ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Monday, December 6, 2010

ਛੱਤੀਸਗੜ੍ਹ ਦੇ ਕੇ.ਪੀ.ਐੱਸ ਗਿੱਲ ਨੂੰ ਇਕ ਗਾਂਧੀਵਾਦੀ ਦੀ ਚਿੱਠੀ

ਪੰਜਾਬ 'ਚ ਜੋ 1980 ਤੋਂ 91 ਤੱਕ ਹੋਇਆ,ਉਹ ਕਸ਼ਮੀਰ,ਉੱਤਰ ਪੂਰਬੀ ਰਾਜਾਂ ਤੇ ਕੇਂਦਰੀ ਭਾਰਤ 'ਚ ਜਾਰੀ ਹੈ।ਝੂਠੇ ਮੁਕਾਬਲੇ,ਅਣ-ਮਨੁੱਖੀ ਤਸ਼ੱਦਦ,ਬਲਾਤਕਾਰ ਤੇ ਹਰ ਕਿਸੇ ਨੂੰ ਅੱਤਵਾਦੀ ਕਰਾਰ ਦੇ ਕੇ ਮਨੁੱਖੀ ਹੱਕਾਂ 'ਤੇ ਹੋ ਰਹੇ ਘਾਣ ਵਿਰੁੱਧ ਜੇ ਪੰਜਾਬ 'ਚ ਜਸਵੰਤ ਸਿੰਘ ਖਾਲੜੇ ਵਰਗੇ ਸਖ਼ਸ਼ ਬੋਲੇ ਸਨ ਤਾਂ ਅੱਜ ਉੱਤਰ ਪੂਰਬ 'ਚੋਂ ਸ਼ਰਮੀਲਾ ਇਰੋਮ,ਕਸ਼ਮੀਰ ਦਾ ਬੱਚਾ ਬੱਚਾ ਤੇ ਕੇਂਦਰੀ ਭਾਰਤ 'ਚੋਂ ਹਿਮਾਂਸ਼ੂ ਵਰਗੇ ਸੈਂਕੜੇ ਮਨੁੱਖੀ ਹੱਕਾਂ ਦੇ ਰਾਖੇ ਬੋਲ ਰਹੇ ਹਨ।ਜੇ ਪੰਜਾਬ 'ਚ ਕੇ ਪੀ ਐੱਸ ਗਿੱਲ ਵਰਗੇ ਅਣ-ਮਨੁੱਖੀ ਅੱਗੇ ਨਹੀਂ ਝੁਕਿਆ ਗਿਆ ਤਾਂ ਛੱਤੀਸਗੜ੍ਹ ਦੇ ਡੀ ਜੀ ਪੀ ਵਿਸ਼ਵਰੰਜਨ ਨੂੰ ਵੀ ਚਣੌਤੀ ਦਿੱਤੀ ਜਾ ਰਹੀ ਹੈ।ਇਹ ਚਿੱਠੀ ਮਾਓਵਾਦੀ ਖਾੜਕੂ ਲੜਾਕਿਆਂ ਦੇ ਇਲਾਕੇ ਦਾਂਤੇਵਾੜਾ 'ਚ ਲੰਮੇ ਸਮੇਂ ਤੋਂ ਆਪਣਾ ਵਨਵਾਸੀ ਚੇਤਨਾ ਆਸ਼ਰਮ ਚਲਾ ਰਹੇ ਗਾਂਧੀਵਾਦੀ ਕਾਰਕੁੰਨ ਹਿਮਾਂਸੂ ਕੁਮਾਰ ਨੇ ਛੱਤੀਸਗੜ੍ਹ ਦੇ ਡੀ ਜੀ ਪੀ ਵਿਸ਼ਵਰੰਜਨ ਨੂੰ ਲਿਖੀ ਹੈ।ਜੋ ਆਪਣੇ ਆਪ ਨੂੰ ਬਹੁਤ ਵੱਡਾ ਸਾਹਿਤਕਾਰ ਵੀ ਸਮਝਦਾ ਹੈ:ਗੁਲਾਮ ਕਲਮ

ਪਿਆਰੇ ਵਿਸ਼ਵਰੰਜ ਜੀ, ਇਹ ਖ਼ਤ ਮੈਂ ਤੁਹਾਨੰ ਬਿਲਕੁਲ ਸ਼ਾਂਤ ਚਿੱਤ ਹੋ ਕੇ ਤੇ ਤੁਹਾਡੀਆਂ ਹਾਲਤਾਂ ਨੂੰ ਸਮਝਦਿਆਂ ਲਿਖ ਰਿਹਾ ਹਾਂ ।ਇਸ ਖ਼ਤ ਨੂੰ ਲਿਖ਼ਦੇ ਹੋਏ ਮੇਰੇ ਮਨ 'ਚ ਬਿਲਕੁਲ ਵੀ ਉਤੇਜਨਾ ਜਾਂ ਗੁੱਸਾ ਨਹੀਂ ਹੈ।

ਸਿੰਗਾਰਾਮ ਫਰਜ਼ੀ ਮੁਕਾਬਲੇ ਨੂੰ ਅਦਾਲਤ 'ਚ ਲਿਜਾਉਣ ਦੀ ਸਜ਼ਾ ਦੇ ਤੌਰ 'ਤੇ ਜਦੋਂ ਸਾਡਾ 18 ਸਾਲ ਪੁਰਾਣਾ ਆਸ਼ਰਮ ਸਰਕਾਰ ਵਲੋਂ ਭੰਨ੍ਹ ਦਿੱਤਾ ਗਿਆ ,ਉਸਤੋਂ ਬਾਅਦ ਅਸੀਂ ਕਿਰਾਏ ਦੇ ਘਰ 'ਚ ਆਸ਼ਰਮ ਚਲਾ ਰਹੇ ਹਾਂ। ਜਨਵਰੀ 2010 'ਚ ਮੇਰੇ ਦਾਂਤੇਵਾੜਾ ਛੱਡਣ ਤੋਂ ਬਾਅਦ ਪੁਲਿਸ ਨੇ ਘਰ 'ਤੇ ਕਬਜ਼ਾ ਕਰ ਲਿਆ ਸੀ।ਹੁਣ ਇਕ ਮਹੀਨਾ ਪਹਿਲਾਂ ਹੀ ਆਸ਼ਰਮ ਦਾ ਬਹੁਤ ਸਾਰਾ ਸਮਾਨ ਚੋਰੀ ਕਰਕੇ ਤੇ ਓਥੇ ਖੜ੍ਹੇ ਵਾਹਨਾਂ ਦੀ ਭੰਨ੍ਹਤੋੜ ਕਰਕੇ ਪੁਲਿਸ ਚਲੀ ਗਈ।

ਇਸਤੋਂ ਬਾਅਦ ਓਥੇ ਦੋ ਆਦਿਵਾਸੀ ਔਰਤਾਂ ਤੇ ਇਕ ਆਦਿਵਾਸੀ ਬਾਬਾ ਰਹਿ ਰਿਹਾ ਹੈ।ਤੁਹਾਡੀ ਪੁਲਿਸ ਇਹਨਾਂ ਤਿੰਨਾਂ ਕਾਰਕੁੰਨਾਂ ਨੂੰ ਡਰਾ ਰਹੀ ਹੈ।ਘਰ 'ਚ ਵੜ੍ਹਕੇ ਮੈਨੂੰ ਲੱਭਦੀ ਹੈ ਤੇ ਔਰਤਾਂ ਕਾਰਕੁੰਨਾਂ ਨੂੰ ਕਹਿੰਦੀ ਹੈ ਕਿ ਅੱਧੀ ਰਾਤ ਨੁੰ ਆ ਕੇ ਅਸੀਂ ਫੇਰ ਤਲਾਸ਼ੀ ਲਵਾਂਗੇ।ਇਹਨਾਂ ਕਾਰਕੁੰਨਾਂ ਦੇ ਅਗੂੰਠੇ ਦੇ ਨਿਸ਼ਾਨ ਪੁਲਿਸ ਨੇ ਜਬਰਦਸਤੀ ਲਏ ਹਨ।ਔਰਤ ਕਾਰਕੁੰਨਾਂ ਮੈਨੂੰ ਪੁੱਛ ਰਹੀਆਂ ਹਨ ਕਿ 'ਕਿ ਪੁਲਿਸ ਉਨ੍ਹਾਂ ਨੂੰ ਨੁਕਸਾਨ ਤਾਂ ਨਹੀਂ ਪਹੁੰਚਾਵੇਗੀ ਤੇ ਮੈਂ ਧੜਕਦੇ ਦਿਲ ਨਾਲ ਕਹਿੰਦਾ ਹਾਂ ਕਿ ਨਹੀਂ,ਤੁਸੀਂ ਕੀ ਗਲਤੀ ਕੀਤੀ ਹੈ ਜੋ ਪੁਲਿਸ ਤੁਹਾਨੂੰ ਨੁਕਸਾਨ ਪਹੁੰਚਾਵੇਗੀ।ਤੁਸੀਂ ਅਰਾਮ ਨਾਲ ਰਹੋ"।ਪਰ ਮੈਂ ਜਾਣਦਾ ਹਾਂ ਕਿ ਮੇਰੇ ਤਸੱਲੀ ਬਿਲਕੁਲ ਝੂਠੀ ਹੈ।

ਸੱਚ ਤਾਂ ਇਹ ਹੈ ਕਿ ਪੁਲਿਸ ਆਸ਼ਰਮ 'ਚ ਰਹਿਣ ਵਾਲੇ ਇਹਨਾਂ ਤਿੰਨਾਂ ਕਾਰਕੁੰਨਾਂ ਨੂੰ ਕਦੇ ਵੀ ਝੂਠੇ ਕੇਸ ਬਣਾ ਕੇ,ਮਾਓਵਾਦੀ ਕਮਾਂਡਰ ਐਲਾਨ ਕੇ ਜੇਲ੍ਹ 'ਚ ਸੁੱਟ ਸਕਦੀ ਹੈ ਤੇ ਬੱਸ ਫਿਰ ਸਭ ਕੁਝ ਖ਼ਤਮ।ਬਿਲਕੁਲ ਇਹੀ ਤਾਂ ਤੁਸੀਂ ਕੋਪਾ ਕੁੰਜਾਮ ਨਾਲ ਕੀਤਾ ਸੀ।ਪਹਿਲਾਂ ਉਸਦੇ ਘਰ ਜਾ ਕੇ ਉਸਨੂੰ ਕੁੱਟ ਕੇ ਡਰਾਉਣ ਦੀ ਕੋਸਿ਼ਸ਼ ਕੀਤੀ ਗਈ,ਜਦ ਉਹ ਨਹੀਂ ਡਰਿਆ ਤਾਂ ਜੇਲ੍ਹ ਸੁੱਟ ਦਿੱਤਾ।ਕੁੰਜਾਮ ਜੋਸ਼ ਨਾਲ ਭਰਿਆ ਇਕ ਆਦਿਵਾਸੀ ਨੌਜਵਾਨ ਸੀ,ਜੋ 8 ਸਾਲ ਤੱਕ ਗਾਇਤਰੀ ਮਿਸ਼ਨ ਦਾ ਕੁੱਲਵਕਤੀ ਪ੍ਰਚਾਰਕ ਰਿਹਾ ਤੇ ਉਹ ਸਾਧਾਂ ਦੇ ਚੋਲੇ 'ਚ ਜਾ ਕੇ ਆਪਣੇ ਸਮਾਜ 'ਚ ਸ਼ਰਾਬ ਦੇ ਵਿਰੁੱਧ ਪ੍ਰਚਾਰ ਕਰਦਾ ਸੀ।ਜਦ ਵਨਵਾਸੀ ਚੇਤਨਾ ਆਸ਼ਰਮ ਨੇ ਉਸਦੇ ਖੇਤਰ 'ਚ ਕੰਮ ਕਰਨਾ ਸ਼ੁਰੂ ਕੀਤਾ ਤਾਂ ਕੋਪਾ ਨੇ ਮਹਿਸੂਸ ਕੀਤਾ ਕਿ ਇਸ ਸੰਸਥਾ ਦੀ ਸੋਚ ਜਿ਼ਆਦਾ ਆਧੁਨਿਕ ਤੇ ਵਿਗਿਆਨਕ ਹੈ।ਇਸਤੋਂ ਬਾਅਦ ਕੋਪਾ ਸਾਡੇ ਨਾਲ ਜੁੜ ਗਿਆ ਤੇ 13 ਸਾਲਾਂ 'ਚ ਉਸਦੇ ਔਰਤਾਂ ਤੇ ਨੌਜਵਾਨਾਂ ਨੂੰ ਜਥੇਬੰਦ ਕਰਨ 'ਚ ਅਹਿਮ ਰੋਲ ਅਦਾ ਕੀਤਾ।ਕੋਪਾ ਦੇ ਉਪਰਾਲਿਆਂ ਨਾਲ ਰਾਸ਼ਨ ਦੀਆਂ ਦੁਕਾਨਾਂ ਦੇ ਹੋਣ ਵਾਲੇ ਘੋਟਾਲੇ ਖ਼ਤਮ ਹੋਣ ਲੱਗੇ।ਅਧਿਆਪਕ,ਆਂਗਣਵਾੜੀ ਤੇ ਸਿਹਤ ਵਿਭਾਗ ਦੇ ਲੋਕ ਪਿੰਡਾਂ 'ਚ ਜਾਣ ਲੱਗੇ।ਨਰੇਗਾ 'ਚ ਲੋਕਾਂ ਨੂੰ ਪੂਰੀ ਮਜ਼ਦੂਰੀ ਦਵਾਈ ਗਈ।ਕੋਪਾ ਦੇ ਇਲਾਕੇ 'ਚ ਬੱਚਿਆਂ ਦੀਆਂ ਕੁਪੋਸ਼ਣ ਨਾਲ ਹੋਣ ਵਾਲੀਆਂ ਮੌਤਾਂ ਰੁਕਣ ਲੱਗੀਆਂ।ਪਰ ਕੋਪਾ ਨੇ ਇਕ ਗਲਤੀ ਕੀਤੀ।ਸਲਵਾ ਜੁਡਮ ਕੈਪਾਂ 'ਚ ਜਬਰਨ ਰੱਖੇ ਗਏ ਆਦਿਵਾਸੀਆਂ ਤੋਂ ਕੰਮ ਕਰਵਾਇਆ ਜਾਂਦਾ ਸੀ ਪਰ ਪੂਰੇ ਦੇ ਮੁਕਾਬਲੇ ਅੱਧੀ ਦਿਹਾੜੀ ਹੀ ਦਿੱਤੀ ਜਾਂਦੀ ਸੀ।ਅੱਧੇ ਪੈਸਿਆਂ 'ਚ ਪੁਲਿਸ ਨੇ ਸਿਆਸੀ ਆਗੂਆਂ ਦੀ ਮਿਲੀਭੁਗਤ ਹੁੰਦੀ ਸੀ।ਕੋਪਾ ਇਸ ਖਿਲਾਫ ਖੜ੍ਹਾ ਹੋਇਆ।ਕਿੰਨੀਆਂ ਥਾਵਾਂ 'ਤੇ ਪੂਰੀ ਮਜ਼ਦੂਰੀ ਵੰਡਣੀ ਪਈ। ਇੱਥੋਂ ਹੀ ਉਹ ਪੁਲਿਸ ਦੀਆਂ ਅੱਖਾਂ 'ਚ ਰੜਕਣ ਲੱਗਿਆ ਤੇ ਉਸਨੂੰ ਪੁਲਿਸ ਨੇ 'ਕਤਲ' ਦਾ ਇਲਜ਼ਾਮ ਲਾ ਕੇ ਇਕ ਸਾਲ ਤੋਂ ਜੇਲ੍ਹ 'ਚ ਬੰਦ ਕੀਤਾ ਹੋਇਆ ਹੈ।ਮੈਂ ਜੋ ਗੱਲਾਂ ਉੱਪਰ ਕਹੀਆਂ ਹਨ,ਉਨ੍ਹਾਂ ਦੇ ਸਬੂਤ ਮੇਰੇ ਕੋਲ ਹਨ ਤੇ ਮੈਂ ਜਨਤਕ ਤੌਰ 'ਤੇ ਇਹਨਾਂ ਗੱਲਾਂ ਨੂੰ ਸਿੱਧ ਕਰ ਦੇਵਾਂਗਾ।

ਮੈਨੂੰ ਯਾਦ ਹੈ ਕਿ ਕੋਪਾ ਨੇ ਆਪਣੇ ਆਦਿਵਾਸੀ ਦੋਸਤਾਂ ਨਾਲ ਮਿਲ ਕੇ 30 ਦੇ ਲਗਭਗ ਪਿੰਡਾਂ ਨੂੰ ਦੁਬਾਰਾ ਵਸਾਇਆ ਸੀ।ਉਹ ਉਜੜੇ ਹੋਏ ਪਿੰਡ ਜਿਨ੍ਹਾਂ ਨੂੰ ਤੁਹਾਡੀ ਪੁਲਿਸ ਤੇ ਸਲਵਾ ਜੁਡਮ ਵਾਲਿਆਂ ਨੇ ਸਾੜ ਕੇ ਔਰਤਾਂ ਨਾਲ ਬਲਾਤਕਾਰ ਤੇ ਲੋਕਾਂ ਦਾ ਕਤਲ ਕਰਦੇ ਹੋਏ ਉਜਾੜ ਦਿੱਤਾ ਸੀ।ਕੋਪਾ ਨੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਜੰਗਲ ਤੋਂ ਤੇ ਆਂਧਰਾ ਪ੍ਰਦੇਸ਼ ਤੋਂ ਵਾਪਸ ਲਿਆ ਕੇ ਵਸਾਇਆ,ਖੇਤੀ ਸ਼ੁਰੂ ਕਰਵਾਈ ਤੇ ਇਨ੍ਹਾਂ ਪਿੰਡਾਂ 'ਚ ਆਮ ਸਹਿਮਤੀ ਨਾਲ ਕਿਸੇ ਦੇ ਵੀ ਹਥਿਆਰ ਲੈ ਕੇ ਆਉਣ 'ਤੇ ਪਾਬੰਦੀ ਲਗਵਾਈ। ਤੇ ਇਨ੍ਹਾਂ ਸਾਰੇ ਪਿੰਡਾਂ ਨੂੰ ਅਹਿੰਸਕ ਇਲਾਕਾ ਬਣਾਉਣ ਦੀ ਕੋਸਿ਼ਸ਼ ਕੀਤੀ।ਇਹਨਾਂ ਪਿੰਡਾਂ 'ਚ ਸਕੂਲ,ਆਂਗਣਵਾੜੀ,ਰਾਸ਼ਨ ਦੁਕਾਨ,ਪੰਚਾਇਤਾਂ ਦੁਬਾਰਾ ਸ਼ੁਰੂ ਕਰਨ ਦੀ ਕੋਸਿ਼ਸ਼ ਕਰ ਰਿਹਾ ਸੀ ਤੇ ਤੁਸੀਂ ਉਸਨੂੰ ਜੇਲ੍ਹ 'ਚ ਸੁੱਟ ਦਿਤਾ।ਤਹਾਨੂੰ ਕੀ ਹਾਸਲ ਹੋਇਆ..? ਕੋਪਾ ਦੇ ਜੇਲ੍ਹ ਜਾਣ ਤੇ ਮੇਰੇ ਦਾਂਤੇਵਾੜਾ ਛੱਡਣ ਤੋਂ ਬਾਅਦ ਓਥੇ ਹਿੰਸਾ ਜਿ਼ਆਦਾ ਵਧੀ ਹੈ।

ਤੁਸੀਂ ਦਾਅਵਾ ਕਰਦੇ ਹੋਂ ਕਿ ਤੁਸੀਂ ਇਕ ਸਾਹਿਤਕਾਰ ਹੋਂ ਤੇ ਚਾਹੁੰਦੇ ਵੀ ਹੋਂ ਕਿ ਤੁਹਾਨੂੰ ਇਕ ਸਾਹਿਤਕਾਰ ਜਿਹਾ ਸਨਮਾਨ ਮਿਲੇ।ਪਰ ਤੁਹਾਨੂੰ ਨਹੀਂ ਲਗਦਾ ਕਿ ਸਾਹਿਤਕਾਰ ਹੋਣ ਦੀ ਪਹਿਲੀ ਸ਼ਰਤ ਸੱਚ ਨੂੰ ਦੇਖ ਪਾਉਣਾ,ਉਸਨੂੰ ਮਹਿਸੂਸ ਕਰਨਾ ਤੇ ਉਸਦੀ ਸੋਹਣੀ ਹੋਂਦ ਹੁੰਦੀ ਹੈ..? ਪਰ ਹਰ ਦਿਨ ਹਰ ਪਲ ਝੂਠ ਘੜਨਾ ਤੇ ਉਸਦਾ ਸਵੈ ਚਿੰਤਨ ਕਰਨਾ..? ਕੀ ਇਸ ਤਰ੍ਹਾਂ ਤੁਹਾਡੇ ਦਿਲ 'ਚੋਂ ਕਿਸੇ ਚੰਗੇ ਜਾਂ ਲੋਕ ਪੱਖੀ ਸਾਹਿਤ ਪੈਦਾ ਹੋਣਾ ਸੰਭਵ ਹੈ?ਲੋਕ ਤਾਂ ਛੱਡੋ ਤੁਸੀਂ ਖ਼ੁਦ ਆਪਣੇ ਲਿਖੇ ਤੋਂ ਸੰਤੁਸ਼ਟ ਨਹੀਂ ਹੁੰਦੇ ਹੋਵੋਂਗੇ,ਕਿਉਂਕਿ ਤੁਹਾਨੂੰ ਪਤਾ ਹੈ ਕਿ ਜੋ ਤੁਸੀਂ ਲਿਖਿਆ ਹੈ,ਉਹ ਝੂਠ ਤੇ ਬਨਾਉਟੀ ਮਨ ਦੀ ਉਪਜ ਹੈ।

ਤੁਹਾਨੂੰ ਯਾਦ ਹੋਵੇਗਾ,ਜਦੋਂ ਪਿਛਲੀ ਵਾਰ ਮੈਂ ਤੁਹਾਨੂੰ ਮਿਲਿਆ ਸੀ,ਉਹ ਸਲਵਾ ਜੁਡਮ ਦਾ ਸ਼ੁਰੂਆਤੀ ਦੌਰ ਸੀ।ਮੈਂ ਤੁਹਾਨੂੰ ਕਿਹਾ ਸੀ ,ਵਿਸ਼ਵਰੰਜਨ ਜੀ ਤੁਸੀਂ ਕਿਸ ਲਈ ਲੜ੍ਹ ਰਹੇ ਹੋਂ..?ਦੇਸ਼ ਦੇ ਲਈ ਜਾਂ ਭ੍ਰਿਸ਼ਟ ਸਿਆਸੀ ਆਗੂ ਦੇ ਆਰਥਿਕ ਸੁਆਰਥ ਲਈ..?ਮੈਂ ਇਹ ਵੀ ਕਿਹਾ ਸੀ ਕਿ ਪੁਲਿਸ ਦੀ ਇਹ ਨੌਕਰੀ ਤੁਹਾਨੂੰ ਸੰਵਿਧਾਨ ਤੇ ਕਾਨੂੰਨ ਦੀ ਰੱਖਿਆ ਲਈ ਦਿੱਤੀ ਗਈ ਹੈ ਤੇ ਜਿਸ ਦਿਨ ਤੁਸੀਂ ਇਸ ਭ੍ਰਿਸ਼ਟ ਤੇ ਲਾਲਚੀ ਮੁੱਖ ਮੰਤਰੀ ਨੂੰ ਕਹਿ ਦੇਵੋਂਗੇ ਕਿ "ਮਿਸਟਰ ਚੀਫ ਮਿਨਸਟਰ,ਆਦਿਵਾਸੀਆਂ ਦੀ ਜ਼ਮੀਨ ਲੈਣ ਦਾ ਕਾਨੂੰਨੀ ਰਾਹ ਇਹ ਹੈ ਤੇ ਜੇ ਤੁਸੀਂ ਇਸ ਕਾਨੂੰਨ ਦੀ ਉਲੰਘਣਾ ਕੀਤੀ ਤਾਂ ਮੈਂ ਤੁਹਾਨੂੰ ਚੁੱਕ ਕੇ ਜੇਲ੍ਹ 'ਚ ਸੁੱਟ ਦੇਵਾਂਗਾ ਤੇ ਇਸ ਤਰ੍ਹਾਂ ਜਿਸ ਦਿਨ ਪੁਲਿਸ ਦੀ ਬੰਦੂਕ ਗਰੀਬ ਦੇ ਹੱਕ 'ਚ ਉੱਠੇਗੀ,ਉਸ ਦਿਨ ਨਕਸਲਵਾਦ ਆਪਣੇ ਆਪ ਖ਼ਤਮ ਹੋ ਜਾਵੇਗਾ।ਕਾਸ਼ ਹੁਣ ਵੀ ਤੁਹਾਨੂੰ ਆਪਣਾ ਕਰਤੱਬ ਯਾਦ ਆ ਜਾਵੇ।

ਵਿਸ਼ਵਰੰਜਨ ਜੀ ਤੁਸੀਂ ਲਿਖਿਆ ਸੀ ਕਿ ਪੁਲਿਸ ਨੂੰ ਮਨੁੱਖੀ ਅਧਿਕਾਰਾਂ ਵਾਲੇ ਸ਼ੂਦਰ ਮੰਨਦੇ ਹਨ ਤੇ ਅਛੂਤਾਂ ਜਿਹਾ ਵਿਹਾਰ ਕਰਦੇ ਹਨ,ਪਰ ਸੱਚਾਈ ਉਲਟੀ ਹੈ,ਅਸੀਂ ਕਦੇ ਤੁਹਾਡੇ ਨਾਲ ਸਬੰਧ ਤੋੜਨ ਦੀ ਕੋਸਿ਼ਸ਼ ਨਹੀਂ ਕੀਤੀ।ਬਲਕਿ ਤੁਸੀਂ ਖਾੜਕੂ ਸੰਘਰਸ਼ ਵਾਲੇ ਇਲਾਕਿਆਂ 'ਚ ਸਾਂਤੀ ਸਥਾਪਤ ਕਰਨ ਲਈ ਕੰਮ ਕਰਨ ਵਾਲੇ ਸਾਰੇ ਸਮਾਜਿਕ ਕਾਰਕੁੰਨਾਂ ਨੂੰ ਇਲਜ਼ਾਮ ਲਾ ਕੇ ਜਾਂ ਤਾਂ ਜੇਲ੍ਹ 'ਚ ਬੰਦ ਕਰ ਦਿੱਤਾ ਜਾਂ ਉਨ੍ਹਾਂ ਨੂੰ ਇਲਾਕਾ ਛੱਡ ਕੇ ਜਾਣ ਲਈ ਮਜ਼ਬੂਰ ਕੀਤਾ ਗਿਆ।

ਤੁਸੀਂ ਦਾਅਵਾ ਕਰਦੇ ਹੋਂ ਕਿ ਤੁਸੀਂ ਇਕ ਫੈਸਲਾਕੁੰਨ ਜੰਗ ਲੜ ਰਹੇ ਹੋਂ।ਚਲੋ ,ਅਸੀਂ ਤੁਹਾਡੀ ਗੱਲ ਨੂੰ ਸੱਚ ਮੰਨਿਆ।ਪਰ ਤੁਹਾਡੀ ਇਸ ਲੜਾਈ 'ਚ ਤੁਹਾਡੇ ਨਾਲ ਕੌਣ ਹੈ? ਲਾਲਚੀ ਲੀਡਰ,ਭ੍ਰਿਸ਼ਟ ਅਧਿਕਾਰੀ,ਸਬਜ਼ੀ ਵੇਚਣ ਵਾਲੀਆਂ ਗਰੀਬ ਔਰਤਾਂ ਤੇ ਸਟੇਸ਼ਨ 'ਤੇ ਕੂੜਾ ਕਚਰਾ ਇਕੱਠਾ ਕਰਨ ਵਾਲੇ ਬੱਚਿਆਂ ਤੋਂ ਵੀ ਰਿਸ਼ਵਤ ਲੈਣ ਵਾਲੇ ਤੁਹਾਡੇ ਪੁਲਿਸ ਵਾਲੇ?ਕਿਤੇ ਤੁਸੀਂ ਇਹਨਾਂ ਨੁੰ ਨਾਲ ਲੈ ਕੇ ਨਕਸਲਵਾਦ ਖਿਲਾਫ ਲੜਾਈ ਜਿੱਤਣ ਦਾ ਸੁਫਨਾ ਤਾਂ ਨਹੀਂ ਵੇਖ ਰਹੇ..?

ਤੁਹਾਨੂੰ ਉਹ ਘਟਨਾ ਯਾਦ ਹੋਵੇਗੀ ਜਿਸ 'ਚ ਦਾਂਤੇਵਾੜਾ ਦੇ ਪਿੰਡ ਟੇਕਨਾਰ ਦੀ ਆਂਗਣਵਾੜੀ ਚਲਾਉਣ ਵਾਲੀ ਔਰਤ ਦਾ ਪੈਸਾ ਇਕ ਸਰਕਾਰੀ ਔਰਤ ਅਧਿਕਾਰੀ ਖਾ ਜਾਂਦੀ ਸੀ।ਤੇ ਸਾਡੀ ਸੰਸਥਾ ਦੇ ਕਾਰਕੁੰਨਾਂ ਦੀ ਮਦਦ ਨਾਲ ਜਦੋਂ ਉਸਨੇ ਇਸਦਾ ਵਿਰੋਧ ਕੀਤਾ ਤਾਂ ਤੁਹਾਡੇ ਐੱਸ ਪੀ ਨੇ ਮੇਰੇ ਹੀ ਖਿਲਾਫ ਝੂਠੀ ਐੱਫ ਆਈ ਆਰ ਦਰਜ ਕਰ ਦਿੱਤਾ।ਤੇ ਪਿਛਲੀ ਮੁਲਾਕਾਤ 'ਚ ਮੈਂ ਤੁਹਾਨੂੰ ਕਿਹਾ ਸੀ ਕਿ ਜਿਹੜੀ ਪੁਲਿਸ ਦੁੱਧ ਚੁੰਘਦੇ ਬੱਚਿਆਂ ਦਾ ਰਾਸ਼ਨ ਖਾਣ ਵਾਲਿਆਂ ਨਾਲ ਮਿਲੀ ਹੋਈ ਹੈ,ਉਹ ਕਦੇ ਵੀ ਸਮਾਜ 'ਚੋਂ ਨਕਸਲਵਾਦ ਦੂਰ ਨਹੀਂ ਕਰ ਸਕਦੀ।ਅਜਿਹਾ ਸੁਫਨਾ ਵੀ ਨਾ ਵੇਖੋ।

ਮੈਂ ਇਹ ਮੰਨਦਾ ਹਾਂ ਕਿ ਅਸੀਂ ਜਿੱਥੇ ਪੈਦਾ ਹੁੰਦੇ ਹਾਂ,ਉਹ ਮਾਹੌਲ ਤੇ ਹਾਲਤ ਦੇ ਮੁਤਾਬਕ ਚੀਜ਼ਾਂ ਨੂੰ ਸਹੀ ਤੇ ਗਲਤ ਮੰਨਦੇ ਹਾਂ।ਜਿਵੇਂ ਜੇ ਅਸੀਂ ਹਿੰਦੋਸਤਾਨ 'ਚ ਪੈਦਾ ਹੋਈਏ ਤਾਂ ਪਾਕਿਸਤਾਨ ਨੂੰ ਗਲਤ ਮੰਨਦੇ ਹਾਂ।ਇਸੇ ਤਰ੍ਹਾਂ ਮੈਂ ਜੇ ਉਸ ਘਰ 'ਚ ਪੈਦਾ ਹੁੰਦਾ,ਜਿੱਥੇ ਤੁਸੀਂ ਹੋਏ ਹੋਂ ਤੇ ਤੁਸੀਂ ਮੇਰੇ ਘਰ 'ਚ ਪੈਦਾ ਹੋਏ ਹੁੰਦੇ ਤਾਂ ਸਾਡੇ ਦੋਹਾਂ ਦੇ ਵਿਚਾਰ ਇਕ ਦੂਜੇ ਦੇ ਉਲਟ ਹੁੰਦੇ।ਇਸ ਲਈ ਜੇ ਸੱਚ ਨੂੰ ਜਾਨਣਾ ਹੈ ਤਾਂ ਖ਼ੁਦ ਨੂੰ ਸਾਹਮਣੇ ਵਾਲੇ ਦੀ ਹਾਲਤ 'ਚ ਰੱਖ ਕੇ ਹੀ ਸੋਚਣਾ ਹੋਵੇਗਾ।ਇਹੀ ਸੱਚ ਵੱਲ ਸਾਡੀ ਪਹਿਲੀ ਪੁਲਾਂਘ ਹੁੰਦੀ ਹੈ।ਹੁਣ ਤੁਸੀਂ ਖ਼ੁਦ ਨੂੰ ਦਾਂਤੇਵਾੜੇ ਦੇ ਕਿਸੇ ਆਦਿਵਾਸੀ ਦੇ ਘਰ ਰੱਖ ਕੇ ਸੋਚੋ ਕਿ ਉਦੋਂ ਤੁਹਾਡੇ ਵਿਚਾਰ ਪੁਲਿਸ,ਸਰਕਾਰ ਤੇ ਨਕਸਲੀਆਂ ਦੇ ਬਾਰੇ ਇਹੀ ਰਹਿੰਦੇ ਹਨ,ਜੋ ਅੱਜ ਇਕ ਡੀ.ਜੀ.ਪੀ ਦੇ ਨਾਤੇ ਹਨ?

ਖ਼ੈਰ ਅਜੇ ਤੁਸੀਂ ਇਹਨਾਂ ਗੱਲਾਂ ਨੂੰ ਨਹੀਂ ਮੰਨੋਗੇ।ਪਰ ਜਦੋਂ ਤੁਸੀਂ ਇਸ ਨੌਕਰੀ 'ਤੇ ਨਹੀਂ ਰਹੋਗੇ,ਤਾਂ ਸੱਚਾਈ ਤੁਹਾਨੂੰ ਬਹੁਤ ਤੰਗ ਕਰੇਗੀ,ਕਿ ਉਦੋਂ ਤੁਸੀਂ ਸਹੀ ਕੰਮ ਦਾ ਮੌਕਾ ਹੁੰਦੇ ਹੋਏ ਜ਼ਮੀਰ ਦੀ ਆਵਾਜ਼ ਕਿਉਂ ਨਹੀਂ ਸੁਣੀ ਤੇ ਉਹ ਸਭ ਕੁਝ ਕਿਉਂ ਨਾ ਕੀਤਾ ਜੋ ਠੀਕ ਸੀ।

ਹਿਮਾਂਸੂ ਕੁਮਾਰ

No comments:

Post a Comment