ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Friday, February 4, 2011

ਆਇਸ਼ਾ ਤੇ ਜੇਸਿਕਾ ਦੀ ਦਿੱਲੀ

ਸ਼ਾਇਦ ਅਦਾਲਤਾਂ ਕਦੇ ਵੀ ਫੈਸਲਾ ਨਹੀਂ ਕਰਦੀਆਂ ਫੈਸਲਾ ਕਰਦੀ ਹੈ ਅਵਾਮ ਦੀ ਅਵਾਜ਼ ਜੋ ਬੇਇਨਸਾਫੀ ਦੇ ਖਿਲਾਫ ਇੱਕਸੁਰ ਹੋਕੇ ਉੱਠਦੀ ਹੈ।ਇਸੇ ਕਰਕੇ ਜੈਸਿਕਾ ਲਾਲ ਕਤਲ ਤੋਂ ਲੈਕੇ ਪ੍ਰਿਆਦਰਸ਼ਨੀ ਮੱਟੂ ਕੇਸ ‘ਚ ਫੈਸਲਾ ਹੋਣ ਤੋਂ ਬਾਅਦ ਲੋਕਾਂ ਦੇ ਵਿਰੋਧ ਕਰਨ ‘ਤੇ ਫੈਸਲਾ ਸਹੀ ਲੀਹੇ ਪਿਆ।ਇਸ ‘ਚ ਉਹਨਾਂ ਅਦਾਲਤਾਂ ਦਾ ਜਾਂ ਭਾਰਤ ਦੀ ਨਿਆਂ ਪ੍ਰਣਾਲੀ ਦਾ ਕੋਈ ਕਸੂਰ ਨਹੀਂ।ਇਸ ਵਿੱਚ ਕਸੂਰ ਉਹਨਾਂ ਲੋਕਾਂ ਦਾ ਜਿਹਨਾਂ ਇਹਨੂੰ ਕਮਜ਼ੋਰ ਬਣਾਇਆ।ਟਾਈਮਸ ਆਫ ਇੰਡੀਆ ‘ਚ ਜਦੋਂ ਪਹਿਲੇ ਸਫ਼ੇ ਤੇ ‘ਨੋ ਵਨ ਕਿਲਡ ਜੇਸਿਕਾ’ ਸਿਰਲੇਖ ਅਧੀਨ ਖ਼ਬਰ ਸੁਰਖੀਆਂ ‘ਚ ਆਈ ਸੀ ਤਾਂ ਉਹ ਆਮ ਲੋਕਾਂ ਦੇ ਦਰਦ ਨਾਲ ਮਜ਼ਾਕ ਸੀ ਤੇ ਸਿਆਸਤ ਦੀ ਉਸ ਤਾਕਤਵਾਰੀ ਕਰਤੂਤ ਦੀ ਤਸਵੀਰ ਸੀ।ਪਰ ਇਹ ਵਿਅੰਗ ਭਾਰਤੀ ਨਿਆਂ ਪ੍ਰਣਾਲੀ ‘ਚ ਕਿਸੇ ਸਫ਼ੇ ਨੂੰ ਮੁੜ ਖੋਲ੍ਹਣ ਲਈ ਕਾਫੀ ਸੀ।

"ਨੋ ਵਨ ਕਿਲਡ ਜੇਸਿਕਾ" ਤੋਂ ਲੋਕਾਂ ਦੀ ਅਵਾਜ਼ ਹੁਣ ਐਵਰੀਵਨ ਕਿਲਡ ਜੇਸਿਕਾ ਤੱਕ ਪਹੁੰਚ ਗਈ ਸੀ।ਇਹ ਤਾਂ ਭੀੜ ਹੁੰਦੀ ਹੈ ਜਿਹਨੂੰ ਸਹੀ ਦਿਸ਼ਾ ਦੇਵਾਂਗੇ ਤਾਂ ਕ੍ਰਾਂਤੀ...! ਗਲਤ ਦਿਸ਼ਾ ਦੇ ਦਈਏ ਤਾਂ ਮੰਦਰ ਵੀ ਟੁੱਟਦਾ ਹੈ,ਮਸੀਤ ਵੀ ਟੁੱਟਦੀ ਹੈ,ਲਾਸ਼ਾਂ ਵੀ ਵਿਛਦੀਆਂ ਨੇ ਤੇ ਖ਼ੂਨ ਵੀ ਸਿੰਮਦਾ ਹੈ।ਇਹ ਖ਼ੂਨ ਫਿਰ ਰਿਸਦਾ ਰਹਿੰਦਾ ਹੈ ਤੇ ਗਾਹੇ ਬਗਾਹੇ ਇਤਿਹਾਸ ਮੁੜ ਮੁੜ ਆਕੇ ਸਵਾਲ ਪੁੱਛਦਾ ਹੈ ਪਰ ਜਵਾਬ ਕੋਈ ਨਹੀਂ ਹੁੰਦਾ।ਫਿਰ ਬਕੌਲ ਗੁਲਜ਼ਾਰ ਸਾਹਿਬ ਅੱਧ ਜਲੀਆਂ ਲਾਸ਼ਾਂ ਵੀ ਵੇਖੀਆਂ ਹੁੰਦੀਆਂ ਹਨ ਤੇ ਉਹਨਾਂ ਨੂੰ ਟਰੱਕ ‘ਚ ਥੋਕ ਦੇ ਭਾਅ ਸੁੱਟਦੇ ਵੀ ਕੋਈ ਵੇਖਦਾ ਹੈ ਤੇ ਖੁਰਚਨੇ ਨਾਲ ਸੜਕ ਤੋਂ ਕਿਸੇ ਲਾਸ਼ ਨੂੰ ਇੱਕਠਾ ਕਰਦਾ ਵੀ ਵੇਖਿਆ ਹੁੰਦਾ ਹੈ…ਤੇ ਇਸ ਖੌਫ 'ਚ ਤਰਸਦੀਆਂ ਵਿਲਕਦੀਆਂ ਰਾਤਾਂ ਨੂੰ ਅੱਜ ਤੱਕ ਇਨਸਾਫ ਨਹੀ ਮਿਲਿਆ।ਕੋਈ 5 ਸਾਲ ਤੋਂ ਚੱਲ ਰਿਹਾ ਹੈ ਤੇ ਕਿਸੇ ਨੂੰ ਕ੍ਰਮਵਾਰ 15-20-25 ਸਾਲ ਤੱਕ ਵੀ ਹੋ ਗਏ ਨੇ।ਮੋਮਬਤੀਆਂ ਜਲਦੀਆਂ ਰਹਿਣਗੀਆਂ…ਮਾਰਚ ਪਾਸਟ ਹੁੰਦੇ ਰਹਿਣਗੇ ਤੇ…ਫਿਰ ਜਾਕੇ ਇਨਸਾਫ ਮਿਲੇਗਾ….ਤੇ ਫਿਰ ਇੱਕ ਨਵੀਂ ਵਾਰਦਾਤ ਵਾਪਰੇਗੀ…ਫਿਰ ਅਵਾਜ਼ਾਂ ਰੋਦੀਆਂ ਵਿਲਕਿਦੀਆਂ ਇਨਸਾਫ ਦੀ ਫਰਿਆਦ ਕਰਨਗੀਆਂ।ਆਖਰ ਕਦੋਂ ਤੱਕ…?

ਨੈਸ਼ਨਲ ਕਰਾਈਮ ਬਿਓਰੋ ਦੀਆਂ ਰਿਪੋਰਟਾਂ ਹੈਰਾਨੀਜਨਕ ਨੇ।ਦਿੱਲੀ ਅਪਰਾਧ ਦੀ ਨਵੀਂ ਦੁਨੀਆਂ ਬਣਦਾ ਜਾ ਰਿਹਾ ਹੈ।ਵਿਕਾਸ ਦਾ ਲਾੜਾ ਬਰਬਾਦੀ ਦਾ ਸਰਬਾਲਾ ਵੀ ਲੈਕੇ ਆਉਂਦਾ ਹੈ।ਇੱਕ ਪਾਸੇ ਮਿਰਜ਼ਾ ਗ਼ਾਲਿਬ ਦੀਆਂ ਬਲੀਮਾਰਾਂ ਦੀਆਂ ਗਲੀਆਂ ਤੇ ਚਾਂਦਨੀ ਚੌਂਕ ਦਾ ਜ਼ਿਕਰ ਹੈ ਉਸੇ ਚਾਂਦਨੀ ਚੌਂਕ ‘ਤੇ ਕੋਈ ਹਿੰਦ ਦੀ ਚਾਦਰ ਵੀ ਸ਼ਹੀਦੀਆਂ ਪਾਉਂਦੀ ਹੈ ਤੇ ਫਿਰ ਬਹਾਦਰ ਸ਼ਾਹ ਜ਼ਫ਼ਰ ਦੀ ਗ਼ਜ਼ਲਾਂ ਨਾਲ ਭਿੱਜਿਆ ਸਾਹਿਤ ਹੈ ਤੇ ਉਸੇ ਦਿੱਲੀ ‘ਚ 84 ਦਾ ਕਤਲੇਆਮ ਵੀ ਹੈ।ਇਸੇ ਦਿੱਲੀ ‘ਚ ਆਇਸ਼ਾ(ਸੋਨਮ ਕਪੂਰ ਅਭਿਨੀਤ ਜੇਨ ਆਸਟਿਨ ਦੇ ਨਾਵਲ ਐਮਾ ਦਾ ਉਲਥਾ) ਵੀ ਹੈ ਤੇ ਜੇਸਿਕਾ ਵੀ ਹੈ।ਬੈਂਡ ਬਾਜਾ ਬਰਾਤ ਵੀ ਹੈ ਤੇ 'ਦਿਲ ਦੋਸਤੀ ਐਕਸਟਰਾ' ਦੀ ਨੌਜਵਾਨ ਪੀੜ੍ਹੀ ਦੀਆਂ ਚਿੱਟੀਆਂ ਕਾਲੀਆਂ ਖ਼ਵਾਇਸ਼ਾਂ ਵੀ ਹਨ।

ਰਾਜ ਕੁਮਾਰ ਗੁਪਤਾ ਦੀ ਫਿਲਮ ਨੋ ਵਨ ਕਿਲਡ ਜੇਸਿਕਾ ਦੀ ਖਾਸ ਗੱਲ ਇਹ ਨਹੀਂ ਕਿ ਫਿਲਮ ਜੇਸਿਕਾ ‘ਤੇ ਹੈ ਜਾਂ ਰਾਣੀ ਮੁਖਰਜੀ ਦੀਆਂ ਬੇਬਾਕ ਗੰਦੀਆਂ ਗਾਲਾਂ ਹਨ।ਰਾਜ ਕੁਮਾਰ ਗੁਪਤਾ ਦੀ ਫਿਲਮ ਦੀ ਖੂਬੀ ਇਹ ਹੈ ਕਿ ਆਮ ਆਦਮੀ ਗੀਰੇ ਦੀ ਪਾਥੀ ਹੈ…ਜਿਹੜੀ ਗੀਰੇ ‘ਚ ਦੱਬੀ ਹੈ ਕੋਈ ਅੱਗ ਲਗਾਏ ਫਿਰ ਦੱਸਦੇ ਹਾਂ ਗੀਰੇ ਦੀ ਪਾਥੀ ਕੀ ਹੁੰਦੀ ਹੈ।ਇਹ ਗੁਲਜ਼ਾਰ ਸਾਹਿਬ ਦੀ ਫਿਲਮ ‘ਹੂ ਤੂ ਤੂ' ਦਾ ਸੰਵਾਦ ਹੈ ਜੋ ਮੈਨੂੰ ਇਸ ਫਿਲਮ ‘ਚ ਜ਼ਿਆਦਾ ਤਾਕਤਵਰ ਰੂਪ ‘ਚ ਉਘੜਿਆ ਨਜ਼ਰ ਆਉਂਦਾ ਹੈ।ਰਾਜ ਕੁਮਾਰ ਗੁਪਤਾ ਦੀ ਫਿਲਮ ‘ਚ ਆਮ ਆਦਮੀ ਇੰਝ ਦਾ ਹੀ ਹੈ ਜੋ ਕਹਿੰਦਾ ਹੈ,”ਅੱਛਾ ਮੇਰੀ ਚੁੱਪ ਨੂੰ ਕੀ ਸਮਝ ਲਿਆ ਤੁਸੀ…ਸਵੇਰੇ 9 ਤੋਂ 5 ਵਜੇ ਤੱਕ ਦਾ ਰੋਜ਼ਾਨਾ ਕੰਮਕਾਰੂ ਬੰਦਾ…!

ਫਿਰ ਆਮ ਆਦਮੀ ਦੀ ਤਾਕਤ ਵਿਖਦੀ ਹੈ ਜੋ ਅਸੀ ਅਕਸਰ ਪਰਿਵਾਰ,ਨੌਕਰੀ,ਦੁਨੀਆ ਦਾ ਵਾਸਤਾ ਪਾਕੇ ਲੁਕੋ ਕੇ ਰੱਖਦੇ ਹਾਂ ਪਰ ਜਦੋਂ ਖੁਦ ‘ਤੇ ਆਉਂਦੀ ਹੈ ਉਦੋਂ ਬਾਹਰ ਆਉਂਦੀ ਹੈ।ਰਾਜ ਕੁਮਾਰ ਗੁਪਤਾ ਦੀ ਫਿਲਮ ‘ਆਮਿਰ’ ਦਾ ਨਾਇਕ ਵੀ ਅਜਿਹਾ ਹੀ ਸੀ।ਅੱਤਵਾਦੀ ਨਾਇਕ ਦੇ ਪਰਿਵਾਰ ਨੂੰ ਬੰਦੀ ਬਣਾ ਕੇ ਉਸ ਤੋਂ ਬੰਬ ਰਖਵਾਉਂਦੇ ਹਨ।ਧਰਮ ਦੇ ਠੇਕੇਦਾਰ ਕਹਾਉਣ ਵਾਲੇ ਨਾਇਕ ਨੂੰ ਇਸਲਾਮ ਸਿਖਾਉਂਦੇ ਹਨ ਪਰ ਨਾਇਕ ਜਾਣਦਾ ਹੈ ਇਸਲਾਮ ਦੇ ਮਾਇਨੇ ਕੀ ਹਨ ‘ਤੇ ਅਖੀਰ ‘ਤੇ ਲੋਕਾਂ ਨੂੰ ਬਚਾਉਂਦਾ ਹੋਇਆ ਖੁਦ ਨੂੰ ਮਨੁੱਖਤਾ ਦੇ ਨਾਮ ‘ਤੇ ਵਾਰ ਦਿੰਦਾ ਹੈ।ਨੋ ਵਨ ਕਿਲਡ ਜੇਸਿਕਾ ਯਥਾਰਕ ਦੇ ਨੇੜੇ ਰਹਿਕੇ ਬਣੀ ਫਿਲਮ ਸੀ ਅਜਿਹੀ ਫਿਲਮ ਲਈ ਵੱਡੀ ਔਕੜ ਇਹ ਹੁੰਦੀ ਹੈ ਕਿ ਤੁਸੀ ਕੁਝ ਇਸ ਤਰ੍ਹਾਂ ਦੀ ਪੇਸ਼ਕਾਰੀ ਕਰੋ ਕਿ ਦਰਸ਼ਕ ਨੂੰ ਅਰਥ-ਮਨੋਰੰਜਨ-ਸੋਚ ਇੱਕ ਕਤਾਰ ‘ਚ ਹੀ ਮਿਲ ਸਕਣ।ਨੋ ਵਨ ਕਿਲਡ ਜੇਸਿਕਾ...!

ਇਹ ਦੱਸਦੀ ਹੈ ਕਿ ਤਮਾਸ਼ਬੀਨਾਂ ਦੀ ਫੌਜ ‘ਚ ਤਮਾਸ਼ਾ ਸਭ ਨੇ ਵੇਖਿਆ ਤੇ ਜੇਸਿਕਾ ਦੀ ਮੌਤ ਸਿਰਫ ਇੱਕ ਹਾਦਸਾ ਬਣਕੇ ਰਹਿ ਗਈ ਤੇ ਪੈਸੇ ਦੀ ਤੂਤੀ ਬੋਲੀ ਗਵਾਹ ਖਰੀਦੇ ਗਏ…ਸੱਚ ਦਾ ਇਹ ਅਧਾਰ ਫਿਲਮ ਬਾਖੂਬੀ ਬਿਆਨ ਕਰਦੀ ਹੈ।ਦੂਜਾ ਕਿ ਭ੍ਰਿਸ਼ਟ ਪੁਲਿਸ ਵਾਲੇ ਦੀ ਮਨੋਵਿਗਿਆਨਕਤਾ ਦਾ ਮਨੁੱਖ ਅੰਦਰਲਾ ਸ਼ੈਤਾਨ ਰਿਸ਼ਵਤ ਲੈਂਦਾ ਹੈ ਕਿਉਂ ਕਿ ਬਹੁਮਤ ਦੀ ਸਰਕਾਰੀ ਮੌਹਰ ਲੱਗੀ ਜਮਾਤ ਦੀ ਜ਼ੁਬਾਨ ਜੁਗਾਲੀ ਕਰਦੀ ਹੈ ਤੇ ਇਹ ਆਦਤ ਸਦੀਆਂ ਪਹਿਲਾਂ ਦੀ ਹੈ।ਪੁਲਿਸ ਵਾਲੇ ਦਾ ਮਨੁੱਖ ਅੰਦਰਲਾ ਮਨੁੱਖ ਤੜਪ ਵੀ ਰਿਹਾ ਹੈ ਬੇਇਨਸਾਫੀ ਨੂੰ ਲੈ ਕੇ ਪਰ ਉਹਨੂੰ ਪਤਾ ਹੈ ਕਿ ਉਹ ਇੱਕ ਆਮ ਇਨਸਾਨ ਹੈ ਤੇ ਉਸਦਾ ਪਰਿਵਾਰ ਹੈ ਤੇ ਇੱਕਲਾ ਮਨੁੱਖ ਉਦੋਂ ਤੱਕ ਕ੍ਰਾਤੀ ਨਹੀ ਲਿਆ ਸਕਦਾ ਜਦੋਂ ਤੱਕ ਬਾਹਵਾਂ ਨੂੰ ਬਾਹਵਾਂ ਦਾ ਸਹਾਰਾ ਨਹੀਂ ਮਿਲਦਾ।ਪੁਲਿਸ ਵਾਲੇ ਦਾ ਮਨੁੱਖ ਅੰਦਰਲਾ ਦੇਵਤਾ ਪੱਤਰਕਾਰ ਦੇ ਘਰ ਰਿਕਾਰਡ ਇਕਬਾਲੀਆ ਬਿਆਨ ਰੱਖਕੇ ਚੱਲੇ ਜਾਂਦਾ ਹੈ ਕਿਉਂ ਕਿ ਉਹਨੂੰ ਪਤਾ ਹੈ ਕਿ ਹੁਣ ਮਨੁੱਖ ਸੰਘਰਸ਼ ‘ਤੇ ਉੱਤਰ ਆਇਆ ਹੈ ਤੇ ਫਿਰ ਰੱਬ ਬਣਕੇ ਮਦਦ ਕਰ ਦੇਣੀ ਚਾਹੀਦੀ ਹੈ।ਜੇਸਿਕਾ ਦੇ ਕਤਲ ਦੇ ਬਹਾਨੇ ਫਿਲਮ ਨੇ ਬਿਆਨ ਕੀਤਾ ਹੈ ਮਨੁੱਖ ਦਾ ਦੋਗਲਾ ਕਿਰਦਾਰ ਜਿਹਨਾਂ ਕਰਕੇ ਸੱਚ ਸੱਚ ਨਹੀਂ ਰਿਹਾ ਤੇ ਦੱਸਦਾ ਹੈ ਕਿ ਆਮ ਇਨਸਾਨ ਤੇ ਸੁਕਰਾਤ ਵਿਚਲਾ ਫਾਸਲਾ ਕਿਉਂ ਰਹਿ ਰਿਹਾ ਹੈ।ਉੱਚ ਤਬਕੇ ਦੇ ਲੋਕਾਂ ਚੋਂ ਬਾਰ ਦੀ ਉਹ ਔਰਤ ਕਿਵੇਂ ਭੁੱਲ ਸਕਦੇ ਹਾਂ ਜਿਹਨੂੰ ਜੇਸਿਕਾ ਦੀ ਮੌਤ ਦੀ ਹਮਦਰਦੀ ਹੈ ਸਬਰੀਨਾ(ਜੇਸਿਕਾ ਦੀ ਭੈਣ) ਨਾਲ,ਪਰ ਹਿੰਮਤ ਨਹੀਂ ਤੇ ਸਾਜੋ ਸ਼ਿੰਗਾਰ ਦੀ ਫਿਕਰ ਕਰਦੀ ਇੱਕ ਪਲ ‘ਚ ਰੋ ਕੇ ਦੂਜੇ ਪਲ ‘ਚ ਹੀ ਕੇਕ ਮੂੰਹ ਦੇ ਅੰਦਰ ਚਲੇ ਜਾਂਦਾ ਹੈ(ਸੀਨ ਵੇਖਿਓ ਸਮਝ ਆਵੇਗਾ).ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਇਹ ਸਾਰੇ ਲੋਕ ਬੂਰੇ ਵੀ ਨਹੀਂ ਕਹਿ ਸਕਦੇ ਸਿਸਟਮ ਨੇ ਹਲਾਤਾਂ ਨੂੰ ਬਣਾ ਹੀ ਇੰਝ ਦਿੱਤਾ ਹੈ ਤੇ ਇਸ ਲਈ ਹੁਣ ਚਿੱਟਾ ਲਹੂ ਰੰਗ ਨਹੀਂ ਚੜਾਉਂਦਾ ਜਿਹਨੂੰ ਇਸ ਯੁੱਗ ‘ਚ ਸ਼ੂਰਵੀਰ ਕਹਿ ਸਕੀਏ।ਕਿਉਂ ਕਿ ਸਾਰੇ ਇਹ ਸੋਚ ਕੇ ਹੀ ਗੁਨਾਹ ਕਰ ਰਹੇ ਹਨ ਕਿ ਉਹਨਾਂ ਦੇ ਇੱਕਲਿਆਂ ਸੱਚ ਬੋਲਣ ਨਾਲ ਕਿਹੜਾ ਦੁਨੀਆ ਬਦਲਣ ਲੱਗੀ ਹੈ।ਫਿਲਮ ਬਿਆਨ ਕਰਦੀ ਹੈ ਕਿ ਲੋਕਾਂ ‘ਚ ਬਰਦਾਸ਼ਤ ਜਾਂ ਨਾ ਸੁਨਣ ਦੀ ਜਾਂ ਹਲਕੀ ਗੱਲ ਨੂੰ ਪਚਾਉਣ ਦੀ ਹਿੰਮਤ ਵੀ ਕਿੰਨਾ ਜਵਾਬ ਦੇ ਗਈ ਹੈ।ਆਖਰ ਹੁਣ ਇੱਕ ਡ੍ਰਿੰਕ ਨਾ ਦੇਣ ਦੀ ਜ਼ੁਰਤ ਕਰਨ ‘ਤੇ ਵੀ ਗੋਲੀ ਵੱਜ ਸਕਦੀ ਹੈ।ਇਹ ਦੁਨੀਆਂ ਦਾ ਮਹਾਂਨਗਰਾਂ ਦਾ ਸਿਆਸਤ ਦੀ ਨਜਾਇਜ਼ ਤਾਕਤ ਦਾ,ਦਿੱਲੀ ਦਾ ਨਵਾਂ ਕੈਨਵਸ ਹੈ ਜੋ ਜੇਸਿਕਾ ਤੋਂ ਬਾਅਦ ਹੋਰ ਵੱਡਾ ਹੋ ਗਿਆ ਹੈ ਕਿਉਂ ਕਿ ਹੁਣ ਖ਼ਬਰਾਂ ‘ਚ 18 ਸਾਲ ਤੋਂ ਘੱਟ ਉੱਮਰ ਦੇ ਬੱਚਿਆਂ ਨੇ ਵੀ ਸਮੂਹਿਕ ਬਲਾਤਕਾਰ ਦੇ ਕੰਮ ‘ਚ ਆਪਣੀ ਹਾਜ਼ਰੀ ਲਵਾ ਦਿੱਤੀ ਹੈ।

ਅਦਾਲਤਾਂ ‘ਚ ਬੰਦਿਆਂ ਦੇ ਬਿਰਖ ਹੋਣ ਦੀ ਦਾਸਤਾਨ ਸਬਰੀਨਾ ਬਿਆਨ ਕਰਦੀ ਹੈ।ਲੰਮੀ ਕਾਨੂੰਨੀ ਪ੍ਰੀਕ੍ਰਿਆ ਤੋਂ ਹਰ ਆਦਮੀ ਦੇ ਅੰਦਰ ਇਨਸਾਫ ਦੀ ਭੁੱਖ ਖਤਮ ਹੋ ਜਾਂਦੀ ਹੈ।ਇੱਥੇ ਇਹ ਗੱਲ ਕਰਨੀ ਵੀ ਬਣਦੀ ਹੈ ਕਿ ਮਨੁੱਖ ਲੜ ਸਕਦਾ ਹੈ ਬੱਸ ਉਸ ਨੂੰ ਹੌਂਸਲੇ ਦੀ ਜ਼ਰੂਰਤ ਹੁੰਦੀ ਹੈ।ਮਨੁੱਖ ਹਾਰਦਾ ਵੀ ਹੈ ਕਿਉਂ ਕਿ ਹੈ ਤਾਂ ਉਹ ਇੱਕ ਮਨੁੱਖ ਹੀ…

ਖ਼ਬਰਾਂ ‘ਚ ਰਿਹਾ ਸੀ ਅਸਲ ਜੀਵਨ ‘ਚ ਹੋਟਲ ਦੀ ਮਾਲਕਨ ਔਰਤ ਗੋਆ ‘ਚ ਬੜੇ ਅਰਾਮ ਦੇ ਦਿਨ ਬਤੀਤ ਕਰ ਰਹੀ ਹੈ ਤੇ ਗ਼ੁਰਬਤਾਂ ਦਾ ਪੁਜਾਰੀ ਸਬਰੀਨਾ ਤੋਂ ਪੈਸੇ ਲੈਕੇ ਵੀ ਝੂਠੀ ਗਵਾਹੀ ਦੇਣ ਵਾਲਾ ਸਹੁੰ ਖਾਂਦਾ ਹੋਇਆ ਅੱਜ ਕੱਲ੍ਹ ਵਿਦੇਸ਼ ‘ਚ ਹੈ।ਇਹਨਾਂ ਨੂੰ ਸ਼ਾਇਦ ਪਤਾ ਨਹੀਂ ਸੀ ਕਿ ਕੋਈ ਸੱਚੀ ਘਟਨਾ ‘ਤੇ ਇੰਝ ਦੀ ਫਿਲਮ ਆਵੇਗੀ ਤੇ ਉਹਨਾਂ ਨੂੰ ਮੂੰਹ ਲਕਾਉਣਾ ਵੀ ਔਖਾ ਹੋ ਜਾਵੇਗਾ।ਲਾਲ ਸਲਾਮ,ਜਾਗੋ,ਬਵੰਡਰ,ਪ੍ਰੋਵੋਕਡ(ਸਰਕਲ ਆਫ ਲਾਈਟ ‘ਤੇ ਅਧਾਰਿਤ-ਕਿਰਨਜੀਤ ਆਹਲੂਵਾਲੀਆ ਦੀ ਕਹਾਣੀ ‘ਤੇ ਅਧਾਰਿਤ) ਤੇ ਆਉਣ ਵਾਲੀ ਫਿਲਮ ਪਾਨ ਸਿੰਘ ਤੋਮਰ(ਇਰਫਾਨ ਖ਼ਾਨ ਦੀ ਫਿਲਮ),ਬੈਡਿੰਟ ਕੁਵੀਨ,ਬਲੈਕ ਫਰਾਈ ਡੇ(ਇਹ ਫਿਲਮ ਹੁਸੈਨ ਐੱਸ. ਜ਼ਾਇਦੀ ਦੀ ਕਿਤਾਬ ਬਲੈਕ ਫਰਾਈ ਡੇ ‘ਤੇ ਅਧਾਰਿਤ ਹੈ) ਤੇ ਬਹੁਤ ਸਾਰੀਆਂ ਪੀਰੀਅਡ ਕਾਸਟਿਊਮ ਡਰਾਮਾ ਫਿਲਮਾਂ ਇਹਨਾਂ ਦੀ ਹੱਦਬੰਦੀ ‘ਚ ਰਹਿਕੇ ਕਹਾਣੀ ਪੇਸ਼ ਕਰਨ ਦੀ ਸ਼ਰਤ ‘ਚ ਕਾਫੀ ਚਣੋਤੀ ਹੁੰਦੀ ਹੈ।

ਸੰਗੀਤ ਦੀ ਗੱਲ ਕਰਾਂ ਤਾਂ ਅਮਿਤ ਦਿਵੇਦੀ ਹਮੇਸ਼ਾਂ ਮੇਰਾ ਹਰਮਨ ਪਿਆਰਾ ਰਿਹਾ ਹੈ।ਉਸ ਦੇ ਸੰਗੀਤ ‘ਚ ਸੂਫੀ ਤੇ ਆਧੁਨਿਕਤਾ ਦਾ ਫਿਊਜ਼ਨ ਹੈ।ਆਮਿਰ,ਆਇਸ਼ਾ,ਦੇਵ ਡੀ,ਉਡਾਨ ਤੋਂ ਲੈਕੇ ਨੋ ਵਨ ਕਿਲਡ ਜੇਸਿਕਾ ਤੱਕ ਅਮਿਤ ਦਾ ਸੰਗੀਤ ਨੌਜਵਾਨਾਂ ‘ਚ ਤਾਜ਼ਗੀ ਲੈ ਕੇ ਆਇਆ ਹੈ।ਨੋ ਵਨ ਕਿਲਡ ਜੇਸਿਕਾ ਦੇ ਸੰਗੀਤ ‘ਚ ਵੀ ਉਹੀ ਗੁੱਸਾ ਹੈ।ਦਿੱਲੀ ਮੁੱਖ ਗੀਤ ਬਹੁਤ ਹੀ ਸ਼ਾਨਦਾਰ ਹੈ ਇਸ ਦੇ ਅੰਦਰਲੇ ਬੋਲਾਂ ਨੂੰ ਧਿਆਨ ਨਾਲ ਸੁਨਣ ਦੀ ਜ਼ਰੂਰਤ ਹੈ।ਫਿਲਮ ਤਾਂ ਸਿਰਫ ਹੁੰਗਾਰਾ ਦੇ ਸਕਦੀ ਹੈ ਪਰ ਉਸ ਹੁੰਗਾਰੇ ਨੂੰ ਫੜ੍ਹਨਾ ਤਾਂ ਸਾਡੇ ‘ਤੇ ਹੀ ਨਿਰਭਰ ਰਹੇਗਾ।ਨਹੀਂ ਤਾਂ ਉਸਮਾਨੀਆਂ ਯੂਨੀਵਰਸਿਟੀ ਤੋਂ ਪ੍ਰਭਾਵਿਤ ਫਿਲਮ ਯੁਵਾ ਵੀ ਆਵੇਗੀ,ਰੰਗ ਦੇ ਬੰਸਤੀ ਵੀ ਆਵੇਗੀ ਪਰ ਕੁਝ ਦਿਨ ਦੀ ਉਸੇ ਤਰ੍ਹਾਂ ਦੀ ਦੇਸ਼ ਭਗਤੀ ਹੋਵੇਗੀ ਜੋ ਅਕਸਰ 26 ਜਨਵਰੀ ਜਾਂ 15 ਅਗਸਤ ਨੂੰ ਮੈਸੇਜ ਜਾਂ ਸਮਾਰਕਾਂ ‘ਤੇ ਜਨ ਗਨ ਮਨ ਗਾ ਕੇ ਹੀ ਪੂਰੀ ਹੋ ਜਾਂਦੀ ਹੈ।ਨੋ ਵਨ ਕਿਲਡ ਜੇਸਿਕਾ ਤੋਂ ਬਾਅਦ ਮੈਨੂੰ ਉਡੀਕ ਹੋਵੇਗੀ ਫਿਲਮ ਪਾਨ ਸਿੰਘ ਤੋਮਰ ਦੀ।ਕਿਉਂ ਕਿ ਤਿੰਗਮਾਂਸ਼ੂ ਧੂਲੀਆਂ ਦੀ ਇਸ ਤੋਂ ਪਹਿਲਾਂ ਆਈ ਫਿਲਮ ‘ਹਾਸਿਲ’ ਦੀ ਤਸਵੀਰ ਮੇਰੇ ਲਈ ਬਹੁਤ ਵਧੀਆ ਹੈ।

"ਨੋ ਵਨ ਕਿਲਡ ਜੇਸਿਕਾ" ‘ਚ ਜੇਸਿਕਾ ਦਾ ਇੱਕ ਸੰਵਾਦ ਦਿੱਲੀ ਦੇ ਕਾਲੇ ਪੱਖ ਨੂੰ ਬਾਖੂਬੀ ਬਿਆਨ ਕਰਦਾ ਹੈ ਜਦੋਂ ਉਹ ਆਪਣੀ ਭੈਣ ਨੂੰ ਕਹਿੰਦੀ ਹੈ ਕਿ ਇੱਥੇ ਬੋਲਡ ਬਣ ਤੇ ਜਵਾਬ ਦੇਣਾ ਸਿੱਖ...ਨਹੀਂ ਤਾਂ ਇਹ ਤੈਨੂੰ ਅੱਜ ਹੂਟਿੰਗ ਕਰਨਗੇ ਕੱਲ੍ਹ ਟੱਚ ਕਰਨਗੇ ਤੇ ਪਰਸੋਂ ਬਲਾਤਕਾਰ ਕਰਕੇ ਪਾਰ ਹੋਣਗੇ।ਦਿੱਲੀ ਦੀ ਤਸਵੀਰ ‘ਚ ਕਈ ਰੰਗ ਨੇ।ਡਿਸਕੋ ਜ਼ਿੰਦਗੀ,ਸ਼ਾਪਿੰਗ ਮਾਲ,ਜਨਕਪੁਰੀ ਦਾ ਬੈਂਡ ਬਾਜਾ ਬਰਾਤ,ਆਇਸ਼ਾ ਦੀ ਹਾਈ ਕਲਾਸ,ਤੇ ਨੋ ਵਨ ਕਿਲਡ ਜੇਸਿਕਾ ਦੇ ਬੰਦੇ।

ਹਰਿਆਣੇ ਦੇ ਆਗੂ ਵਿਨੋਦ ਸ਼ਰਮਾ ਦੇ ਮੁੰਡੇ ਸਿਧਾਰਥ ਵਿਸ਼ਸ਼ਟ ਉਰਫ ਮੰਨੂ ਸ਼ਰਮਾ ਵੱਲੋਂ ਜਿਸ ਦਿਨ ਜੇਸਿਕਾ ਦਾ ਕਤਲ ਕੀਤਾ ਗਿਆ ਉਸ ਦਿਨ ਤੋਂ ਆਮ ਲੋਕਾਂ ਦੀ ਤਾਕਤ ਕੀ ਹੁੰਦੀ ਹੈ ਇਸ ਦੀ ਝਲਕ ਸਿਨੇਮਾ ‘ਤੇ ਆਉਣੀ ਜ਼ਰੂਰੀ ਸੀ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਕਿ ਅਜਿਹਾ ਪਰਿਵਾਰ ਜੋ ਰਸੂਖਦਾਰ ਹੈ ਤੇ ਜਿਸ ਮੰਨੂ ਦਾ ਚਾਚਾ ਸਾਬਕਾ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਦਾ ਜਵਾਈ ਹੈ ਉਹ ਪਰਿਵਾਰ ਵੀ ਲੋਕਾਂ ਤੋਂ ਉੱਪਰ ਨਹੀਂ ਹੋ ਸਕਦਾ।ਸਤਿਯੁੱਗ ਤੇ ਕਲਿਯੁੱਗ ‘ਚ ਕੋਈ ਫਰਕ ਨਹੀਂ ਹੁੰਦਾ ਬਸ ਇੰਨਾ ਹੀ ਫਰਕ ਹੁੰਦਾ ਹੈ ਕਿ ਸਤਿਯੁੱਗ ਦੇ ਲੋਕ ਬੁਰਾਈ ਨੂੰ ਪੰਜਾਲੀ ਪਾ ਕੇ ਰੱਖਦੇ ਹਨ ਤੇ ਕਲਿਯੁੱਗ ਦੇ ਲੋਕ ਥੌੜੇ ਸ਼ੈਤਾਨ ਤੋਂ ਡਰ ਜਾਂਦੇ ਹਨ ਤੇ ਉਹਨਾਂ ਨੂੰ ਮੌਕਾ ਦੇ ਦਿੰਦੇ ਹਨ।

ਸੁਣਿਆ ਵਿਨੋਦ ਸ਼ਰਮਾ ਦੀ ਇੱਕ ਖੰਡ ਮਿਲ ਪਾਤੜਾਂ(ਪਟਿਆਲਾ) ਵਿੱਚ ਸੀ ਜੋ ਹੁਣ ਉਹਨੇ ਵੇਚ ਦਿੱਤੀ ਹੈ।ਪਿਕਾਡਲੀ ਹੋਟਲ ਚੇਨ ਦਾ ਮਾਲਿਕ ਹੁਣ ਉੱਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ।ਸਬਰੀਨਾ ਆਪਣੀ ਟਰੈਵਲ ਏਜੰਸੀ ਚਲਾ ਰਹੀ ਹੈ।ਜੇਸਿਕਾ ਇਸ ਦੁਨੀਆ ‘ਚ ਨਹੀਂ ਹੈ…ਤੇ ਆਮ ਲੋਕਾਂ ਦੀ ਅਵਾਜ਼ ਗੀਰੇ ਦੀ ਪਾਥੀ ਹੈ।ਜੇਸਿਕਾ ਦੇ ਕੇਸ ‘ਚ ਧੰਨਵਾਦ ‘ਕਸਟੋਡੀਅਨ ਆਫ ਫੇਥ’ ਪੱਤਰਕਾਰੀ ਦਾ…ਸ਼ਲਾਘਾ ਤਰੁਣ ਤੇਜਪਾਲ ਦੀ ਜਿਹਨਾਂ ‘ਤਹਿਲਕਾ’ ਰਸਾਲੇ ਦੇ ਜ਼ਰੀਏ ਕੇਸ ਨੂੰ ਮੁੜ ਜ਼ਿੰਦਾ ਕੀਤਾ।ਸ਼ਾਇਦ ਇਸੇ ਤੋਂ ਪ੍ਰਭਾਵਿਤ ਹੋਕੇ ਵਿਨੋਦ ਸ਼ਰਮਾ ਨੇ ਵੀ ਖ਼ਬਰਾਂ ਦਾ ਨਿਊਜ਼ ਚੈਨਲ ਖੋਲ੍ਹ ਲਿਆ ਹੈ ਪਰ ਉਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੱਤਰਕਾਰੀ ਇੱਕ ਅਸੂਲ ਹੈ…ਫਰਜ਼ ਹੈ ਜੋ ਸ਼ਾਇਦ ਉਹ ਨਹੀਂ ਸਮਝ ਸਕੇਗਾ।
“ਹਮ ਲੋਕ ਤੋ ਗੋਬਰ ਕੇ ਉਪਲੇ ਹੈਂ ਇਤਿਹਾਸ ਕੇ ਡੇਰ ਕੇ ਨੀਚੇ ਦੱਬਕੇ ਰਹਿ ਜਾਤੇ ਹੈਂ,ਏਕ ਬਾਰ ਕੋਈ ਆਗ ਲਗਾਕੇ ਤੋ ਦੇਖੇ ਫਿਰ ਬਤਾਂਏਗੇ ਕਿ ਗੋਬਰ ਕੇ ਉਪਲੇ ਕਿਆ ਹੋਤੇ ਹੈ”

ਹਰਪ੍ਰੀਤ ਸਿੰਘ ਕਾਹਲੋਂ
ਲੇਖਕ ਟੀ ਵੀ ਪੱਤਰਕਾਰ ਹਨ

1 comment:

  1. Meri Farmaish puri karan lai shukriya, Ikk vaar fer behtar lekhni te bohat kuch sametda hoya review parh k man khush ho giya. Fer ohi gall keh riha, Punjabi ch is Genre ch kamm nahi ho reha so Harpreet likhna jari rakhi. Eh vaddi pehalkadmi a teri v te Ghulamkalam di v.

    Thanks Again

    ReplyDelete