ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Sunday, September 26, 2010

ਪਾਸ਼ ਨੂੰ ਚੇ-ਗਵੇਰਾ ਬਨਾਉਣਾ ਚਾਹੁੰਦਾ ਹਾਂ-ਅਨੁਰਾਗ ਕਸ਼ਯਪ

ਦਿੱਲੀ ‘ਚ 23 ਤੇ 24 ਸਤੰਬਰ ਨੂੰ ਮਹੱਲਾ ਲਾਈਵ,ਯਾਤਰਾ ਬੁੱਕਸ ਤੇ ਜਨਤੰਤਰ ਨੇ ਸਾਂਝੇ ਤੌਰ ‘ਤੇ ਮੁੱਖ ਧਰਾਈ ਸਿਨੇਮੇ ਦੇ ਬਦਲ ‘ਤੇ ਇਕ ਬਹਿਸ ਕਰਵਾਈ।ਜਿਸ ‘ਚ ਫਿਲਮਸਾਜ਼ੀ ਨਾਲ ਜੁੜੀਆਂ ਅਹਿਮ ਸਖ਼ਸ਼ੀਅਤਾਂ ਪਹੁੰਚੀਆਂ।ਮੈਂ 23 ਨੂੰ ਦਫਤਰੀ ਕਾਰਨਾਂ ਕਰਕੇ ਨਹੀਂ ਜਾ ਸਕਿਆ,24 ਨੂੰ ਪੁੱਜਿਆ।ਸੂਰਜ ਕੁੰਡ ਦੇ “ਬਹਿਸਤਲਬ” ਹਾਲ ‘ਚ ਪੁੱਜਣ ਤੋਂ ਪਹਿਲਾਂ ਹੀ ਗੇਟ ‘ਤੇ ਫਿਲਮ ਨਿਰਦੇਸ਼ਕ ਅਨੁਰਾਗ ਕਸ਼ਯਪ(ਫਿਲਮ ਨੋ-ਸਮੋਕਿੰਗ,ਬਲੈਕ ਫ੍ਰਾਈ-ਡੇਅ,ਗੁਲਾਲ,ਦੇਵ-ਡੀ,ਉਡਾਣ ਦਾ ਨਿਰਦੇਸ਼ਕ)ਮਿਲ ਗਿਆ।ਦਿੱਲੀ ਦੇ ਮੇਰੇ ਜਿਹੜੇ ਦੋਸਤਾਂ ਨਾਲ ਅਨੁਰਾਗ ਦੀ ਯਾਰੀ ਹੈ,ਉਨ੍ਹਾਂ ਨੂੰ ਮੈਂ ਕਈ ਵਾਰ ਕਿਹਾ ਵੀ ਸੀ ਕਿ ਅਨੁਰਾਗ ਤੋਂ ਪਾਸ਼ ਦੀ ਫਿਲਮ ਬਾਰੇ ਪੁੱਛਿਓ।ਉਹ ਵੀ ਬਹਿਸ ‘ਚ ਪੁੱਜੇ ਹੋਏ,ਪਰ ਅਨੁਰਾਗ ਜਦੋਂ ਸਿੱਧਮ ਸਿੱਧਾ ਟੱਕਰ ਗਿਆ ਤਾਂ ਮੈਂ ਆਪਣੀ ਪਛਾਣ ਦੱਸਕੇ ਸਿੱਧੇ ਸਵਾਲ ਦਾਗਣੇ ਸ਼ੁਰੂ ਕਰ ਦਿੱਤੇ।

ਮੈਂ ਅਨੁਰਾਗ ਦੀ ਲੰਮੀ ਇੰਟਰਵਿਊ ਕਰਨ ਦੇ ਮੂਡ ‘ਚ ਸੀ,ਪਰ ਦੂਜੇ ਦਿਨ ਦੀ ਬਹਿਸ ਸ਼ੁਰੂ ਹੋਣ ਵਾਲੀ ਸੀ।ਜਿਸ ‘ਚ ਅਨੁਰਾਗ ਨੇ ਬੁਲਾਰੇ ਦੇ ਤੌਰ ‘ਤੇ ਬੋਲਣਾ ਸੀ।ਫਿਰ ਵੀ ਪਾਸ਼ ਦੀ ਫਿਲ਼ਮ ਬਾਰੇ ਕੁਝ ਗੱਲਾਂ ਜ਼ਰੂਰ ਹੋਈਆਂ।ਉਸਦੀ ਫਿਲਮ ਬਾਰੇ ਪਹਿਲੀ ਟਿੱਪਣੀ ਸੀ ਮੈਂ ਪਾਸ਼ ਨੂੰ ਚੇ-ਗਵੇਰਾ ਬਨਾਉਣਾ ਚਾਹੁੰਦਾ ਹਾਂ।ਜਿਹੜਾ ਸਾਡੀ ਨੌਜਵਾਨ ਪੀੜ੍ਹੀ ਦੇ ਦਿਲੋ-ਦਿਮਾਗ 'ਤੇ ਛਾ ਜਾਵੇ।ਫਿਲਮ ਦੇ ਪੜਾਅ ਬਾਰੇ ਬੋਲਦਿਆਂ ਅਨੁਰਾਗ ਨੇ ਕਿਹਾ ਕਿ ਫਿਲਮ ਆਪਣੇ ਪਹਿਲੇ ਪੜਾਅ ‘ਚ ਵੀ ਨਹੀਂ ਹੈ,ਇਹ ਅਗਲੇ 5-6 ਸਾਲਾਂ ਤੱਕ ਤਿਆਰ ਹੋਣ ਦੀ ਸੰਭਾਵਨਾ ਹੈ।ਮੇਰੀ ਖੋਜੀ ਟੀਮ ਪਾਸ਼ ਦੇ ਜੀਵਨ ਦੇ ਹਰ ਪੱਖ ਨੂੰ ਫਰੋਲ ਰਹੀ ਹੈ।ਮੈਂ ਪੁੱਛਿਆ ਤੁਸੀਂ ਇਸ ਸਬੰਧੀ ਕਿੰਨੇ ਕੁ ਲੋਕਾਂ ਨੂੰ ਮਿਲੇ।ਅਨੁਰਾਗ ਕਹਿੰਦਾ ਮੈਂ ਹਿੰਦੀ ਅਲੋਚਕ ਨਾਮਵਰ ਸਿੰਘ ਤੇ ਇਕ ਦੋ ਹੋਰ ਲੋਕਾਂ ਨਾਲ ਗੱਲਬਾਤ ਕੀਤੀ ਹੈ,ਪਰ ਇਕ ਨਿਰਦੇਸ਼ਕ ਦੇ ਤੌਰ ‘ਤੇ ਮੈਨੂੰ ਲਗਦਾ ਹੈ ਕਿ ਮੈਂ ਇਹੋ ਜਿਹੇ ਕਿਸੇ ਵੀ ਕਰੈਕਟਰ ‘ਤੇ ਫਿਲਮ ਬਣਾਉਣ ਸਬੰਧੀ ਜ਼ਿਆਦਾ ਲੋਕਾਂ ਨੂੰ ਨਹੀਂ ਮਿਲਾਂਗਾ।ਪੁੱਛਿਆ ਗਿਆ ਕਿਉਂ…?ਜਵਾਬ ਸੀ ,ਜ਼ਿਆਦਾ ਲੋਕਾਂ ਨੂੰ ਮਿਲਦਿਆਂ ਬੰਦਾ ਸਬਜੈਕਟਿਵ ਹੋ ਜਾਂਦਾ ਹੈ,ਜਿਸ ਕਾਰਨ ਤੁਸੀਂ ਪਾਤਰ ਤੇ ਫਿਲਮ ਨਾਲ ਇਨਸਾਫ ਨਹੀਂ ਕਰ ਪਾਉਂਦੇ।ਖੋਜੀ ਟੀਮ ਦੇ ਕੰਮ ਨੂੰ ਗਹੁ ਨਾਲ ਵਾਚਦਿਆਂ ਹੀ ਇਕ ਚੰਗੀ ਫਿਲਮ ਤਿਆਰ ਕੀਤੀ ਜਾ ਸਕੇਗੀ।ਹਾਂ,ਜਿੰਨੀ ਛੇਤੀ ਹੋ ਸਕਿਆ ਪਾਸ਼ ਦੇ ਪਿਤਾ ਜੀ ਨੂੰ ਅਮਰੀਕਾ ਜਾ ਕੇ ਮਿਲਾਂਗਾ।

ਮੈਂ ਕਿਹਾ ਪਾਸ਼ ‘ਤੇ ਫਿਲਮ ਨੂੰ ਲੈ ਕੇ ਲੋਕਾਂ ਨੁੰ ਤੁਹਾਡੇ ਤੋਂ ਬਹੁਤ ਉਮੀਦਾਂ ਹਨ।ਹੱਸਕੇ ਅਨੁਰਾਗ ਕਹਿੰਦਾ ਲੋਕਾਂ ਦੀਆਂ ਉਮੀਦਾਂ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ,ਪਰ ਪਾਸ਼ ਨੂੰ ਪਾਸ਼ ਵਰਗਾ ਪੇਸ਼ ਕਰਨ ਦੀ ਕੋਸ਼ਿਸ ਕਰਾਂਗਾ।ਪਾਸ਼ ਦੀ ਵਿਵਾਦਾਂ ਭਰੀ ਜ਼ਿੰਦਗੀ ਤੇ ਮੌਤ ਬਾਰੇ ਵੀ ਗੱਲਬਾਤ ਕੀਤੀ ਗਈ।ਪੱਛਿਆ ਗਿਆ ਕਿ ਚੇ-ਗਵੇਰੇ ਦੇ ਇਸ਼ਕਾਂ ਤੇ ਮੌਤ ‘ਤੇ ਦੁਨੀਆਂ ‘ਚ ਕਾਫੀ ਚਰਚਾ ਹੁੰਦੀ ਰਹੀ ਹੈ।ਪਾਸ਼ ਦੇ ਕਈ ਇਸ਼ਕ ਤੇ ਮੌਤ ਵੀ ਕਾਫੀ ਭਾਵਨਾਤਮਿਕ ਮਸਲੇ ਹਨ,ਇਹਨਾਂ ਨਾਲ ਕਿਵੇਂ ਨਜਿੱਠੋਂਗੇ।ਇਹ ਲਾਤੀਨੀ ਅਮਰੀਕਾ ਨਹੀਂ ਭਾਰਤ ਹੈ,ਜੇ ਕਿਸੇ ਹੋਰ ਨੇ ਗਾਲ੍ਹਾਂ ਨਾ ਕੱਢੀਆਂ ਤਾਂ ਆਦਰਸ਼ਵਾਦੀ ਕਾਮਰੇਡਾਂ ਦੀਆਂ ਤਾਂ ਵੱਟ ‘ਤੇ ਪਈਆਂ ਹਨ।ਅਨੁਰਾਗ ਕਹਿੰਦਾ ਮੈਂ ਫਿਲਮਸਾਜ਼ ਦੇ ਤੌਰ ‘ਤੇ ਉਸਦੀ ਕਵਿਤਾ ਤੇ ਜ਼ਿੰਦਗੀ ਨੁੰ ਚਿੱਤਰਣ ਦੀ ਕੋਸ਼ਿਸ ਕਰਾਂਗਾ।ਜਿਨ੍ਹਾਂ ਨੂੰ ਲਗਦਾ ਹੈ ਕਿ ਫਿਲਮਾਂ ਨੇ ਕ੍ਰਾਂਤੀ ਕਰਨੀ ਹੈ,ਉਹ ਸੁਫਨਮਈ ਦੁਨੀਆਂ ‘ਚ ਫਿਰਦੇ ਰਹਿਣ।ਇਸ ਧਰਤੀ ‘ਤੇ ਬਹੁਤ ਸ਼ਾਨਦਾਰ ਆਦਰਸ਼ ਹੋਏ ਹਨ,ਪਰ ਸਾਡਾ ਸਿਨੇਮਾ ਹੁਣ ਤੱਕ ਆਪਣੇ ਆਦਰਸ਼ਾਂ ਨੂੰ ਸਹੀ ਢੰਗ ਨਾਲ ਪੇਸ਼ ਨਹੀਂ ਕਰ ਸਕਿਆ।ਬੱਸ ਮੇਰਾ ਸਰੋਕਾਰ ਸਿਰਫ ਐਨਾ ਹੈ।

ਇਹਨਾਂ ਦੋ ਚਾਰ ਗੱਲਾਂ ਤੋਂ ਬਾਅਦ ਅਨੁਰਾਗ ਬੁਲਾਰਿਆ ‘ਚ ਤੇ ਮੈਂ ਸਰੋਤਿਆ ‘ਚ ਸੀ ।ਭਾਰਤੀ ਸਿਨੇਮੇ ਬਾਰੇ ਤਿੱਖੀ ਵਿਚਾਰ ਚਰਚਾ ਹੁੰਦੀ ਰਹੀ।ਸਮਾਜ ਦੀ ਕੰਨ੍ਹੀ ‘ਤੇ ਪਏ ਵਿਸ਼ਿਆਂ ਤੇ ਲੋਕਾਂ ਨੂੰ ਸਿਨੇਮੇ ਦੀ ਮੁੱਖ ਧਾਰਾ ਕਿਵੇਂ ਬਣਾਇਆ ਜਾਵੇ,ਇਸ ਮਸਲੇ ‘ਤੇ ਦੋ ਦਿਨ ਬਹਿਸ ਚਲਦੀ ਰਹੀ।ਅੰਤ ਇਸ ਗੱਲ ਨਾਲ ਹੋਇਆ ਕਿ ਉਹ ਬਹਿਸ ਹੀ ਕੀ ਹੋਈ,ਜਿਹੜੀ ਕਿਸੇ ਸਿੱਟੇ ‘ਤੇ ਪੁੱਜ ਜਾਵੇ।

ਯਾਦਵਿੰਦਰ ਕਰਫਿਊ
mail2malwa@gmail.com,malwa2delhi@yahoo.co.in
09899436972

No comments:

Post a Comment