ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Tuesday, April 20, 2010

ਸਿਆਸੀ ਮਦਾਰੀ…... ਨੀਲੇ ਚਿੱਟੇ ਵਾਰੋ ਵਾਰੀ।


ਪੰਜਾਬ ਦੇ ਨੇਤਾ ਲੋਕਾਂ ਨੂੰ ਹੁਣ ਕੌਣ ਸੁਣਦਾ ਹੈ ! ਘਸੇ ਪਿਟੇ ਭਾਸ਼ਨ ਤੇ ਲੱਛੇਦਾਰ ਗੱਲਾਂ।ਇਨ੍ਹਾਂ ਤੋਂ ਲੋਕ ਉਕਤਾ ਗਏ ਹਨ। ਸਿਆਸੀ ਗੱਪਾਂ ਸੁਣ ਸੁਣ ਕੇ ਲੋਕ ਅੱਕੇ ਪਏ ਹਨ। ਵਰਿਆਂ ਪੁਰਾਣੇ ਲਾਰੇ ਤੇ ਇਨ੍ਹਾਂ ਲਾਰਿਆਂ ਤੋਂ ਲੰਮੇ ਵਾਅਦੇ। ਕੌਣ ਯਕੀਨ ਕਰੇ। ਕਰੇ ਵੀ ਕਿਉਂ। ਆਖਰ ਇਹ ਨੇਤਾ ਲੋਕ ਕਦੋਂ ਤੱਕ ਗੋਲ ਮੋਲ ਗੱਲਾਂ ਨਾਲ ਆਪਣਾ ਸਿਆਸੀ ਮਾਲ ਵੇਚੀ ਜਾਣਗੇ। ਕੋਈ ਵੇਲਾ ਸੀ ਜਦੋਂ ਕਿਰਦਾਰ ਵਾਲੇ ਲੀਡਰ ਲੱਭ ਜਾਂਦੇ ਸਨ। ਹੁਣ ਨਾ ਉਹ ਨੇਤਾ ਰਹੇ ਹਨ ਤੇ ਨਾ ਉਹ ਕਿਰਦਾਰ। ਅੱਜ ਦੇ ਲੀਡਰ,ਉਨ੍ਹਾਂ ਦੇ ਭਾਸ਼ਨ ! ਬੱਸ ਤੌਬਾ ਹੀ ਤੌਬਾ ਹੈ ! ਇਹ ਲੀਡਰ ਲੋਕ ਖੁਦ ਹੀ ਜ਼ਿੰਮੇਵਾਰ ਹਨ। ਲੋਕਾਂ ਦਾ ਕੀ ਕਸੂਰ ਹੈ। ਲੋਕ ਤਾਂ ਲੰਮੇ ਸਮੇਂ ਤੋਂ ਸ਼ਾਂਤ ਚਿੱਤ ਇਨ੍ਹਾਂ ਲੀਡਰਾਂ ਦੇ ਭਾਸ਼ਨ ਸੁਣਦੇ ਰਹੇ ਹਨ। ਹਰ ਗੱਲ ਦੀ ਹੱਦ ਹੁੰਦੀ ਹੈ। ਇਸੇ ਤਰ੍ਹਾਂ ਲੀਡਰਾਂ ਦੇ ਭਾਸ਼ਨਾਂ ਦੀ ਵੀ ਹੱਦ ਹੋ ਗਈ ਹੈ। ਸਿਆਸੀ ਧਿਰ ਕੋਈ ਵੀ ਹੈ, ਉਸ ਦੇ ਟਾਵੇਂ ਲੀਡਰ ਹਨ ਜਿਨ੍ਹਾਂ ਦੇ ਭਾਸ਼ਨਾਂ 'ਚ ਦਮ ਹੁੰਦਾ ਹੈ। ਨਹੀਂ ਤਾਂ ਬਹੁਗਿਣਤੀ ਨੇਤਾ ਲੋਕ ਆਪਣੇ ਭਾਸ਼ਨਾਂ ਸਹਾਰੇ ਆਪਣਾ ਸਮਾਂ ਲੰਘਾ ਜਾਂਦੇ ਹਨ। ਜਨਤਾ ਦੇ ਹੱਥ ਹਮੇਸ਼ਾਂ ਖਾਲੀ ਰਹੇ ਹਨ।

ਗੱਲ ਹੁਣ ਗੁੱਝੀ ਨਹੀਂ ਰਹੀ। ਵੋਟ ਪਾਉਣਾ ਮਜਬੂਰੀ ਹੈ ਪ੍ਰੰਤੂ ਲੋਕਾਂ ਦੀਆਂ ਨਜ਼ਰਾਂ 'ਚ ਤਾਂ ਇਹ ਲੀਡਰ ਕਦੋਂ ਦੇ ਡਿੱਗ ਚੁੱਕੇ ਹਨ। ਪੰਜਾਬ ਦੀ ਮੌਜੂਦਾ ਸਿਆਸਤ ਤਾਂ ਮਦਾਰੀ ਦੇ ਇੱਕ ਤਮਾਸ਼ੇ ਵਰਗੀ ਬਣ ਗਈ ਹੈ। ਹਰ ਸਿਆਸੀ ਧਿਰ ਦਾ ਨੇਤਾ ਹੁਣ ਲੋਕਾਂ ਨੂੰ ਮੰਤਰ ਮੁਗਧ ਕਰਨ ਲਈ ਨਵੇਂ ਨਵੇਂ ਸ਼ਬਦਾਂ ਦੇ ਤੀਰ ਚਲਾਉਂਦਾ ਹੈ। ਸ਼ਬਦਾਂਵਲੀ 'ਚ ਏਨਾ ਨਿਘਾਰ ਆ ਗਿਆ ਹੈ ਕਿ ਵਿਰੋਧੀ ਨੂੰ ਚਿੱਤ ਕਰਨ ਵੇਲੇ ਲੀਡਰ ਇਹ ਵੀ ਭੁੱਲ ਜਾਂਦੇ ਹਨ ਕਿ ਪੰਜਾਬ ਧੀਆਂ ਭੈਣਾਂ ਵਾਲਾ ਹੈ। ਕੈਪਟਨ ਅਮਰਿੰਦਰ ਸਿੰਘ ਆਪਣੀ ਵਿਰੋਧੀ ਨੂੰ ਭਾਸ਼ਨਾਂ ਵਿੱਚ ਕੁੱਤੇ ਬਿੱਲਿਆਂ ਵਾਲਾ ਤੱਕ ਦਾ ਦਰਜਾ ਦਿੰਦੇ ਰਹੇ ਹਨ ਤੇ ਉਧਰ ਅਗਲੇ ਕਿਹੜਾ ਘੱਟ ਗੁਜ਼ਾਰਦੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਾਂ ਆਪਣਾ ਭਾਸ਼ਨ ਸ਼ੁਰੂ ਹੀ ਕੈਪਟਨ ਦੇ ਚਰਿੱਤਰ ਤੋਂ ਕਰਦੇ ਰਹੇ ਹਨ। ਜਦੋਂ ਚੋਣਾਂ ਨੇੜੇ ਹੋਣ ਤਾਂ ਫਿਰ ਇਹ ਨੇਤਾ ਲੋਕ ਭੰਡਾਂ ਨੂੰ ਵੀ ਮਾਤ ਪਾ ਦਿੰਦੇ ਹਨ। ਕੀ ਪੰਜਾਬ ਦੀ ਲੋਕ ਆਪਣੇ ਪ੍ਰਤੀਨਿਧਾਂ ਨੂੰ ਤਮਾਸ਼ੇ ਕਰਨ ਲਈ ਚੁਣਦੇ ਹਨ?

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਭਾਸ਼ਨ ਨੂੰ ਹਲਕਾ ਫੁਲਕਾ ਕਰਨ ਵਾਸਤੇ ਕੋਈ ਨਾ ਕੋਈ ਚੁਟਕਲਾ ਛੱਡ ਦਿੰਦੇ ਹਨ। ਚੁਟਕਲੇ ਸੁਣਾ ਸੁਣਾ ਕੇ ਚੌਥੀ ਦਫ਼ਾ ਮੁੱਖ ਮੰਤਰੀ ਬਣ ਗਏ ਹਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤਾਕਤ ਦੇ ਨਸ਼ੇ 'ਚ ਕਈ ਦਫ਼ਾ ਇਹ ਭੁੱਲ ਜਾਂਦੇ ਹਨ ਕਿ ਪਿਛਲੇ ਦਿਨ ਉਨ੍ਹਾਂ ਨੇ ਕੀ ਬਿਆਨ ਦਿੱਤਾ ਸੀ। ਉਹ ਪਿਛਲੇ ਤਿੰਨ ਸਾਲਾਂ 'ਚ ਕਰੀਬ ਇੱਕ ਦਰਜਨ ਸ਼ਹਿਰਾਂ ਨੂੰ 'ਕੈਲੀਫੋਰਨੀਆ' ਬਣਾਉਣ ਦਾ ਐਲਾਨ ਕਰ ਚੁੱਕੇ ਹਨ। ਇਨ੍ਹਾਂ 'ਚ ਬਠਿੰਡਾ ਵੀ ਸ਼ਾਮਲ ਹੈ। ਇਸ ਤੋਂ ਵੀ ਵੱਧ ਕੇ ਪੰਜਾਬ ਦੇ ਡੇਢ ਦਰਜ਼ਨ ਸ਼ਹਿਰਾਂ ਵਾਰੇ ਇਹ ਆਖ ਚੁੱਕੇ ਹਨ ਕਿ ਉਹ 'ਫਲਾਣੇ' ਸ਼ਹਿਰ ਨੂੰ ਪੰਜਾਬ ਦਾ ਨੰਬਰ ਵਨ ਸ਼ਹਿਰ ਬਣਾਉਣਗੇ। ਲੋਕ ਆਖਦੇ ਹਨ ਕਿ ਸ਼ਹਿਰ ਨੂੰ ਸ਼ਹਿਰ ਹੀ ਬਣਾ ਦਿਓ,ਹੋਰ ਕੁਝ ਨਹੀਂ ਮੰਗਦੇ। ਉਪ ਮੁੱਖ ਮੰਤਰੀ ਭਾਸ਼ਨ ਕਰਦੇ ਵੇਲੇ ਪੰਜਾਬ ਨੂੰ ਬਿਜਲੀ 'ਚ ਸਰਪਲੱਸ ਸੂਬਾ ਬਣਾਏ ਜਾਣ ਦੀ ਗੱਲ ਏਨੀ ਜ਼ੋਰ ਦੀ ਕਰਦੇ ਹਨ ਕਿ ਉਨ੍ਹਾਂ ਦੀਆਂ ਅੱਖਾਂ ਬੰਦ ਹੋ ਜਾਂਦੀਆਂ ਹਨ। ਪੰਡਾਲ 'ਚ ਬੈਠੀ ਜਨਤਾ ਨੂੰ ਲੱਗਦੈ ਹੈ ਕਿ ਜਦੋਂ ਸੁਖਬੀਰ ਜੀ ਹੁਣ ਅੱਖਾਂ ਖੋਲ•ਣਗੇ ਤਾਂ ਪੂਰਾ ਪੰਜਾਬ ਜਗਮਗ ਕਰ ਰਿਹਾ ਹੋਵੇਗਾ।

ਪਿਛਲੀ ਸਰਕਾਰ ਵੇਲੇ ਤਤਕਾਲੀ ਵਿੱਤ ਮੰਤਰੀ ਸੁਰਿੰਦਰ ਸਿੰਗਲਾ ਬਠਿੰਡਾ ਨੂੰ 'ਪੈਰਿਸ' ਬਣਾਉਣ ਦੀ ਗੱਲ ਕਰਦੇ ਸਨ। ਸ਼ੁਕਰ ਹੈ ਕਿ ਬੀਬੀ ਹਰਸਿਮਰਤ ਕੌਰ ਨੇ ਅਜਿਹਾ ਕੋਈ ਐਲਾਨ ਨਹੀਂ ਕੀਤਾ। ਸਿੰਗਲਾ ਜੀ ਤਾਂ ਬਹੁਤਾ ਸਮਾਂ ਇਸੇ ਚੱਕਰ 'ਚ ਲੰਘਾ ਗਏ ਕਿ 'ਰਿਫਾਈਨਰੀ ਕਾਂਗਰਸ ਨੇ ਲਿਆਂਦੀ, ਬਾਦਲਾਂ ਨੇ ਨਹੀਂ।'


ਸੁਰਿੰਦਰ ਸਿੰਗਲਾ ਜਿਨ੍ਹਾਂ ਸਮਾਂ ਤਾਕਤ 'ਚ ਰਹੇ, ਉਹ ਬਾਦਲਾਂ ਖਿਲਾਫ ਬੜੀ ਉੱਚੀ ਬੋਲ ਕੇ ਭੜਾਸ ਕੱਢਦੇ ਰਹੇ। ਜਦੋਂ ਸਰਕਾਰ ਬਦਲੀ ਤਾਂ ਸਿੰਗਲਾ ਦੇ ਮੂੰਹੋਂ ਕਦੇ ਬਾਦਲਾਂ ਖਿਲਾਫ ਕੋਈ ਮਾੜਾ ਲਫਜ਼ ਨਹੀਂ ਸੁਣਿਆ। ਹੁਣ ਲੋਕ ਆਖਦੇ ਹਨ ਕਿ ਸਿੰਗਲਾ ਡਰਨ ਵਾਲੇ ਤਾਂ ਲੱਗਦੇ ਨਹੀਂ ਸਨ।' ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਦਲ ਪਰਿਵਾਰ ਖਿਲਾਫ ਸੂਈ ਰੱਖ ਰੱਖ ਕੇ ਲੋਕਾਂ 'ਚ ਮਕਬੂਲ ਹੋ ਗਏ ਹਨ। 'ਆਮ ਆਦਮੀ' ਲਈ ਕੀਤਾ ਕੈਪਟਨ ਨੇ ਵੀ ਕੁਝ ਨਹੀਂ। ਬੱਸ ਉਨ੍ਹਾਂ ਨੇ ਇੱਕ ਨਵੇਂ ਤਮਾਸ਼ੇ ਦੀ ਸ਼ੁਰੂਆਤ ਕਰ ਦਿੱਤੀ। ਲੋਕ ਮਸਲੇ ਢੱਠੇ ਖੂਹ 'ਚ ਪੈਣ,ਪੰਜਾਬ ਦੇ ਕੈਪਟਨ ਤੇ ਬਾਦਲ ਪਰਿਵਾਰ ਨੇ ਲੋਕਾਂ ਨੂੰ ਇੱਕ ਨਵਾਂ ਤਮਾਸ਼ਾ ਦਿਖਾਉਣਾ ਸ਼ੁਰੂ ਕਰ ਦਿੱਤਾ। ਕੈਪਟਨ ਨੇ ਬਾਦਲਾਂ ਨੂੰ ਅੰਦਰ ਕਰ ਦਿੱਤਾ ਤੇ ਹੁਣ ਬਾਦਲਾਂ ਨੇ ਕੈਪਟਨ ਦੇ ਕਚਹਿਰੀ ਦੇ ਚੱਕਰ ਲਗਵਾ ਦਿੱਤੇ। ਹੁਣ ਬਾਦਲਾਂ ਖਿਲਾਫ ਭੁਗਤੇ ਗਵਾਹ ਕਚਹਿਰੀ 'ਚ ਮੁਕਰ ਰਹੇ ਹਨ ਤੇ ਦੇਰ ਸਵੇਰ ਕੈਪਟਨ ਖਿਲਾਫ ਖੜੇ ਗਵਾਹ ਵੀ ਬੈਠ ਜਾਣਗੇ। ਇਸ ਤਮਾਸ਼ੇ 'ਚ ਆਮ ਲੋਕਾਂ ਦੇ ਟੈਕਸਾਂ ਤੋਂ ਇਕੱਠੇ ਹੋਏ ਪੈਸਾ ਨੂੰ ਬਰਬਾਦ ਕਿਉਂ ਕੀਤਾ ਗਿਆ। ਵਿਜੀਲੈਂਸ ਕਿਉਂ ਕੁਰੱਪਸ਼ਨ ਕੇਸਾਂ ਦੇ ਨਾਮ ਫੰਡ ਖਰਚਦੀ ਰਹੀ। ਨੇਤਾ ਥੋੜੇ ਸਮਝਣ ਕਿਉਂਕਿ ਲੋਕ 'ਡਰਾਮੇ' ਦੀ ਭਾਸ਼ਾ ਜਾਣਦੇ ਹਨ।

ਜਨਤਾ ਕੋਈ ਮਦਾਰੀ ਦਾ ਜਮੂਰਾ ਨਹੀਂ। ਇਹੋ ਜਨਤਾ ਇੱਕ ਦਿਨ ਲੀਡਰਾਂ ਦੇ ਖੇਡੇ 'ਤੇ ਤਾੜੀ ਨਹੀਂ ਮਾਰੇਗੀ ਬਲਕਿ ਤਮਾਚਾ ਮਾਰੇਗੀ। ਇਨ੍ਹਾਂ ਲੀਡਰਾਂ ਨੇ ਪਿੰਡਾਂ ਦੇ ਪਿੰਡ ਬਿਪਤਾ 'ਚ ਫਸਾ ਦਿੱਤੇ ਹਨ। ਲੰਘੀ ਲੋਕ ਸਭਾ ਚੋਣ 'ਚ ਯੁਵਰਾਜ ਰਣਇੰਦਰ ਸਿੰਘ ਜਿਸ ਪਿੰਡ 'ਚ ਗਏ, ਉਥੇ ਭੋਲੇ ਭਾਲੇ ਵਰਕਰਾਂ ਨੂੰ ਉਤਜਿਤ ਕਰਦੇ ਰਹੇ,' ਤੁਸੀਂ ਪਾਰਟੀ ਦੇ ਯੋਧੇ ਹੋ, ਬਾਦਲਾਂ ਤੋਂ 'ਕੱਲੇ ਕੱਲੇ ਦਾ ਬਦਲਾ ਲਵਾਂਗੇ, ਤੁਸੀਂ ਡਟ ਕੇ ਮੁਕਾਬਲਾ ਕਰੋ।' ਰਣਇੰਦਰ ਆਖਦੇ ਸਨ ਕਿ ਉਹ ਵਰਕਰਾਂ ਖਿਲਾਫ ਜ਼ਿਆਦਤੀ ਨਹੀਂ ਝੱਲਣਗੇ, ਖੁਦ ਧਰਨਿਆਂ 'ਤੇ ਬੈਠਣਗੇ। ਦੂਸਰੀ ਤਰਫ ਇਹੋ ਬੋਲੀ ਸੁਖਬੀਰ ਬਾਦਲ ਬੋਲਦੇ ਰਹੇ। ਚੋਣਾਂ ਖਤਮ ਹੋਈਆ। ਕੈਪਟਨ ਦਾ ਲੜਕਾ ਹੁਣ ਕਿਧਰੋਂ ਲੱਭਿਆ ਨਹੀਂ ਲੱਭਦਾ। ਬਠਿੰਡਾ ਜ਼ਿਲੇ ਦੇ ਪਿੰਡ ਰਾਏਕੇ ਦੇ ਲੋਕ ਇਨ੍ਹਾਂ ਭਾਸ਼ਨਾਂ ਦੀ ਸਿਆਸਤ ਨੂੰ ਸਮਝ ਨਹੀਂ ਸਕੇ ਅਤੇ ਆਪਸ 'ਚ ਭਿੜ ਬੈਠੇ। ਸੈਂਕੜੇ ਕਾਂਗਰਸੀ ਵਰਕਰਾਂ 'ਤੇ ਪਰਚੇ ਦਰਜ ਹੋ ਗਏ। ਕੋਈ ਜੇਲ• ਚਲਾ ਗਿਆ ਤੇ ਕੋਈ ਕਚਹਿਰੀ 'ਚ ਤਰੀਕਾਂ ਭੁਗਤ ਰਿਹੈ। ਪਿੰਡ ਵਾਲਿਆਂ ਦੀ ਉਸੇ ਰਣਇੰਦਰ ਨੇ ਮੁੜ ਬਾਤ ਨਹੀਂ ਪੁੱਛੀ। ਲੀਡਰ ਭੋਲੇ ਭਾਲੇ ਲੋਕਾਂ ਨੂੰ ਆਪਸ 'ਚ ਲੜਾ ਕੇ ਗਾਇਬ ਹੋ ਜਾਂਦੇ ਹਨ ਤੇ ਲੋਕ ਆਪਸ 'ਚ ਲਾਈਨਾਂ ਖਿੱਚ ਲੈਂਦੇ ਹਨ। ਇਹੋ ਹਾਲ ਦੇਰ ਸਵੇਰ ਅਕਾਲੀਆਂ ਨਾਲ ਵੀ ਹੋਏਗਾ। ਨੁਕਸਾਨ ਆਮ ਲੋਕਾਂ ਦਾ ਹੁੰਦਾ ਹੈ। ਪਿੰਡਾਂ ਦੇ ਸਰਪੰਚਾਂ ਦਾ ਹਾਲ ਦੇਖ ਲਵੋਂ। ਇਹ ਲੀਡਰ ਲੋਕ ਪਿੰਡਾਂ ਦੇ ਸਰਪੰਚਾਂ ਨੂੰ 'ਫੌਕੀ ਟੌਹਰ' 'ਚ ਫਸਾ ਕੇ ਏਨਾ ਮੰਤਰ ਮੁਗਧ ਕਰ ਦਿੰਦੇ ਹਨ ਕਿ ਉਨ੍ਹਾਂ ਨੂੰ ਕੁਝ ਪਤਾ ਹੀ ਨਹੀਂ ਲੱਗਦਾ। ਵੋਟਾਂ ਦੀ ਸਿਆਸਤ 'ਚ ਫਿਰ ਜ਼ਮੀਨ ਸਰਪੰਚ ਦੀ ਵਿਕਦੀ ਹੈ, ਕਰਜ਼ਾਈ ਸਰਪੰਚ ਹੁੰਦਾ ਹੈ, ਲੀਡਰ ਕਦੇ ਕਰਜ਼ਾਈ ਨਹੀਂ ਹੁੰਦਾ। ਮਾਲਵੇ ਦੇ ਕਿੰਨੇ ਹੀ ਸਰਪੰਚ ਇਸੇ ਸਿਆਸਤ ਨੇ ਜ਼ਮੀਨਾਂ ਤੋਂ ਵਿਰਵੇ ਕਰ ਦਿੱਤੇ ਹਨ।

ਪੰਜਾਬ 'ਚ ਇੱਕ ਨਵਾਂ ਰਿਵਾਜ ਪੈ ਗਿਆ ਹੈ। ਜਦੋਂ ਕੋਈ ਚੋਣ ਨੇੜੇ ਆਉਂਦੀ ਹੈ ਤਾਂ ਪ੍ਰਮੁੱਖ ਧਿਰਾਂ ਵਲੋਂ ਲੋਕਾਂ ਦੇ ਇਕੱਠ ਕਰਨੇ ਸ਼ੁਰੂ ਕਰ ਦਿੱਤੇ ਜਾਂਦੇ ਹਨ। ਕਾਂਗਰਸ ਵਾਲੇ ਰੈਲੀ ਕਰਦੇ ਹਨ ਤਾਂ ਅਕਾਲੀ ਦਲ ਵਾਲੇ ਰੈਲਾ ਕਰ ਦਿੰਦੇ ਹਨ। ਕੋਈ ਰੈਲੀ ਕਰੇ ਚਾਹੇ ਰੈਲਾ, ਲੋਕਾਂ ਨੂੰ ਕੀ ਫਰਕ ਪੈਣ ਲੱਗਾ ਹੈ। ਘਾਹੀਆਂ ਦੇ ਪੁੱਤਾਂ ਨੇ ਤਾਂ ਘਾਹ ਹੀ ਖੋਤਣਾ ਹੈ। ਕਿਸੇ ਨਾ ਕਿਸੇ ਮਜਬੂਰੀ 'ਚ ਬੱਝੀ ਜਨਤਾ ਤਾਂ ਭੇਡਾਂ ਬੱਕਰੀਆਂ ਵਾਂਗੂ ਟਰੱਕਾਂ ਦੇ ਡਾਲਿਆਂ 'ਤੇ ਬੈਠ ਕੇ ਕਦੇ ਕਿਸੇ ਸਿਆਸੀ ਮਦਾਰੀ ਦਾ ਤਮਾਸ਼ਾ ਦੇਖਣ ਲਈ ਚਾਲੇ ਪਾਉਂਦੀ ਹੈ ਤੇ ਕਦੇ ਕਿਸੇ ਦਾ। ਟਰੱਕਾਂ 'ਤੇ ਲਿਜਾਣ ਵਾਲੇ ਬੱਸ ਸ਼ਾਮ ਵੇਲੇ ਜਨਤਾ ਨੂੰ ਖੁਸ਼ ਕਰਨ ਲਈ ਤੁਪਕਾ ਪਿਲਾ ਦਿੰਦੇ ਹਨ। ਕਈਆਂ ਦੇ ਤਾਂ ਟਰੱਕਾਂ ਨੇ ਪਾਸੇ ਭੰਨੇ ਪਏ ਹਨ। ਰੈਲੀਆਂ 'ਤੇ ਜਾ ਜਾ ਕੇ ਉਹ ਥੱਕ ਚੁੱਕੇ ਹਨ। ਪਹਿਲਾਂ ਵੀ ਘੱਟਾ ਢੋਂਹਦੇ ਸਨ ਤੇ ਹੁਣ ਵੀ। ਖੱਟਣ ਵਾਲੇ ਖੱਟ ਜਾਂਦੇ ਹਨ। ਤਾਹਿਓ ਤਾਂ ਉਨ੍ਹਾਂ ਨੂੰ ਮਦਾਰੀ ਕਿਹਾ ਜਾਂਦੈ ਹੈ। ਸਿਆਸੀ ਮਦਾਰੀ। ਗੱਲ ਭਾਸ਼ਨ ਤੋਂ ਸ਼ੁਰੂ ਕੀਤੀ ਸੀ ਕਿ ਲੀਡਰਾਂ ਦੇ ਭਾਸ਼ਨ ਹੁਣ ਕੋਈ ਨਹੀਂ ਸੁਣਦਾ। ਇਸ ਵਜੋਂ ਲੀਡਰਾਂ ਨੂੰ ਹੁਣ ਆਪਣੇ ਭਾਸ਼ਨ ਸੁਣਾਉਣ ਲਈ ਵੀ ਤਰ੍ਹਾਂ ਤਰ੍ਹਾਂ ਦੇ ਪਾਪੜ ਵੇਲਣੇ ਪੈਂਦੇ ਹਨ। ਗੱਲ ਇੱਥੋਂ ਤੱਕ ਵੱਧ ਗਈ ਹੈ ਕਿ ਲੀਡਰ ਲੋਕਾਂ ਨੂੰ ਆਪਣੇ ਭਾਸ਼ਨ ਸੁਣਾਉਣ ਲਈ ਝੁਮਕਿਆਂ ਵਾਲੀਆਂ ਬੀਬੀਆਂ ਦਾ ਸਹਾਰਾ ਲੈਣਾ ਪੈਂਦਾ ਹੈ।

ਪੰਜਾਬ ਦੇ ਸਿੰਘਾਸਨ 'ਤੇ ਕੋਈ ਵੀ ਸਿਆਸੀ ਧਿਰ ਬੈਠੀ, ਉਸ ਨੇ ਆਪਣੇ ਫੋਕੇ ਭਾਸ਼ਨ ਲੋਕਾਂ ਨੂੰ ਸੁਣਾਉਣ ਲਈ ਸਰਕਾਰੀ ਖਜ਼ਾਨੇ ਨੂੰ ਦੋਹੇਂ ਹੱਥੀਂ ਵਰਤਿਆ। ਪੰਜਾਬ ਸਰਕਾਰ ਦੇ ਵਜ਼ੀਰ ਤੇ ਇੱਥੋਂ ਤੱਕ ਕਿ ਮੁੱਖ ਮੰਤਰੀ ਵੀ ਭਰਵੇਂ ਇਕੱਠ ਕਰਨ ਲਈ ਮਹਿੰਗੇ ਕਲਾਕਾਰਾਂ ਨੂੰ ਗੱਫੇ ਵੰਡਦੇ ਰਹੇ ਹਨ। ਇਨ੍ਹਾਂ ਕਲਾਕਾਰ ਨੂੰ ਸੁਣਨ ਲਈ ਜਦੋਂ ਲੋਕ ਇਕੱਠੇ ਹੋ ਜਾਂਦੇ ਹਨ ਤਾਂ ਨੇਤਾ ਲੋਕ ਆਪਣੀ ਭੜਾਸ ਕੱਢ ਜਾਂਦੇ ਹਨ। ਜਿੱਡੀ ਵੱਡੀ ਰੈਲੀ, ਓਨਾ ਵੱਡਾ ਕਲਾਕਾਰ। ਇਨ੍ਹਾਂ ਕਲਾਕਾਰਾਂ ਨੂੰ ਪੰਜਾਬ ਸਰਕਾਰ ਦੇ ਸਰਕਾਰੀ ਖਜ਼ਾਨੇ ਚੋਂ ਰਾਸ਼ੀ ਦਿੱਤੀ ਜਾਂਦੀ ਹੈ। ਵਿਰੋਧੀ ਧਿਰ ਇੱਧਰੋਂ ਉਧਰੋਂ ਰਾਸ਼ੀ ਦਾ ਇੰਤਜਾਮ ਕਰਦੀ ਹੈ। ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆਂ ਨਾਲ ਲੋਕ ਗਾਇਕ ਹਰਭਜਨ ਮਾਨ ਅਤੇ ਗਾਇਕ ਹਰਦੇਵ ਮਾਹੀਨੰਗਲ ਵੀ ਜੁੜੇ ਰਹੇ ਹਨ। ਕਿਹਾ ਇਹ ਵੀ ਜਾਂਦਾ ਹੈ ਕਿ ਰਾਮੂਵਾਲੀਆ ਤਾਂ ਖੁਦ ਹੀ ਮਹਿਫਿਲ ਜਮਾ ਦਿੰਦੇ ਹਨ ਤੇ ਕਲਾਕਾਰਾਂ ਦੀ ਲੋੜ ਹੀ ਨਹੀਂ ਰਹਿੰਦੀ। ਉਸਦੇ ਵਿਰੋਧੀ ਆਖਦੇ ਹਨ ਕਿ ਰਾਮੂਵਾਲੀਏ ਦੇ ਭਾਸ਼ਨ ਨੂੰ ਤਾਂ ਲੋਕੀ ਕਲਾਕਾਰਾਂ ਵਾਂਗੂ ਸੁਣਨ ਜਾਂਦੇ ਹਨ। ਬੱਸ ਇਹੋ ਗੱਲ ਹੈ ਕਿ ਲੋਕ ਸੁਆਦ ਤਾਂ ਰਾਮੂਵਾਲੀਏ ਦੇ ਭਾਸ਼ਨਾਂ ਦਾ ਲੈ ਲੈਂਦੇ ਨੇ ਤੇ ਵੋਟ ਪਾਉਣ ਵੇਲੇ ਅਕਾਲੀਆਂ ਜਾਂ ਕਾਂਗਰਸੀਆਂ ਨੂੰੰ ਭੁਗਤ ਜਾਂਦੇ ਹਨ। ਇੱਕ ਵਾਰੀ ਵਿਸਾਖੀ ਦੇ ਮੇਲੇ 'ਤੇ ਆਪਣੀ ਸਿਆਸੀ ਸਟੇਜ ਤੋਂ ਸਿਮਰਨਜੀਤ ਸੋਘ ਮਾਨ ਨੇ ਆਖ ਦਿੱਤਾ ਸੀ ਕਿ ਜਿਹੜੇ ਲੋਕ ਪੰਥਕ ਵਿਚਾਰਾਂ ਅਤੇ ਸੰਜੀਦਾ ਭਾਸ਼ਨ ਸੁਣਨਾ ਚਾਹੁੰਦੇ ਹਨ,ਉਹ ਬੈਠੇ ਰਹਿਣ। ਜਿਨ੍ਹਾਂ ਨੇ ਮਦਾਰੀ ਦਾ ਖੇਡਾ ਦੇਖਣਾ ਹੈ,ਉਹ ਗੁਆਂਢ ਵਿਚਲੇ ਪੰਡਾਲ 'ਚ ਚਲੇ ਜਾਣ। ਉਸ ਵਿਸਾਖੀ 'ਤੇ ਅਕਾਲੀ ਦਲ (ਅੰਮ੍ਰਿਤਸਰ) ਅਤੇ ਲੋਕ ਭਲਾਈ ਪਾਰਟੀ ਦੀ ਸਟੇਜ ਨਾਲੋਂ ਨਾਲ ਸੀ।

ਚਰਨਜੀਤ ਭੁੱਲਰ,ਬਠਿੰਡਾ
ਲੇਖਕ ਪੱਤਰਕਾਰ ਹਨ।

7 comments:

  1. conclusion is Really IntersTing.....!!!!!....AkaaLi/CoNgress Politics Vs JaNta...Gud.......OverAll....LeKha JoKha...SoHNa KeeTa ...........Keep writing..Bai...& Thanx for sharing

    ReplyDelete
  2. very well said
    Bhullar saab has always written with true feeling of the 'Freedom of Press'.
    keep it up please!

    ReplyDelete
  3. No words to express the excellence in words and expressions of Mr. Bhullar. Today there is long distance between journalism and truth and Charanjit Bhullar is putting a significant effort to decrease this distance, probably the greatest one.

    ReplyDelete
  4. malway de kisani de sankat nu jo shabad bhular veer ne ditay hun oh koi hor nahi kar sakea.eh bhular de kalam he hai jis ne eh sabat kita hai ke kisani da sankat fajool kharchi karkay nahi sarkaran dean galat neetian karkay hai.ideal way of reporting .

    sukhi barnala

    ReplyDelete
  5. ਪਿਆਰੇ ਵੀਰ ਚਰਨਜੀਤ ਵਰਗੇ ਸਿੰਘਾਂ ਲਈ ਪਾਸ਼ ਦੀਆਂ ਸਤਰਾਂ ਰਾਖਵੀਆਂ ਹਨ- "ਮੈਥੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋਕੇ, ਤੁਹਾਡੇ ਚਗਲੇ ਹੋਏ ਸੁਆਦਾਂ ਦੀ ਗੱਲ ਕਰਾਂਗਾ|"
    ਚਰਨਜੀਤ ਨੇ ਹਮੇਸ਼ਾ ਲੋਕਾਂ ਦੇ ਦਰਦਾਂ ਅਤੇ ਮਰਜਾਂ ਦੀ ਗੱਲ ਕੀਤੀ ਹੈ| ਬਾਬਾ ਫ਼ਰੀਦ ਜੀ ਦੇ ਸ਼ਬਦ ਇਹਨਾਂ ਕਲਮੀ ਯੋਧਿਆਂ ਉੱਪਰ ਹੀ ਢੁਕਦੇ ਹਨ ਜਿਨਾਂ ਨੇ ਅਕਲ ਲਤੀਫ਼ ਹੋਕੇ ਕਿਤੇ ਕਾਲੇ ਲੇਖ ਨੀ ਲਿਖੇ| ਲੋਕਾਂ ਦੇ ਦਰਦ ਨੂੰ ਆਪਣਾ ਦਰਦ ਮਹਿਸੂਸ ਕਰਨਾ ਵਿਰਲਿਆਂ ਦੇ ਹਿੱਸੇ ਆਉਂਦਾ ਹੈ| ਵਾਹਿਗੁਰੂ ਚਰਨਜੀਤ 'ਤੇ ਇਸੇ ਤਰਾ੍ਂ ਮਿਹਰਾਂ ਭਰਿਆ ਹੱਥ ਰੱਖੇ ਤਾਂਕਿ ਉਹ ਬਾਬੇ ਨਾਨਕ ਦੇ ਬੋਲਾਂ 'ਰਾਜੇ ਸ਼ੀਂਹ ਮੁਕੱਦਮ ਕੁੱਤੇ' ਨੂੰ ਬੁਲੰਦ ਕਰਦਾ ਰਹੇ|
    ਆਮੀਨ!
    ਨਵਦੀਪ ਸਿੰਘ ਸਕਰੌਦੀ

    ReplyDelete
  6. Par ethe tan ikkale hare ne hi baari malli hoe ae??

    ReplyDelete
  7. Saroudi Sahib ............
    Kis Bhulekhe vich ho tussi???
    Kade Asliat vi janan di koshish karo...

    tussi kisnu PASh diyan satra dedecate kar rahe ho ?? tussi touhin kar rahe ho inqlabi shayar di....

    ReplyDelete