ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Friday, August 20, 2010

ਪੀਪਲੀ ਲਾਈਵ-- ਕੋਈ ਮਰੇ ,ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ

ਪੰਜਾਬ ਦਾ ਕੋਈ ਸੌਫਟਵੇਅਰ ਇੰਜੀਨੀਅਰ ਦੇਸ਼ ਦੁਨੀਆਂ ਦੇ ਸਾਹਿਤ,ਸੱਭਿਆਚਰ,ਧਰਮ ਤੇ ਸਿਆਸਤ 'ਚ ਐਨੀ ਰੁਚੀ ਲੈਂਦਾ ਹੋਵੇ,ਜਿੰਨੀ ਪੰਜਾਬ ਦੇ ਕਹੇ ਜਾਂਦੇ ਪੱਤਰਕਾਰ ਨਹੀਂ ਲੈਂਦੇ।ਮੈਨੂੰ ਬੜੀ ਅਜੀਬ ਜਿਹੀ ਗੱਲ ਲੱਗੀ ਸੀ,ਜਦੋਂ ਪਹਿਲੀ ਵਾਰ ਜਸਦੀਪ ਨੂੰ ਮਿਲਿਆ ਸੀ।ਬਾਅਦ 'ਚੋਂ ਲੱਗਿਆ ਟਕਸਾਲੀ ਕਾਮਰੇਡ ਦਾ ਮੁੰਡਾ ਹੋਣਾ ਵੀ ਇਕ ਫੈਕਟਰ ਹੋ ਸਕਦਾ ਹੈ,ਪਰ ਜਸਦੀਪ ਕਹਿੰਦਾ ਹੈ ਬਾਪੂ ਨਾਲ ਇਹਨਾਂ ਮਸਲਿਆਂ 'ਤੇ ਕਦੇ ਬਹੁਤੀ ਵਿਚਾਰ ਚਰਚਾ ਨਹੀਂ ਹੁੰਦੀ ਰਹੀ।ਦਿੱਲੀ ਦੀ ਗੋਬਿੰਦਪੁਰੀ(ਪਹਿਲੀ ਮੁਲਾਕਾਤ) ਤੋਂ ਲੈ ਕੇ ਹੁਣ ਤੱਕ ਸਾਡੇ 'ਚ ਹਜ਼ਾਰਾਂ ਅਸਹਿਮਤੀਆਂ ਹਨ,ਪਰ ਸਭ ਮੱਤਭੇਦਾਂ ਦੇ ਬਾਵਜੂਦ ਅਸੀਂ ਚੰਗੇ ਦੋਸਤ ਹਾਂ,ਇਹੀ ਸਭ ਤੋਂ ਸ਼ਾਨਦਾਰ ਗੱਲ ਹੈ।ਜਸਦੀਪ ਦੀ ਨਜ਼ਰ ਨਾਲ ਵੀ ਪੀਪਲੀ ਲਾਈਵ ਵੇਖੋ-ਯਾਦਵਿੰਦਰ ਕਰਫਿਊ

ਪੀਪਲੀ ਲਾਈਵ ਇੱਕ ਅਜਿਹੇ ਕਿਸਾਨ ਨੱਥੇ ਦੀ ਕਹਾਣੀ ਹੈ।ਬੈਂਕ ਦਾ ਕਰਜਾ ਸਿਰ ਟੁੱਟ ਜਾਣ ਕਾਰਨ ਜਿਸਦੀ ਜ਼ਮੀਨ ਦੀ ਨੀਲਾਮੀ ਹੋਣ ਵਾਲੀ ਹੈ ।ਜ਼ਮੀਨ ਨੂੰ ਬਚਾਉਣ ਦੇ ਚੱਕਰ ਵਿੱਚ, ਜਦੋਂ ਸਥਾਨਿਕ ਨੇਤਾ ਕਹਿੰਦਾ ਹੈ ਖੁਦਕੁਸ਼ੀ ਕਰਨ ਵਾਲੇ ਨੂੰ ਸਰਕਾਰ ਇੱਕ ਲੱਖ ਰੁਪਏ ਦਿੰਦੀ ਹੈ, ਤੇ ਨੱਥਾ ਆਪਣੇ ਭਰਾ ਦਾ ਚੱਕਿਆ ਚਕਾਇਆ ਖੁਦਕੁਸ਼ੀ ਕਰਨ ਦਾ ਫੈਸਲਾ ਕਰ ਲੈਂਦਾ ਹੈ।ਮੀਡਿਆ ਨੂੰ ਇਸ ਗੱਲ ਦੀ ਭਿਣਕ ਪੈ ਜਾਂਦੀ ਹੈ ਤੇ ਮਾਮਲਾ ਬ੍ਰੇਕਿੰਗ ਨਿਊਜ਼ ਬਣ ਜਾਂਦਾ ਹੈ।

ਟੀ ਆਰ ਪੀ ਦੇ ਭੁੱਖੇ ਮੀਡੀਏ ਨੂੰ ਇੱਕ ਅਜਿਹੀ ਖਬਰ ਦੀ ਤਲਾਸ਼ ਰਹਿੰਦੀ ਹੈ ਜਿਸ ਨੂੰ ਵੱਧ ਤੋਂ ਵੱਧ ਮਸਾਲਾ ਲਾ ਕੇ ਕਮਾਈ ਕੀਤੀ ਜਾ ਸਕੇ ।ਅਸਲ ਮੁੱਦੇ ਤੇ ਵਿਸ਼ਾ ਵਸਤੂ ਨਾਲ ਮੀਡੀਏ ਦਾ ਕੋਈ ਸਰੋਕਾਰ ਨਹੀਂ ਹੈ, ਇੱਕ ਇਮਾਨਦਾਰ ਪੱਤਰਕਾਰ ਜਦੋਂ ਇੱਕ ਸਟਾਰ ਐਂਕਰ ਨੂੰ ਸਵਾਲ ਕਰਦਾ ਹੈ।ਕਿ ਅੱਜ ਹੀ ਇੱਕ ਕਿਸਾਨ ਜ਼ਮੀਨ ਖੁੱਸਣ ਤੋਂ ਬਾਅਦ ਅੱਤ ਗਰੀਬੀ ਦਾ ਸ਼ਿਕਾਰ ਹੋ ਕੇ ਮਰ ਗਿਆ ਹੈ।ਫਿਰ ਵੀ ਨੱਥਾ ( ਕੇਂਦਰੀ ਕਿਰਦਾਰ ) ਹੀ ਕਿਉਂ ਜ਼ਰੂਰੀ ਹੈ, ਤਾਂ ਐਂਕਰ ਦਾ ਜਵਾਬ ਮਿਲਦਾ ਹੈ , ਇਸ ਤਰਾਂ ਕਰਨਾ 'ਅਸਲ' ਸਟੋਰੀ ਤੋਂ ਧਿਆਨ ਪਰੇ ਕਰਨਾ ਹੈ , ਲੋਕਾਂ ਦੀ ਦਿਲਚਸਪੀ ਨੱਥੇ ਦੀ ਮਿਥੀ ਹੋਈ ਆਤਮ ਹੱਤਿਆ 'ਚ ਹੈ , ਨਾ ਕਿ ਕਿਸੇ ਐਰੇ ਗੈਰੇ ਕਿਸਾਨ ਦੀ ਮੌਤ ਵਿੱਚ

ਖੇਤਰੀ ਰਾਜ ਨੇਤਾ ਜੋੜ ਤੋੜ ਦੀ ਰਾਜਨੀਤੀ ਕਰਦੇ ਨਜ਼ਰ ਆਉਂਦੇ ਨੇ ਜੋ ਨੱਥੇ ਦੀ ਆਤਮ ਹੱਤਿਆ ਦੇ ਮਸਲੇ ਨੂੰ ਠੰਡੇ ਬਸਤੇ 'ਚ ਪਾਉਣ ਲਈ ਅਫਸਰਸ਼ਾਹੀ ਦੀ ਪੂਛ ਮਰੋੜਦੇ ਨੇ ।ਸਥਾਨਕ ਬਾਹੂ ਬਲੀਆਂ ਨੂੰ ਫੋਨ ਖੜਕਾਉਂਦੇ ਨੇ ,ਤੇ ਜਦੋਂ ਜਾਤੀ ਦੇ ਨਾਂ ਤੇ ਇੱਕ ਸਥਾਨਿਕ ਨੇਤਾ ਨੱਥੇ ਨੂੰ ਟੀ ਵੀ ਨਾਲ ਨਿਵਾਜ਼ ਕੇ ਆਪਣੀ ਬਣਾਉਂਦਾ ਹੈ। ਓਸ ਵਿਰੋਧੀ ਨੇਤਾ ਨਾਲ ਸਮਝੌਤਾ ਕਰਕੇ , ਸੱਤਾ ਨੂੰ ਹੋਏ ਖਤਰੇ ਦੀ ਬਲਾ ਗਲੇ ਲਾਉਂਦੇ ਹਨ।

ਸ਼ਹਿਰੀ ਸਿਵਿਲ ਸੁਸਾਇਟੀ ਵੀ ਨੱਥੇ ਨੂੰ ਬਚਾਉਣ ਕੈਂਡਲ ਮਾਰਚ ਕਰਦੀ ਨਜ਼ਰ ਆਉਂਦੀ ਹੈ ,ਖੱਬੇ ਪੱਖੀ ਵੀ ਜੰਤਰ ਮੰਤਰ ਨੇੜੇ ਸਰਕਾਰ ਮੁਰਦਾਬਾਦ, ਸਾਮਰਾਜਵਾਦ ਮੁਰਦਾਬਾਦ ਦੇ ਨਾਅਰੇ ਲਾਉਂਦੇ ਦਿਸਦੇ ਹਨ।

ਓਧਰ ਕੇਂਦਰੀ ਸਰਕਾਰ ਦਾ ਕੰਮ ਬਸਤੀਵਾਦੀ ਢੰਗ ਨਾਲ, ਲੋਕ ਲੁਭਾਵੀਆਂ ਸਕੀਮਾਂ ਦਾ ਐਲਾਨ ਕਰਨਾ ਹੈ ਓਹਨਾ ਨੂੰ ਕਾਰਜਕਾਰੀ ਰੂਪ ਦੇਣ ਬਾਰੇ ਦੇਖੀ ਜਾਊਗੀਜਵਾਬਦੇਹੀ ਵੇਲੇ ਭਾਂਡਾ ਕਿਸੇ ਹੋਰ ਦੇ ਸਿਰ ਭੰਨ ਕੇ ਲਾਂਭੇ ਹੋਣਾ, ਪਰ ਬਹੁਕੌਮੀ ਕੰਪਨੀਆਂ ਦੇ ਹਿੱਤਾਂ ਲਈ ਬੀਜ ਵੇਚਣ ਦਾ ਫਰਜ ਜ਼ਰੂਰ ਨਿਭਾਉਣਾ ਹੈ।

ਖੁਦਕੁਸ਼ੀ ਦੇ ਐਲਾਨ ਨਾਲ ਸ਼ੁਰੂ ਹੋਏ ਏਸ ਖੇਡ ਤਮਾਸ਼ੇ ਦੇ ਦੌਰਾਨ, ਨੱਥਾ ਚੁੱਪ ਚਪੀਤੇ ਕਿਸੇ ਪਾਸੇ ਟਰਕ ਜਾਂਦਾ ਹੈ।ਅੰਤ ਵੇਲੇ ਇੱਕ ਹਾਦਸਾ ਹੁੰਦਾ ਹੈ ਜਿਥੋਂ ਇੱਕ ਲਾਸ਼ ਮਿਲਦੀ ਹੈ, ਜਿਸ ਨੂੰ ਨੱਥੇ ਦੀ ਲਾਸ਼ ਮੰਨ ਲਿਆ ਜਾਂਦਾ ਹੈ।ਨੱਥੇ ਦੀ ਮੌਤ ਤੋਂ ਬਾਅਦ ਮੀਡਿਆ ਦਾ ਜਮਘਟ ਪਿੰਡੋਂ ਚੱਲਿਆ ਜਾਂਦਾ ਹੈ, ਕੀ ਦਿਨਾਂ ਤੋਂ ਲੱਗਿਆ ਮੇਲਾ ਵਿਝੜ ਜਾਂਦਾ ਹੈ।

ਨੱਥੇ ਦੇ ਪਰਿਵਾਰ ਨੂੰ ਖੁਦਕੁਸ਼ੀ ਵਾਸਤੇ ਐਲਾਨਿਆਂ ਇੱਕ ਲੱਖ ਰੁਪਇਆ ਵੀ ਨਹੀਂ ਮਿਲਦਾ ਕਿਓਂਕਿ ਉਸਦੇ ਮੌਤ ਖੁਦਕਸ਼ੀ ਨਹੀਂ ਹਾਦਸੇ ਨਾਲ ਹੋਈ ਹੈ ।

ਆਖਰੀ ਸ਼ਾਟ ਵਿਚ ਨੱਥਾ ਮਹਾਂਨਗਰ ਵਿਚ ਬਣ ਰਹੀਆਂ ਇਮਾਰਤਾਂ ਵਾਸਤੇ ਮਜ਼ਦੂਰੀ ਕਰਦਾ ਨਜ਼ਰ ਆਉਂਦਾ ਹੈ ।

ਫਿਲਮ ਦੀ ਖਾਸੀਅਤ ਇਸਦਾ ਯਥਾਰਥਵਾਦੀ ਹੋਣਾ ਹੈ,ਜਿਸ ਵਿੱਚ ਨਾਂ ਤਾਂ ਮੈਲੋਡਰਾਮਾਟਿਕ ਮਸਾਲਾ ਹੈ ਤੇ ਨਾਂ ਹੀਂ ਅਤਿਮਾਨਵੀ(ਸੁਪਰ ਹਿਊਮਨ) ਕਿਰਦਾਰ, ਫਿਲਮ ਵਿੰਗਾਤਾਮਕ ਢੰਗ ਨਾਲ ਕਿਸਾਨੀ ਦੀ ਤਰਾਸਦੀ ਨੂੰ ਦਰਸਾਉਂਦੀ ਹੈ।ਸਰਕਾਰ ਦੀਆਂ ਮਾਰੂ ਨੀਤੀਆਂ ਦੇ ਚਲਦੇ ਕਿਸ ਤਰਾਂ ਨਿਮਨ ਕਿਸਾਨੀ ਬੇਜ਼ਮੀਨ ਹੋ ਰਹੀ ਹੈ ,ਤੇ ਬੇਘਰ ਹੋ ਕੇ ਵੱਡੇ ਸ਼ਹਿਰਾਂ ਵਿਚ ਮਜ਼ਦੂਰੀ ਕਰਨ ਲਈ ਮਜਬੂਰ ਹੈ, ਓਹ ਮਜ਼ਦੂਰੀ ਜੋ ਗੈਰ ਜਥੇਬੰਦਕ ਹੋਣ ਕਰਕੇ ਅੱਤ ਦਰਜੇ ਦੀ ਲੁੱਟ ਦਾ ਸ਼ਿਕਾਰ ਬਣਾਉਂਦੀ ਹੈ ।

ਫਿਲਮ ਵਿਚ ਸਿਆਸੀ ਆਗੂ, ਅਫਸਰਸ਼ਾਹੀ ਤੇ ਮੀਡਿਆ, 'ਕੋਈ ਮਰੇ ਤੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ' ਦਾ ਰਾਗ ਅਲਾਪਦੇ ਨਜ਼ਰ ਆਉਂਦੇ ਹਨ।

ਫਿਲਮ ਦੇਖਣ ਵਾਲੇ ਨੂੰ ਸੋਚਣ ਲਈ ਮਜਬੂਰ ਕਰਦੀ ਹੈ, ਕਿ ਕਿਸਾਨਾਂ ਦੀ ਇਸ ਹਾਲਤ ਲਈ ਜ਼ਿੰਮੇਵਾਰ ਕੌਣ ਹੈ ? ਸਿਰਫ ਸਮੇਂ ਦੀ ਸਰਕਾਰ , ਜਾਂ ਉਪਭੋਗਤਾਵਾਦ ਵਿਚ ਲਬਰੇਜ਼ ਅਸੀਂ ਆਪ ਵੀ ।

ਕਿਸਾਨ ਕਿੰਨਾ ਕੁ ਚਿਰ ਖੁਦਕੁਸ਼ੀਆਂ ਕਰਨਗੇ? ਡਾਂਗਾਂ ਚੱਕ ਕੇ ਰੱਜੇ ਪੁੱਜਿਆਂ ਦੇ ਨਾਸੀ ਧੂੰਆਂ ਕਿਓਂ ਨਾ ਲਿਓਣਗੇ...?

ਲੇਖਕ--ਜਸਦੀਪ ਸਿੰਘ
MOB:-9988638850

1 comment:

  1. Waise.main isde layk tan ni k 'peepli live' di alochna kran..but 'it's breakinh news' movie wich bahut achhe dhang nal vekheya k media kis tran da role ada krda.. dekheo zrur..amir khan ji ne achha kamm keeta hai.. bt kami laggi bahut ohna di mehnat ch..

    ReplyDelete