ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Saturday, September 11, 2010

ਪੰਜਾਬੀ ਦੇ ਪ੍ਰਮਾਣੂ ਬੰਬ ਲੇਖ਼ਕ

ਤਸਲੀਮਾ ਨਸਰੀਨ ਨੇ ਕੁਝ ਔਰਤਾਂ ਦੇ ਹੱਕਾਂ ਬਾਰੇ ਲੇਖ ਲਿਖੇ। ਉਹਨਾਂ ਲੇਖਾਂ ਦਾ ਅਨੁਵਾਦ ਕਰਕੇ ਇਕ ਹਿੰਦੀ ਦੇ ਪ੍ਰਕਾਸ਼ਕ ਨੇ ਕਿਤਾਬ ਛਾਪ ਦਿੱਤੀ, ‘ਔਰਤ ਕੇ ਹੱਕ ਮੇ’। ਉਹ ਕਿਤਾਬ ਸਾਡੀ ਇਕ ਪਟਿਆਲੇ ਦੀ ਵਿਦਵਾਨ ਡਾ: ਕੁਲਵੰਤ ਕੌਰ ਨੇ ਪੜ੍ਹੀ ਤੇ ਚੁੱਕ ਕੇ ਪੰਜਾਬੀ ਵਿਚ ਚੇਪ ਦਿੱਤੀ।ਕੁਝ ਗੱਲਾਂ ਨਾਲ ਆਪਣੇ ਧਰਮ ਨਾਲ ਸਬੰਧਤ ਕਰਕੇ ਲਿਖ ਦਿੱਤੀਆਂ ਗਈਆਂ। ਪੰਜਾਬੀ ਪਾਠਕਾਂ ਲਈ ਇਕ ਨਾਇਯਾਬ ਤੋਹਫਾ ਤਿਆਰ ਹੋ ਗਿਆ। ਸਿੱਖ ਸਾਇਕੀ ਦੀ ਵੀ ਗੱਲ ਹੋ ਗਈ। ਪੁਸਤਕ ਦਾ ਨਾਮਕਰਨ ਕਰਨ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤੁਕ ਚੁੱਕ ਲਈ, ‘ਦੌਲਤ ਗੁਜ਼ਰਾਨ ਹੈ। ਪੁੱਤਰ ਨਿਸ਼ਾਨ ਹੈ। ਔਰਤ ਇਮਾਨ ਹੈ’। ਪੁਸਤਕ ਇੰਗਲੈਂਡ ਵਿਚ ਆ ਕੇ ਰਿਲੀਜ਼ ਕਰ ਦਿੱਤੀ ਗਈ। ਸਾਊਥਾਲ ਵਿਚ ਹੋਏ ਰਿਲੀਜ਼ ਸਮਾਹਰੋ ਵਿਚ ਇੰਗਲੈਂਡ ਦੇ ਲੇਖਕਾਂ ਦੀ ਕਰੀਮ ਦੇ ਇਕੱਠ (ਜਿਸ ਵਿਚ ਸਾਥੀ ਲੁਧਿਆਣਵੀ ਤੇ ਬਹਾਦਰ ਸਾਥੀ ਸ਼ਾਮਲ ਸਨ।) ਵਿਚ ਪੁਸਤਕ ਸਬੰਧੀ ਇੰਗਲੈਂਡ ਦੇ ਇਕ ਡਾ: ਵਿਦਵਾਨ ਗੁਰਦੀਪ ਸਿੰਘ ਜਗਬੀਰ ਨੇ ਪਰਚਾ ਪੜ੍ਹ ਦਿੱਤਾ।ਉਥੇ ਹਾਜ਼ਰ ਪਤਵੰਤਿਆਂ ਵਿਚੋਂ ਕਿਸੇ ਨੇ ਵੀ ਮੇਰੇ ਤੋਂ ਸਿਵਾਏ (ਜਾਂ ਲੇਖਿਕਾ ਡਾ: ਸਾਹਿਬਾ ਤੋਂ ਬਿਨਾ) ਦੋਨੋਂ ਪੁਸਤਕਾਂ ਨਹੀਂ ਪੜ੍ਹੀਆਂ ਸਨ।

ਵਿਦਵਾਨਾਂ ਦੀਆਂ ਟਿਪਣੀਆਂ ਸ਼ੁਰੂ ਹੋ ਜਾਂਦੀਆਂ ਹਨ, “ਔਰਤ ਨੂੰ ਕਿਸੇ ਧਰਮ ਨੇ ਬਰਾਬਰ ਦਾ ਹੱਕ ਦਿੱਤਾ ਹੈ।ਜੇ ਦਿੱਤਾ ਹੈ, ਤਾਂ ਸਿਰਫ ਸਿੱਖ ਧਰਮ ਨੇ ਦਿੱਤਾ ਹੈ…।” ਮੇਰੇ ਮਨ ਵਿਚ ਪ੍ਰਸ਼ਨ ਖੜ੍ਹੇ ਹੋ ਜਾਂਦੇ ਹਨ।ਸਿੱਖ ਧਰਮ ਨੇ ਔਰਤ ਨੂੰ ਬਰਾਬਰ ਦਾ ਸਥਾਨ ਦਿੱਤਾ ਹੈ...? ਸਿੱਖਾਂ ਦੇ ਦਸ ਗੁਰੂ ਹੋਏ ਦਸ ਦੇ ਦਸ ਮਰਦ! ਪੰਜ ਪਿਆਰੇ ਪੰਜ ਦੇ ਪੰਜ ਮਰਦ! ਅੱਜ ਵੀ ਔਰਤਾਂ ਨੂੰ ਪੰਜ ਪਿਆਰਿਆਂ ਵਿਚ ਸ਼ਾਮਿਲ ਨਹੀਂ ਕੀਤਾ ਜਾਂਦਾ! ਅਸੀਂ ਆਪਣੇ ਧਾਰਮਿਕ ਗ੍ਰੰਥ ਵਿਚ ਭਗਤਾਂ ਦੀ ਬਾਣੀ ਲੈ ਲਈ।ਭੱਟਾਂ ਦੀ ਬਾਣੀ ਲੈ ਲਈ। ਪਰ ਕਿਸੇ ਇਕ ਔਰਤ ਦੀ ਬਾਣੀ ਨਹੀਂ।ਕੀ ਉਦੋਂ ਔਰਤਾਂ ਨੂੰ ਬਾਣੀ ਰਚਨ ਦੀ ਆਜ਼ਾਦੀ ਨਹੀਂ ਸੀ? ਪਰ ਮੀਰਾ ਬਾਈ ਤਾਂ ਉਸ ਤੋਂ ਬਹੁਤ ਪਹਿਲਾਂ ਹੋਈ ਹੈ ਤੇ ਉਹਦੀ ਬਾਣੀ ਉਪਲਬਧ ਹੈ!… ਸਾਡੇ ਦਰਬਾਰ ਸਾਹਿਬ ਵਿਚ ਔਰਤਾਂ ਨੂੰ ਕੀਰਤਨ ਦੀ ਆਗਿਆ ਦਾ ਮਸਲਾ?...ਇਹ ਵਿਦਵਾਨ ਜੋ ਕਹਿ ਰਹੇ ਨੇ ਠੀਕ ਹੀ ਕਹਿ ਰਹੇ ਹੋਣਗੇ। ਹਾਂ ਬਈ ਸਿੱਖ ਧਰਮ ਵਿਚ ਔਰਤ ਨੂੰ ਬਰਾਬਰ ਦਾ ਅਧਿਕਾਰ ਹੈ। “ਪੜ੍ਹ ਅੱਖਰ ਇਹੋ ਬੁਝੀਏ, ਮੂਰਖ ਨਾਲ ਨਾ ਲੁਝੀਏ।”

ਸ਼ੈਕਸਪੀਅਰ ਦਾ ਓਪਹੀਲਿਆ ਨਾਂ ਦੀ ਇਕ ਨਾਟ ਮੰਡਲੀ ਦੀ ਅਦਾਕਾਰਾ ਨਾਲ ਧੂੰਆਂ-ਧਾਰ ਇਸ਼ਕ ਚੱਲਦਾ ਸੀ। ਸ਼ੈਕਸਪੀਅਰ ਦੇ ਘਰ ਦੇ ਨੇੜ੍ਹੇ ਹੀ ਕੌਪਲਟਨ ਪਰਿਵਾਰ ਦਾ ਮਹਿਲ ਸੀ। ਉਹਨਾਂ ਦੀਆਂ ਜਾਗੀਰਾਂ ਨੂੰ ਲੂਸੀ ਕੌਪਲਟਨ ਅਸਟੇਟ ਕਿਹਾ ਜਾਂਦਾ ਸੀ। ਸ਼ੈਕਸਪੀਅਰ ਦਾ ਵਿਆਹ ਹੋਣ ਵਿਚ ਇਹ ਪਰਿਵਾਰ ਬਹੁਤ ਵੱਡਾ ਅੜੀਕਾ ਬਣਿਆ ਸੀ। ਉਹਨਾਂ ਦੀ ਲੜਕੀ ਮਾਰਗਰਟ ਕੌਪਲਟਨ ਦਾ ਕਿਸੇ ਸਧਾਰਨ ਲੜਕੇ ਉੱਤੇ ਦਿਲ ਆ ਜਾਂਦਾ ਹੈ ਤੇ ਉਹ ਹਾਸੇ ਵਿਚ ਉਸ ਲੜਕੇ ਨੂੰ ਸਰਕਸ ਵਾਲੇ ਕਿਸੇ ਭਲਵਾਨ ਨਾਲ ਘੁਲਣ ਨੂੰ ਆਖਦੀ ਹੈ ਤੇ ਮੁਕਾਬਲੇ ਵਿਚ ਉਹ ਲੜਕਾ ਮਾਰਿਆ ਜਾਂਦਾ ਹੈ।ਮਾਰਗਰਟ ਨੂੰ ਆਪਣੀ ਭੁੱਲ ਦਾ ਅਹਿਸਾਸ ਹੁੰਦਾ ਹੈ ਤੇ ਉਹ ਡੁੱਬ ਕੇ ਮਰ ਜਾਂਦੀ ਹੈ।ਇਸ ਗੱਲ ਉੱਤੇ ਕੌਪਲਟਨ ਪਰਿਵਾਰ ਆਪਣੇ ਅਸਰ ਰਸੂਖ ਨਾਲ ਮਿੱਟੀ ਪਾ ਲੈਂਦਾ ਹੈ। ਸ਼ੈਕਸਪੀਅਰ ਦਾ ਵਿਆਹ ਐਨ ਹੈਥਵੇਅ ਨਾਲ ਹੋ ਜਾਂਦਾ ਹੈ।ਐਨ ਪੰਜਾਬੀ ਲੇਖਕਾਂ ਦੀਆਂ ਪਤਨੀਆਂ ਵਰਗੀ ਹੁੰਦੀ ਹੈ, ਉਸਨੂੰ ਸ਼ੈਕਸਪੀਅਰ ਦੇ ਰਚੇ ਸਾਹਿਤ ਨਾਲ ਕੋਈ ਦਿਲਚਸਪੀ ਨਹੀਂ ਹੁੰਦੀ।ਸ਼ੈਕਸਪੀਅਰ ਆਪਣੀ ਹਰ ਰਚਨਾ ਮੁਕੰਮਲ ਕਰਨ ਬਾਅਦ ਆਪਣੇ ਜ਼ਿਹਨ ਨੂੰ ਖਾਲੀ ਕਰਨ ਲਈ ਰੱਜ ਕੇ ਜੱਟਾਂ ਵਾਂਗ ਸ਼ਰਾਬ ਪੀਂਦਾ ਤੇ ਕਈ ਕਈ ਦਿਨ ਬੇਸੁਰਤ ਰਹਿੰਦਾ ਸੀ। ਕਈ ਵਾਰ ਤਾਂ ਉਸਨੂੰ ਘੋੜਾਗੱਡੀ ’ਤੇ ਲੱਧ ਕੇ ਉਸਦੇ ਘਰ ਦੇ ਨਜ਼ਦੀਕ ਬਣੇ ਸ਼ਰਾਬਖਾਨੇ ‘ਡਨ ਕਾਉ’ ਵਿਚੋਂ ਦੋਸਤ ਘਰ ਛੱਡਕੇ ਆਉਂਦੇ ਹੁੰਦੇ ਸੀ।ਉਦੋਂ ਸ਼ਰਾਬਖਾਨਿਆਂ ਨੂੰ ਪਬਲਿਕ ਹਾਉਸ ਕਿਹਾ ਜਾਂਦਾ ਸੀ। ਇਸੇ ਪਬਲਿਕ ਹਾਉਸ ਨੂੰ ਸੰਖੇਪ ਕਰ ਕੇ ਮੌਜੂਦਾ ਪੱਬ ਸ਼ਬਦ ਈਜ਼ਾਦ ਹੋਇਆ ਹੈ। ਬਹਰਹਾਲ, ਇਕ ਵਾਰ 1585 ਵਿਚ ਸ਼ੈਕਸਪੀਅਰ ਨੇ ਤੜਕ ਸਾਰ ਇਕ ਨਾਟਕ ਮੁਕੰਮਲ ਕਰ ਲਿਆ। ਉਸ ਤੋਂ ਬਾਅਦ ਆਦਤਨ ਉਸਨੂੰ ਸ਼ਰਾਬ ਪੀਣ ਦੀ ਤਲਬ ਹੋਈ। ਘਰੇ ਆਇਰਸ਼ ਘਰ ਦੀ ਕੱਢੀ ਦੀ ਬੋਤਲ ਪਈ ਸੀ। ਉਹਨੂੰ ਪੀਂਦਿਆਂ ਕਿਤੇ ਸ਼ੈਕਸਪੀਅਰ ਨੂੰ ਮਾਰਗਰਟ ਦਾ ਖਿਆਲ ਆ ਗਿਆ। ਉਹ ਜਾ ਕੇ ਕੌਪਲਟਨ ਹਾਊਸ ਮੂਹਰੇ ਅੰਮ੍ਰਿਤ ਵੇਲੇ ਗਾਲ੍ਹਾਂ ਕੱਢ ਕੇ ਆਪਣੀ ਭੜਾਸ ਕੱਢਣ ਲੱਗ ਪਿਆ।ਮਹਿਲ ਦੇ ਦਰਵਾਜ਼ੇ ਮੂਹਰੇ ਇਕ ਖਰਗੋਸ਼ ਭੱਜਿਆ ਫਿਰਦਾ ਸੀ। ਸ਼ੈਕਸਪੀਅਰ ਨੇ ਉਹ ਫੜ੍ਹ ਲਿਆ ਤੇ ਘਰੇ ਆ ਕੇ ਭੁੰਨ੍ਹ ਕੇ ਮੀਟ ਬਣਾ ਲਿਆ।ਕੌਪਲਟਨ ਪਰਿਵਾਰ ਨੂੰ ਇਸ ਬਾਰੇ ਪਤਾ ਲੱਗ ਗਿਆ ਤੇ ਉਹਨਾਂ ਨੇ ਅਦਾਲਤੀ ਕਾਰਵਾਈ ਕਰਕੇ ਸ਼ੈਕਸਪੀਅਰ ਨੂੰ ਜੁਰਮਾਨਾ ਕਰਵਾ ਦਿੱਤਾ। ਉਸ ਉਪਰੰਤ ਸ਼ੈਕਸਪੀਅਰ ਦੀਆਂ ਬਦਤਮੀਜ਼ੀਆਂ ਤੋਂ ਤੰਗ ਆ ਕੇ ਉਹਨਾਂ ਨੇ ਸ਼ੈਕਸਪੀਅਰ ਨੂੰ ਆਨੇ-ਬਹਾਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ। ਮਜ਼ਬੂਰਨ ਸ਼ੈਕਸਪੀਅਰ ਨੂੰ ਸਟੈਟਫਰਡ ਛੱਡਣਾ ਪਿਆ। ਪਰ ਉਹਨੇ ਪਿਉ ਦੇ ਪੁੱਤ ਨੇ ਫਿਰ ਆਪਣੀਆਂ ਰਚਨਾਵਾਂ ਵਿਚ ਇਸ ਲੂਸੀ ਕੌਪਲਟਨ ਪਰਿਵਾਰ ਦੀ ਉਹ ਮਿੱਟੀ ਪਲੀਤ ਕੀਤੀ ਰਹੇ ਰੱਬ ਦਾ ਨਾਂ।ਨਮੂਨਾ ਦੇਖੋ:- A Parliament member, a Justice of the Peace, At home a poor scarecrow, in London an ass; If lousy is Lucy, as some folk miscall it, Then Lucy is lousy, whatever befall it. He think himself great, Yet an ass in his state We allow by his ears With but asses to mate.

ਇਸ ਤੋਂ ਇਲਾਵਾ ਬਹੁਤ ਸਾਰੀਆਂ ਰਚਨਾਵਾਂ ਵਿਚ ਸ਼ੈਕਸਪੀਅਰ ਨੇ ਐਨਾ ਕੁਝ ਲਿਖਿਆ ਹੈ ਕਿ ਉਸਦਾ ਸਹੀ ਤਰਜ਼ਮਾ ਪੰਜਾਬੀ ਵਿਚ ਕਰੀਏ ਤਾਂ ਉਹ ਲਿਖਣ ਤੇ ਛਾਪਣਯੋਗ ਨਹੀਂ। ਉਹ ਕਿੱਸੇ ਯਾਰਾਂ ਦੋਸਤਾਂ ਦੀ ਢਾਣੀ ਵਿਚ ਬੈਠ ਕੇ ਚੁਟਖਾਰੇ ਲੈ ਕੇ ਸੁਣਾਏ ਜਾ ਸਕਦੇ ਹਨ।

ਸਾਡੇ ਪੰਜਾਬੀ ਲੇਖਕ ਵੀ ਅਜਿਹੇ ਕੰਮਾਂ ਵਿਚ ਪਿਛੇ ਨਹੀਂ ਰਹੇ।ਕੋਈ ਸੱਪ ਦੀ ਪੂਛ ਉੱਤੇ ਤਾਂ ਪੈਰ ਰੱਖ ਕੇ ਸੱਪ ਤੋਂ ਤਾਂ ਬਚ ਸਕਦਾ ਹੈ। ਪਰ ਪੰਜਾਬੀ ਲੇਖਕ ਤੋਂ ਨਹੀਂ।ਪੰਜਾਬੀ ਲੇਖਕ ਤਾਂ ਤੁਰੇ ਫਿਰਦੇ ਪ੍ਰਮਾਣੂ ਬੰਬ ਹਨ। ਇਕ ਪੰਜਾਬੀ ਗੀਤਕਾਰ ਦੀ ਗੁਆਢੀਆਂ ਨਾਲ ਨਹੀਂ ਸੀ ਬਣਦੀ।ਉਹਨੇ ਗੀਤਾਂ ਵਿਚ ਉਹਨਾਂ ਦੀ ਕੁੜੀ ਦਾ ਨਾਮ ਤੱਕ ਲਿਖ ਕੇ ਐਨੀ ਜੱਖਣਾ ਪੱਟੀ ਕਿ ਵਿਚਾਰਿਆਂ ਦੀ ਕੁੜੀ ਦਾ ਪੱਕਾ ਹੋਇਆ ਰਿਸ਼ਤਾ ਟੁੱਟ ਗਿਆ ਤੇ ਫਿਰ ਜਿਹੜਾ ਸਾਕ ਹੋਣ ਲੱਗਿਆ ਕਰੇ। ਆਡੋਂ-ਗੁਆਡੋਂ ਲੜਕੀ ਵਾਲਿਆਂ ਬਾਰੇ ਪੁੱਛ-ਪੜਤਾਲ ਕਰਕੇ ਪੂਠੇ ਪੈਰੀਂ ਮੁੜ ਜਾਇਆ ਕਰੇ। ਅੱਕ ਕੇ ਵਿਚਾਰਿਆਂ ਸ਼ਹਿਰ ਛੱਡ ਦਿੱਤਾ ਆਪਣੇ ਪਿੰਡ ਰਹਿ ਕੇ ਆਪਣੀ ਲੜਕੀ ਵਿਆਹੀ। ਪੰਜਾਬੀ ਲੇਖਕ ਨੂੰ ਜੇ ਕੋਈ ਐਨਾ ਆਖ ਦੇਵੇ ਕਿ ਤੁਹਾਡੀ ਰਚਨਾ ਪੜ੍ਹੀ ਸੀ।

ਹੁਣ ਅੱਗੇ ਭਾਵੇਂ ਅਗਲੇ ਨੇ ਅਲੋਚਨਾ ਹੀ ਕਰਨੀ ਹੋਵੇ। ਸਾਡੇ ਲੇਖਕ ਜਦੇ ਗੱਲ ਬੋਚ ਲੈਂਦੇ ਹਨ, “ਦੇਖਿਆ? ਪਾ’ਤੇ ਕੁਨਾ ਭੜਾਕੇ। ’ਠਾਰਾਂ ਕਿਤਾਬਾਂ ਪੜ੍ਹਨੀਆਂ ਪਈਆਂ ਮੈਨੂੰ। ਮੈਂ ਪੰਜ ਸਾਲ ’ਡੀਕਦਾ ਰਿਹਾ।ਕੋਈ ਹੋਰ ਇਸ ਵਿਸ਼ੇ ’ਤੇ ਲਿਖੂ। ਹੋਰ ਤਾਂ ਸਾਰੇ ਜੂੰਆਂ ਜਿਹੀਆਂ ਮਾਰਨ ਜੋਗੇ ਨੇ। ਹਾਰਕੇ ਮੈਂ ਕਿਹਾ ਮਨਾ ਤੇਰੀ ਕਲਮ ਨੂੰ ਹੀ ਲਿਖਣਾ ਪੈਣਾ। ਹਲੇ ਤੂੰ ਇਹਦੀ ਅਗਲੀ ਕਿਸ਼ਤ ਪੜ੍ਹੀ ਦੇਖੀਂ ਮੈਂ ਤਾਂ ਅੱਗ ’ਤੇ ਬਰਫ ਬਣਾ ਕੇ ਦਿਖਾਤੀ।…” ਲੇਖਕ ਇਕੋ ਸਾਹ ਲੱਗਿਆ ਪਿਆ ਹੁੰਦਾ ਹੈ ਤੇ ਅਗਲਾ ਸੋਚਦਾ ਹੈ। ਕਿਥੇ ਪੰਗਾ ਲੈ ਲਿਆ।ਮੈਂ ਤਾਂ ਇਹਨੂੰ ਦੱਸਣਾ ਸੀ ਬਈ ਫਲਾਨੇ ਲੇਖਕ ਨੇ ਇਹੀ ਚੀਜ਼ ਬਹੁਤ ਵਧੀਆ ਲਿਖੀ ਸੀ।ਤੂੰ ਉਹਨੂੰ ਪੜ੍ਹੀਂ।ਇਹ ਅਸਮਾਨ ਨੂੰ ਹੀ ਅੱਡੀਆਂ ਲਾਈ ਜਾਂਦਾ ਹੈ।ਲੇਖਕ ਬੇਅਟਕ ਜਾਰੀ ਹੁੰਦਾ ਹੈ, “ਉਹ ਮੈਂ ਜਿਹੜਾ ਪਿਛਲੇ ਸਾਲ ਨਾਵਲ ਲਿਖਿਆ ਸੀ ਨਾ। ਉਹ ਪੜ੍ਹ ਕੇ ਮੇਰੀ ਇਕ ਪਾਠਕਾ ਨੇ ਕਨੇਡਾ… ਸਰਦਾਰ ਜੀ ਕਨੇਡਾ ਕਨੇਡਾ… ਕਨੇਡਾ ਤੋਂ ਫੋਨ ਕੀਤਾ।” ਇਹ ਸੁਣ ਕੇ ਸੁਣਨ ਵਾਲਾ ਆਪਣੇ ਮਨ ਵਿਚ ਆਖਦਾ ਹੈ, “ਗੱਪੀਆ ਫੇਰ ਕੀ ਵਰਲਡ ਟਰੇਡ ਸੈਂਟਰ ਡਿੱਗ ਪਿਐ। ਕਨੇਡਾ ਵੀ ਧਰਤੀ ਉੱਤੇ ਹੀ ਹੈ। ਉਹ ਕਿਹੜਾ ਚੰਨ ’ਤੇ ਵਸਿਆ ਹੋਇਆ ਹੈ।” “ਕਨੇਡਾ ਤੋਂ ਫੋਨ ਕਰਕੇ ਕਹਿੰਦੀ ਭਾਜੀ ਮੈਨੂੰ ਉਹ ਪੈਨ ਦੇ ਦਿਉ ਜਿਸ ਨਾਲ ਤੁਸੀਂ ਇਹ ਨਾਵਲ ਲਿਖਿਆ ਹੈ। ਸਾਡੇ ਇਥੇ ਅੰਗਰੇਜ਼ਾਂ ਨੇ ਕਈ ਦੇਸ਼ਾਂ ਦੇ ਮਹਾਨ ਲੇਖਕਾਂ ਦੀਆਂ ਕਲਮਾਂ ਦੀ ਪ੍ਰਦਰਸ਼ਣੀ ਲਾਉਣੀ ਹੈ ਜਿਨ੍ਹਾਂ ਨਾਲ ਉਹਨਾਂ ਨੇ ਵਿਸ਼ਵ ਪ੍ਰਸਿੱਧ ਨਾਵਲ ਲਿਖੇ। ਤੁਹਾਡਾ ਪੈਨ ਰੱਖ ਕੇ ਮੈਂ ਵੀ ਮਾਣ ਨਾਲ ਕਹੂੰ। ਇਹ ਸਾਡੇ ਪੰਜਾਬੀ ਦੇ ਬਹੁਤ ਵੱਡੇ ਨਾਵਲਿਸਟ ਦਾ ਉਹ ਪੈਨ ਹੈ ਜਿਸਦੇ ਨਾਲ ਉਹਨੇ ਕਲਾਸਿਕ ਨਾਵਲ ਲਿਖਿਆ ਹੈ।ਮੈਂ ਉਦੋਂ ਹੀ ਭੱਜ ਕੇ ਡਾਕ ’ਚ ਪਾ ਕੇ ਆਇਆ।ਘਰਵਾਲੀ ਕਹੇ ਰੋਟੀ ਖਾਹ ਜੋ। ਤੁਸੀਂ ਰਾਤ ਵੀ ਨਹੀਂ ਸੀ ਖਾਧੀ। ਮੈਂ ਕਿਹਾ ਰੋਟੀ ਰੂਟੀ ਮੈਂ ਆ ਕਿ ਹੀ ਖਾਊਂਗਾ। ਸਰਦਾਰ ਜੀ, ਐਤਕੀ ਫੇਰ ਮੈਂ ਸੋਚਿਆ ਕੋਈ ਕੱਲ੍ਹ ਨੂੰ ਹੋਰ ਪੈਨ ਮੰਗ ਲੈਂਦੈ। ਆਹ ਦੋ ਕਿਸ਼ਤਾਂ ਦਾ ਲੇਖ ਮੈਂ ਬਾਰਾਂ ਪੈਨਾਂ ਨਾਲ ਲਿਖਿਐ। ਜਿਹੜਾ ਮੰਗੂ ਆਪਾਂ ਨਾਂਹ ਨਹੀਂ ਕਰਨੀ।” ਅਗਲਾ ਸਮਝ ਜਾਂਦਾ ਹੈ ਕਿ ਇਹ ਤਾਂ ਤੋਪੇ ਹੀ ਤੋੜੀ ਜਾਂਦਾ ਹੈ।ਇਹਦੇ ਤੋਂ ਖਹਿੜਾ ਛੁਡਾਉ। ਅਗਲਾ ਕੋਈ ਬਹਾਨਾ ਲਾ ਕੇ ਜਾਣ ਲੱਗਦਾ ਹੈ ਤਾਂ ਲੇਖਕ ਸਾਹਿਬ ਪਿਛੀਉਂ ਅਵਾਜ਼ ਮਾਰ ਕੇ ਆਖਦੇ ਹਨ, “ਉਹ ਸੱਚ ਯਾਰ… ਪੈਗ-ਸ਼ੈਗ ਲਵਾਇਏ ਤੈਨੂੰ?” ਪਹਿਲਾਂ ਹੀ ਤਸ਼ੱਦਦ ਸਹਾਰ ਚੁੱਕਾ ਅਗਲਾ ਪਿੱਛੇ ਮੁੜ ਕੇ ਨਹੀਂ ਦੇਖਦਾ ਤੇ ਗੱਲ ਅਣਸੁਣੀ ਕਰਕੇ ਭੱਜਣ ਦੀ ਕਰਦਾ ਹੈ। ਇਸੇ ਨਾਲ ਮਿਲਦੀ ਜੁਲਦੀ ਇਕ ਸੱਚੀ ਘਟਨਾ ਹੈ।ਇਕ ਬੰਦਾ ਆਪਣੇ ਕਿਸੇ ਦੋਸਤ ਤੋਂ ਪੰਜ ਹਜ਼ਾਰ ਰੁਪਏ ਉਦਾਰੇ ਮੰਗਣ ਗਿਆ ਤਾਂ ਦੋਸਤ ਨੇ ਕਾਰਨ ਪੁੱਛਿਆ।ਅੱਗੋਂ ਉਹਨੇ ਆਪਣੇ ਕਿਸੇ ਕੇਸ ਵਿਚ ਫਸੇ ਹੋਣ ਬਾਰੇ ਦੱਸ ਕੇ ਦੱਸਿਆ ਕਿ ਇਹ ਫਲਾਨੇ ਅਫਸਰ ਨੂੰ ਚਾਹ ਪਾਣੀ ਵਾਸਤੇ ਦੇਣੇ ਹਨ। ਅੱਗੋਂ ਉਹਦਾ ਦੋਸਤ ਬੋਲਿਆ, “ਤੂੰ ਕਮਲਾ ਹੋਇਐਂ? ਪੰਜ ਹਜ਼ਾਰ ਰੁਪਈਏ ਖਰਾਬ ਕਰਨ ਲੱਗਿਐ। ਉਹ ਪੁਲਿਸ ਅਫਸਰ ਅਖਬਾਰਾਂ ਵਿਚ ਪੰਜਾਬੀ ਦੇ ਲੇਖ ਲਿਖਦੈ। ਜਾ ਕੇ ਦੋ ਕੁ ਲੇਖਾਂ ਦੀਆਂ ਤਾਰੀਫਾਂ ਕਰਾਂਗੇ… ਉਹ ਤਾਂ ਫਿਰੂ ਸੱਪ ਵਾਂਗੂ ਮੇਲਦਾ। ਕੰਮ ਵੀ ਮੁਫਤ ਕਰੂ ਨਾਲੇ ਆਪਾਂ ਨੂੰ ਚਾਹ ਪਾਣੀ ਵੀ ਉਹੀ ਪਿਆਊ।”

ਲੇਖਕ -ਬਲਰਾਜ ਸਿੱਧੂ, ਯੂ. ਕੇ.

4 comments:

  1. ਗੁਰਗੱਦੀ ਉਸੇ ਨੂੰ ਮਿਲੀ ਜੋ ਇਸਦੇ ਯੋਗ ਸੀ। ਇਸ ਵਿਚ ਇਸ਼ਤਰੀ ਪੁਰਸ਼ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਪੰਜ ਪਿਆਰਿਆਂ ਦੀ ਚੋਣ ਨਹੀਂ ਕੀਤੀ ਗਈ ਸਗੋਂ ਉਨ੍ਹਾਂ ਨੇ ਗੁਰੂ ਸਾਹਿਬ ਦੀ ਆਵਾਜ਼ 'ਤੇ ਖ਼ੁਦ ਅਪਣਾ ਆਪ ਮਨੁੱਖਤਾ ਲਈ ਪੇਸ਼ ਕੀਤਾ ਸੀ। ਲਹਾਨਤ ਹੈ ਅਪਣੇ ਆਪ ਨੂੰ ਵਿਦਵਾਨ ਅਖਵਾਉਣ ਵਾਲੇ ਅਜਿਹੇ ਲੋਕਾਂ ਨੂੰ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਮੀਰਾਂ ਬਾਈ ਦੀ ਬਾਣੀ 'ਗੁਰੂ ਗ੍ਰੰਥ ਸਾਹਿਬ' ਵਿੱਚ ਕਿਉਂ ਨਹੀਂ ਦਰਜ ਕੀਤੀ ਗਈ। ਕੀ ਉਸ ਦੇਵ ਪੂਜ ਦੀ ਬਾਣੀ ਦਾ ਸਿੱਖ ਸੋਚ ਨਾਲ ਕੋਈ ਮੇਲ ਵੀ ਹੈ? ਜੇ ਅੱਜ ਵੀ ਗੁਰਧਾਮਾਂ 'ਤੇ ਕਾਬਜ਼ ਪੁਜਾਰੀ ਸ਼੍ਰੇਣੀ ਔਰਤਾਂ ਨੂੰ ਪੰਜ ਪਿਆਰਿਆਂ ਵਿੱਚ ਸ਼ਾਮਿਲ ਨਹੀਂ ਕਰਦੀ ਤਾਂ ਇਸ ਵਿਚ ਸਿੱਖੀ ਦਾ ਕੀ ਦੋਸ਼? ਪੁਜਾਰੀ ਸ਼੍ਰੇਣੀ ਤੋਂ ਮੁਕਤ ਗੁਰਧਾਮਾਂ 'ਤੇ ਔਰਤਾਂ ਨੂੰ ਪੰਜ ਪਿਆਰਿਆਂ ਵਿਚ ਸ਼ਾਮਿਲ ਹੁੰਦੇ ਵੇਖਿਆ ਜਾ ਸਕਦਾ ਹੈ। ਉਹ ਸੰਗਤ ਅੱਗੇ ਕੀਰਤਨ ਵੀ ਕਰਦੀਆਂ ਹਨ। ਕਾਮਰੇਡਤਾ ਦੇ ਇਨ੍ਹਾਂ ਅਖੌਤੀ 'ਸਪੂਤਾਂ' ਦੀਆਂ ਮੁਸਲਿਮ ਧਰਮ ਬਾਰੇ ਅਜਿਹੀ ਟਿੱਪਣੀ ਕਰਨ ਤੋਂ ਪਹਿਲਾਂ ਹੀ ਲੱਤਾਂ ਕੰਬਣੀਆ ਸ਼ੁਰੂ ਹੋ ਜਾਂਦੀਆਂ ਹਨ। ਜਦੋਂ ਸਿੱਖੀ ਵਿੱਚ ਇਨ੍ਹਾ ਲੋਕਾ ਨੂੰ ਕੋਈ ਕਮਜ਼ੋਰੀ ਨਹੀਂ ਲੱਭਦੀ ਤਾਂ ਸਿੱਖ ਧਰਮ 'ਤੇ ਕਾਬਜ਼ ਪੁਜਾਰੀ ਸ੍ਰੇਣੀ ਦੇ ਕੰਮਾਂ ਨੂੰ ਸਿੱਖੀ 'ਤੇ ਜ਼ਬਰਦਸ਼ਤੀ ਠੋਸ ਕੇ ਉਸਦਾ ਵਿਰੋਧ ਕਰਨ ਇਨ੍ਹਾ ਕਾਮਰੇਡਾਂ ਦੀ ਫ਼ਿਤਰਤ ਵਿੱਚ ਸ਼ਾਮਿਲ ਹੈ। ਉਂਝ ਇਨ੍ਹਾ ਲੋਕਾਂ ਦੀ ਔਕਾਤ ਪਿੰਡ ਦੀ ਕਿਸੇ ਅਨਪੜ੍ਹ ਫ਼ੱਫੇਕੁਟਣੇ ਤੋਂ ਵੱਧ ਕੁਝ ਵੀ ਨਹੀਂ।---ਪਰਦੀਪ ਸਿੰਘ

    ReplyDelete
  2. ਮੈ ਪਰਦੀਪ ਸਿੰਘ ਦੇ ਵਿਚਾਰਾਂ ਵਿਚ ਹੋਰ ਵਾਧਾ ਕਰਨਾ ਚਾਹੁੰਦਾ ਹਾਂ ਕਿ ਦੇਸ਼ ਦੀਆਂ ਸਤੀ ਪ੍ਰਥਾ, ਬਾਲ ਵਿਆਹ ਤੇ ਦੇਵਦਾਸੀ ਵਰਗੀਆਂ ਕੁ ਪ੍ਰਥਾਵਾਂ ਨੂੰ ਸਿੱਖੀ ਦੀ ਬਦੌਲਤ ਹੀ ਠੱਲ੍ਹ ਪਈ ਹੈ। ਦੇਸ਼ ਵਿਚ ਜੋ ਵੀ ਵਰਤਾਰਾ ਔਰਤ ਵਿਰੋਧੀ ਵਾਪਰ ਰਿਹਾ ਹੈ ਉਸਦਾ ਜਨਮਦਾਤਾ ਬ੍ਰਾਹਮਣਵਾਦ ਹੈ। ਇਸ ਲਈ ਜੇ ਬਲਰਾਜ ਸਿੱਧੂ ਵਰਗਿਆਂ ਦੀਆ ਲੱਤਾਂ ਵਿਚ ਦਮ ਹੈ ਤਾਂ ਹਿੰਦੂ ਬਹੁਗਿਣਤੀ ਵਾਲੇ ਸੂਬਿਆਂ ਵਿਚ ਜਾ ਕੇ ਇਸ ਵਰਤਾਰੇ ਦੇ ਜਨਮ ਦਾਤਿਆਂ ਨਾਲ ਅਜਿਹਾ ਬਕਵਾਸ ਕਰਨ ਦੀ ਜੁਰ੍ਹਤ ਵਿਖਾਉਣ ਨਾ ਕਿ ਸਿੱਖਾਂ ਦੀ ਸਰਾਫ਼ਤ ਦਾ ਨਜ਼ਾਇਜ ਫਾਇਦਾ ਉਠਾਉਣ--ਮਨਜੀਤ ਸਿੰਘ

    ReplyDelete
  3. bai suaad aa gya...

    ReplyDelete
  4. Yaar !
    kaamraidi ghotn ch apna hi suaad hai ... sikh , je sahi arthan vich sikh hove, ta os toN vadda comrade koi nahi ...

    maujuda giravat lai maujuda kachra-leader tola jimmevar hai ...
    sikh philosophy nahi ....

    ReplyDelete