ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Tuesday, May 4, 2010

ਨਿਰੁਪਮਾ ਨੂੰ ਸਲਾਮ --ਔਰਤ, ਜਾਤੀਵਾਦੀ ਤਾਣਾਬਾਣਾ ਤੇ ਘਰੇਲੂ ਖਾਪ

ਨਿਰੁਪਮਾ ਪਾਠਕ ਨਵੇਂ ਜ਼ਮਾਨੇ ਤੇ ਅਗਾਂਹਵਧੂ ਸੋਚ ਦੀ ਤਰਜ਼ਮਾਨੀ ਕਰਨ ਵਾਲੀ ਕੁੜੀ ਸੀ।ਜਾਤਾਂ ਤੇ ਮਜ਼ਬਾਂ ਤੋਂ ਉੱਪਰ ਉੱਠ ਚੁੱਕੀ ਸੀ।ਪੱਤਰਕਾਰੀ ਦੇ ਨਾਮਵਰ ਅਦਾਰੇ ਤੋਂ ਪੜ੍ਹਕੇ ਦੇਸ਼ ਦੇ ਨਾਮੀ ਅਖ਼ਬਾਰ 'ਚ ਕੰਮ ਕਰ ਰਹੀ ਸੀ,ਪਰ ਸਮਾਜ ਤੇ ਮਾਪਿਆਂ ਨੂੰ ਉਸਦੀ ਆਧੁਨਿਕ ਸੋਚ ਪਸੰਦ ਨਹੀਂ ਸੀ।ਇਸੇ ਲਈ ਮਾਪਿਆਂ ਨੇ ਆਪਣੇ ਕਹੇ ਜਾਂਦੇ ਆਤਮ ਸਨਮਾਨ ਲਈ ਪੱਤਰਕਾਰ ਨਿਰੁਪਮਾ ਪਾਠਕ ਦਾ ਕਤਲ ਕਰ ਦਿੱਤਾ।ਝਾਰਖੰਡ ਦੀ ਰਹਿਣ ਵਾਲੀ ਦਿੱਲੀ ਦੀ ਪੱਤਰਕਾਰ ਨਿਰੁਪਮਾ ਦਾ ਕਸੂਰ ਸਿਰਫ ਐਨਾ ਸੀ ਕਿ ਉਹ ਆਪਣੀ ਮਰਜ਼ੀ ਨਾਲ ਅੰਤਰਜਾਤੀ ਵਿਆਹ ਕਰਵਾਉਣਾ ਚਾਹੁੰਦੀ ਸੀ,ਪਰ ਇਹ ਉਸਦੇ ਘਰਦਿਆਂ ਨੂੰ ਕਿਸੇ ਵੀ ਹਾਲਤ 'ਚ ਮਨਜ਼ੂਰ ਨਹੀਂ ਸੀ।ਵੈਸੇ ਕਹਿਣ ਨੂੰ ਘਰਦੇ ਵੀ ਆਧੁਨਿਕ ਸਮਾਜ ਦੇ ਨੁਮਾਇੰਦੇ ਹਨ।

ਨਿਰੁਪਮਾ ਦੀ ਮੌਤ ਨੇ ਇਕ ਵਾਰ ਫਿਰ ਕਹੇ ਜਾਂਦੇ ਆਧੁਨਿਕ ਸਮਾਜ ਦੀਆਂ ਜੜ੍ਹਾਂ 'ਚ ਬੈਠੇ ਜਾਤੀਵਾਦ ਦੀ ਬਹਿਸ ਨੂੰ ਗਰਮ ਕੀਤਾ ਹੈ।ਦੋ ਵਰਤਾਰੇ ਨਾਲੋ ਨਾਲ ਵਾਪਰ ਰਹੇ ਹਨ।ਇਕ ਪਾਸੇ ਦੇਸ਼ ਦਾ ਆਧੁਨਿਕ ਸਮਾਜ ਖਾਪ ਪੰਚਾਇਤਾਂ ਦੇ ਫੈਸਲਿਆਂ ਖਿਲਾਫ ਹੁੰਦਾ ਨਜ਼ਰ ਆ ਰਿਹਾ ਹੈ ਤੇ ਦੂਜੇ ਪਾਸੇ ਸਮਾਜ ਦੇ ਅੰਦਰ ਆਧੁਨਿਕ ਖਾਪ ਪੈਦਾ ਹੋ ਰਹੇ ਹਨ।ਆਧੁਨਿਕ ਦਿਖਣ ਵਾਲੇ ਰੂੜੀਵਾਦੀ ਖਾਪ ਚਾਹੇ ਪੰਚਾਇਤ ਬੁਲਾਕੇ ਫਰਮਾਨ ਜਾਰੀ ਨਹੀਂ ਕਰਦੇ,ਪਰ ਅੰਦਰੋ ਅੰਦਰੀ ਸਭ ਕੁਝ ਉਹੋ ਜਿਹਾ ਹੀ ਰਿਹਾ ਹੈ।ਫਰਕ ਸਿਰਫ ਐਨਾ ਹੈ ਕਿ ਖਾਪ ਪੰਚਾਇਤਾਂ ਸਿੱਧੇ ਰੂਪ 'ਚ ਆਪਣੀ ਜਗੀਰੂ ਧੋਂਸ ਨਾਲ ਸਾਹਮਣੇ ਆਉਂਦੀਆਂ ਹਨ ਤੇ ਇਹਨਾਂ ਨੇ ਆਧੁਨਿਕਤਾ ਦਾ ਲਿਬਾਸ ਪਾਇਆ ਹੋਇਆ ਹੈ।ਨਿੱਜੀ ਇੱਛਾਵਾਂ ਤੇ ਬੁਨਿਆਦੀ ਸੰਵਿਧਾਨਿਕ ਹੱਕਾਂ ਦਾ ਕਤਲ ਦੋਵੇਂ ਕਰ ਰਹੇ ਹਨ।

ਰੌਚਕ ਗੱਲ ਇਹ ਹੈ ਕਿ ਜਿਸ ਦੇਸ਼ ਦੀਆਂ ਅਦਾਲਤਾਂ ਹਮ-ਜਿਨਸੀ ਤੇ ਵਿਆਹ ਤੋਂ ਪਹਿਲਾਂ ਮਰਦ ਔਰਤ ਦੇ ਸਬੰਧਾਂ ਨੂੰ ਜਾਇਜ਼ ਠਹਿਰਾ ਰਹੀਆਂ ਹਨ,ਓਥੇ ਸਮਾਜ ਦਾ ਵੱਡਾ ਤਬਕਾ ਮੱਧਯੁੱਗ 'ਚ ਜੀਅ ਰਿਹਾ ਹੈ।ਅਜਿਹੇ ਲੋਕਾਂ ਨੂੰ ਬਦਲਦੇ ਸਮਾਜ ਦਾ ਸੱਚ ਸਵੀਕਾਰ ਨਹੀਂ,ਇਸੇ ਲਈ ਸੱਚ ਤੋਂ ਭੱਜਦੇ ਨਜ਼ਰ ਆ ਰਹੇ ਹਨ।ਇਸੇ ਸੱਚ ਨੂੰ ਨਿਰੁਪਮਾ ਦਾ ਸਮਾਜ ਵੀ ਹਜ਼ਮ ਨਹੀਂ ਕਰ ਸਕਿਆ।ਅਸਲ 'ਚ ਉਹਨਾਂ ਕਾਰਨਾਂ ਤੱਕ ਜਾਣ ਦੀ ਜ਼ਰੂਰਤ ਹੈ ਕਿ ਜਿਨ੍ਹਾਂ ਕਰਕੇ ਦੁਨੀਆਂ ਦੀ ਵੱਡੀ ਜਮਹੂਰੀਅਤ ਦਾ ਸਮਾਜ ਮੱਧਯੁੱਗ ਹੰਢਾ ਰਿਹਾ ਹੈ।ਜੇ ਜਗੀਰੂ ਕਦਰਾਂ ਕੀਮਤਾਂ 'ਚ ਜਿਉਂ ਰਹੀਆਂ ਖਾਪ ਪੰਚਾਇਤਾਂ ਅਜਿਹੇ ਫੈਸਲੇ ਲੈਦੀਆਂ ਹਨ ਤਾਂ ਉਹਨਾਂ ਦੀ ਕੋਈ ਨਾ ਕੋਈ ਤੁਕ ਬਣਦੀ ਹੈ,ਕਿਉਂਕਿ ਉਹਨਾਂ ਤੋਂ ਇਹੀ ਉਮੀਦ ਰੱਖੀ ਜਾ ਸਕਦੀ ਹੈ।ਪਰ ਇਕ ਚੰਗਾ ਪੜ੍ਹਿਆ ਲਿਖਿਆ ਕੁਲੀਨ ਸਮਾਜ ਕੀ ਗੁੱਲ੍ਹ ਖਿਲਾ ਰਿਹਾ ਹੈ।ਨਿਰੁਪਮਾ ਦਾ ਪਿਓ ਬੈਂਕ 'ਚ ਉੱਚ ਅਧਿਕਾਰੀ ਹੈ।ਭਰਾ ਆਮਦਨ ਕਰ ਵਿਭਾਗ 'ਚ ਚੰਗੀ ਨੌਕਰੀ ਕਰ ਰਿਹਾ ਸੀ।ਨਿਰੁਪਮਾ ਨੂੰ ਵੀ ਦੇਸ਼ ਦੀ ਮਸ਼ਹੂਰ ਭਾਰਤੀ ਜਨ ਸੰਚਾਰ ਸੰਸਥਾ 'ਚ ਪੜ੍ਹਨ ਲਈ ਭੇਜਿਆ ਗਿਆ।

ਨਿਰੁਪਮਾ ਦੇ ਕਤਲ ਤੋਂ ਪਹਿਲਾਂ ਉਸਦੇ ਪਿਓ ਧਰਮਿੰਦਰ ਪਾਠਕ ਵਲੋਂ ਇਕ ਚਿੱਠੀ ਲਿਖੀ ਗਈ।ਜੋ ਮੀਡੀਆ 'ਚ ਪ੍ਰਕਾਸ਼ਿਤ ਵੀ ਹੋ ਚੁੱਕੀ ਹੈ।ਉਸ ਚਿੱਠੀ 'ਚ ਧਰਮਿੰਦਰ ਪਾਠਕ ਆਪਣੀ ਕੁੜੀ ਨੂੰ ਅੰਤਰਜਾਤੀ ਵਿਆਹ ਨਾ ਕਰਵਾਉਣ ਲਈ ਸਨਾਤਨ ਧਰਮ ਦਾ ਹਵਾਲਾ ਦੇ ਕੇ ਲ਼ਿਖਦੇ ਹਨ ਕਿ ''ਧਰਮ ਤੇ ਸੱਭਿਆਚਾਰ ਦੇ ਅਨੁਸਾਰ ਉੱਚ ਵਰਗ ਦੀ ਕੰਨਿਆ ਨੀਵੇਂ ਵਰਗ ਦੇ ਮੰਡੇ ਨਾਲ ਵਿਆਹ ਨਹੀਂ ਕਰਵਾ ਸਕਦੀ,ਇਹ ਬਹੁਤ ਖਤਰਨਾਕ ਚੀਜ਼ ਹੈ''।ਇਸ ਪੂਰੀ ਘਟਨਾ ਦੀਆਂ ਜੜ੍ਹਾਂ ਇਹਨਾਂ ਸਤਰ੍ਹਾਂ ਹੀ ਹਨ।ਕੁਲੀਨ ਸਮਾਜ ਬੱਚਿਆਂ ਨੂੰ ਵਿਕਾਸ ਕਰਦੇ ਵੀ ਵੇਖਣਾ ਚਾਹੁੰਦਾ ਹੈ ਤੇ ਆਪਣੇ ਪਿਛਾਂਹਖਿੱਚੂ ਜਾਤੀਵਾਦੀ ਤੇ ਮਜ਼ਬੀ ਕਰਮ ਕਾਡਾਂ ਨੂੰ ਵੀ ਨਹੀ ਛੱਡਣਾ ਚਾਹੁੰਦਾ ਹੈ।ਪਰ ਇਹ ਸੰਭਵ ਨਹੀਂ ਹੈ। ਮਨੁੱਖ ਦੇ ਆਰਥਿਕ ਤੇ ਸਮਾਜਿਕ ਵਿਕਾਸ ਦੇ ਨਾਲ ਹੀ ਪਿਛਾਂਹਖਿੱਚੂ ਰੀਤੀ ਰਿਵਾਜਾਂ ਦਾ ਟੁੱਟਣਾ ਜੁੜਿਆ ਹੁੰਦਾ ਹੈ।ਸਮਾਜ ਦੇ ਨਜ਼ਰੀਏ ਤੋਂ ਸਭ ਕੁਝ ਤਹਿ ਹੁੰਦਾ ਹੈ।ਆਮ ਤੌਰ 'ਤੇ ਮਾਂ ਪਿਓ ਬਾਲਗ ਬੱਚਿਆਂ 'ਤੇ ਆਪਣੇ ਹੁਕਮ ਥੋਪਦੇ ਹਨ।ਬੱਚਿਆਂ ਨਾਲ ਤਜ਼ਰਬੇ ਸਾਂਝੇ ਕੀਤੇ ਜਾ ਸਕਦੇ ਹਨ,ਪਰ ਥੋਪਣਾ ਕਿਸੇ ਪਾਸਿਓਂ ਵੀ ਜਾਇਜ਼ ਨਹੀਂ ਹੈ।ਵਾਰ ਵਾਰ ਇਹ ਦਲੀਲ ਦੇ ਕੇ ਮਾਨਸਿਕ ਦਬਾਅ ਪਾਇਆ ਜਾਂਦਾ ਹੈ ਕਿ ਅਸੀਂ ਤੁਹਾਨੂੰ ਜੰਮਿਆ,ਪਾਲਿਆ ਤੇ ਪੜਾਇਆ-ਲਿਖਾਇਆ।ਪੜ੍ਹਾ ਲ਼ਿਖਾਕੇ ਮਾਂ ਪਿਓ ਇਕ ਫਰਜ਼ ਅਦਾ ਕਰਦੇ ਹਨ,ਜੋ ਸਦੀਆਂ ਤੋਂ ਹੁੰਦਾ ਆ ਰਿਹਾ ਹੈ।ਇਹ ਕੋਈ ਅਹਿਸਾਨ ਨਹੀਂ,ਜਿਸ ਕਰਕੇ ਬੱਚਿਆਂ ਨੂੰ ਘੂਰਿਆ ਜਾਂ ਇਮੋਸ਼ਨਲੀ ਬਲੈਕਮੇਲ ਕੀਤਾ ਜਾਵੇ।

ਸਮਾਜ ਦਾ ਕੋਈ ਵੀ ਅੱਤਿਆਚਾਰ ਹੋਵੇ ,ਹਮੇਸਾਂ ਔਰਤ ਉਸਦਾ ਸਭਤੋਂ ਵੱਧ ਸ਼ਿਕਾਰ ਹੁੰਦੀ ਰਹੀ ਹੈ।ਇਸ ਲਈ ਭਾਰਤ 'ਚ ਜਾਤੀਵਾਦੀ ਵਿਵਸਥਾ ਦੇ ਖੂਨੀ ਪੰਜੇ ਵੀ ਔਰਤ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਰਹੇ ਹਨ।ਕੀ ਕਾਰਨ ਹੈ ਕੀ ਜਾਤੀਵਾਦ ਅਜ਼ਾਦੀ ਦੇ ਛੇ ਦਹਾਕਿਆਂ ਬਾਅਦ ਵੀ ਆਪਣੀਆਂ ਜੜ੍ਹਾਂ ਜਮਾਈ ਬੈਠਾ ਹੈ ?ਮੁੱਖ ਧਾਰਾਈ ਸਿਆਸੀ ਤਿਕੜਮਾਂ ਨੇ ਵੀ ਇਸਨੂੰ ਬਣਾਈ ਰੱਖਣ 'ਚ ਵੱਡੀ ਭੂਮਿਕਾ ਅਦਾ ਕੀਤੀ ਹੈ।ਪਰ ਇਥੋਂ ਦੀਆਂ ਅਗਾਂਹਵਧੂ ਸਮਾਜਿਕ ਤੇ ਰਾਜਨੀਤਿਕ ਲਹਿਰਾਂ ਵੀ ਜਾਤੀਵਾਦੀ ਖਾਸੇ ਨੂੰ ਸਮਝਣ 'ਚ ਨਾਕਾਮ ਰਹੀਆਂ ਹਨ।ਨਾਰੀਵਾਦੀ ਲਹਿਰ ਦੇ ਛੋਟੇ ਜਿਹੇ ਹਿੱਸੇ ਨੂੰ ਛੱਡਕੇ ਬਾਕੀ 'ਤੇ ਪੱਛਮੀ ਨਾਰੀਵਾਦੀ ਧਾਰਾ ਦਾ ਪ੍ਰਭਾਵ ਰਿਹਾ ਹੈ।ਸ਼ਹਿਰੀ ਅਗਾਂਹਵਧੂ ਨਾਰੀਵਾਦੀਆਂ ਤੇ ਕਮਿਊਨਿਸਟਾਂ ਨੂੰ ਇਹ ਗੱਲ ਸਮਝ ਨਹੀਂ ਲੱਗੀ,ਭਾਰਤੀ ਸਮਾਜ ਦੀਆਂ ਗੁੰਝਲਾਂ ਕੀ ਹਨ ?ਸ਼ਹਿਰੀ ਤੇ ਉੱਚ ਵਰਗੀ ਨਾਰੀਵਾਦੀ ਲਹਿਰ ਪੱਛਮੀ ਨਾਰੀਵਾਦ ਦੇ ਸਿਧਾਂਤੀਕਰਨ ਦੀ ਭੇਂਟ ਚੜ੍ਹਦੀ ਰਹੀ ਤੇ ਕਮਿਊਨਿਸਟ ਨੱਕ ਦੀ ਸੇਧ ਨਾਲ ਕਲਾਸ (ਜਮਾਤ) ਨੂੰ ਵੇਖਦੇ ਰਹੇ,ਕਾਸਟ(ਜਮਾਤ) ਵੱਲ ਕਦੇ ਧਿਆਨ ਹੀ ਨਾ ਗਿਆ।ਜਦੋਂ ਤੱਕ ਕੁਝ ਤਬਕਿਆਂ ਨੂੰ ਜ਼ਮੀਨੀ ਸੱਚਾਈ ਸਮਝ ਆਈ,ਉਦੋਂ ਤੱਕ ਪੁਲਾਂ ਹੇਠ ਦੀ ਬਹੁਤ ਪਾਣੀ ਲੰਘ ਚੱੁਿਕਆ ਸੀ।ਪੱਛਮੀ ਨਾਰੀ ਨੂੰ ਜਮਾਤੀ ਖਾਕਾ ਫਿੱਟ ਬਹਿੰਦਾ ਹੈ,ਪਰ ਭਾਰਤੀ ਨਾਰੀ ਲਈ ਜਮਾਤੀ ਅੱਤਿਆਚਾਰ ਤੋਂ ਪਹਿਲਾਂ ਜਾਤੀ ਤੇ ਧਾਰਮਿਕ ਪਿੱਤਰਸੱਤਾ 'ਚੋਂ ਗੁਜ਼ਰਨਾ ਪੈਂਦਾ ਹੈ।ਜਿਸ ਤਰ੍ਹਾਂ ਦੀ ਭਿਆਨਕ ਪਿੱਤਰਸੱਤਾ ਦਾ ਭਾਰਤੀ ਔਰਤ ਨੂੰ ਸ਼ਿਕਾਰ ਹੋਣਾ ਪੈਂਦਾ ਹੈ,ਉਸ ਨਾਲ ਪੱਛਮ ਤੇ ਯੂਰਪ ਦੀ ਔਰਤ ਦਾ ਕਦੀ ਵਾਹ ਨਹੀਂ ਪੈਂਦਾ ਹੈ।ਪਰ ਭਾਰਤੀ ਦਾਨਿਸ਼ਮੰਦ ਲਾਣੇ ਬਾਣੇ ਦੀ ਪੱਛਮੀ ਤੇ ਯੂਰਪੀ ਨਾਰੀਵਾਦ 'ਚ ਅੰਨ੍ਹੀ ਸ਼ਰਧਾ ਨੇ,ਇਥੋਂ ਦੀ ਨਾਰੀਵਾਦੀ ਲਹਿਰ ਦੀ ਰੀਡ ਦੀ ਹੱਡੀ ਭੰਨ੍ਹੀ ਹੈ।ਬੌਧਕਿਤਾ ਦੇ ਟਿੱਲੇ 'ਤੇ ਖੜ੍ਹਕੇ ਸਿਧਾਂਤੀਕਰਨ ਚਾਹੇ ਜਿੰਨਾ ਮਰਜ਼ੀ ਹੋ ਗਿਆ ਹੋਵੇ,ਪਰ ਅਮਲੀ ਹਾਲਤ ਕੀ ਹੈ,ਇਸ ਸਭ ਭਲੀ ਭਾਂਤ ਜਾਣਦੇ ਹਨ।ਇਤਿਹਾਸ ਇਹਨਾਂ ਤਬਕਿਆਂ ਤੋਂ ਜਵਾਬ ਜ਼ਰੂਰ ਮੰਗੇਗਾ।

ਇਹਨਾਂ ਗਲਤੀਆਂ ਦਾ ਖਮਿਆਜ਼ਾ ਅੱਜ ਦੀ ਔਰਤ ਭੁਗਤ ਹੋ ਰਹੀ ਹੈ।ਸਭਤੋਂ ਵੱਧ ਤਿਆਗ ਦੀ ਦੇਵੀ ਅੱਜ ਵੀ ਧੱਕੇ ਨਾਲ ਉਹੀ ਬਣਾਈ ਹੋਈ ਹੈ।ਸ਼ਖ਼ਸੀ ਅਜ਼ਾਦੀ 'ਤੇ ਲਗਾਤਰ ਹਮਲੇ ਹੋ ਰਹੇ ਹਨ।ਨਿਰੁਪਮਾ ਪਾਠਕ ਪੱਤਰਕਾਰ ਸੀ ਤੇ ਚੰਗੇ ਸਮਾਜਿਕ ਘੇਰੇ ਨਾਲ ਸਬੰਧ ਰੱਖਦੀ ਸੀ,ਇਸ ਲਈ ਖ਼ਬਰ ਬਣ ਗਈ,ਪਤਾ ਨਹੀਂ ਕਿੰਨੀਆਂ ਹੀ ਪਾਠਕਾਂ ਦੀ ਆਵਾਜ਼ ਨੂੰ ਸੁਣਨ ਵਾਲਾ ਕੋਈ ਨਹੀ ਹੈਂ।ਕਹੇ ਜਾਂਦੇ ਆਤਮ ਸਨਮਾਨ ਲਈ ਜ਼ਿੰਦਗੀ ਮਾਣਨ ਵਾਲੀਆਂ ਕੁੜੀਆਂ ਤੋਂ ਜ਼ਿੰਦਗੀ ਖੋਹ ਲਈ ਜਾਂਦੀ ਹੈ।''ਸੋ ਕਿਉਂ ਮੰਦਾ ਆਖੀਐ'' ਵਾਲੇ ਬਾਬੇ ਨਾਨਕ ਦੇ ਸ਼ਾਗਿਰਦਾਂ ਤੋਂ ਲੈ ਕੇ ਮਾਰਕਸ ਤੱਕ ਦੇ ਚੇਲੇ ਇਹਨਾਂ ਸਾਜ਼ਿਸਾਂ 'ਚ ਸ਼ਾਮਿਲ ਹਨ।ਮੇਰੇ ਕੋਲ ਅਜਿਹੇ ਦੋਹਰੇ ਚਰਿੱਤਰ ਵਾਲੇ ਕਹੇ ਜਾਂਦੇ ਮਾਰਕਸੀਆਂ ਤੇ ਸਿੱਖ ਅਗਾਂਹਵਧੂਆਂ ਦੀ ਲੰਬੀ ਫਹਿਰਿਸਤ ਹੈ,ਜਿਹੜੇ ਦੂਜਿਆਂ ਨੂੰ ਹੱਕ ਦਿਵਾਉਣ ਲਈ ਲੰਮੀਆਂ ਲੰਮੀਆਂ ਭਾਸ਼ਣਬਾਜੀਆਂ ਕਰਦੇ ਰਹੇ,ਪਰ ਜਦੋਂ ਉਹਨਾਂ ਦੇ ਆਪਣਿਆਂ ਨੇ ਹੱਕ ਮੰਗੇ ਤਾਂ ਬੰਦੂਕਾਂ ਤੱਕ ਕੱਢਕੇ ਖੜ੍ਹੇ ਹੋ ਗਏ ਸਨ।ਆਪਣੇ ਬੱਚਿਆਂ ਨੂੰ ਜ਼ਿੰਦਗੀ ਦੀਆਂ ਪਰਿਭਾਸ਼ਾਵਾਂ ਸਮਝਾਉਣੀਆਂ ਸ਼ੁਰੂ ਕਰ ਦਿੱਤੀਆਂ।
ਮੌਜੂਦਾ ਸਮਾਜ 'ਚ ਹਰ ਜਵਾਨ ਕੁੜੀ ਭੈਅਭੀਤ ਤੇ ਸਹਿਮਕੇ ਦਿਨ ਕੱਟਦੀ ਹੈ।ਹਰ ਤਰ੍ਹਾਂ ਦੇ ਸਮਾਜਿਕ ਠੇਕੇਦਾਰ ਉਸਤੇ ਧੱਕੇ ਨਾਲ ਨੈਤਿਕਤਾ ਥੋਪਦੇ ਹਨ।ਨਿਰੁਪਮਾ ਵਰਗੀਆਂ,ਜੋ ਜ਼ਿੰਦਗੀ ਨੂੰ ਨਵੇਂ ਅਰਥਾਂ ਨਾਲ ਮਾਨਣਾ ਤੇ ਜਿਉਣਾ ਚਾਹੁੰਦੀਆਂ ਹਨ,ਉਹਨਾਂ ਦਾ ਰੂੜੀਵਾਦੀ ਸੋਚ ਵਾਲੇ ਸ਼ਿਕਾਰੀਆਂ ਵਲੋਂ ਸ਼ਿਕਾਰ ਕਰ ਲਿਆ ਜਾਂਦਾ ਹੈ।ਇਸੇ ਲਈ ਬਹੁਤੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਆਪਣੀ ਜ਼ਿੰਦਗੀ ਦੇ ਫੈਸਲੇ ਆਪ ਲੈਣ ਤੋਂ ਡਰਦੀਆਂ ਹਨ।ਔਰਤ ਦੀ ਹਰ ਛੋਟੀ ਤੋਂ ਛੋਟੀ ਗਲਤੀ ਨੂੰ ਪਹਾੜ ਬਣਾਕੇ ਪੇਸ਼ ਕੀਤਾ ਜਾਂਦਾ ਹੈ,ਜਦੋਂਕਿ ਮਰਦ ਦੀਆਂ ਹਜ਼ਾਰਾਂ ਗਲਤੀਆਂ 'ਤੇ ਪਰਦਾ ਪਾਇਆ ਜਾਂਦਾ ਹੈ।ਅਗਨੀ ਪ੍ਰੀਖਿਆ ਸਿਰਫ ਉਹਦੇ ਲਈ ਹੈ।

ਦੇਸ਼ ਦਾ ਸੰਵਿਧਾਨ ਮਨੁੱਖ ਦੇ ਬੁਨਿਆਦੀ ਹੱਕਾਂ ਦੀ ਪੈਰਵੀ ਕਰਨ ਦੀ ਗੱਲ ਕਰਦਾ ਹੈ।ਜਿੱਥੇ ਦੇਸ਼ ਦੇ ਚਾਰ ਸ਼ਕਤੀਸ਼ਾਲੀ ਅਹੁਦਿਆਂ 'ਤੇ ਔਰਤਾਂ ਬੈਠੀਆਂ ਹਨ,ਓਥੇ ਕੁੜੀਆਂ ਦੇ ਅਰਮਾਨ ਖਾਪ ਦਬੋਚ ਰਹੇ ਹਨ।ਇਹ ਖਾਪ ਸਿਰਫ ਪੰਚਾਇਤਾਂ ਵਾਲੇ ਨਹੀਂ,ਸਗੋਂ ਘਰ ਘਰ 'ਚ ਤੇ ਪੈਰ ਪੈਰ 'ਤੇ ਪਾਪੀ ਖਾਪਾਂ ਦਾ ਪਹਿਰਾ ਹੈ।ਪੰਚਾਇਤੀ ਖਾਪਾਂ ਤੋਂ ਭਾਵੇਂ ਕੋਈ ਬਚ ਜਾਵੇ ,ਪਰ ਘਰੇਲੂ ਖਾਪਾਂ ਤੋਂ ਛੁਟਕਾਰਾ ਕੌਣ ਦਿਵਾ ਸਕਦਾ ਹੈ।ਖਾਪਾਂ ਨਾਲ ਸਿਆਸਤ ਦੇ ਰਿਸ਼ਤੇ ਜੱਗ ਜ਼ਾਹਿਰ ਹਨ।ਇਸੇ ਲਈ ਅਜਿਹੇ ਮਸਲਿਆਂ 'ਤੇ ਕੋਈ ਸਿਆਸੀ ਆਗੂ ਟਿੱਪਣੀ ਕਰਦਾ ਨਜ਼ਰ ਨਹੀਂ ਆਉਂਦਾ ਹੈ।ਨਵੇਂ ਰਾਹ ਤਲਾਸ਼ਣ ਦੀ ਜ਼ਰੂਰਤ ਹੈ ਤਾਂ ਕਿ ਸਾਡੀਆਂ ਭੈਣਾਂ ਤੇ ਦੋਸਤਾਂ ਆਤਮਵਿਸ਼ਵਾਸ਼ ਨਾਲ ਰਹਿ ਸਕਣ।

21ਵੀਂ ਸਦੀ ਦੇ ਲੋਕਤੰਤਰੀ ਭਾਰਤ ਦੀਆਂ ਇਹ ਕੌੜੀਆਂ ਸੱਚਾਈਆਂ ਹਨ।ਦੇਸ਼ ਦੀ ਅੱਧੀ ਅਬਾਦੀ ਆਪਣੇ ਆਤਮ ਸਨਮਾਨ ਨਾਲ ਨਹੀਂ ਰਹਿ ਸਕਦੀ,ਪਰ ਉਸਨੂੰ ਕਿਸੇ ਦੇ ਆਤਮ ਸਨਮਾਨ ਲਈ ਜਾਨ ਗਵਾਉਣੀ ਪੈਂਦੀ ਹੈ।ਉਹ ਪਿਆਰ ਕਿਸ ਧਰਮ,ਜਾਤ ਤੇ ਉਮਰ ਨੂੰ ਕਰੇ,ਇਸ ਦੀ ਇਜਾਜ਼ਤ ਲੈਣੀ ਜ਼ਰੁਰੀ ਹੈ।ਔਰਤ ਤੋਂ ਕਰੜਾ ਪਹਿਰਾ ਉਸ ਵਲੋਂ ਖੜ੍ਹੀ ਕੀਤੀ ਸਮਾਜਿਕ ਤੇ ਸਿਆਸੀ ਲਹਿਰ ਹੀ ਤੋੜ ਸਕਦੀ ਹੈ।ਲੜਾਈ ਲੰਮੀ ਹੈ।ਆਪਣੇ ਲਈ ਹੀ ਨਹੀਂ ,ਸਗੋਂ ਭਵਿੱਖ ਲਈ ਹੱਕੀ ਤੇ ਜਮਹੂਰੀ ਲੜਾਈ ਲੜਨੀ ਜ਼ਰੂਰੀ ਹੈ।ਸਿਧਾਂਤਕ ਤੌਰ 'ਤੇ ਮਜ਼ਬੂਤ ਵਿਚਾਰਧਾਰਕ ਲਹਿਰ ਦੀ ਸੇਧ ਨਾਲ ਹੀ ਰੂੜੀਵਾਦੀ ਤਾਕਤਾਂ ਖਿਲਾਫ ਲੰਮੀ ਲੜਾਈ ਜਿੱਤੀ ਜਾ ਸਕਦੀ ਹੈ।ਸਭਤੋਂ ਪਹਿਲਾਂ ਵਾਗਡੋਰ ਆਪਣੇ ਹੱਥ ਲੈਣ ਦੀ ਲੋੜ ਹੈ,ਨਹੀਂ ਤਾਂ ''ਮਰਦ ਨਾਰੀਵਾਦੀ'' ਔਰਤਾਂ 'ਤੇ ਆਪਣੇ ''ਇਤਿਹਾਸਕ'' ਭਾਸ਼ਣ ਕਰਦੇ ਜਾਰੀ ਕਰਦੇ ਰਹਿਣਗੇ।

ਹਿੰਦੀ ਕਵੀ ਆਲੋਕਧੰਨਵਾ ਦੀ ਸੋਹਣੀ ਕਵਿਤਾ

''ਭੱਜੀਆਂ ਹੋਈਆਂ ਕੁੜੀਆਂ''

ਉਸਨੂੰ ਮਿਟਾਓਗੇ,
ਇਕ ਭੱਜੀ ਹੋਈ ਕੁੜੀ ਨੂੰ ਮਿਟਾਓਗੇ,
ਉਸਦੇ ਹੀ ਘਰ ਦੀ ਹਵਾ 'ਚੋਂ
ਉਹਨੂੰ ਓਥੋਂ ਵੀ ਮਿਟਾਓਗੇ
ਉਸਦਾ ਜੋ ਬਚਪਨ ਹੈ ਤੁਹਾਡੇ ਅੰਦਰ
ਓਥੋਂ ਹੀ ,
ਮੈਂ ਜਾਣਦਾ ਹਾਂ,
ਕੁਲੀਨਤਾ ਦੀ ਹਿੰਸਾ!


ਯਾਦਵਿੰਦਰ ਕਰਫਿਊ
ਨਵੀਂ ਦਿੱਲੀ
mail2malwa@gmail.com
mob-09899436972

ਨਿਰੁਪਮਾ ਪਾਠਕ ਦੀਆਂ ਕੁਝ ਤਸਵੀਰਾਂ..ਜੋ ਦੱਸਦੀਆਂ ਹਨ ਕਿ ਉਹ ਜ਼ਿੰਦਗੀ 'ਚ ਡੁੱਬਣਾ ਚਾਹੁੰਦੀ ਸੀ।

4 comments:

  1. An akali MP , Harsimrit Badal, recently was quoted saying that one child norm is wrong. "if it is a girl?" She asked. And she , paradoxically enough, portrays herself as a crusader against Feticides!

    Can one hope anything better?

    ReplyDelete
  2. ਸਹੀ ਕਿਹਾ, ਆਪਣੇ ਹੱਕ ਲੈਣ ਲਈ ਔਰਤਾਂ ਨੂੰ ਆਪ ਹੀ ਲੜਨਾ ਪਵੇਗਾ। ਨਹੀਂ ਤਾਂ ਆਪਣੀ ਹਾਲਤ ਲਈ ਔਰਤ ਨੂੰ ਸਿਰਫ਼ ਤਰਸ ਅਤੇ ਨਾਰੀਵਾਦੀ ਨਾਰਿਆਂ ਤੋਂ ਸਿਵਾ ਕੁਝ ਨਹੀਂ ਮਿਲਣਾ। ਲਫ਼ਜ਼ਾਂ ਦਾ ਪੁਲ(www.lafzandapul.com) ਗ਼ੁਲਾਮ ਕਲਮ ਅਤੇ ਅਜਿਹੇ ਹਰ ਮੰਚ, ਜੋ ਔਰਤ ਅਤੇ ਮਨੁੱਖ ਦੀ ਸ਼ਖ਼ਸੀ ਆਜ਼ਾਦੀ ਦਾ ਹਾਮੀ ਹੈ, ਦੇ ਨਾਲ ਖੜ੍ਹਾ ਹੈ।

    ReplyDelete
  3. Nirupama death: Boyfriend booked
    Headlines Today Bureau
    Koderma/New Delhi, May 7, 2010

    The mystery surrounding the death of Delhi-based business journalist Nirupama Pathak is getting murkier by the day. A case has been registered in Koderma against her boyfriend Priyabhanshu for allegedly raping and driving her to death.

    Adding a twist to the death probe, Nirupama's mother Shubha Pathak, who was initially suspected to be involved in her daughter's alleged murder, filed a complaint against Priyabhanshu, also a journalist working with a news agency in the national capital.

    The CJM court had directed the police to register a case of rape, cheating and abetment to suicide against Priyabhanshu. The Pathak family had earlier claimed that they had received threat calls from Priyabhanshu soon after her death.

    The court also ordered release of Shubha Pathak on parole for three days for the last rites of her daughter.

    Meanwhile, Priyabhanshu also joined the investigations. He appeared before a Jharkhand Police team with his lawyer to tell his side of the story.

    ReplyDelete
  4. Dear Friend
    In your tribute to Nirupma you have raised very serious issues, about our society, progressive people (left & Nanakpanthies). People like you are a hope for the society.
    With regards
    Narinder Singh
    Patiala

    ReplyDelete