ਆਦਿ ਨੂੰ ਲੁਟਦੀ ਅਤੇ ਸਾੜਦੀ ਰਹੀ ਸੀ ਅਤੇ ਦੇਸ਼ ਦੇ ਨਾਗਰਿਕਾਂ ਦੇ ਜਾਨ-ਮਾਲ ਦੀ ਰਖਿਆ ਕਰਨ ਦੀ ਜ਼ਿਮੇਂਦਾਰ ਪੁਲਿਸ ਤਮਾਸ਼ਬੀਨ ਬਣੀ, ਇਸ ਸਾਰੇ ਲੁਟਮਾਰ ਤੇ ਕਤਲੇ-ਆਮ ਦੇ ਕਾਂਡ ਨੂੰ ਵੇਖਦੀ ਰਹੀ ਸੀ, ਉਸ ਤੋਂ ਇਹ ਸੁਆਲ ਉਠਣਾ ਸੁਭਾਵਕ ਹੈ ਕਿ ਸ਼੍ਰੀਮਤੀ ਇੰਦਰਾ ਗਾਂਧੀ ਦੇ ਕਤਲ ਦੇ ਤੁਰੰਤ ਬਾਅਦ, ਇਕੋ ਸਮੇਂ ਸਮੁਚੇ ਦੇਸ਼ ਵਿਚ ਕਿਵੇਂ ਸਿੱਖਾਂ ਨੂੰ ਮਾਰਨ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਲੁਟਣ ਤੇ ਸਾੜਨ ਲਈ, ਹਿੰਸਕ ਭੀੜ ਨੂੰ, ਇਹ ਸਭ ਕੁਝ, ਪਟਰੋਲ ਤੇ ਦੂਜੇ ਜਵਲਣਸ਼ੀਲ ਪਦਾਰਥ, ਟਾਇਰ ਅਤੇ ਸਿੱਖਾਂ ਦੇ ਘਰਾਂ, ਦੁਕਾਨਾਂ, ਫੈਕਟਰੀਆਂ ਆਦਿ ਦੀਆਂ ਸੂਚੀਆਂ ਉਪਲਬਧ ਕਰਵਾ ਦਿਤੀਆਂ ਗਈਆਂ? ਕੀ ਅਜਿਹਾ ਘਲੂਘਾਰਾ ‘ਕਿਸੇ ਵਿਸ਼ੇਸ਼’ ਸਮੇਂ ਤੇ ਵਰਤਾਉਣ ਲਈ ਪਹਿਲਾਂ ਤੋਂ ਹੀ ਕੀਤੀ ਗਈ ਹੋਈ ਤਿਆਰੀ ਦਾ ਹੀ ਇਕ ਹਿਸਾ ਤਾਂ ਨਹੀਂ ਸੀ? ਕਿਧਰੇ ਇਹ ਤਾਂ ਨਹੀਂ ਕਿ ਕੁਝ ਦਿਨਾਂ ਬਾਅਦ ਹੀ ਆ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਵੱਖ-ਵੱਖ ਥਾਂਵਾਂ ਤੇ ਹੋਣ ਵਾਲੇ ਭਰਵੇਂ ਇਕੱਠਾਂ ਵਿਚ ਇਕ ਭਿਆਨਕ ਸਾਕਾ ਵਰਤਾਉਣ ਲਈ ਹੀ ਇਹ ਤਿਆਰੀ ਕੀਤੀ ਗਈ ਹੋਈ ਸੀ? ਜਿਸਨੂੰ ਸ਼੍ਰੀਮਤੀ ਇੰਦਰਾ ਗਾਂਧੀ ਦੀ ਹਤਿਆ ਹੋ ਜਾਣ ਕਾਰਣ ਸਮੇਂ ਤੋਂ ਪਹਿਲਾਂ ਹੀ ਵਰਤਾਉਣਾ ਪੈ ਗਿਆ?

ਇਸ ਸੁਆਲ ਦਾ ਜੁਆਬ ਲਭਣ ਦੀ ਕੌਸ਼ਿਸ਼ ਸਾਇਦ ਕਿਸੇ ਵਲੋਂ ਵੀ ਨਹੀਂ ਕੀਤੀ ਗਈ ਅਤੇ ਨਾ ਹੀ ਕਿਸੇ ਵਲੋਂ ਇਸ ਸੁਆਲ ਦਾ ਜੁਆਬ ਲਭਣ ਲਈ ਕਿਸੇ ਤਰ੍ਹਾਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ।

ਇਹ ਘਲੂਘਾਰਾ ਜਿਨ੍ਹਾਂ ਹਾਲਾਤ ਵਿਚ ਵਾਪਰਿਆ ਅਤੇ ਜਿਵੇਂ ਜੰਗਲ-ਰਾਜ ਦਾ ਪ੍ਰਦਰਸ਼ਨ ਹੋਇਆ ਅਤੇ ਪੁਲਿਸ ਜਾਂ ਤਾਂ ਮੂਕ-ਦਰਸ਼ਕ ਤੇ ਤਮਾਸ਼ਬੀਨ ਬਣੀ ਸਭ ਕੁਝ ਵੇਖਦੀ ਰਹੀ ਜਾਂ ਫਿਰ ਹਿੰਸਕ ਭੀੜ ਦਾ ਸਾਥ ਦਿੰਦੀ ਤੇ ਉਸਦਾ ਮਾਰਗ-ਦਰਸ਼ਨ ਕਰਦੀ ਰਹੀ, ਫਿਰ ਜਿਸਤਰ੍ਹਾਂ ਮੁਖ ਦੋਸ਼ੀਆਂ ਦੀ ਸਰਪ੍ਰਸਤੀ ਕਰਦਿਆਂ, ਗੁਨਾਹਗਾਰਾਂ ਨੂੰ ਬਚਾਣ ਦੇ ਲਈ ਸਬੂਤ ਮਿਟਾਏ ਜਾਂਦੇ ਰਹੇ, ਉਸ ਨੂੰ ਘੋਖਣ ਤੋਂ ਬਾਅਦ ਇਸ ਗਲ ਵਿਚ ਕਿਧਰੇ ਵੀ ਕਿਸੇ ਤਰ੍ਹਾਂ ਦੀ ਕੋਈ ਸ਼ੰਕਾ ਨਹੀਂ ਰਹਿ ਜਾਂਦੀ ਕਿ ਇਸ ਘਲੂਘਾਰੇ ਨੂੰ ਵਰਤਾਉਣ ਵਿਚ ਗੁਨਹਗਾਰਾਂ ਦੇ ਨਾਲ ਸਮੇਂ ਦੀ ਸਰਕਾਰ ਵੀ ਪੂਰੀ ਤਰ੍ਹਾਂ ਭਾਈਵਾਲ ਸੀ।

ਗਲ ਆਪਣਿਆਂ ਦੀ : ਦੂਜਿਆਂ ਨੇ ਤਾਂ ਸਿੱਖਾਂ ਦੇ ਨਾਲ ਇਹ ਸਭ ਕੁਝ ਕੀਤਾ ਹੀ। ਕਿਉਂਕਿ ਉਹ ਪਰਾਏ ਸਨ ਇਸ ਕਰ ਕੇ ਉਨ੍ਹਾਂ ਦੇ ਨਾਲ ਸ਼ਿਕਵਾ ਕਾਹਦਾ? ਪ੍ਰੰਤੂ ਆਪਣਿਆਂ ਨੇ ਵੀ ਉਸ ਸਮੇਂ ਕੋਈ ਘਟ ਨਹੀਂ ਸੀ ਗੁਜ਼ਾਰੀ। ਜਿਸਤਰ੍ਹਾਂ ਆਪਣਿਆਂ ਨੇ ਹਮਦਰਦ ਬਣਕੇ ਪੀੜਤਾਂ ਦਾ ਸ਼ੋਸਣ ਕੀਤਾ ਅਤੇ ਉਨ੍ਹਾਂ ਦੀ ਮਦਦ ਕਰਨ ਦੇ ਨਾਂ ਤੇ ਆਪਣੇ ਘਰ ਭਰਨ ਵਿਚ ਕੋਈ ਕਸਰ ਨਹੀਂ ਸੀ ਛਡੀ, ਉਹ ਇਕ ਵਖਰੀ ਅਤੇ ਬਹੁਤ ਹੀ ਦਰਦਨਾਕ ਕਹਾਣੀ ਹੈ। ਇਹੀ ਉਹ ਲੋਕ ਹਨ ਜਿਨ੍ਹਾਂ ਨੇ ਪੀੜਤਾਂ ਨੂੰ ਇਨਸਾਫ ਦੁਆਉਣ ਦਾ ਭਰੋਸਾ ਦੁਆ ਕੇ ਪਹਿਲਾਂ ਉਨ੍ਹਾਂ ਦਾ ਵਿਸ਼ਵਾਸ ਜਿਤਿਆ ਅਤੇ ਫਿਰ ਉਨ੍ਹਾਂ ਦੇ ਦਰਦ ਤੇ ਉਨ੍ਹਾਂ ਦੇ ਜ਼ਖ਼ਮਾਂ ਦੀਆਂ ਚੀਸਾਂ ਨੂੰ ਦੁਸ਼ਮਣਾ ਦੇ ਹਥ ਵੇਚ ਦਿਤਾ। ਇਕ ਭੇਤੀ ਅਨੁਸਾਰ ਪੀੜਤਾਂ ਦੇ ਇਕ ‘ਬਹੁਤ ਹੀ ਹਮਦਰਦ’ ਸਜਣ ਵਲੋਂ ਨਵੰਬਰ-84 ਦੇ ਇਕ ਮੁਖ ਦੋਸ਼ੀ ਦੇ ਨਾਲ ਰਾਜੌਰੀ ਗਾਰਡਨ ਦੇ ਇਕ ਡੀ ਡੀ ਏ ਫਲੈਟ ਵਿਚ ਗੁਆਹਵਾਂ ਤੇ ਪੀੜਤਾਂ ਦੇ ਇਕ ਹਮਦਰਦ ਦੇ ਨਾਲ ਬੈਠਕ ਕਰਵਾਈ ਗਈ। ਜਿਸ ਵਿਚ ਇਕ ਦੂਜੇ ਨੂੰ ਸਹਿਯੋਗ ਕਰਨ ਦਾ ਸੌਦਾ ਨਿਪਟਾਇਆ ਗਿਆ। ਇਸੇ ਤਰ੍ਹਾਂ ਦੇ ਹੋਰ ਵੀ ਸੌਦੇ ਕਰਵਾਏ ਗਏ। ਜਿਨ੍ਹਾਂ ਦੇ ਨਤੀਜੇ ਵਜੋਂ ਹੀ ਅਜ ਤਕ ਕਿਸੇ ਇਕ ਵੀ ਮੁਖ ਦੋਸ਼ੀ ਨੂੰ ਸਜ਼ਾ ਨਹੀਂ ਮਿਲ ਪਾਈ। ਸਿੱਖਾਂ ਦੇ ਕਾਤਲ ਗਰਦਾਨੇ ਜਾਂਦੇ ਇਕ ਤੋਂ ਬਾਅਦ ਇਕ ਕਰਕੇ ਅਦਾਲਤਾਂ ਵਿਚੋਂ ਦੋਸ਼-ਮੁਕਤ ਹੁੰਦੇ ਗਏ।

ਯਾਦਗਾਰ ਬਣਾਉਣ ਦੀ ਗਲ: ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਪ੍ਰਦੇਸ਼ ਦੇ ਨੇਤਾਵਾਂ ਵਲੋਂ ਨੁਕਰੇ ਲਾਏ ਗਏ ਹੋਏ ਇਕ ਮੁਖੀ ਨੇ ਬੀਤੇ ਦਿਨ ਇਕ ਪ੍ਰੈਸ ਕਾਨਫੰ੍ਰਸ ਕਰਕੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਨਵੰਬਰ-84 ਦੇ ਸ਼ਹੀਦਾਂ ਦੀ ਯਾਦਗਾਰ ਕਾਇਮ ਕਰਵਾਉਣ।

ਸ਼ਾਇਦ ਇਸ ਅਕਾਲੀ ਮੁਖੀ ਨੂੰ ਯਾਦ ਨਹੀਂ ਜਾਂ ਇਹ ਜਾਣ-ਬੁਝ ਕੇ ਮਚਲਾ ਬਣ ਰਿਹਾ ਹੈ। ਜਦੋਂ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਗਠਜੋੜ ਸਰਕਾਰ ਸੀ ਅਤੇ ਬਾਦਲ ਅਕਾਲੀ ਦਲ ਉਸ ਵਿਚ ਭਾਈਵਾਲ ਸੀ, ਉਸ ਸਮੇਂ ਦੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬੀ ਬਾਗ਼ ਦੇ ਗੁਰਦੁਆਰਾ ਟਿਕਾਣਾ ਸਾਹਿਬ ਵਿਖੇ ਹੋਏ ਇਕ ਸਮਾਗਮ ਵਿਚ ਦਿੱਲੀ ਦੇ ਸਿੱਖਾਂ ਨੂੰ ਭਰੋਸਾ ਦੁਆਇਆ ਸੀ ਕਿ ਉਹ ਦਿੱਲੀ ਵਿਚ ਨਵੰਬਰ-84 ਦੇ ਸ਼ਹੀਦਾਂ ਦੀ ਯਾਦਗ਼ਾਰ ਕਾਇਮ ਕਰਨ ਲਈ ਸਰਕਾਰ ਪਾਸੋਂ ਦਿੱਲੀ ਵਿਚ ਜ਼ਮੀਨ ਲੈ ਕੇ ਦੇਣਗੇ ਅਤੇ ਉਸੇ ਸਮਾਗਮ ਵਿਚ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਤੇ ਜ. ਅਵਤਾਰ ਸਿੰਘ ਹਿਤ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਯਾਦਗਾਰ ਦੇ ਲਈ ਪੰਜਾਹ-ਪੰਜਾਹ ਲਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਸੀ।

ਇਸ ਤੋਂ ਪਹਿਲਾਂ ਸ. ਮਹਿੰਦਰ ਸਿੰਘ ਮਥਾਰੂ ਨੇ ਵੀ ਇਸ ਪਾਸੇ ਇਮਾਨਦਾਰਾਨਾ ਜਤਨ ਕੀਤੇ ਸਨ। ਉਨ੍ਹਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪਤਵੰਤਿਆਂ ਦੀ ਇਕ ਬੈਠਕ ਵੀ ਸਦੀ ਸੀ, ਜਿਸ ਵਿਚ ਭਾਜਪਾ ਦੇ ਉਸ ਸਮੇਂ ਦੇ ਪ੍ਰਭਾਵਸ਼ਾਲੀ ਨੇਤਾ ਤੇ ਦਿੱਲੀ ਦੇ ਸਾਬਕਾ ਮੁਖ ਮੰਤਰੀ ਸ਼੍ਰੀ ਮਦਨ ਲਾਲ ਖੁਰਾਨਾ ਵੀ ਸ਼ਾਮਲ ਹੋਏ ਸਨ। ਉਸ ਬੈਠਕ ਵਿਚ ਨਵੰਬਰ-84 ਦੇ ਸ਼ਹੀਦਾਂ ਦੀ ਯਾਦਗਾਰ ਕਾਇਮ ਕਰਨ ਦਾ ਫੈਸਲਾ ਹੋਇਆ ਸੀ। ਸ਼੍ਰੀ ਖੁਰਾਣਾ ਨੇ ਇਸ ਇਸ ਬੈਠਕ ਵਿਚ ਬਹੁਤ ਹੀ ਭਾਵੁਕ ਹੋ ਕੇ ਭਾਸ਼ਣ ਦਿੰਦਿਆਂ ਭਰੋਸਾ ਦੁਆਇਆ ਸੀ ਕਿ ਉਹ ਇਸ ਉਦੇਸ਼ ਲਈ ਜ਼ਮੀਨ ਵੀ ਲੈ ਕੇ ਦੇਣਗੇ ਅਤੇ ਇਸ ਯਾਦਗਾਰ ਨੂੰ ਕਾਇਮ ਕਰਨ ਵਿਚ ਉਨ੍ਹਾਂ ਦੀ ਪਾਰਟੀ (ਭਾਜਪਾ) ਅਤੇ ਉਹ ਆਪ ਵੀ ਪੂਰੀ-ਪੂਰੀ ਮਦਦ ਕਰਨਗੇ। ਇਸ ਮੌਕੇ ਤੇ ਇਕ ਕਮੇਟੀ ਵੀ ਬਣਾਈ ਗਈ ਸੀ, ਜਿਸ ਵਿਚ ਸ, ਤਰਲੋਚਨ ਸਿੰਘ ਵਰਤਮਾਨ ਮੈਂਬਰ ਰਾਜਸਭਾ, ਸ. ਪਤਵੰਤ ਸਿੰਘ, ਸ. ਸਤਿੰਦਰ ਸਿੰਘ, ਸ, ਹਰਬੰਸ ਸਿੰਘ ਸੰਗਤਪੁਰੀ, ਐਡਵੋਕੇਟ ਸ, ਬੀਰਇੰਦਰ ਸਿੰਘ, ਸ. ਪਰਮਜੀਤ ਸਿੰਘ ਸਰਨਾ, ਡਾ. ਜਸਪਾਲ ਸਿੰਘ, ਸ. ਜਸਵੰਤ ਸਿੰਘ ਸੇਠੀ, ਸ਼੍ਰੀ ਸਤੀਸ਼ ਗੁਜਰਾਲ (ਪੁਤਰ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਇੰਦਰ ਕੁਮਾਰ ਗੁਜਰਾਲ) ਅਤੇ ਸ, ਮਹਿੰਦਰ ਸਿੰਘ ਮਥਾਰੂ ਸ਼ਾਮਲ ਸਨ। ਉਸ ਦਿਨ ਤੋਂ ਬਾਅਦ ਇਸ ਕਮੇਟੀ ਦੀ ਸ਼ਾਇਦ ਹੀ ਕੋਈ ਬੈਠਕ ਹੋਈ ਹੋਵੇ।
ਸਚਾਈ ਤਾਂ ਇਹ ਹੈ ਕਿ ਵਾਇਦੇ ਕਰਕੇ ਭਰਮਾਉਣ ਲਈ ਤਾਂ ਹਰ ਕੋਈ ਤਿਆਰ ਹੈ, ਪਰ ਵਾਇਦੇ ਨਿਭਾਉਣ ਪ੍ਰਤੀ ਕੋਈ ਵੀ ਇਮਾਨਦਾਰ ਨਹੀਂ ਜਾਪਦਾ। ਹੁਣ ਤਾਂ ਬਸ, ਇਹ ਇਕ ਰਸਮ ਹੀ ਰਹਿ ਗਈ ਹੈ, ਕਿ ਹਰ ਸਾਲ ਸ਼ਹੀਦਾਂ ਦੀ ਯਾਦ ਮੰਨਾਉਣ ਲਈ ਗਿਣਤੀ ਦੇ ਬੰਦੇ ਇਕਠੇ ਕਰਕੇ ਭਾਸ਼ਣ ਕਰਨ ਦਾ ਝਸ ਪੂਰਾ ਕਰ ਲਉ ਅਤੇ ਕਾਂਗ੍ਰਸ ਨੂੰ ਦੋਸ਼ੀ ਕਰਾਰ ਦੇ ਕੇ ਉਸ ਵਿਰੁਧ ਦਿਲ ਦੀ ਭੜਾਸ ਕਢ ਲਉ, ਸ੍ਰੀ ਅਖੰਡ ਪਾਠ ਕਰਵਾ ਕੇ ਅਰਦਾਸ ਦਿਵਸ ਮੰਨਾ ਲਉ।

…ਅਤੇ ਅੰਤ ਵਿਚ : ਅਜ ਪੰਝੀ ਵਰ੍ਹੇ ਬੀਤ ਜਾਣ ਤੇ ਵੀ ਪੀੜਤਾਂ ਦੇ ਦਰਦ ਦੀਆਂ ਚੀਸਾਂ ਦੇ ਸੇਕ ਤੇ ਆਪਣੀਆਂ ਰਾਜਸੀ ਸੁਆਰਥ ਦੀਆਂ ਰੋਟੀਆਂ ਸੇਕਣ ਵਾਲੇ ਅਜ ਵੀ ਸਰਗਰਮ ਹਨ। ਜਦੋਂ ਵੀ ਨਵੰਬਰ ਆਉਂਦਾ ਹੈ, ਜਾਂ ਚੋਣਾਂ ਦਾ ਮੌਸਮ ਸ਼ੁਰੂ ਹੁੰਦਾ ਹੈ, ਪੀੜਤਾਂ ਦੇ ਜ਼ਖ਼ਮ ਕੁਰੇਦਣ ਲਈ ਨਸ਼ਤਰ ਲੈ ਕੇ ਉਹ ਹਾਜ਼ਰ ਹੋ ਜਾਂਦੇ ਹਨ। ਨਸ਼ਤਰਾਂ ਦੇ ਨਾਲ ਜ਼ਖ਼ਮ ਕੁਰੇਦੇ ਜਾਣ ਦੇ ਨਾਲ ਹੋਣ ਵਾਲੇ ਦਰਦ ਕਾਰਣ ਜਦੋਂ ਉਹ ਚੀਖਦੇ ਹਨ ਤਾਂ ਇਹ ਉਨ੍ਹਾਂ ਦੀਆਂ ਚੀਖਾਂ ਦਾ ਮੁਲ ਵਟਣ ਲਈ ਸੌਦੇਬਾਜ਼ੀ ਕਰਨੀ ਸ਼ੁਰੂ ਕਰ ਦਿੰਦੇ ਹਨ। ਨਵੰਬਰ ਬੀਤਣ ਲਗਦਾ ਹੈ ਜਾਂ ਚੋਣਾਂ ਦਾ ਮੌਸਮ ਬੀਤ ਜਾਂਦਾ ਹੈ, ਤਾਂ ਸਾਰੇ ਹਮਦਰਦ ਆਪਣੀਆਂ ਏਅਰਕੰਡੀਸ਼ੰਡ ਕੋਠੀਆਂ ਵਿਚ ਜਾ ਬਿਰਾਜਦੇ ਹਨ। ਉਨ੍ਹਾਂ ਲਈ ਸਭ ਕੁਝ ਪਹਿਲਾਂ ਵਾਂਗ ਹੀ ਚਲਣ ਲਗਦਾ ਹੈ। ਪਰ ਜੇ ਕੋਈ ਕੁਰੇਦੇ ਗਏ ਜ਼ਖ਼ਮਾਂ ਦੀਆਂ ਚੀਸਾਂ ਸਹਿੰਦਾ ਅਤੇ ਲੰਮੇਂ ਸਮੇਂ ਤਕ ਉਨ੍ਹਾਂ ਦਾ ਦਰਦ ਮਹਿਸੂਸ ਕਰਦਾ ਰਹਿੰਦਾ ਹੈ, ਤਾਂ ਉਹ ਹਨ ਕੇਵਲ ਤੇ ਕੇਵਲ ਨਵੰਬਰ-84 ਦੇ ਪੀੜਤਾਂ ਦੇ ਪਰਿਵਾਰ। ਹੋਰ ਕੋਈ ਨਹੀਂ। ਪਤਾ ਨਹੀਂ ਇਹ ਸਿਲਸਿਲਾ ਹੋਰ ਕਦੋਂ ਤਕ ਇਸੇ ਤਰ੍ਹਾਂ ਚਲਦਾ ਰਹੇਗਾ?

--
ਜਸਵੰਤ ਸਿੰਘ ‘ਅਜੀਤ’

(Mobile : +91 98 68 91 77 31)

E-mail : jaswantsinghajit@gmail.com

Address : 64-C, U&V/B, Shalimar Bagh, DELHI-110088 (INDIA)


No comments:

Post a Comment