ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, June 30, 2010

ਬਾਬਾ ਆਦਮ ਦੇ ਬੰਦੇ..

ਦਸਤਾਵੇਜ਼ੀ ਫਿਲਮਸਾਜ਼ ਤੇ ਪੰਜਾਬੀ ਟ੍ਰਿਬਿਊਨ ਦੇ ਅਸਿਸਟੈਂਟ ਐਡੀਟਰ ਦਲਜੀਤ ਅਮੀ ਦੇ ਦਾਦਾ ਜੀ ਦੀ ਪਿਛਲੇ ਦਿਨੀਂ ਮੌਤ ਹੋ ਗਈ ਸੀ।ਓਸ ਪੀੜੀ ਤੇ ਪੀੜੀ ਦੇ ਜ਼ਿੰਦਗੀ ਪ੍ਰਤੀ ਨਜ਼ਰੀਏ ਨੂੰ ਦਲਜੀਤ ਨੇ ਬਾਖੂਬੀ ਨਾਲ ਬਿਆਨ ਕੀਤਾ ਹੈ।ਦੁੱਖ ਤੇ ਭਾਵੁਕਤਾ ਦੀ ਇਸ ਘੜੀ 'ਚ ਦਲਜੀਤ ਨੇ ਬਾਪੂ ਜੀ ਨੂੰ "ਸ਼ਬਦਾਂ" ਦੀ ਸ਼ਰਧਾਂਜਲੀ ਦਿੱਤੀ ਹੈ।ਅਸੀਂ ਸਾਰੇ ਦੋਸਤ ਮਿੱਤਰ ਉਹਨਾਂ ਨਾਲ ਇਸ ਦੁੱਖ ਦੀ ਘੜੀ 'ਚ ਸ਼ਾਮਿਲ ਹਾਂ---ਗੁਲਾਮ ਕਲਮ

ਅਲਵਿਦਾ

ਤ੍ਰਾਸੀ ਸਾਲਾਂ ਦੀ ਉਮਰ ਭੋਗ ਕੇ ਬਾਪੂ ਜੀ ਚਲ ਵਸੇ। ਇਸ ਖ਼ਬਰ ਉੱਤੇ ਯਕੀਨ ਆਉਣ ਲਈ ਕੁਝ ਸਮਾਂ ਲੱਗਿਆ। ਹਰ ਤੁਰ ਗਿਆ ਬੰਦਾ ਆਪਣੀਆਂ ਯਾਦਾਂ ਛੱਡ ਜਾਂਦਾ ਹੈ। ਇਨ੍ਹਾਂ ਯਾਦਾਂ ਦੀ ਰੀਲ ਤੁਰ ਜਾਣ ਤੋਂ ਬਾਅਦ ਬਹੁਤ ਰਫ਼ਤਾਰ ਨਾਲ ਅੱਗੇ-ਪਿੱਛੇ ਚਲਦੀ ਹੈ। ਸ਼ਾਇਦ ਇਸੇ ਕਾਰਨ ਕਿਹਾ ਜਾਂਦਾ ਹੈ ਕਿ ਵਿਛੜਨ ਦਾ ਸਮਾਂ ਦਰਅਸਲ ਮਿਲਣ ਦਾ ਵੇਲਾ ਵੀ ਹੁੰਦਾ ਹੈ। ਅਸੀਂ ਆਪਣੇ ਨਾਲ ਦਿਆਂ ਬਾਬਤ ਜਿਸ ਸ਼ਿੱਦਤ ਨਾਲ ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਮਹਿਸੂਸ ਕਰਦੇ, ਉਹ ਉਨ੍ਹਾਂ ਦੇ ਨਾਲ ਹੁੰਦਿਆਂ ਨਹੀਂ ਕਰਦੇ। ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਤੁਰ ਜਾਣ ਵਾਲਿਆਂ ਦੀ ਸਾਡੀ ਜ਼ਿੰਦਗੀ ਵਿੱਚ ਕੀ ਥਾਂ ਸੀ।

ਬਾਪੂ ਜੀ ਦੇ ਤੁਰ ਜਾਣ ਦੀ ਖ਼ਬਰ ਤੋਂ ਬਾਅਦ ਮੈਂ ਆਪਣੇ ਜੀਵਨ ਸਫ਼ਰ ਨੂੰ ਵਾਰ-ਵਾਰ ਯਾਦ ਕੀਤਾ। ਸਾਡਾ ਪਿੰਡ, ਆਂਢ-ਗੁਆਂਢ, ਰਿਸ਼ਤੇਦਾਰ-ਮਿੱਤਰ, ਇਸ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ। ਉਨ੍ਹਾਂ ਨਾਲ ਜੁੜੀਆਂ ਯਾਦਾਂ। ਬਾਪੂ ਜੀ ਨਾਲ ਇਸ ਮੁਲਾਕਾਤ ਵਿੱਚ ਉਹ ਸਾਰੇ ਬਜ਼ੁਰਗ ਸ਼ਾਮਿਲ ਰਹੇ ਜੋ ਉਨ੍ਹਾਂ ਦੇ ਹਾਣੀ ਸਨ। ਕੁਝ ਦੋ-ਚਾਰ ਸਾਲ ਅੱਗੜ-ਪਿਛੜ ਜੰਮੇ ਸਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਤੁਰ ਗਏ ਹਨ। ਹੁਣ ਪਿੰਡ ਵਿੱਚ ਬਾਪੂ ਨਾਲੋਂ ਉਮਰ ਵਿੱਚ ਵੱਡੇ ਦੋ-ਤਿੰਨ ਬਜ਼ੁਰਗ ਹੀ ਹਨ। ਇਹ ਸਾਰੀ ਪੀੜ੍ਹੀ ਹੱਲਿਆਂ ਤੋਂ ਪਹਿਲਾਂ ਜੰਮੀ ਸੀ। ਹੱਲਿਆਂ ਤੋਂ ਬਾਅਦ ਪੰਜਾਬ ਦੇ ਪਿੰਡਾਂ ਦੇ ਪਿੰਡੇ ਉੱਤੇ ਹੰਢਾਈ ਹਿੰਦੋਸਤਾਨ ਦੀ ਆਜ਼ਾਦੀ ਇਸ ਪੀੜੀ ਦੀ ਹੱਡ-ਬੀਤੀ ਹੈ। ਜਿਨ੍ਹਾਂ ਦਿਨਾਂ ਵਿੱਚ ਹੱਲੇ ਪਏ ਸਨ, ਉਨ੍ਹੀਂ ਦਿਨੀਂ ਬਾਪੂ ਜੀ ਬਾਬੇ ਹੁਰਾਂ ਨਾਲ ਮੱਕੀ ਗੁੱਡ ਰਹੇ ਸਨ। ਇਤਿਹਾਸ ਪੜ੍ਹਦਿਆਂ ਮੈਂ ਉਨ੍ਹਾਂ ਦੀਆਂ ਯਾਦਾਂ ਕੁਰੇਦਦਾ। ਉਹ ਦੱਸਦੇ। ਬਾਪੂ ਜੀ ਦੀਆਂ ਦੋ ਭੈਣਾਂ ਹੱਲਿਆਂ ਵਿੱਚ ਵਾਰ ਵਿੱਚੋਂ ਉਜੜ ਕੇ ਆਈਆਂ ਸਨ ਅਤੇ ਪਰਿਵਾਰਾਂ ਸਮੇਤ ਸਾਡੇ ਕੋਲ ਦਾਉਦਪੁਰ ਰੁਕੀਆਂ ਸਨ। ਜੋ ਬੰਦੇ ਇਧਰੋਂ ਉੱਜੜ ਕੇ ਉਧਰ ਗਏ, ਉਨ੍ਹਾਂ ਵਿੱਚ ਸਾਡੇ ਪਿੰਡ ਦੇ ਵੀ ਕੁਝ ਪਰਿਵਾਰ ਸਨ ਜਿਨ੍ਹਾਂ ਨੂੰ ਰੋਕਣ ਲਈ ਪਿੰਡ ਵਾਲਿਆਂ ਨੇ ਜ਼ਾਮਨੀ ਭਰੀ ਸੀ। ਉਨ੍ਹਾਂ ਦੇ ਮਨ ਨੂੰ ਟੇਕ ਨਹੀਂ ਆਈ ਅਤੇ ਉਹ ਕਾਫ਼ਲਿਆਂ ਨਾਲ ਚਲੇ ਗਏ ਸਨ। ਬਾਪੂ ਜੀ ਦੀ ਉੱਜੜ ਜਾਣ ਵਾਲਿਆਂ ਨਾਲ ਇੱਕ ਦੂਰੋਂ ਮੁਲਾਕਾਤ ਹੋਈ ਜਿਸ ਦਾ ਉਹ ਆਮ ਤੌਰ ’ਤੇ ਜ਼ਿਕਰ ਕਰਦੇ ਸਨ। ਇਹ ਮੱਕੀ ਗੁੱਡ ਰਹੇ ਸਨ, ਕੁਝ ਮੁਸਲਮਾਨ ਔਰਤਾਂ ਖੇਤਾਂ ਵਿੱਚੋਂ ਨਿਕਲ ਰਹੀਆਂ ਸਨ। ਉਨ੍ਹਾਂ ਰਾਹ ਪੁੱਛਿਆ। ਬਾਪੂ ਹੁਰਾਂ ਨੇ ਉਨ੍ਹਾਂ ਨੂੰ ਲੁਕ ਕੇ ਲੰਘਣ ਲਈ ਖੇਤਾਂ ਵਿੱਚੋਂ ਰਾਹ ਦੱਸਿਆ ਸੀ। ਉਹ ਲਾਗਲੇ ਮੱਕੀ ਦੇ ਖੇਤ ਵਿੱਚ ਵੜ ਗਈਆਂ। ਇਸ ਤੋਂ ਬਾਅਦ ਮੈਂ ਸਵਾਲ ਪੁੱਛਦਾ ਸੀ, ‘‘ਤੁਸੀਂ ਉਨ੍ਹਾਂ ਦੀ ਮਦਦ ਕਿਉਂ ਨਹੀਂ ਕੀਤੀ? ਉਨ੍ਹਾਂ ਨੂੰ ਪਨਾਹ ਦੇਣੀ ਸੀ। ਉਨ੍ਹਾਂ ਨੂੰ ਅੰਨ-ਪਾਣੀ ਕਿਉਂ ਨਹੀਂ ਪੁੱਛਿਆ? ਉਨ੍ਹਾਂ ਨੂੰ ਛੱਡ ਹੀ ਆਉਂਦੇ?’’ ਉਹ ਕਈ ਵਾਰ ਖਿੱਝਦੇ ਅਤੇ ਕਈ ਵਾਰ ਜਵਾਬ ਦਿੰਦੇ, ‘‘ਉਹ ਸਮਾਂ ਬਹੁਤ ਖ਼ਰਾਬ ਸੀ। ਕਿਸੇ ਨੂੰ ਕਿਸੇ ’ਤੇ ਯਕੀਨ ਨਹੀਂ ਸੀ ਰਿਹਾ। ਸਾਨੂੰ ਤਾਂ ਸਾਡਾ ਬਾਪੂ ਉਠ ਕੇ ਪਾਣੀ ਤੱਕ ਪੀਣ ਨਹੀਂ ਸੀ ਜਾਣ ਦਿੰਦਾ।’’ (ਬਾਪੂ ਜੀ ਦੀ ਖਿੱਝ ਮੇਰੀਆਂ ਫਿਰਕਾਪ੍ਰਸਤੀ ਬਾਬਤ ਲਿਖਤਾਂ ਵਿੱਚੋਂ ਲਗਾਤਾਰ ਬੋਲਦੀ ਹੈ।) ਬਾਬੇ ਦੀ ਸਖ਼ਤੀ ਦੀਆਂ ਹੋਰ ਵੀ ਬਥੇਰੀਆਂ ਗੱਲਾਂ ਹਨ। ਮੇਰੀ ਇਹ ਇੱਛਾ ਸੀ ਕਿ ਬਾਪੂ ਜੀ ਹੁਰਾਂ ਉਨ੍ਹਾਂ ਬੀਬੀਆਂ ਦੀ ਮਦਦ ਕੀਤੀ ਹੁੰਦੀ।

ਜਦੋਂ ਮੈਂ ਭਰੀ ਚੁੱਕਣ ਜੋਗਾ ਹੋਇਆ ਤਾਂ ਅਸੀਂ ਸਾਰੀ ਹਾੜੀ ਆਪ ਕੱਢਦੇ ਸੀ। ਬਾਪੂ ਜੀ, ਡੈਡੀ ਅਤੇ ਮੈਂ। ਡੰਡਿਆਂ ਵਾਲੇ ਥਰੈਸ਼ਰ ਨਾਲ ਸ਼ਾਮ ਤੱਕ ਮਸ੍ਹਾਂ ਇੱਕ ਕਿੱਲਾ ਨਿਬੜਨਾ। ਮੈਂ ਮੌਸਮ ਤੋਂ ਖਿੱਝਣਾ ਅਤੇ ਕਾਹਲ ਕਰਨੀ। ਉਹ ਸਹਿਜ ਮਤੇ ਨਾਲ ਕੰਮ ਕਰਦੇ। ਹਰ ਸਾਲ ਹਾੜੀ ਦੇ ਦਿਨਾਂ ਵਿੱਚ ਕਾਰ ਸੇਵਾ ਵਾਲੇ ਬੋਰੀ ਕਣਕ ਦੀ ਲੈਣ ਖੇਤਾਂ ਵਿੱਚ ਹੀ ਆਉਂਦੇ। ਇਹ ਬਾਪੂ ਜੀ ਦਾ ਫ਼ੈਸਲਾ ਸੀ। ਨਾਪਸੰਦ ਹੋਣ ਦੇ ਬਾਵਜੂਦ ਮੈਂ ਇਸ ਫ਼ੈਸਲੇ ਉੱਤੇ ਕਦੇ ਇਤਰਾਜ਼ ਨਹੀਂ ਕੀਤਾ। ਇੱਕ ਵਾਰ ਮੀਂਹ-ਝੱਖੜ ਕਾਰਨ ਕਣਕ ਦਾ ਕਿੱਲੇ ਪਿੱਛੇ ਝਾੜ ਕਰੀਬ ਸੱਤ-ਅੱਠ ਕੁਇੰਟਲ ਰਹਿ ਗਿਆ। ਕਾਰ ਸੇਵਾ ਵਾਲਿਆਂ ਨੇ ਕਿਹਾ ਕਿ ਜੇ ਕਹੋਂ ਤਾਂ ਥੈਲਾ ਭਰ ਲੈਨੇ ਹਾਂ। ਬਾਪੂ ਜੀ ਦਾ ਇੱਕ-ਟੱਕ ਜਵਾਬ ਸੀ, ‘‘ਤੁਸੀਂ ਆਪਣੀ ਬੋਰੀ ਭਰੋ।’’ ਮੇਰੀ ਚੁੱਪ ਤੋਂ ਪਰੇਸ਼ਾਨ ਹੋਣ ਦੇ ਬਾਵਜੂਦ ਉਨ੍ਹਾਂ ਚਾਹ ਪੀਣ ਲੱਗਿਆ ਆਰਾਮ ਨਾਲ ਕਿਹਾ, ‘‘ਕਣਕ ਦੀ ਪਹਿਲੀ ਬੋਰੀ ਉਨ੍ਹਾਂ ਦੀ ਹੈ। ਝਾੜ ਉਨ੍ਹਾਂ ਦਾ ਨਹੀਂ, ਆਪਣਾ ਘਟਿਆ ਹੈ।’’ ਮੈਂ ਉਨ੍ਹਾਂ ਨਾਲ ਅੱਖ ਨਹੀਂ ਮਿਲਾਈ ਤਾਂ ਉਹ ਅੱਗੇ ਬੋਲੇ, ‘‘ਜੇ ਤੇਰੇ ਵਰਗਿਆਂ ਦੀ ਮਰਜ਼ੀ ਚੱਲੇ ਤਾਂ ਲੰਗਰ ਤਾਂ ਚੱਲ ਲਏ।’’ ਉਨ੍ਹਾਂ ਦੀ ਇਸ ਦਲੀਲ ਦਾ ਮੈਂ ਸਦਾ ਕਾਇਲ ਰਿਹਾ ਹਾਂ। ਪ੍ਰਬੰਧਕਾਂ ਨੂੰ ਲੰਗਰ ਭਾਵੇਂ ਕੁਝ ਵੀ ਲੱਗੇ ਪਰ ਮੈਨੂੰ ਕਿਰਤੀਆਂ ਦਾ ਹੀ ਲੱਗਦਾ ਹੈ, ਜਿਨ੍ਹਾਂ ਪਹਿਲੀ ਬੋਰੀ ਲੰਗਰ ਲਈ ਰਾਖਵੀਂ ਕਰੀ ਰੱਖੀ। ਇਸ ਬੋਰੀ ਦਾ ਰੂਪ ਬੁੱਕ, ਥਾਲ, ਤਸਲੇ ਤੋਂ ਲੈ ਕੇ ਬੋਰੀ ਤੱਕ ਕੁਝ ਵੀ ਹੋ ਸਕਦਾ ਹੈ।

ਖੇਤੀ ਦਾ ਕੰਮ ਉਹ ਬੜੀ ਲੈਅ ਨਾਲ ਕਰਦੇ ਸਨ। ਸਿੱਧੇ ਸਿਆੜ, ਸਿੱਧੀਆਂ ਵੱਟਾਂ ਅਤੇ ਇੱਕ ਸਾਰ ਜੰਮ ਦੇਖ ਕੇ ਉਨ੍ਹਾਂ ਨੂੰ ਚਾਅ ਚੜ੍ਹਦਾ ਸੀ। ਇਹ ਸਾਰੀਆਂ ਗੱਲਾਂ ਬਜ਼ੁਰਗ ਲਗਾਤਾਰ ਕਰਦੇ ਰਹਿੰਦੇ ਸਨ। ਦਰਅਸਲ ਖੇਤੀ ਵਿੱਚ ਲੱਗੇ ਸਾਰੇ ਬੰਦੇ ਆਪਣੇ ਸੁਹਜ ਦੀਆਂ ਗੱਲਾਂ ਬਹੁਤ ਚਾਅ ਨਾਲ ਕਰਦੇ ਸਨ। ਜਦੋਂ ਮੈਂ ਪਿਕਾਸੋ ਦੇ ਚਿੱਤਰਾਂ ਵਿੱਚ ਸਿੱਧੀਆਂ ਲਾਈਨਾਂ ਬਾਬਤ ਜਾਣਿਆ ਤਾਂ ਮੈਨੂੰ ਲੱਗਿਆ ਕਿ ਇਸ ਮਹਾਨ ਚਿੱਤਰਕਾਰ ਦੇ ਅਧਿਆਪਕ ਕਿਸਾਨ ਹਨ ਜਿਨ੍ਹਾਂ ਨੇ ਹਲ਼ਾਂ ਨਾਲ ਸਿੱਧੇ ਸਿਆੜ ਪਾ ਕੇ ਧਰਤੀ ਉੱਤੇ ਚਿੱਤਰ ਬਣਾਏ ਹਨ। ਆਪਣੇ ਇਨ੍ਹਾਂ ਪੁਰਖਿਆਂ ਦੇ ਇਸ ਵਿਦਿਆਰਥੀ ਦੀ ਕਲਾ ਇਸ ਰਿਸ਼ਤੇ ਨਾਲ ਮੈਨੂੰ ਹੋਰ ਵੀ ਚੰਗੀ ਲੱਗਣ ਲੱਗ ਪਈ। ਖੇਤੀ ਛੱਡਣ ਤੋਂ ਕਈ ਸਾਲਾਂ ਬਾਅਦ ਵੀ ਸਿੱਧੇ ਸਿਆੜਾਂ ਅਤੇ ਸਾਫ਼-ਸੁਥਰੇ ਖੇਤਾਂ ਦੀ ਖਿੱਚ ਮੇਰੇ ਅੰਦਰ ਹਾਲੇ ਵੀ ਕਾਇਮ ਹੈ।

ਜਦੋਂ ਮੈਂ ਚੰਡੀਗੜ੍ਹ ਪੜ੍ਹਦਾ ਸਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਪੈਣ ਵਾਲੀਆਂ ਸਨ। ਬਾਪੂ ਜੀ ਨੇ ਮੇਰੀ ਵੋਟ ਬਣਵਾਈ। ਮੈਂ ਇਸ ਸੰਸਥਾ ਦੀ ਕਾਰਗੁਜ਼ਾਰੀ ਤੋਂ ਨਾਖ਼ੁਸ਼ ਸਾਂ। ਮੈਂ ਇਤਰਾਜ਼ ਕੀਤਾ ਤਾਂ ਬਾਪੂ ਜੀ ਦਾ ਸਿੱਧਾ ਜਵਾਬ ਸੀ, ‘‘ਮੈਂ ਆਪਣਾ ਕੰਮ ਕਰ ਦਿੱਤਾ। ਬਾਕੀ ਤੇਰਾ ਕੰਮ ਹੈ।’’ ਵੋਟਾਂ ਲਾਗਲੇ ਪਿੰਡ ਪੈਣੀਆਂ ਸਨ। ਬਾਪੂ ਜੀ ਨੇ ਸਵੇਰੇ ਹੀ ਮੈਨੂੰ ਵੋਟ ਪਵਾ ਲਿਆਉਣ ਲਈ ਕਿਹਾ। ਸਕੂਟਰ ਉੱਤੇ ਲਿਜਾ ਕੇ ਮੈਂ ਉਨ੍ਹਾਂ ਨੂੰ ਵੋਟਾਂ ਵਾਲੀ ਥਾਂ ਦੇ ਬਾਹਰ ਉਤਾਰ ਦਿੱਤਾ। ਉਹ ਵੋਟ ਪਾਉਣ ਚਲੇ ਗਏ। ਸਾਡੀ ਜਾਣ-ਪਛਾਣ ਦੇ ਲੋਕਾਂ ਨੇ ਮੇਰੇ ਉੱਤੇ ਵੋਟ ਪਾਉਣ ਲਈ ਜ਼ੋਰ ਪਾਉਣਾ ਸ਼ੁਰੂ ਕੀਤਾ। ਉਨ੍ਹਾਂ ਨਾਲ ਬਹਿਸ ਹੋ ਰਹੀ ਸੀ ਕਿ ਬਾਪੂ ਜੀ ਆ ਗਏ। ਉਨ੍ਹਾਂ ਬਾਪੂ ਜੀ ਨੂੰ ਕਿਹਾ ਕਿ ਮੇਰੀ ਵੋਟ ਪਵਾਈ ਜਾਵੇ। ‘‘ਮੈਂ ਵੋਟ ਬਣਵਾ ਦਿੱਤੀ। ਪਾਉਣੀ ਇਹ ਨੇ ਆਂ। ਤੁਸੀਂ ਆਪੇ ਗੱਲ ਕਰੋ।’’ ਇਸ ਤੋਂ ਬਾਅਦ ਉਨ੍ਹਾਂ ਮੈਨੂੰ ਕਿਹਾ, ‘‘ਵਿਹਲਾ ਹੋ ਕੇ ਮੈਨੂੰ ਉੱਥੋਂ ਲੈ ਲਵੀ’’ ਬਾਪੂ ਜੀ ਇਹ ਕਹਿ ਕੇ ਆਪਣੇ ਪਛਾਣ ਦੇ ਬੰਦੇ ਕੋਲ ਜਾ ਖੜ੍ਹੇ। ਜਦੋਂ ਮੈਂ ਵੋਟ ਪਾਉਣ ਲਈ ਨਹੀਂ ਮੰਨਿਆ ਤਾਂ ਪ੍ਰਚਾਰਕਾਂ ਨੇ ਪੁੱਛਿਆ, ‘‘ਤੂੰ ਇੱਥੇ ਫਿਰ ਆਇਆ ਕੀ ਕਰਨ ਸੀ?’’ ‘‘ਬਾਪੂ ਜੀ ਨੂੰ ਵੋਟ ਪਾਉਣ ਲਿਆਇਆ ਸੀ।’’ ਉਨ੍ਹਾਂ ਨੇ ਮੇਰਾ ਰਾਹ ਛੱਡ ਦਿੱਤਾ ਅਤੇ ਅਸੀਂ ਦੋਵੇਂ ਘਰ ਪਰਤ ਆਏ। ਜਮਹੂਰੀਅਤ ਦਾ ਇਹ ਸਬਕ ਮੈਨੂੰ ਵਾਰ-ਵਾਰ ਯਾਦ ਆਉਂਦਾ ਹੈ। ਇਹ ਵਤੀਰਾ ਮੇਰੇ ਬਾਪੂ ਜੀ ਤੱਕ ਮਹਿਦੂਦ ਨਹੀਂ ਸੀ ਸਗੋਂ ਉਨ੍ਹਾਂ ਦੀ ਪੀੜ੍ਹੀ ਦਾ ਖਾਸਾ ਸੀ।

ਜਦੋਂ ਮੈਂ ਸਕੂਲ ਜਾਂਦਾ ਸਾਂ ਤਾਂ ਰਾਹ ਵਿੱਚ ਖੜ੍ਹੀਆਂ ਬੇਬਿਆਂ ਵਿਦਿਆਰਥੀਆਂ ਨੂੰ ਅਕਸਰ ਕਹਿੰਦੀਆਂ ਸਨ, ‘‘ਵੇ ਪੜ੍ਹ ਕੇ ਆਏ ਓ! ਥੱਕੇ ਹੋਵੋਗੇ। ਪਾਣੀ ਪੀ ਕੇ ਜਾਇਓ।’’ ਇੱਕ ਵਾਰ ਕਾਲਜ ਜਾਂਦੇ ਸਮੇਂ ਸਾਈਕਲ ਪੈਂਚਰ ਹੋ ਗਿਆ। ਤੁਰੇ ਜਾਂਦਿਆਂ ਨੂੰ ਦੇਖ ਕੇ ਖੇਤਾਂ ਵਿੱਚ ਕੰਮ ਕਰਦੇ ਬਜ਼ੁਰਗ ਨੇ ਹੁਕਮ ਸੁਣਾਇਆ, ‘‘ਆਹ ਸਾਈਕਲ ਖੜ੍ਹਾ ਕੇ ਮੇਰਾ ਲੈ ਜਾਓ। ਸਮੇਂ ਸਿਰ ਪਹੁੰਚੋ। ਮੈਂ ਪੈਂਚਰ ਲਵਾ ਕੇ ਰੱਖੂੰ।’’ ਪੜ੍ਹਣ ਵਾਲਿਆਂ ਨੂੰ ਹੱਲਾ ਸ਼ੇਰੀ ਦਿੰਦੀ ਉਸ ਪੀੜ੍ਹੀ ਦੇ ਜ਼ਿਆਦਾ ਬਜ਼ੁਰਗ ਤੁਰ ਗਏ ਹਨ। ਇਨ੍ਹਾਂ ਬਜ਼ੁਰਗਾਂ ਨੂੰ ਅਧਿਆਪਕ ਵਜੋਂ ਕਬੂਲ ਕੀਤਾ ਜਾਣਾ ਬਾਕੀ ਹੈ। ਇਨ੍ਹਾਂ ਨੇ ਖੇਤਾਂ ਵਿੱਚ ਚਿੜੀ-ਜਨੌਰ ਅਤੇ ਰਾਹੀ-ਪਾਂਧੀ ਲਈ ਦਾਣਾ ਸੁੱਟ ਸਾਡੇ ਲਈ ਸਮਾਜਿਕ ਕਦਰਾਂ ਕੀਮਤਾਂ ਕਮਾਈਆਂ ਹਨ। ਉਨ੍ਹਾਂ ਦੀ ਕਮਾਈ ਕਿਰਤ ਅਤੇ ਸੁਹਜ ਦੀ ਜੋਟੀ ਦੇ ਰੂਪ ਵਿੱਚ ਨਜ਼ਰ ਆਉਂਦੀ ਹੈ। ਜੋ ਬਾਪੂ ਜੀ ਕੱਲ੍ਹ ਤੱਕ ਇੱਕ ਵਚਨ ਵਿੱਚ ਮਿਲਦੇ ਸਨ, ਅੱਜ ਬਹੁ-ਵਚਨ ਵਿੱਚ ਯਾਦ ਆਉਂਦੇ ਹਨ। ਉਹ ਸਾਰੇ ਬਜ਼ੁਰਗ ਅਤੇ ਉਹ ਮਾਹੌਲ ਜਿਸ ਨੇ ਸਭ ਕੁਝ ਸਿਰਜਿਆ, ਅੱਜ ਚਮਤਕਾਰ ਤੋਂ ਘੱਟ ਨਹੀਂ ਲੱਗਦਾ। ਆਮ ਬੰਦੇ ਸਨ ਜੋ ਇੱਕ-ਦੂਜੇ ਦੇ ਦੁੱਖ-ਸੱਖ ਦੇ ਸਾਂਝੀ
ਸਨ ਅਤੇ ਜਿਨ੍ਹਾਂ ਦੀ ਹਰ ਕਰਨੀ ਸਰਬਤ ਦੇ ਭਲੇ ਦੀ ਹਾਮੀ ਬਣਦੀ ਹੈ।

ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਹਿਤ

2 comments:

  1. ਉੱਜਲ ਸਤਨਾਮ ::: ਯਾਦਾਂ ਕਦੇ ਵੀ ਧੁੰਦਲੀਆਂ ਨਹੀਂ ਹੁੰਦੀਆਂ, ਇਹ ਸਾਰੀ ਉਮਰ ਥੋਡੇ ਨਾਲ ਹੀ ਚਲਦੀਆਂ ਨੇ, ਬਾਕੀ ਬਾਈ ਜੀ ਪਿਓ ਦਾ ਕੰਧਾੜਾ ਕਦੇ ਨਹੀਂ ਭੁੱਲ ਸਕਦਾ .....

    ReplyDelete