ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Saturday, September 11, 2010

ਨਕਸਲੀ ਲਹਿਰ ਦੇ ਜ਼ਿੰਦਾ ਸ਼ਹੀਦ ਦਰਸ਼ਨ ਦੁਸਾਂਝ

ਜਨਮ ਦਿਨ 'ਤੇ ਯਾਦ ਕਰਦਿਆਂ

“ਮੈਨੂੰ ਖੰਜਰ ਨਾਲ ਮਾਰੋ

ਜਾਂ ਸੂਲੀ ਤੇ ਟੰਗ ਦੇਵੋ
ਮੈਂ ਮਰ ਕੇ ਵੀ
ਚੁਗਿਰਦੇ ਵਿੱਚ ਬਿਖਰ ਜਾਵਾਂਗਾ।
ਤੇ ਤੁਹਾਨੂੰ ਹਰ ਸਿਰ ਵਿੱਚੋਂ
ਮੇਰਾ ਹੀ ਅਕਸ ਦਿੱਸੇਗਾ।“


ਇਹ ਸ਼ਬਦ ਹਨ, ਇਨਕਲਾਬੀ ਲਹਿਰ ਦਾ ਮਾਣ, ਗਹਿਰਾ ਚਿੰਤਕ, ਰਾਜਨੀਤੀਵਾਨ, ਜਥੇਬੰਦਕ ਲੇਖਿਕ, ਰੰਗਕਰਮੀ ਅਤੇ ਸਮੇਂ ਸਮੇਂ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਤੱਕਣ ਦੀਆਂ ਮਿਸਾਲੀ ਪਿਰਤਾਂ ਪਾਉਣ ਵਾਲਾ ਪੰਜਾਬ ਦਾ ਜੁਲੀਅਸ ਫਿਊਚਕ ਦਰਸ਼ਨ ਦੁਸਾਂਝ ਹੁਣਾਂ ਦੇ, ਜਿਸ ਨੂੰ ਜ਼ਿੰਦਾ ਸ਼ਹੀਦ ਕਰਕੇ ਵੀ ਜਾਣਿਆ ਜਾਂਦਾ ਹੈ ।ਉਹ ਜਾਤਾਂ, ਧਰਮਾਂ ਇਲਾਕਿਆਂ ਤੋਂ ਉੱਪਰ ਸੀ।ਜਿਸ ਦੀ ਜ਼ਿੰਦਗੀ ਇੱਕ ਫਿਲਮੀ ਕਹਾਣੀ ਜਿਹੀ ਹੀ ਜਾਪਦੀ ਹੈ।12 ਸਤੰਬਰ 1937 ਨੂੰ ਪੱਛਮੀ ਬੰਗਾਲ ਦੇ ਕਲਕੱਤਾ ਸ਼ਹਿਰ ਵਿੱਚ ਜਨਮੇ ਦਰਸ਼ਨ ਦੁਸਾਂਝ ਬਚਪਨ ਵਿੱਚ ਆਪਣੇ ਜਨਮ ਦੇਣ ਵਾਲੇ ਮਾਂ-ਬਾਪ ਦੀ ਬੁੱਕਲ ਦਾ ਨਿੱਘ ਨਾ ਮਾਣ ਸਕੇ।ਉਸ ਨੂੰ ਪਿੰਡ ਦੁਸਾਂਝ ਕਲਾਂ ਦੇ ਹਜ਼ਾਰਾ ਸਿੰਘ ਤੇ ਹਰਨਾਮ ਕੌਰ ਨੇ ਗੋਂਦ ਲੈ ਲਿਆ ਜਿਨ੍ਹਾਂ ਦੀ ਝੋਲੀ ਔਲਾਦ ਤਂੋ ਸੱਖਣੀ ਸੀ।ਉੱਧਰ ਦਰਸ਼ਨ ਦੀ ਮਾਂ ਨੇ ਆਰਥਿਕ ਮਜ਼ਬੂਰੀਆ, ਥੁੜਾਂ ਦੇ ਕਾਰਨ ਆਪਣੇ ਜਿਗਰ ਦੇ ਟੁਕੜੇ ਨੂੰ ਇਸ ਜੋੜੀ ਨੂੰ ਈਸ਼ਰ ਸਿੰਘ ਰਾਂਹੀ ਦੇ ਦਿੱਤਾ।ਪਰ ਉਹ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਦਰਸ਼ਨ ਨੂੰ ਮਿਲਣ ਆਉਂਦੀ ਰਹੀ, ਉਸ ਦੇ ਬੱਚੇ ਵੀ ਉਸ ਨਾਲ ਖੇਡਦੇ।1947 ਦੀ ਫਿਰਕੂ ਵੰਡ ਨੇ ਦਹਿਸ਼ਤ ਦਾ ਇਹੋ ਜਿਹਾ ਨੰਗਾ ਨਾਚ ਨੱਚਿਆਂ ਕਿ ਸਦੀਆਂ ਤੋਂ ਮੋਹ ਪਿਆਰ ਨਾਲ ਰਹਿੰਦੇ ਲੋਕ ਇੱਕ ਦੂਸਰੇ ਦੇ ਦੁਸ਼ਮਣ ਬਣ ਗਏ।ਦੁਸਾਂਝ ਦਾ ਪਰਿਵਾਰ ਪਿੰਡ ਦੁਸਾਂਝ ਕਲਾਂ ਆ ਗਿਆ।ਇੱਕ ਵਾਰੀ ਪਿੰਡ ਕਿਸੇ ਮੁੰਡੇ ਨੇ ਬੰਗਾਲੀ ਹੋਣ ਦਾ ਮੇਹਣਾ ਮਾਰ ਦਿੱਤਾ।ਉਸ ਨੇ ਮਾਂ ਤਂੋ ਪੁੱਛਿਆਂ ਮਾਂ ਨੇ ਇਨਕਾਰ ਕਰ ਦਿੱਤਾ।ਉਹ ਵਿਛੜਨ ਦੇ ਡਰ ਕਰਕੇ ਬਿਮਾਰ ਪੈ ਗਈ, ਬਿਮਾਰੀ ਤੇ ਸਦਮੇ ਕਰਕੇ ਮਾਂ ਦੀ ਮੌਤ ਹੋ ਗਈ।ਉਸ ਨੇ ਜ਼ਿੱਦ ਕਰਕੇ ਆਪਣੇ ਪਿਉ ਤੋਂ ਪੁੱਛ ਲਿਆ।ਪਿਉ ਨੇ ਈਸ਼ਰ ਸਿੰਘ ਦਾ ਐਡਰੈਸ ਦੇ ਦਿੱਤਾ ।ਪਰ ਜਦੋਂ ਉਹ ਈਸ਼ਰ ਸਿੰਘ ਕੋਲ ਗਿਆ ਤਾਂ ਉਸ ਕਿਹਾ ਕਿ ਕਾਕਾ ਦੰਗਿਆਂ ਤੋ ਪਿੱਛੋਂ ਨਹੀਂ ਦੇਖੀ।ਉਸ ਅੰਦਰ ਧੁੰਦਲੀਆਂ ਯਾਦਾਂ ਮੁੜ ਸੁਰਜੀਤ ਹੋ ਗਈਆਂ।ਉਹ ਨਿਕਲ ਤੁਰਿਆ ਆਪਣੇ ਜਨਮ ਦੇਣ ਵਾਲੇ ਮਾਂ ਪਿਉ ਦੀ ਭਾਲ ਵਿੱਚ ।ਉਹ ਕਲਕੱਤੇ ਦੀਆਂ ਗਲੀਆਂ, ਬਸਤੀਆਂ, ਬਜ਼ਾਰਾਂ ਅਤੇ ਨਵੀਆਂ ਉਸਰਦੀਆਂ ਇਮਾਰਤਾਂ ਹਰ ਥਾਂ ਗੱਲ ਕੀ ਹਰ ਔਰਤ ਵਿੱਚੋਂ ਉਹ ਆਪਣੀ ਜਨਮ ਦੇਣ ਵਾਲੀ ਮਾਂ ਭਾਲਦਾ ਰਿਹਾ।ਜਦੋਂ ਘਰੋਂ ਲਿਆਂਦਾ ਪੈਸਾ ਮੁੱਕ ਗਿਆ ਤਾਂ ਉਹ ਰੇਲ ਗੱਡੀਆਂ, ਬਜ਼ਾਰਾਂ ਤੇ ਬੱਸ ਅੱਡਿਆਂ ਤੇ ਬੁਨੈਣਾਂ, ਗੁਬਾਰੇ, ਭਾਂਡੇ, ਜੁੱਤੀਆਂ, ਬੱਚਿਆਂ ਦੇ ਖਿਡੌਣੇ, ਭੰਬੀਰੀਆਂ, ਬੱਚਿਆਂ ਦੇ ਖਾਣ ਦੀਆਂ ਚੀਜ਼ਾਂ ਵੇਚਦਾ ਰਿਹਾ ਪਰ ਖਾਲੀ ਹੱਥ ਵਾਪਸ ਆਇਆ ਉਹ ਆਪਣੀ ਕਵਿਤਾ ਵਿੱਚ ਲਿਖਦਾ ਹੈ।

“ਵੇਲੋਂ ਟੁੱਟਿਆ ਮੈਂ ਫਲ ਕੋਈ
ਜਾਂ ਅੰਬਰ ਦਾ ਤਾਰਾ,
ਖੁੰਜਿਆ ਖਬਰੇ ਕਿਹੜੀ ਮਾਂ ਦਾ
ਪੁੱਤਰ ਇੱਕ ਅਮੁੱਲਾ।“


ਉਹ ਵਾਪਸ ਪਿੰਡ ਆ ਗਿਆ ਪਰ ਸਾਰੀ ਜ਼ਿੰਦਗੀ ਉਸ ਦਾ ਕਲਕੱਤੇ ਨਾਲ ਮੋਹ ਰਿਹਾ, ਜਦੋਂ ਵੀ ਉਹ ਕਲਕੱਤੇ ਜਾਂਦਾ ਤਾਂ ਉਸ ਨੂੰ ਉਥੋਂ ਦੀ ਮਿੱਟੀ ਖਿੱਚਦੀ ਤੇ ਉੱਥੋਂ ਦੀ ਹਵਾ ਵਿੱਚੋਂ ਅਪਣੇਪਨ ਦੀ ਮਹਿਕ ਆਉਂਦੀ। ਜਦੋਂ ਉਹ ਪਿੰਡ ਦੇ ਸਕੂਲ ਪੜ੍ਹਨ ਲੱਗਾ ਤਾਂ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ, ਚੰਗਾ ਖਿਡਾਰੀ, ਵਧੀਆ ਤੈਰਾਕ, ਸੱਚ ਬੋਲਣ ਵਾਲਾ ਤੇ ਗਰੀਬ ਮਜ਼ਦੂਰਾਂ ਦੇ ਹੱਕ ਵਿੱਚ ਖੜ੍ਹਨ ਵਾਲਾ ਇਹ ਸਾਰੇ ਗੁਣ ਉਸ ਨੇ ਬਚਪਨ ਵਿੱਚ ਹੀ ਗ੍ਰਹਿਣ ਕਰ ਲਏ ਸੀ ।ਦਸਵੀਂ ਪਾਸ ਕਰਨ ਉਪਰੰਤ ਦਰਸ਼ਨ ਨੂੰ ਤਲਖ ਹਕੀਕਤਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਉਸ ਨੇ ਇੱਕ ਮਿੱਲ ਮਜ਼ਦੂਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ।ਉਸ ਨੇ ਮਿੱਲ ਕਾਮਿਆਂ ਨਾਲ ਹੁੰਦੇ ਦੁਰਵਿਵਹਾਰ ਤੇ ਖੂਨ ਪਸੀਨੇ ਦੀ ਕਮਾਈ ਕਰਦੇ ਕਿਰਤੀਆਂ ਦੇ ਘਰਾਂ ਵਿੱਚ ਨੱਚਦੀ ਅੱਖੀਂ ਡਿੱਠੀ, ਹੱਡੀਂ ਹੰਢਾਂਈ ਗਰੀਬੀ ਨੇ ਉਸ ਦੇ ਕਾਲਜੇ ਭਾਂਬੜ ਬਾਲ ਦਿੱਤੇ।ਗ਼ਰੀਬੀ ਗ਼ੁਲਾਮੀ ਤੇ ਗ਼ਰੀਬੀ ਕਾਰਨ ਫੈਲੇ ਦੁੱਖਾਂ ਦਾ ਅਹਿਸਾਸ ਉਸ ਨੂੰ ਹੋ ਚੁੱਕਾ ਸੀ, ਕਿ ਮਾਲਕ ਕਿਵੇਂ ਮਜ਼ਦੂਰਾਂ ਦੀ ਮੇਹਨਤ, ਹੱਕ ਸੁਪਨਿਆਂ ਤੇ ਅਰਮਾਨਾਂ ਨੂੰ ਡਕਾਰ ਜਾਂਦੇ ਹਨ।ਉਹ ਆਪਣੀ ਕਵਿਤਾ ਵਿੱਚ ਲਿਖਦਾ ਹੈ:-

“ਮੇਰਾ ਪੇਟ ਹੁੰਦਾ ਨਾ ਰੋਟੀ ਤੋਂ ਖਾਲੀ,
ਹੋਰਾਂ ਲਈ ਮਰਨੇ ਦਾ ਜੇਰਾ ਨਾ ਹੁੰਦਾ।“


ਗਦਰੀਆਂ ਤੇ ਕਿਰਤੀਆਂ ਦਾ ਪ੍ਰਭਾਵ ਕਬੂਲਦਾ ਪੀੜਤ ਵਰਗ ਦੀ ਮੁਕਤੀ ਤੇ ਅਜ਼ਾਦ ਫਿਜ਼ਾ ਲਈ ਇੱਕੋ ਇੱਕ ਸੰਪੂਰਨ ਹੱਲ ਸੰਪੂਰਨ ਇਨਕਲਾਬ ਹੈ ਤੇ ਇਹ ਮਾਰਕਸਵਾਦ ਵਿਚਾਰਧਾਰਾ ਅਧੀਨ ਹੀ ਕੀਤਾ ਜਾ ਸਕਦਾ ਹੈ। ਮਾਰਕਸਵਾਦ ਹੀ ਇੱਕ ਅਜਿਹੀ ਵਿਗਿਆਨਕ ਵਿਚਾਰਧਾਰਾ ਹੈ, ਜੋ ਮੇਹਨਤਕਸ਼ ਦੇ ਸੁਪਨਿਆਂ ਦਾ ਸਮਾਜ ਸਿਰਜ ਸਕਦੀ ਹੈ।ਉਹ ਖੁਸ਼ਹੈਸੀਅਤੀ ਟੈਕਸ ਵਿਰੁੱਧ ਨੰਿਰੰਦਰ ਦੁਸਾਂਝ ਦੀ ਨਿਰਦੇਸ਼ਨਾ ਹੇਠ ਖੇਡੇ ਜਾਂਦੇ ਨਾਟਕ “ਜ਼ੋਰੀ ਮੰਗੇ ਦਾਨ ਵੇ ਲਾਲੋ” ਵਿੱਚ ਭਾਗ ਲਿਆ ਤੇ ਪੁਲਿਸ ਗ੍ਰਿਫ਼ਤਾਰੀ ਵੀ ਹੋਈ।ਫਿਰ ਉਹ ਜੁਗਿੰਦਰ ਬਾਹਰਲਾ ਦੀ ਨਾਟਕ ਟੀਮ ਦੁਆਰਾ ਲੱਗੀ ਵਰਕਸ਼ਾਪ ਵਿੱਚ ਦਰਸ਼ਨ ਦੀ ਮਿੱਤਰਤਾ ਆਤਮਜੀਤ ਸਿੰਘ ਸੁਰਵਿੰਡ ਜਿਸ ਦਾ ਅਸਲੀ ਨਾਂ ਰਾਠਾ ਸਿੰਘ ਸੀ ਨਾਲ ਹੋਈ ।ਆਤਮਜੀਤ ਦੀ ਜੀਵਨ ਸਾਥਣ ਮਹਿੰਦਰ ਕੌਰ ਜੋ ਦੁਆਬੇ ਦੀ ਸੀ ਤੇ ਦਰਸ਼ਨ ਵੀ ਦੁਆਬੇ ਦਾ ਹੋਣ ਕਰਕੇ ਬੋਲੀ ਇੱਕੋ ਜਿਹੀ ਹੋਣ ਕਰਕੇ ਭੈਣ ਭਰਾ ਦੇ ਰਿਸ਼ਤੇ ਵਿੱਚ ਇਹੋ ਜਿਹੇ ਬੱਝੇ ਕਿ ਉਮਰ ਭਰ ਆਖਰੀ ਸਾਹਾ ਤੱਕ ਖੂਨ ਦੇ ਰਿਸ਼ਤਿਆ ਤੋਂ ੳੁੱਪਰ ਦੀ ਸਾਂਝ ਕਾਇਮ ਰਹੀ ਤੇ ਦਰਸ਼ਨ ਦੁਸਾਂਝ ਨੇ ਵੀ ਆਤਮਜੀਤ ਦੀ ਮੌਤ ਤੋਂ ਬਾਅਦ ਭੈਣ ਮਿੰਦਰ ਕੌਰ ਦੇ ਪਰਿਵਾਰ ਦੀ ਹਰ ਜਿੰਮੇਵਾਰੀ ਨਿਭਾਈ।ਉਸ ਦੇ ਚਾਰੇ ਪੁੱਤਰਾਂ ਦੇ ਵਿਆਹ ਆਪਣੇ ਹੱਥੀਂ ਅੰਤਰਜਾਤੀ ਕਰਕੇ ਸੱਚੇ ਕਮਿਉਨਿਸਟ ਦੀ ਮਿਸਾਲ ਪੇਸ਼ ਕੀਤੀ।12 ਸਤੰਬਰ 1970 ਨੂੰ ਦਰਸ਼ਨ ਦੁਸਾਂਝ ਜੋਗਿੰਦਰ ਸਿੰਘ ਦੇ ਖੂਹ ਤੋਂ ਫੜਿਆ ਗਿਆ, ਰਵਿੰਦਰ ਸਿੰਘ ਜਗਤਪੁਰ ਇੱਕ ਦਿਨ ਪਹਿਲਾ ਪੁਲਿਸ ਨੇ ਫੜ੍ਹ ਲਿਆ ਜਿਸ ਤੋ ਇੱਥੇ ਰੱਖੀ ਮੀਟਿੰਗ ਬਾਰੇ ਪਤਾ ਲੱਗ ਗਿਆ ਸੀ ਪੁਲਿਸ ਨੇ ਰਵਿੰਦਰ ਦਾ ਨਵਾਂ ਸ਼ਹਿਰ ਲਾਗੇ ਪਿੰਡ ਦੁਰਗਾਪੁਰ ਦੇ ਭੱਠੇ ਕੋਲ ਝੂਠਾ ਮੁਕਾਬਲਾ ਬਣਾ ਕੇ ਸ਼ਹੀਦ ਕਰ ੱਿਦੱਤਾ ਪੁਲਿਸ ਨੇ ਸਾਰਾ ਇਲਾਕਾ ਘੇਰ ਲਿਆ ਕਾਮਰੇਡ ਨੂੰ ਮੰਜੇ ਤੇ ਪਏ ਨੂੰ ਦਬੋਚ ਲਿਆ।ਪੁਲਿਸ ਫੜ੍ਹ ਕੇ ਬੰਗਿਆਂ ਦੇ ਥਾਣੇ ਲੈ ਗਈ। ਪੁੱਛ-ਗਿੱਛ ਕੀਤੀ ਕੁਝ ਪੱਲੇ ਨਾ ਪਿਆ ਤਾਂ ਤਸ਼ੱਦਦ ਸ਼ੁਰੂ ਹੋ ਗਿਆ “ਪੋਸਟਰ ਲੀਫਲੈਟ ਛਾਪਣ ਦਾ ਕੰਮ ਕਿੱਥੇ ਹੁੰਦਾ? ਹਥਿਆਰ ਤੇ ਵਿਸਫੋਟ ਬਣਾਉਣ ਦੀ ਫੈਕਟਰੀ ਕਿੱਥੈ ਹੈ? ਪਾਰਟੀ ,ਆਗੂਆਂ ਦੇ ਨਾਂ ਆਦਿ ਬਹੁਤ ਸਾਰੇ ਭੇਦ ਜਾਨਣ ਦੀ ਕੋਸ਼ਿਸ਼ ਕੀਤੀ ਪਰ ਕੁਝ ਨਾ ਦੱਸਣ ਤੇ ਬੇਰਹਿਮ ਲਾਠੀਚਾਰਜ, ਮਾਨਸਿਕ ਦਬਾਅ, ਪਿਸ਼ਾਬ ਨਾਲ ਭਰੇ ਮੱਟ ਕੋਲ ਖੜ੍ਹੇ ਰੱਖਣਾ, ਹੱਥ ਪੈਰ੍ਹ ਬੰਨ ਕੇ ਛੱਤ ਨਾਲ ਟੰਗੀ ਰੱਖਣਾ ਆਦਿ ਬਹੁਤ ਸਾਰੇ ਗੈਰ ਮਨੁੱਖੀ ਤਸੀਹੇ ਦਿੱਤੇ ਗਏ ਪਰ ਉਹ ਇਤਿਹਾਸ ਦੇ ਮਹਾਨ ਨਾਇਕਾ ਨੂੰ ਯਾਦ ਕਰਕੇ ਅਡੋਲ ਚਿੱਤ ਸਭ ਕੁੱਝ ਸਹਿੰਦਾ ਰਿਹਾ। ਸ਼ਰਾਬ ਨਾਲ ਧੁੱਤ ਹੋਏ ਪੁਲਿਸੀਆਂ ਵੱਲੋਂ ਪਹਿਲਾਂ ਤਾਂ ਕੁੱਟ ਕੁੱਟ ਕੇ ਲੱਤਾਂ ਤੋੜੀਆਂ ਗਈਆਂ ਫਿਰ ਥੜ੍ਹੇ ਉੱਪਰ ਲਿਟਾ ਕੇ ਥਾਣੇਦਾਰ ਲੱਤਾਂ ਤੇ ਇੱਟਾਂ ਮਾਰਨ ਲੱਗ ਪਿਆ।ਲੱਤਾਂ ਦਾ ਕਚਰਾ ਬਣਾ ਦਿੱਤਾ।ਇਸ ਤਸ਼ੱਦਦ ਬਾਰੇ ਜੁਝਾਰਵਾਦੀ ਕਵੀ ਦਰਸ਼ਨ ਖਟਕੜ੍ਹ ਆਪਣੀ ਕਵਿਤਾ ਵਿੱਚ ਲਿਖਦਾ ਹੈ:-
“ਚਿਣੇ ਨੀਹਾਂ ਵਿੱਚ ਜਾਈਏ
ਜਾਂ ਲੱਤਾ ਚੂਰ ਕਰਵਾਈਏ
ਸਰਹੰਦ ਦੀ ਦੀਵਾਰ ਹੋਵੇ
ਜਾਂ ਥਾਣਾ ਬੰਗਿਆਂ ਦਾ”

ਉਸ ਦੀ ਸੂਰਮਗਤੀ ਨੂੰ ਬਿਆਨ ਕਰਦੀਆਂ ਕਈ ਦੰਦ ਕਥਾਵਾਂ ਬਣ ਗਈਆਂ।ਕੇਵਲ ਕੌਰ ਤੇ ਮਿੰਦਰ ਕੌਰ ਵੱਲੋਂ ਦਿੱਤੀ ਅਸਲੀ ਇਨਸਾਨ ਦੀ ਕਹਾਣੀ ਨਾਵਲ ਨੇ ਦਰਸ਼ਨ ਨੂੰ ਬਹੁਤ ਹਿੰਮਤ ਦਿੱਤੀ।ਜਲੰਧਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦਰਬਾਰਾ ਸਿੰਘ ਦੀ ਅਗਵਾਈ ਵਿੱਚ ਨਕਸਲੀਆਂ ਦੇ ਮੁਫਤ ਕੇਸ ਲੜੇ ਗਏ।ਐਡਵੋਕੇਟ ਹਰਭਜਨ ਸੰਘਾ ਤੇ ਹਰਦਿਆਲ ਸਿੰਘ ਨੇ ਵੀ ਮੁਫਤ ਕੇਸ ਲੜੇ।22 ਮਈ 1975 ਵਿੱਚ ਹੋਏ ਸੂਰਾਨੂਸੀ ਕਾਂਡ ਵਿੱਚ ਸਾਥੀ ਜਿੰਦਾ ਤਾਂ ਥਾਂ ਤੇ ਹੀ ਸ਼ਹੀਦ ਹੋ ਗਿਆ।ਪਰ ਦੁਸਾਂਝ ਦੇ ਇੱਕ ਗੋਲੀ ਖੱਬੀ ਲੱਤ ਵਿੱਚ ਇੱਕ ਛਾਤੀ ਦੇ ਖੱਬੇ ਪਾਸੇ, ਇੱਕ ਬਾਂਹ ਵਿੱਚ, ਇੱਕ ਪਿੱਠ ਵਿੱਚ ਮਾਰੀ ਉਹ ਗੋਲੀਆਂ ਨਾਲ ਪਰੁੰਨਿਆਂ ਹੋਣ ਦੇ ਬਾਵਜੂਦ ਵੀ ਪੁਲਿਸ ਨੂੰ ਲਲਕਾਰਨ ਦੀ ਹਿੰਮਤ ਰੱਖਦਾ ਸੀ।ਉਸ ਨੂੰ ਪਾਣੀ ਨਾ ਦਿੱਤਾ ਇਲਾਜ ਨਾ ਕਰਵਾਇਆ ਲੱਤ ਕੱਟ ਦਿੱਤੀ ਡੀ.ਐਸ.ਪੀ ਕਿਸ਼ਨ ਸਿੰਘ ਹਸਪਤਾਲ ਆਇਆ ।ਦਰਸ਼ਨ ਵੱਲ ਨਫ਼ਰਤ ਨਾਲ ਦੇਖਿਆ ਰੋਅਬ ਨਾਲ ਬੋਲਿਆ “ਹੁਣ ਜਾ ਕੇ ਗੁਰਦੁਆਰਾ ਲੱਭ ਲਈਂ, ਤੇਰਾ ਹੋ ਗਿਆ ਇਨਕਲਾਬ।ਤਾਂ ਸਿਰੜੀ ਦੁਸਾਂਝ ਦਾ ਕਹਿਣਾ ਸੀ,“ ਮੈਂ ਗੁਰਦੁਆਰੇ ਨਹੀਂ ਬਹਿੰਦਾ। ਮੇਰੀਆਂ ਭਾਂਵੇ ਦੋਵੇ ਲੱਤਾਂ ਵੱਢ ਦਿਓ, ਮੈਂ ਸਿਰ ਪਰਨੇ ਤੁਰ ਕੇ ਵੀ ਇਨਕਲਾਬ ਦੀ ਮਿਸ਼ਾਲ ਜਗਾਈ ਰੱਖਣ ਦੀ ਹਿੰਮਤ ਰੱਖਦਾ ਹਾਂ।ਨਾਲੇ ਤੁਹਾਡਾ ਜਬਰ ਮੈਨੂੰ ਇਨਕਲਾਬ ਦੇ ਰਾਹ ਤੋਂ ਥੜਕਾ ਨਹੀਂ ਸਕਦਾ।ਜੇ ਮੈਂ ਮਰ ਮੁੱਕ ਵੀ ਗਿਆ ਤਾਂ ਹੋਰ ਬੜ੍ਹੇ ਕਾਮਰੇਡ ਨੇ ਤੁਹਾਡੀਆਂ ਧੌਣਾਂ ਲਾਹ ਕੇ ਹਿਸਾਬ ਕਿਤਾਬ ਚੁੱਕਦਾ ਕਰ ਦੇਣਗੇ” ਦਰਸ਼ਨ ਗੁੱਸੇ ਵਿੱਚ ਲਲਕਾਰਿਆ ਸੀ।ਦਰਸ਼ਨ ਦੇ ਜੇਲ੍ਹ ਹੁੰਦਿਆ ਹੀ ਦਰਸ਼ਨ ਤੇ ਰਵਿੰਦਰ ਦੇ ਫੜ੍ਹੇ ਜਾਣ ਤੇ ਸੋਹਣ ਲਾਲ ਜੋਸ਼ੀ ਨੂੰ ਦੋਸ਼ੀ ਸਮਝ ਕੇ ਮਾਰ ਦਿੱਤਾ ਪਰ ਦਰਸ਼ਨ ਸੱਚਾਈ ਜਾਣਦਾ ਹੋਣ ਕਰਕੇ ਇਸ ਨਾਲ ਅਸਿਹਮਤ ਸੀ ਜਦੋ ਉਸ ਦੀ ਮਾਂ ਤੇ ਮਾਸੀ ਜੇਲ੍ਹ ਵਿੱਚ ਆਉਂਦੀਆਂ ਤਾਂ ਦਰਸ਼ਨ ਨੂੰ ਕਹਿੰਦੀਆਂ “ਸੋਹਣ ਨੂੰ ਮਿਲਿਆਂ ਬੜਾ ਚਿਰ ਹੋ ਗਿਆ ,ਪੁੱਤ ਨੂੰ ਆਖੀਂ ਕਿਤੇ ਮਿਲ ਜਾਵੇ।“ਮਾਂ ਤਰਲਾ ਲੈਂਦੀ ਤਾ ਉਸ ਦਾ ਗੱਚ ਭਰ ਆਉਂਦਾ ਇਸੇ ਤਰ੍ਹਾਂ ਹੀ ਪਿੰਡ ਮੰਗੂਵਾਲ ਦਾ ਹੀ ਰਾਮ ਕਿਸ਼ਨ ਕਿਸ਼ੂ ਸੀ ਜੋ ‘ਆਪਣਿਆਂ’ ਦੀ ਹੀ ਗੋਲੀ ਦਾ ਸ਼ਿਕਾਰ ਹੋ ਗਿਆ ਸੀ ਦੁਸਾਂਝ ਨੇ ਜੇਲ੍ਹ ਤੋਂ ਆ ਕੇ ਇਨ੍ਹਾਂ ਦੀ ਮੌਤ ਦੀ ਜਾਂਚ ਕਰਵਾਈ, ਸ਼ਹੀਦਾਂ ਦਾ ਦਰਜਾ ਦੁਆਇਆ ਸ਼ਹੀਦਾਂ ਦੀ ਵੰਗਾਰ ਵਿੱਚ ਸ਼ਾਮਿਲ ਕਰਵਾਇਆ।ਦੁਸਾਂਝ ਜੰਗਜੂ ਸਿਪਾਹੀਆਂ ਦੀ ਤਰ੍ਹਾਂ ਸਾਹਿਤ ਦੇ ਖੇਤਰ ਵਿੱਚ ਵਿਚਰਿਆ ਉਸ ਨੇ ਜੂਝ ਰਹੇ ਮਨੁੱਖਾਂ ਦਾ ਸਾਹਿਤ ਰਚਿਆ ਨਵੰਬਰ 1994 ਵਿੱਚ “ਲੂਣੀ ਧਰਤੀ” ਕਾਵਿ ਸੰਗ੍ਰਹਿ ਲਿਖਿਆ ਜੋ ਮੇਹਨਤੀ ਵਰਗ ਦੀ ਪੀੜਾ, ਤੜਫ, ਠੱਗੇ ਜਾਣ ਦਾ ਅਹਿਸਾਸ, ਅਖੌਤੀ ਰਾਜਸੀ ਅਜ਼ਾਦੀ, ਸੂਰਮਗਤੀ ਦੁਆਲੇ ਕੇਂਦਰਤ ਹੈ।

“ਛਿੜ ਪਈ ਚਰਚਾ ਹੈ ਕਿਸ ਦੀ ਕੌਣ ਹੈ ਉਹ ਸੂਰਮਾ
ਸਰਘੀਆਂ ਦੇ ਬੋਲ ਜੋ ਖੇਤਾਂ ‘ਚ ਸਾਡੇ ਗਾ ਰਿਹਾ”


“ਅੱਖਾਂ ‘ਚ ਅੱਖਾਂ ਵਕਤ ਦੇ
ਡਰਦੇ ਨੇ ਜਿਹੜੇ ਪਾਉਣ ਤੋਂ
ਬੋਝ ਆਪਣੇ ਆਪ ਦਾ
ਕਿਸ ਤਰ੍ਹਾਂ ਢੋਂਦੇ ਨੇ ਲੋਕ”


“ਮੇਰਾ ਨਾਂ ਕੀ ਪੁੱਛਦੇ ਹੋ
ਮੈ ਇੱਕ ਭਟਕਣ ਹਾਂ
ਤੇ ਮੈਨੂੰ ਤਲਾਸ਼ ਹੈ
ਉਸ ਕੁੱਖ ਦੀ ਜੋ ਧੁੱਪਾਂ ਜੰਮੇ


ਡਾ. ਸਰਬਜੀਤ ਦੇ ਸ਼ਬਦਾਂ ਵਿੱਚ “ਜਿੱਥੇ ਇਹ ਕਵਿਤਾ ਵਿਚਾਰਧਾਰਕ ਚੇਤਨਾ ਨਾਲ ਉੱਥੇ ਉਹ ਕਾਵਿਕਤਾ ਵੀ ਬਣਾਈ ਰੱਖਦੀ ਹੈ”। ਦਰਸ਼ਨ ਦੁਸਾਂਝ ਦੀ ਦੂਜੀ ਕਿਤਾਬ “ਅਮਿੱਟ ਪੈੜਾਂ” ਇਨਕਲਾਬੀ ਲਹਿਰ ਵਿੱਚ ਯੋਗਦਾਨ ਪਾਉਂਣ ਵਾਲੇ ਉਨ੍ਹਾਂ ਹੀਰਿਆਂ ਦੀ ਦਾਸਤਾਨ ਹੈ ਜੋ ਪੁਲਿਸ ਦੀ ਗੋਲੀ ਦਾ ਸ਼ਿਕਾਰ ਨਹੀਂ ਹੋਏ ਪਰ ਲਹਿਰ ਲਈ ਥੰਮ ਬਣੇ ਰਹੇ। ਉਨ੍ਹਾਂ ਦੀ ਕੁਰਬਾਨੀ ਲਗਨ ਤੇ ਕਰਮ ਨੁੰ “ਅਮਿੱਟ ਪੈੜਾਂ” ਰਾਹੀਂ ਰੂਪਮਾਨ ਕੀਤਾ।ਮੰਗਲ ਸਿੰਘ ਮੰਗਾ, ਪ੍ਰੋ. ਰਾਮ ਸ਼ਰਨ ਨੇਗੀ, ਕੇਵਲ ਕੌਰ ਤੇ ਹੋਰ ਬਹੁਤ ਸਾਰੇ ਸੱਚੇ ਸੁੱਚੇ ਬੱਬਰਾਂ ਦੀ ਗਾਥਾ ਲਿਖ ਕੇ ਅਮਰ ਕਰਨ ਦੀ ਕੋਸ਼ਿਸ਼ ਕੀਤੀ।ਦਰਸ਼ਨ ਦੁਸਾਂਝ ਦੀ ਕੁਰਬਾਨੀ, ਪ੍ਰਤੀਬੱਧਤਾ ਅਤੇ ਲਗਨ ਸਦਕਾ ਉਹ ਰਾਜਨੀਤਕ ਤੇ ਸਾਹਿਤਕ ਖੇਤਰ ਵਿੱਚ ਹਮੇਸ਼ਾ ਚਰਚਿਤ ਰਹੇ। ਸਾਹਿਤਕਾਰ ਉਸ ਦੇ ਜੀਵਨ, ਉਦੇਸ਼ ਤੇ ਸੰਘਰਸ਼ ਨੂੰ ਆਪਣੀਆਂ ਰਚਨਾਵਾਂ ਦਾ ਵਿਸ਼ਾ ਬਣਾੳਂੁਦੇ ਰਹੇ ।ਸੁਖਪਾਲ ਸੰਘੇੜਾ ਨੇ ਇੱਕ ਦਹਿਸ਼ਤ ਪਸੰਦ ਦੀ ਡਾਇਰੀ ਨਾਵਲ, ਜਿਸ ਤੋਂ ਲੋਕ ਕਲਾ ਮੰਡੀ ਮੁੱਲਾਂਪੁਰ ਨੇ ਨਾਟਕ ਤਿਆਰ ਕਰਕੇ ਇੱਕ ਮਈ, 2001 ਨੂੰ ਪੰਜਾਬੀ ਭਵਨ ਵਿੱਚ ਖੇਡਿਆ ਇਸ ਵਿੱਚ ਇਸ ਗੁਰੀਲੇ ਦੀ ਜੀਵਨ ਗਾਥਾ ਰਾਹੀਂ ਉਸ ਦੀ ਬਹਾਦਰੀ ਨੂੰ ਪੇਸ਼ ਕੀਤਾ। ਅਜਮੇਰ ਸਿੱਧੂ ਨੇ ਜਿੱਥੇ ਦਰਸ਼ਨ ਦੁਸਾਂਝ ਦੀ ਜੀਵਨੀ “ ਤੁਰਦੇ ਪੈਰਾਂ ਦੀ ਦਾਸਤਾਨ” ਤੇ ਇੱਕ ਕਹਾਣੀ “ਦਿੱਲੀ ਦੇ ਕਿੰਗਰੇ” ਵੀ ਲਿਖੀ।ਦਰਸ਼ਨ ਖਟਕੜ੍ਹ, ਇਕਬਾਲ ਖਾਨ, ਜਸਵੀਰ ਦੀਪ ਆਦਿ ਬਹੁਤ ਸਾਰੇ ਲੇਖਿਕਾਂ ਨੇ ਰਚਨਾਵਾਂ ਰਾਹੀਂ ਦਰਸ਼ਨ ਦੁਸਾਂਝ ਦੀ ਸੂਰਮਗਤੀ ਨੂੰ ਪੇਸ਼ ਕੀਤਾ।ਦਰਸ਼ਨ ਦੁਸਾਂਝ ਸਾਰੀ ਜ਼ਿੰਦਗੀ ਹੀ ਇੱਕ ਲੱਤ ਨਾਲ ਇਨਕਲਾਬ ਲਈ ਜੂਝਦਾ ਰਿਹਾ ਪਰ ਪਾਰਟੀ ਦੀਆਂ ਫੁੱਟਾਂ, ਸਾਥੀਆਂ ਦੀ ਵਫਾਦਾਰੀ ਨਾ ਨਿਭਾਉਣ ਦੀ ਸੱਟ ਨੇ ਉਸ ਦੇ ਦਿਲ ਤੇ ਗਹਿਰਾ ਅਸਰ ਪਾਇਆ। ਉਹ ਆਪਣੀ ਕਵਿਤਾ ਵਿੱਚ ਲਿਖਦਾ ਹੈ

“ਮਿਲੇ ਜੋ ਦੋਸਤ ਵੀ ਮੈਨੂੰ
ਮੇਰੇ ਗਮਖਾਰ ਨਾ ਨਿਕਲੇ
ਕਿਵੇ ਦਿਲ ਖੋਲ੍ਹ ਕੇ ਰੱਖਾਂ
ਭਰੋਸਾ ਹੀ ਨਹੀ ਬੱਝਦਾ”


ਸਾਡੇ ਘਰ ਦੁਸਾਂਝ ਦਾ ਆਉਣਾ ਜਾਣਾ ਮੇਰੇ ਬਚਪਨ ਤੋਂ ਸੀ।ਮੇਰੇ ਡੈਡੀ ਜੀ ਦੇ ਬਾਹਰ ਜਾਣ ਤੋਂ ਬਾਅਦ ਸਿਆਣੇ ਬਜੁਰਗਾਂ ਵਾਂਗ ਸਾਡਾ ਖਿਆਲ ਰੱਖਿਆ, ਸਾਨੂੰ ਚੰਗੇ ਮਨੁੱਖ ਬਣਾਉਣ ਦੀ ਕੋਸ਼ਿਸ਼ ਕੀਤੀ।ਜਦੋ ਮੈਂ ਉਨ੍ਹਾਂ ਨੂੰ ਇਕੱਲਤਾ ਵਿੱਚ ਨਿਰਾਸ਼ ਦੇਖਿਆ ਤਾ ਮੈਂ ਕਹਿ ਦਿੱਤਾ ਤੁਸੀ ਕਦੇ ਨਾ ਮਹਿਸੂਸ ਕਰਿਓ ਕਿ ਮੇਰਾ ਕੋਈ ਬੱਚਾ ਨਹੀਂ, ਮੈਂ ਤੁਹਾਡੀ ਧੀ ਹਾਂ। ਇਨ੍ਹਾਂ ਸ਼ਬਦਾ ਨੇ ਮੈਨੂੰ ਤੇ ਦੁਸਾਂਝ ਨੂੰ ਰਿਸ਼ਤੇ ਵਿੱਚ ਬੰਨ੍ਹ ਦਿੱਤਾ ਜੋ ਉਨਾਂ ਦੀ ਮੌਤ ਤੱਕ ਤੇ ਮੇਰੀ ਸਾਰੀ ਜ਼ਿੰਦਗੀ ਕਾਇਮ ਰਹੇਗਾ।ਉਨ੍ਹਾਂ ਅੰਦਰ ਇੱਕ ਬਹੁਤ ਹੀ ਨਰਮ ਦਿਲ ਵੀ ਧੜਕਦਾ ਸੀ। ਹਰ ਰਿਸ਼ਤੇ ਨੂੰ ਮੋਹ ਪਿਆਰ ਸਤਿਕਾਰ ਨਾਲ ਨਿਭਾਇਆ ਹੀ ਨਹੀ ਸਗੋ ਮਾਣ ਵੀ ਦਿੱਤਾ। ਉਹ ਕਿਹਾ ਕਰਦੇ ਸਨ:-

“ਮੈਂ ਜ਼ਿੰਦਗੀ ਨੂੰ
ਉਹ ਅਰਥ ਦੇਵਾਂਗਾ
ਕਿ ਮੌਤ ਤੋਂ ਪਿੱਛੋਂ
ਜ਼ਿਕਰ ਮੇਰਾ ਜੇ ਛਿੜੇ
ਤੈਨੂੰ ਨਮੋਸ਼ੀ ਹੋਣ ਨਹੀਂ ਲੱਗੀ ”


ਬਰਸਾਤਾਂ ਵਿੱਚ ਉਸ ਦੀ ਲੱਤ ਗਲ ਜਾਣੀ ।ਉਹ ਲਗਾਤਾਰ ਬਿਮਾਰ ਰਹਿਣ ਲੱਗੇ ਪਰ ਉਹ ਉਸ ਦਿੜ੍ਰਤਾ ਨਾਲ ਹਰ ਬਿਮਾਰੀ ਨਾਲ ਲੜਦੇ ਰਹੇ ਪਰ ਜੁਲਾਈ 2000 ਵਿੱਚ ਬਿਮਾਰੀਆਂ ਦਾ ਹਮਲਾ ਤੇਜ਼ ਹੋ ਗਿਆ।ਉਹ ਅਨੇਕਾਂ ਬਿਮਾਰੀਆਂ ਦੇ ਚੌਤਰਫ਼ੇ ਹਮਲੇ ਨੂੰ ਪਛਾੜਨ ਲਈ ਜ਼ਿੰਦਗੀ ਮੌਤ ਦਾ ਸੰਘਰਸ਼ ਲੜਨ ਲੱਗੇ ।ਸਰਕਾਰੀ ਹਸਪਤਾਲ ਅੰਮ੍ਰਤਸਰ ਇਲਾਜ ਕਰਵਾਉਂਦਿਆ ਇਸ ਸੰਗਰਾਮੀਏ ਦੀ ਹਾਲਤ ਗੰਭੀਰ ਹੋ ਗਈ ।ਇਸ ਤੋਂ ਪਿੱਛੋਂ ਨਈਅਰ ਹਸਪਤਾਲ ਅੰਮ੍ਰਿਤਸਰ ਦਾਖ਼ਲ ਕਰਵਾ ਦਿੱਤਾ ਜਿੱਥੇ ਉਹ 19 ਅਗਸਤ 2000 ਨੂੰ ਸਵੇਰੇ ਤਿੰਨ ਵਜੇ ਸਦੀਵੀ ਵਿਛੋੜਾ ਦੇ ਗਏ।

ਲੇਖ਼ਕ--ਜਸਵੀਰ ਕੌਰ ਮੰਗੂਵਾਲ

No comments:

Post a Comment