ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Sunday, February 13, 2011

ਗਾਂਧੀ-:ਭਾਰਤ 'ਤੇ ਥੋਪਿਆ ਹੋਇਆ "ਕੌਮੀ ਪਿਓ"

ਗੁਲਾਮ ਕਲਮ 'ਤੇ ਗਾਂਧੀ ਬਾਰੇ ਚਲਾਈ ਬਹਿਸ ਅੱਗੇ ਤੋਰਨ ਲਈ ਪੀ ਟੀ ਸੀ ਨਿਊਜ਼ ਵਾਲੇ ਦਵਿੰਦਰਪਾਲ ਨੇ ਇਕ ਲਿਖ਼ਤ ਭੇਜੀ ਹੈ,ਜੋ ਕਈ ਨਵੇਂ ਸਵਾਲਾਂ ਦੇ ਜਨਮ ਨਾਲ ਕੁਝ ਪੁਰਾਣੇ ਸਵਾਲਾਂ ਦੇ ਜਵਾਬ ਦਿੰਦੀ ਹੈ।ਤੁਸੀਂ ਲਿਖ਼ਤ ਪੜ੍ਹਕੇ ਆਪਣੇ ਪੱਖੀ ਜਾਂ ਵਿਰੋਧੀ ਵਿਚਾਰ ਰਚਨਾ ਹੇਠਾਂ ਟਿੱਪਣੀ ਦੇ ਕੇ ਜਾਂ ਲਿਖ਼ਤ ਭੇਜਕੇ ਦਰ ਕਰਵਾ ਸਕਦੇ ਹੋਂ।--ਯਾਦਵਿੰਦਰ ਕਰਫਿਊ

ਗੱਲ ਸ਼ੁਰੂ ਕਰਨ ਤੋਂ ਪਹਿਲੋਂ ਯਾਦਵਿੰਦਰ ਦੀ ਤਾਰੀਫ ਜ਼ਰੂਰ ਕਰ ਦਿਆਂ ਜਿਹਨੇ ਪਬਲਿਸ਼ਿੰਗ ਦਾ ਗੁਰ ਆਪਣੇ ਬਲੋਗ 'ਤੇ ਲਾਗੂ ਕਰ ਕੇ ਓਹ ਮੁੱਦੇ ਛੇੜਣ ਦਾ ਵਲ ਸਿੱਖ ਲਿਐ ਜਿਹੜੇ ਬੰਦੇ ਦੇ ਦਿਮਾਗ ਨੂੰ ਲੂਤੀਆਂ ਲਾ ਦਿੰਦੇ ਨੇ।ਹੁਣ ਚਲੀਏ ਮੁੱਦੇ ਵੱਲ, ਮੋਹਨਦਾਸ ਕਰਮ ਚੰਦ ਗਾਂਧੀ ਦਾ ਮੇਰੇ ਸਿਰ 'ਤੇ ਮੇਰੇ ਕੌਮੀ ਪਿਓ ਦੇ ਤੌਰ 'ਤੇ ਥੋਪਿਆ ਜਾਣਾ, ਓਹ ਵੀ ਓਸ ਮੁਲਕ 'ਚ ਜਿਹੜਾ ਧਰਮ ਤੋਂ ਲੈ ਕੇ ਬੱਚੇ ਪੈਦਾ ਕਰਨ ਦੇ ਢੰਗ ਤੱਕ ਚੁਣਨ ਦੀ ਅਜ਼ਾਦੀ ਦੇਣ ਦਾ ਦਾਅਵਾ ਕਰਦਾ ਹੈ, ਕੀ ਇੱਕ ਸਿਆਸੀ ਫੈਸਲਾ ਨਹੀਂ ਹੈ? ਜੇ ਹੈ ਤਾਂ ਰਿਸ਼ਤਾ ਪਿਓ ਦਾ ਕਿਓਂ, ਜਦੋਂਕਿ ਖੂਨ ਦੇ ਰਿਸ਼ਤੇ ਵਾਲੇ ਬਾਪ ਤੋਂ ਬਗ਼ੈਰ ਹੋਰ ਕਿਸੇ ਨੂੰ ਵੀ ਆਪਣੇ ਪਿਓ ਵਰਗਾ ਅਸੀਂ ਓਦੋਂ ਕਹਿਣੇ ਆਂ ਜਦੋਂ ਭਾਵੁਕਤਾ ਦੀ ਸਾਂਝ ਬਣਦੀ ਹੈ ਤੇ ਓਸ ਸ਼ਖ਼ਸ ਲਈ ਪਿਤਾ ਸਮਾਨ ਆਦਰ ਮਨ 'ਚ ਪੈਦਾ ਹੁੰਦਾ ਹੈ। ਸਿੱਖਾਂ ਲਈ ਦਸਵੇਂ ਗੁਰੁ ਨੁੰ ਆਪਣਾ ਪਿਤਾ ਜਾਂ ਪਿਓ ਕਹਿਣਾ ਓਸੇ ਸਨਮਾਨ ਤੇ ਭਾਵੁਕ ਸਾਂਝ ਦਾ ਨਤੀਜਾ ਹੈ ਜਿਸ ਦੇ ਪੈਦਾ ਹੋਣ ਦੇ ਕਾਰਨ ਓਸ ਯੁਗ ਪੁਰਸ਼ ਦੇ ਵਿਹਾਰ ਤੋਂ ਜੰਮਦੇ ਨੇ, ਓਸ ਦੀਆਂ ਕੁਰਬਾਨੀਆਂ ਤੋਂ ਜੰਮਦੇ ਨੇ।

ਦਸਮ ਪਿਤਾ ਜਾਂ ਗੁਰੁ ਗੋਬਿੰਦ ਸਿੰਘ... ਇਹ ਕਹਿਣ ਦੀ ਅਜ਼ਾਦੀ ਵੀ ਸਿੱਖ ਧਰਮ ਹਰ ਸਿੱਖ ਨੂੰ ਦਿੰਦਾ ਹੈ, ਓਸ 'ਤੇ ਪਿਓ ਥੋਪਿਆ ਨਹੀਂ ਜਾਂਦਾ, ਧਰਮ ਵੱਲੋਂ ਜਾਂ ਸਟੇਟ ਵੱਲੋਂ। ਇਹ ਉਦਾਹਰਣ ਇਸ ਲਈ ਦੇ ਰਿਹਾਂ ਕਿਓਂਕਿ ਮੈਂ ਨਾਸਤਿਕ ਸਿੱਖ ਹਾਂ ਤੇ ਇਸੇ ਧਰਮ 'ਚੋਂ ਅਕੀਦੇ ਦੀ ਅਜ਼ਾਦੀ ਦੇ ਨਾਲ ਹੀ ਰੱਬ ਦੇ ਕੋਨਸੈਪਟ ਨਾਲ ਲੜਣ ਦੀ ਧਾਰਨਾ ਦੀ ਤਰਕਸ਼ੀਲਤਾ ਵੀ ਮਿਲਦੀ ਹੈ ਪਰ ਕੀ ਸਟੇਟ ਨੇ ਇਹ ਅਜ਼ਾਦੀ ਗਾਂਧੀ ਨੂੰ ਮੇਰਾ ਪਿਓ ਐਲਾਨਦਿਆਂ ਛੱਡੀ ਹੈ, ਜਾਂ ਕਿ ਭਾਵਨਾਤਮਕ ਰਿਸ਼ਤਾ ਪੂਰੇ ਮੁਲਕ 'ਤੇ ਥੋਪ ਕੇ ਬਲੈਕਮੇਲ ਦਾ ਮੁੱਦਾ ਖੜਾ ਕਰ ਦਿੱਤੈ ਬਈ ਜੇ ਰਾਸ਼ਟਰਪਿਤਾ ਨਾ ਮੰਨੋ ਤਾਂ ਤੁਸੀਂ ਰਾਸ਼ਟਰ ਵਿਰੋਧੀ ਹੋਏ। ਇਸ 'ਤੇ ਵੀ ਬਹਿਸ ਛੇੜਣ ਤੋਂ ਪਹਿਲੋਂ ਸਵਾਲ ਇਹ ਹੈ ਕਿ 15 ਅਗਸਤ 1947 ਨੂੰ ਜੋ ਸਾਡੇ ਨਾਲ ਹੋਇਆ ਓਹ ਦਰਅਸਲ ਕੀ ਸੀ?

ਕੀ ਇਹ ਸੰਪੂਰਣ ਅਜ਼ਾਦੀ ਸੀ?
ਕੀ ਓਸ ਦੌਰ ਦੀ ਤਬਦੀਲੀ ਮਹਾਤਮਾ ਗਾਂਧੀ ਕਾਰਨ ਹੋਈ?
ਕੀ ਅਸੀਂ ਅੰਗਰੇਜ਼ਾਂ ਨੂੰ ਇਸ ਮੁਲਕ 'ਚੋਂ ਕੱਢਣ 'ਚ ਪੂਰੀ ਤਰਾਂ ਆਪਣੇ ਦਮ 'ਤੇ ਗਾਂਧੀ ਦੇ ਦਰਸਾਏ ਰਾਹ 'ਤੇ ਚੱਲ ਕੇ ਕਾਮਯਾਬ ਹੋਏ?
ਕੀ ਅਜ਼ਾਦੀ ਦੇ ਸਾਰੇ ਪੈਰਾਮੀਟਰ ਹਰ ਭਾਰਤੀ ਲਈ ਬਰਾਬਰ ਹਨ?


ਜੁਆਬ ਕਈਆਂ ਨੂੰ ਹਜ਼ਮ ਨਹੀਂ ਹੋਣੇ, ਕਈਆਂ ਮੈਨੂੰ ਦੇਸ਼ਧ੍ਰੋਹੀ ਦਾ ਦਰਜਾ ਦੇਣ ਦਾ ਮਾਣ ਵੀ ਹਾਸਲ ਕਰਨੈ ਪਰ ਸੱਚ ਇਹ ਹੈ ਕਿ 1947 'ਚ ਜੋ ਹੋਇਆ ਓਹ 'ਟ੍ਰਸਟੀਸ਼ਿੱਪ' ਦਾ ਤਬਾਦਲਾ ਸੀ। ਇੱਕ ਹਾਕਮ ਦੇ ਹੱਥੋਂ ਦੂਜੇ ਦੇ ਹੱਥ ਤਾਕਤ ਦਾ ਜਾਣਾ, ਇਸ ਦੌਰਾਨ ਕਈ ਲੱਖਾਂ ਦਾ ਕਤਲ ਹੋਣਾ, ਸਾਢੇ ਪੰਜ ਸੌ ਰਿਆਸਤਾਂ ਦਾ ਰਲ ਗੱਡ ਹੋ ਕੇ ਇੱਕ ਪਾਰਲੀਮੈਂਟ ਦੀ ਕਾਇਮੀ ਤਾਂ ਕਿ ਸਾਂਝੀ ਤਾਕਤ ਨਾਲ ਸਰਮਾਇਆ ਕਾਬੂ ਰੱਖਣ 'ਚ ਮਦਦ ਮਿਲੇ, ਰਹੀ ਗੱਲ ਅੰਗਰੇਜ਼ਾਂ ਦੀ ਤਾਂ ਦੋ ਵੱਡੀਆਂ ਆਲਮੀ ਜੰਗਾਂ 'ਚ ਨਿਚੋੜੇ ਜਾਣ ਤੋਂ ਬਾਅਦ ਤੇ ਇਸ ਖਿੱਤੇ ਦਾ ਵੀ ਪੂਰੀ ਤਰਾਂ ਖ਼ਜ਼ਾਨਾ ਤੇ ਕੁਦਰਤੀ ਸੋਮੇ ਲੁੱਟਣ ਤੋਂ ਬਾਅਦ ਸਮੇਂ ਦੀਆਂ ਤਕਨੀਕਾਂ, ਤਾਕਤਾਂ ਤੇ ਖਰਚਿਆਂ ਦੀ ਪੂਰੀ ਵਰਤੋਂ ਦੇ ਬਾਅਦ ਵੀ ਓਹਨਾਂ ਲਈ ਆਪਣੇ ਅੰਪਾਇਰ ਦੀ ਸਭ ਤੋਂ ਵੱਡੀ ਕਲੋਨੀ ਨੂੰ ਸਾਂਭਣਾ ਔਖਾ ਸੀ, ਪੜ੍ਹ ਲਿਖ ਕੇ ਜਾਗਰੂਕ ਹੋ ਰਹੀ ਨਵੀਂ ਪੀੜੀ ਵੀ ਨਿੱਤ ਨਵੇਂ ਸਵਾਲ ਖੜੇ ਕਰਦੀ ਸੀ ਤੇ ਸਥਾਨਕ ਸਰਮਾਏਦਾਰ ਵੀ ਵੰਡੇ ਜਾ ਰਹੇ ਸੋਮਿਆਂ ਤੇ ਮੁਨਾਫੇ ਦੀ ਘਾਟ ਕਾਰਨ ਓਹਨਾਂ ਤੋਂ ਔਖੇ ਸਨ। ਖ਼ਾਸ ਤੌਰ 'ਤੇ ਓਦੋਂ ਜਦੋਂ ਲਗਾਤਾਰ ਕ੍ਰਾਂਤੀਕਾਰੀਆਂ ਨੇ ਕਦੇ ਕੱਲੇ ਕੱਲੇ ਤੇ ਕਦੇ ਗਦਰੀਆਂ ਜਾਂ ਅਜ਼ਾਦ ਹਿੰਦ ਫੌਜ ਰਾਹੀਂ ਗੋਰਿਆਂ ਦੀ ਤਾਕਤ ਉਲਝਾਉਣ 'ਚ ਪੂਰਾ ਟਿੱਲ ਲਾਇਆ ਹੋਇਆ ਸੀ।

ਸੋ ਅਜਿਹੇ ਹਾਲ 'ਚ ਰੋਜ਼ ਅੰਦਰੂਨੀ ਹਮਲਿਆਂ ਦਾ ਸਾਹਮਣਾ ਕਰਨ ਤੋਂ ਨਾਬਰ ਹੋਏ ਗੋਰਿਆਂ ਨੂੰ ਕੀ ਗਾਂਧੀ ਦੀ ਅਹਿੰਸਾ ਨੇ ਪ੍ਰੇਰਿਆ ਕਿ ਓਹ ਇਹ ਮੁਲਕ ਛੱਡ ਜਾਣ?

ਜਦੋਂ ਕੋਈ ਵੀ ਸਿਆਣਾ ਸ਼ਖ਼ਸ ਇਸ ਗੱਲ ਦੀ ਵਕਾਲਤ ਕਰਦੈ ਕਿ ਗਾਂਧੀ ਤੋਂ ਸਿੱਖਣ ਵਾਲੀ ਗੱਲ ਸਿੱਖ ਤੇ ਮੌਜੂ ਬਣਾਉਨ ਵਾਲੀ ਬਾਰੇ ਗੱਲ ਨਾਂ ਛੇੜ ਤਾਂ ਇਹ ਤਾਂ ਲਗਭਗ 'ਆਈਡਲ ਵਰਸ਼ਿਪ' ਹੋਈ ਪੱਥਰ ਦੇ ਬੁੱਤਾਂ ਦੀ ਪੂਜਾ ਜਿਹੜੇ ਅਜ਼ਾਦੀ ਤੋਂ ਬਾਅਦ ਸਭ ਤੋਂ ਵੱਧ ਗਾਂਧੀ ਦੇ ਲਾਏ ਹੀ ਨਜ਼ਰ ਆਉਂਦੇ ਨੇ। ਜ਼ਰਾ ਗਾਂਧੀ ਦੇ ਦਿੱਤੇ 'ਓਰਿਜਿਨਲ ਆਈਡਿਆਜ਼' ਦੀ ਗੱਲ ਕਰੀਏ… ਘੱਟ ਖਪਤ ਵਾਲੀ ਪ੍ਰੇਰਣਾ ਕੀ ਸਿਰਫ ਗਾਂਧੀ ਦੀ ਦੇਣ ਹੈ? ਕੀ ਬੋਧੀ ਪਹਿਲੋਂ ਹੀ ਇੱਕ ਕੱਪੜੇ 'ਚ ਨਹੀਂ ਤੁਰੇ ਫਿਰਦੇ? ਕੀ ਬਾਬੇ ਨਾਨਕ ਨੇ ਵਾਧੂ ਕਮਾਈ ਗ਼ਰੀਬ ਨਾਲ ਰਲ ਵੰਡਣ ਦੀ ਗੱਲ ਨਹੀਂ ਕੀਤੀ? ਕੀ ਖੁਦ ਹਿੰਦੂ ਸਾਧ ਵੀ ਇੱਕ ਬਗਲੀ ਬੰਨ ਕੇ ਨਹੀਂ ਤੁਰੇ ਫਿਰਦੇ ਰਹੇ ਸਦੀਆਂ ਤੋਂ? ਤੇ ਕੀ ਇਸਲਾਮ ਦਾ ਮਹਾਨ ਹਿੱਸਾ ਸੂਫੀਆਂ ਨੇ ਵੀ ਇੱਕੋ ਉੱਨ ਦੇ ਕੱਪੜੇ ਦੇ ਆਸਰੇ ਖੁਦਾ ਦੀ ਖੁਦਾਈ ਨਹੀਂ ਵੇਖੀ? ਫੇਰ ਓਹ ਸਾਰਾ ਕੁਝ ਬਾਅਦ 'ਚ ਜਦੋਂ ਹੋਂਦ 'ਚ ਹੈ ਤੇ ਗਾਂਧੀ ਤੋਂ ਪਹਿਲੋਂ ਹੀ ਤੇ ਬਾਅਦ 'ਚ ਵੀ ਸਿਆਣੇ ਓਹਨਾਂ ਦੀਆਂ ਉਦਾਹਰਣਾਂ ਦਿੰਦੇ ਨੇ ਤਾਂ ਕੀ ਸਿਰਫ ਗਾਂਧੀ ਵੀ ਸਿਆਣੇ ਲੋਕਾਂ ਦੇ ਦਰਸਾਏ ਰਾਹ ਤੇ ਹੀ ਨਹੀਂ ਸੀ ਚੱਲਿਆ?

ਇੱਕ ਹੋਰ ਓਰਿਜਿਨਲ ਆਈਡਿਏ ਦੀ ਗੱਲ ਕਰੀਏ… ਸਦੀਆਂ ਤੋਂ, ਪਹਿਲੋਂ ਹੀ ਲਤਾੜੇ ਪਏ ਦਲਿਤ ਤਬਕੇ ਨੂੰ ਕੀ ਬ੍ਰਾਹਮਣਾਂ ਵੱਲੋਂ ਦਿੱਤੇ ਗਏ ਪਹਿਲੇ ਨਾਮ ਬਹੁਤ ਨਹੀਂ ਸਨ ਜਿਹੜਾ ਹਰੀਜਨ ਨਾਂ ਦੀ ਨਵੀਂ ਪਛਾਣ ਪੈਦਾ ਕਰ ਦਿੱਤੀ ਉੱਚ ਜ਼ਾਤਾਂ ਤੋਂ ਨਿਖੇੜਣ ਲਈ, ਤੇ ਤਰਕ ਕੀ ਦਿੱਤਾ ਕਿ ਇਹ ਰੱਬ ਦੇ ਪਿਆਰੇ ਨੇ, ਜੇ ਅਜਿਹਾ ਸੀ ਤਾਂ ਸਿਰਫ ਸਾਰਿਆਂ ਨੂੰ ਹਿੰਦੂ ਦਾ ਹੀ ਸਾਂਝਾ ਨਾਮ ਦੇਣ ਦੀ ਲੜਾਈ ਕਿਓਂ ਨਾਂ ਛੇੜੀ ਮਹਾਤਮਾ ਨੇ? ਬੜੀ ਮਹਾਨ ਲੜਾਈ ਹੋਣੀ ਸੀ ਓਹ।ਤੇ ਜੇ ਨਾਮਕਰਨ ਦੀ ਲੋੜ ਹੈ ਈ ਸੀ ਤਾਂ ਮਹਾਂਬ੍ਰਾਹਮਣ ਵਰਗਾ ਕੋਈ ਅਜਿਹਾ ਨਾਮ ਕਿਓਂ ਨਾਂ ਦਿੱਤਾ ਜਿਹੜਾ ਅਨਪੜ੍ਹ ਪਰ ਉੱਚ ਜ਼ਾਤਾਂ ਲਈ ਥੋੜਾ ਬਹੁਤ ਤਾਂ ਕਨਫਿਊਜ਼ਿੰਗ ਹੁੰਦਾ? ਜਦੋਂ ਪਹਿਲੀ ਜੰਗ 'ਚ ਗੋਰਿਆਂ ਨੇ ਵਾਦਾ ਖਿਲਾਫੀ ਕੀਤੀ ਸੀ ਤਾਂ ਅਜਿਹਾ ਕਿਓਂ ਨਾਂ ਕੀਤਾ ਕਿ ਸਾਰਾ ਮੁਲਕ ਪਿੱਛੇ ਲਾ ਕੇ ਓਦੋਂ ਤੱਕ ਲਈ ਚੁੱਪ ਸਾਧ ਲੈਂਦੇ ਜਾਂ ਬਾਈਕਾਟ ਕਰਦੇ ਚਾਹੇ ਅਹਿੰਸਾ ਨਾਲ ਹੀ ਕਰਦੇ ਜਦੋਂ ਤੱਕ ਗੋਰੇ ਈਨ ਨਾਂ ਮੰਨਦੇ, ਕਿਓਂ ਬੈਠਕਾਂ ਦਾ ਦੌਰ ਹੀ ਚਲਦਾ ਰਿਹਾ ਮੌਜੂਦਾ ਦੌਰ ਦੇ ਸੜੇ ਹੋਏ ਸਿਆਸਤਦਾਨਾਂ ਵਾਂਗ?

ਜ਼ਰਾ ਗਾਂਧੀ ਦੀ ਕਾਰਜ ਪ੍ਰਣਾਲੀ ਵਾਚੋ ਤਾਂ ਸਾਫ ਹੋਵੇ ਕਿ ਹਿੰਦੁਸਤਾਨ 'ਚ ਕੰਮਾਂ ਕਾਜਾਂ 'ਚ ਫੇਲ੍ਹ ਹੋਏ ਨੁੰ ਜਦੋਂ ਵਕੀਲ ਬਣਾ ਤਾ ਬਾਹਰ ਭੇਜ ਕੇ ਤੇ ਅਫਰੀਕਾ 'ਚ ਪ੍ਰੈਕਟਿਸ ਸ਼ੁਰੂ ਕੀਤੀ ਤਾਂ ਕਿੰਨੀ ਸਾਂਝ ਭਿਆਲੀ ਸੀ ਓਥੇ ਦੇ ਗੋਰਿਆਂ ਨਾਲ, ਸਿਰਫ ਟ੍ਰੇਨ 'ਚ ਸੀਟ ਨਾਂ ਮਿਲਣ ਦੀ ਗੱਲ ਦਾ ਵਿਰੋਧ ਕਰਨ ਵਾਲੀ ਕਹਾਣੀ ਸਕੂਲਾਂ ਦੇ ਨਿਆਣਿਆਂ ਨੂੰ ਪੜ੍ਹਾ ਕੇ ਜਿਸ ਨੂੰ ਅਜ਼ਾਦੀ ਦਾ ਯੋਧਾ ਗਰਦਾਨਿਆ ਗਿਐ ਓਹ ਕੀ ਅੰਗਰੇਜ਼ਾਂ ਦੀ ਕਲੀਅਰੈਂਸ ਬਗ਼ੈਰ ਮੁਲਕ ਆ ਗਿਆ ਸੀ ਵਾਪਸ ਤੇ ਕਿੰਨੀਆਂ ਬੈਠਕਾਂ ਹੋਈਆਂ ਸਨ ਏਧਰ ਤੇ ਓਧਰਲੇ ਅੰਗਰੇਜ਼ ਅਫਸਰਾਂ ਨਾਲ ਓਸਦੀਆਂ ਆਉਣ ਤੋਂ ਪਹਿਲੋਂ ਤੇ ਬਾਅਦ 'ਚ?

ਕਿਓਂ 1947 ਤੋਂ ਬਾਅਦ ਇੱਕ ਦਮ ਇੱਕ ਬਾਪੂ ਤੇ ਇੱਕ ਚਾਚੇ ਦੀ ਲੋੜ ਮੁਲਕ ਨੂੰ ਪੈ ਗਈ ਜਾਂ ਦੇ ਦਿੱਤੇ ਗਏ? ਸਾਡੇ ਕੋਲ ਯੋਧੇ ਵੀ ਹੈ ਸਨ ਸਰਾਭੇ, ਭਗਤ, ਨੇਤਾ ਜੀ ਵਰਗੇ ਪਰ ਕੀ ਇਹਨਾਂ 'ਚੋਂ ਕਿਸੇ ਦਾ ਜਨਤਕ ਹੀਰੋ ਬਣਾਇਆ ਜਾਣਾ ਅਜਿਹੇ ਹਾਕਮਾ ਦੇ ਹੱਕ 'ਚ ਜਾ ਸਕਦਾ ਹੈ ਜਿਹਨਾਂ ਨੇ ਜਨਤਾ ਹਮੇਸ਼ਾਂ ਗੂੰਗੀ ਬੋਲੀ ਰੱਖਣ ਦੀ ਠਾਣੀ ਹੋਵੇ? ਜੇ ਉਤਲੇ ਲੋਕਾਂ 'ਚੋਂ ਕੋਈ ਵੀ ਰਾਸ਼ਟਰ ਪਿਤਾ ਗਰਦਾਨਿਆ ਹੁੰਦਾ ਤਾਂ ਓਸਦੀ ਜ਼ਿੰਦਗੀ ਪੜਾਉਣੀ ਪੈਂਦੀ ਤੇ ਲੋਕਾਂ ਨੂੰ ਸਮਝਾਉਣਾ ਪੈਂਦਾ ਕਿ ਜੇ ਤੁਹਾਡਾ ਹੱਕ ਕੋਈ ਮਾਰ ਰਿਹੈ ਤਾਂ ਉੱਠੇ ਤੇ ਓਸ ਜਮਹੂਰੀ ਤੇ ਮਨੁੱਖੀ ਹੱਕ ਖਾਤਰ ਲੜ ਮਰੋ। ਪਰ ਗੋਰਿਆਂ ਦੇ ਵਾਰਸ ਭੁਰੇ ਹਾਕਮਾਂ ਲਈ ਇਹ ਸੰਭਵ ਨਹੀਂ ਸੀ ਸੋ ਮੁਲਕ ਨੂੰ ਹੀਰੋ ਅਜਿਹੇ ਬਖਸ਼ਣੇ ਜ਼ਰੂਰੀ ਸਨ ਜਿਹੜੇ ਸੌਖਿਆਂ ਈਨ ਮੰਨਣਾ ਸਿਖਾਉਂਦੇ ਹੋਣ। ਗਾਂਧੀ ਨਾਲੋਂ ਬਿਹਤਰ ਹੋਰ ਕੌਣ ਅਜਿਹਾ ਹੋ ਸਕਦੈ।

1931 'ਚ ਬੋਲੇ ਇੱਕ ਝੂਠ ਦੀ ਗੱਲ ਕਿਓਂ ਨਹੀਂ ਉੱਠਣ ਦਿੱਤੀ ਜਾਂਦੀ, ਲੋਕਾਂ ਦੀ ਭਰੀ ਮਜਲਿਸ ਨੂੰ ਕਹਿ ਦਿੱਤਾ ਗਿਆ ਕਿ ਮੈਂ ਭਗਤ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅੰਗਰੇਜ਼ ਨਹੀਂ ਮੰਨੇ! ਪਰ ਜੇ 'ਗਾਂਧੀ-ਇਰਵਿਨ' ਸਮਝੌਤੇ ਦੀ ਇੱਕ ਸ਼ਰਤ ਭਗਤ ਸਿੰਘ ਦਾ ਛੱਡਿਆ ਜਾਣਾ ਹੁੰਦੀ ਤੇ ਅੰਗਰੇਜ਼ ਮੁੱਕਰਦਾ ਤਾਂ ਗੱਲ ਸੱਚ ਮਨੀਂਦੀ, ਹੁਣ ਕੱਲੇ ਜ਼ੁਬਾਨੀ ਕਹੇ ਨੇ ਤਾਂ ਇਤਿਹਾਸ ਨੂੰ ਸੱਚ ਨਹੀਂ ਬਣਾ ਦੇਣਾ। ਓਹ ਵੀ ਓਦੋਂ ਜਦੋਂ ਆਰਕਾਈਵ ਔਫ ਇੰਡੀਆ ਦੇ ਕਾਗ਼ਜ਼ਾਤ ਸਾਫ ਕਹਿੰਦੇ ਨੇ ਗਾਂਧੀ ਵੱਲੋਂ ਮੰਗ ਸਿਰਫ ਏਨੀ ਹੋਈ ਸੀ ਕਿ ਕਰਾਚੀ 'ਚ ਕਾਂਗਰਸ ਦੇ ਇਜਲਾਸ 'ਚ 'ਗਾਂਧੀ-ਇਰਵਿਨ' ਸਮਝੌਤੇ 'ਤੇ ਮੋਹਰ ਲੱਗਣ ਤੱਕ ਲਈ ਫਾਂਸੀ ਦੀ ਸਜ਼ਾ ਨੂੰ ਮੁਲਤਵੀ ਰੱਖਿਆ ਜਾਵੇ। ਪਰ ਇਰਵਿਨ ਨਹੀਂ ਮੰਨਿਆ ਕਿਓਂਕਿ ਓਸ ਮੁਤਾਬਿਕ ਸਜ਼ਾ ਮੁਲਤਵੀ ਹੋਣ 'ਤੇ ਪ੍ਰਭਾਵ ਇਹ ਜਾਣਾ ਸੀ ਕਿ ਅੰਗਰੇਜ਼ਾਂ ਈਨ ਮੰਨ ਲਈ ਤੇ ਕ੍ਰਾਂਤੀਕਾਰੀ ਤਗੜੇ ਹੋ ਜਾਣੇ ਸੀ ਜੋਸ਼ ਖਾ ਕੇ। ਬੱਸ ਏਨੇ ਕੁ ਤਰਕ ਨੇ ਰਾਸ਼ਟਰ ਪਿਤਾ ਚੁੱਪ ਕਰਾ 'ਤਾ। ਕਾਰਨ ਸੀ ਇੱਕ ਤਾਂ ਅੰਗਰੇਜ਼ਾਂ ਦੀ ਭਗਤੀ ਤੇ ਤੇ ਦੂਜੇ ਆਪਣੀ ਸਿਆਸਤ ਨੂੰ ਖ਼ਤਰਾ ਓਸ ਮੁੰਡੇ ਤੋਂ ਜਿਹੜਾ 23 ਸਾਲ ਦੀ ਉਮਰ 'ਚ ਹੀ ਏਨੀ ਕਾਬਲੀਅਤ ਰੱਖਦਾ ਸੀ ਕਿ ਖੁਦ ਨੂੰ ਵੇਲੇ ਦੀ ਸਿਆਸਤ ਦਾ ਥੰਮ ਮੰਨਣ ਵਾਲੇ ਗਾਂਧੀ 'ਤੇ ਵੀ ਲੱਖਾਂ ਲੋਕਾਂ ਦਾ ਦਬਾਅ ਸੀ ਓਸਨੂੰ ਬਚਾਉਣ ਲਈ, 23 ਸਾਲ ਦੇ ਇਸ ਨੌਜੁਆਨ ਨੇ ਓਹਨੂੰ ਮਜ਼ਬੂਰ ਕਰ ਦਿੱਤਾ ਸੀ ਲੋਕਾਂ ਮੁਹਰੇ ਆਪਣੀ ਤਾਕਤ ਜ਼ਾਹਰ ਕਰਨ ਲਈ, ਓਹ ਤਾਕਤ ਜਿਹੜੀ ਖਲਾਅ 'ਚ ਅਹਿੰਸਾ ਵਾਦੀ ਧਰਨਿਆਂ ਦੇ ਆਸਰੇ ਤੇ ਕਦੇ ਸਵਾਲ ਨਾਂ ਚੁੱਕਣ ਵਾਲੀ ਭੇਡ ਜਨਤਾ ਵੱਲੋਂ ਗੋਰਿਆਂ ਦੀ ਡਾਂਗਾਂ ਖਾ ਕੇ ਦਿੱਤੀ ਗਈ ਸੀ।18 ਫਰਵਰੀ ਤੇ 19 ਮਾਰਚ ਨੂੰ ਵਾਏਸਰਾਏ ਨਾਲ ਭਗਤ ਸਿੰਘ ਦਾ ਮੁੱਦਾ ਵਿਚਾਰਿਆ ਜਾਂਦਾ ਹੈ। 'ਵਿਚਾਰਿਆ ਜਾਂਦੈ', ਓਹ ਗਾਂਧੀ ਜੋ ਕਰਾਚੀ ਇਜਲਾਸ 'ਚ 'ਗਾਂਧੀ-ਇਰਵਿਨ' ਸਮਝੌਤੇ ਦੇ ਦਸਤਖ਼ਤ ਕਰਾ ਕੇ ਇਸ ਰੈਜ਼ੋਲਿਊਸਨ ਦਾ ਹਿੱਸੇਦਾਰ ਬਣਦਾ ਹੈ ਕਿ 'ਕਾਂਗਰਸ ਓਹਨਾਂ ਬਹਾਦਰ ਸ਼ਹੀਦਾਂ ਦੀ ਸ਼ਹਾਦਤ ਨੂੰ ਸਲਾਮ ਕਰਦੀ ਹੈ ਤੇ ਓਹਨਾਂ ਦੇ ਪਰਿਵਾਰਾਂ ਦੇ ਦੁੱਖ 'ਚ ਸ਼ਰੀਕ ਹੈ' ਓਹ ਗਾਂਧੀ ਮੁੱਦਾ ਵਿਚਾਰਦਾ ਹੈ।

ਕਿਓਂ ਨਹੀਂ ਸਮੇਂ ਦੇ ਸਭ ਤੋਂ ਵੱਡੇ ਲੀਡਰ ਨੇ ਆਪਣਾ ਅਹਿੰਸਾਵਾਦੀ ਮਰਣ ਵਰਤ ਰੱਖਿਆ ਇਹਨਾਂ ਨੌਜੁਆਨਾਂ ਦੀ ਫਾਂਸੀ ਰੁਕਵਾਉਣ ਲਈ, ਫੇਰ ਚਾਹੇ ਓਹਨਾਂ ਅੱਗੇ ਵੀ ਅਹਿੰਸਾ ਦਾ ਰਾਹ ਛੱਡਣ ਦੀ ਸ਼ਰਤ ਰੱਖਦਾ? ਕਿਓਂ 20 ਮਾਰਚ ਨੂੰ ਵੀ 'ਰੇਸਿਸਟ' ਦਾ ਦਰਜਾ ਪ੍ਰਾਪਤ ਗ੍ਰਹਿ ਸਕੱਤਰ ਇਮਰਸਨ ਨਾਲ ਇਸ ਗੱਲ ਦਾ ਵਿਚਾਰ ਵਟਾਂਦਰਾ ਕੀਤਾ ਜਾਂਦਾ ਰਿਹਾ ਕਿ ਫਾਂਸੀ ਦੀ ਸੂਰਤ 'ਚ ਲੋਕਾਂ ਦਾ ਰੋਹ ਕਾਬੂ ਕਰਨ 'ਚ ਗਾਂਧੀ ਕਿੱਦਾਂ ਮਦਦਗਾਰ ਸਾਬਤ ਹੋ ਸਕਦੈ? ਖੁਦ ਇਰਵਿਨ ਦੀ ਸਵੈ-ਜੀਵਨੀ ਦੱਸਦੀ ਐ ਕਿ ਗਾਂਧੀ ਸਿਰਫ ਏਸ ਗੱਲ ਦੀ ਓਸ ਤੋਂ ਇਜਾਜ਼ਤ ਮੰਗਦਾ ਰਿਹਾ ਕਿ ਕੀ ਓਹ ਲੋਕਾਂ 'ਚ ਜਾ ਕਿ ਇਹ ਝੂਠ ਮਾਰ ਦੇਵੇ ਕਿ ਮੈਂ ਵਾਏਸਰਾਏ 'ਤੇ ਇਹਨਾਂ ਨੌਜੁਆਨਾਂ ਨੂੰ ਬਚਾਉਣ ਲਈ ਪੂਰਾ ਦਬਾਅ ਬਣਾਇਆ ਹੋਇਐ। ਜਿਹਨਾਂ ਪਹਿਲੀ ਵਾਰ ਪੜ੍ਹੀਆਂ ਹੋਣ ਓਹ ਥੋੜੀ ਜਿਹੀ ਖੋਜ ਨਾਲ ਇਹ ਗੱਲਾਂ ਆਪਣੀ ਨੇੜਲੀ ਲਾਇਬ੍ਰੇਰੀ 'ਚ ਭਗਤ ਸਿੰਘ ਦੇ ਮੁਕੱਦਮੇ ਨਾਲ ਸਬੰਧਤ ਕਿਤਾਬਾਂ ਤੋਂ ਲੈ ਕੇ ਇੰਟਰਨੈੱਟ ਤੱਕ 'ਤੇ ਪੁਸ਼ਟੀ ਕਰ ਸਕਦੇ ਨੇ ਪਰ ਇਹ ਸਾਰੇ ਤੱਥ ਚੇਤਾ ਕਰਾਉਣ ਲੱਗਿਆਂ ਮੇਰਾ ਮਕਸਦ ਇਹ ਦੱਸਣਾ ਨਹੀਂ ਹੈ ਕਿ ਗਾਂਧੀ ਦਾ ਸ਼ਹੀਦ ਭਗਤ ਸਿੰਘ ਦੇ ਕਤਲ/ਸ਼ਹਾਦਤ 'ਚ ਕੀ ਰੋਲ ਹੈ, ਨਾਂ ਹੀ ਓਹਨਾਂ ਦੇਸ਼ਭਗਤਾਂ ਨੂੰ ਮੁਆਫੀ ਦੀ ਲੋੜ ਸੀ ਜਾਂ ਓਹਨਾਂ ਕਬੂਲਣੀ ਸੀ ਜੇ ਮਿਲਦੀ, ਪਰ ਇਹਨਾਂ ਤੱਥਾਂ ਤੋਂ ਓਸ ਬੰਦੇ ਦੀ ਅਸਲ ਔਕਾਤ ਪਤਾ ਲਗਦੀ ਹੈ ਜਿਹੜਾ ਓਸ ਵੇਲੇ ਕਾਂਗਰਸ ਦਾ ਤੇ ਭਾਰਤੀ ਸਿਆਸਤ ਦਾ ਸਭ ਤੋਂ ਵੱਡਾ ਲੀਡਰ ਸੀ।

ਓਹ ਏਨਾ ਅਸੁਰੱਖਿਆ ਦਾ ਸ਼ਿਕਾਰ ਆਗੂ/ਸਿਆਸਤਦਾਨ ਸੀ ਕਿ ਓਸ ਤੋਂ ਬਗ਼ੈਰ ਕੋਈ ਵੀ ਲੋਕਾਂ ਦੀਆਂ ਅੱਖਾਂ 'ਚ ਚੜਦਾ ਹੋਵੇ ਓਹਦੀ ਖੈਰ ਨਹੀਂ ਸੀ। ਨੇਤਾਜੀ ਸੁਭਾਸ਼ ਚੰਦਰ ਬੋਸ ਪਹਿਲਾ ਐਸਾ ਸ਼ਖ਼ਸ ਸੀ ਜਿਹਦੀ ਤਾਕਤ ਨੇ ਓਸ ਨੂੰ ਪਾਰਟੀ ਦੇ ਅੰਦਰ ਹੀ ਹਰਾ ਕੇ ਓਹਦੇ ਲਈ ਚੁਣੌਤੀ ਖੜੀ ਕੀਤੀ ਸੀ। ਪਰ ਨਤੀਜਾ ਕੀ ਹੋਇਆ? ਓਸਦਾ ਵੀ ਇਤਿਹਾਸ ਗਵਾਹ ਹੈ? ਇਹਨਾਂ ਸਾਰੇ ਹਲਾਤਾਂ 'ਚ ਗਾਂਧੀ ਸਿਰਫ ਇੱਕ ਘਾਗ ਤੇ ਮੌਕਾਪ੍ਰਸਤ ਸਿਆਸਤਦਾਨ ਸਾਬਤ ਹੁੰਦਾ ਹੈ ਜਿਹੜਾ ਆਪਣੇ ਮਾਲਕਾਂ ਦੀ ਹਾਂ 'ਚ ਹਾਂ ਭਰਨ ਲਈ ਹਰ ਥਾਂ ਮੌਜੂਦ ਹੈ, ਲੱਖਾਂ ਦੀ ਗਿਣਤੀ 'ਚ ਲੋਕਾਂ ਦੀ ਮੌਤ ਤੋਂ ਲੈ ਕੇ ਦੇਸ਼ ਭਗਤਾਂ ਦੇ ਵਿਰੋਧ ਤੱਕ, ਜਾਤੀ ਵਾਦ ਪ੍ਰਤੀ ਕੋਈ ਸਮਾਜ ਸੁਧਾਰਕ ਨਜ਼ਰੀਆ ਸਖ਼ਤੀ ਨਾਲ ਲਿਆਉਣ ਤੋਂ ਗੁਰੇਜ਼ ਕਰਨ ਤੋਂ ਲੈ ਕੇ ਸਾਊ ਜਨਤਾ ਨੂੰ ਭੇਡ ਬੱਕਰੀਆਂ ਬਣਾਈ ਰੱਖਣ ਤੱਕ ਓਹ ਅੰਗਰੇਜ਼ਾ ਦੇ ਪੂਰਾ ਕੰਮ ਆਇਆ ਇਸ ਗੱਲ ਦੀ ਹਾਮੀ ਓਸ ਦੇ ਕਾਰੇ ਤੇ ਇਤਿਹਾਸ ਦੋਹੇ ਭਰਦੇ ਨੇ। ਜਿਹੜੇ ਲੋਕ ਗਾਂਧੀ ਦੇ 'ਮਾਸ ਲੀਡਰ' ਹੋਣ ਜਾਂ 'ਮਾਸ ਮੂਵਮੈਂਟ' ਖੜੀ ਕਰਨ ਦੀ ਤਾਕਤ ਦੀ ਸ਼ਲਾਘਾ ਕਰਦੇ ਨੇ ਓਹ ਇਸ ਮੁਲਕ ਦੇ ਲੋਕਾਂ ਦੀ ਆਦਤ ਨੂੰ ਮੌਜੂਦਾ 'ਚ ਤੇ ਬੀਤੇ ਸਮੇਂ 'ਚ ਧਿਆਨ ਨਾਲ ਵੇਖਣ 'ਚ ਅਸਫਲ ਰਹੇ ਨੇ। ਜਦੋਂ ਇਸ ਮੁਲਕ 'ਚ ਧਰਮ ਦੇ ਅੰਨ੍ਹੇ ਕੀਤੇ ਲੋਕਾਂ ਦੀ ਕਰੋੜਾਂ ਵਾਲੀ ਬਹੁਗਿਣਤੀ ਹਮੇਸ਼ਾਂ ਹੀ ਵੱਗ ਦੇ ਵੱਗ ਭਰ ਕੇ ਅਖੌਤੀ ਸਾਧਾਂ ਸੰਤਾਂ ਤੇ ਬਾਬਿਆਂ ਮਗਰ ਤੁਰੀ ਰਹੀ ਹੈ ਤਾਂ ਜਦੋਂ ਇੱਕ ਐਸਾ ਸ਼ਖ਼ਸ ਮਹਾਤਮਾ ਦੇ ਤੌਰ 'ਤੇ ਪਰਚਾਰਿਆ ਜਾ ਰਿਹਾ ਹੋਵੇ ਜਿਹਦੀ 'ਇਮੇਜ ਬਿਲਡਿੰਗ' ਦਾ ਕੰਮ ਓਸ ਵੇਲੇ ਦੀ ਓਹਨਾਂ ਦੀ ਆਪਣੀ ਪਾਰਟੀ ਕਾਂਗਰਸ ਤੋਂ ਲੈ ਕੇ ਓਹਨਾਂ 'ਤੇ ਹਾਕਮ ਅੰਗਰੇਜ਼ਾਂ ਦੀ ਪ੍ਰੈਸ ਕਰ ਰਹੀ ਹੋਵੇ ਤਾਂ ਕੀ ਸਾਡੀਆਂ ਇਹ ਸਾਊ ਭੇਡਾਂ, ਬੱਕਰੀਆਂ ਦੀ ਮਾਸ ਮੂਵਮੈਂਟ ਕਿਸੇ ਤਰਾਂ ਅਸੰਭਵ ਲਗਦੀ ਹੈ, ਓਹ ਵੀ ਓਦੋਂ ਜਦੋਂ ਕਈ ਦਹਾਕੇ ਬਾਅਦ ਅੱਜ ਵੀ ਪਹਿਲੋਂ ਨਾਲੋਂ ਕਿਤੇ ਵੱਧ ਪੜ੍ਹ ਚੁੱਕੇ ਤੇ ਅਜ਼ਾਦੀ ਮਾਣ ਰਹੇ ਓਹਨਾਂ ਲੋਕਾਂ ਦੀ ਔਲਾਦ ਨੂੰ ਮੰਦਰ ਮਸਜਿਦ ਦਾ ਮੁੱਦਾ ਲੱਖਾਂ ਦੀ ਗਿਣਤੀ 'ਚ ਸੜਕਾਂ 'ਤੇ ਵਿਹਲਾ ਘੜੀਸੀ ਫਿਰਦੈ।

ਅੱਜ ਵੀ ਜੇ ਸਟੇਟ ਨੂੰ ਸਵਾਲ ਕੀਤਾ ਜਾਂਦੈ ਤਾਂ ਗੁਲਾਮੀ ਦਾ ਅਹਿਸਾਸ ਧੁਰੋਂ ਜਾਗਦੈ। ਜਦੋਂ ਪੁੱਛ ਲਈਏ ਕਿ ਕੀ 1947 'ਚ ਸੱਚੀ ਅਜ਼ਾਦੀ ਆਈ ਸੀ ਤਾਂ ਇਹਨਾਂ ਭੇਡ ਬੱਕਰੀਆਂ 'ਚੋਂ ਹੀ ਕਈ ਨੈਸ਼ਨਲਿਜ਼ਮ ਦੀ ਡਾਂਗ ਇਹ ਕਹਿ ਕੇ ਸਿਰ 'ਚ ਮਾਰਦੇ ਨੇ ਕਿ ਜੇ ਅਜ਼ਾਦੀ ਨਾਂ ਆਈ ਹੁੰਦੀ ਤਾਂ ਤੁੰ ਇਹੋ ਈ ਸਵਾਲ ਪੁੱਛਣ ਲਈ ਵੀ ਅਜ਼ਾਦ ਨਾਂ ਹੁੰਦਾ, ਜਿਵੇ ਮਨੁੱਖੀ ਜ਼ੁਬਾਨ ਨੂੰ ਬਿਲਕੁਲ ਹੀ ਜ਼ਿੰਦੇ ਸਨ 47 ਤੋਂ ਪਹਿਲੋਂ। ਏਹਨਾਂ ਭਲੇਮਾਣਸਾਂ ਦੀ ਗੱਲ ਦਾ ਵੀ ਜੁਆਬ ਦੇ ਦੇਈਏ ਕਿ ਓਹਨਾਂ ਵੇਲੇ ਭਗਤ ਸਿੰਘ ਦਾ ਬਿਆਨ ਅਖਬਾਰਾਂ 'ਚ ਛਪਦਾ ਸੀ ਓਹ ਵੀ ਅੰਗਰੇਜ਼ਾਂ ਦੀ ਮਦਦ ਨਾਲ ਚਲਦੀਆਂ ਅਖਬਾਰਾਂ 'ਚ, ਤੇ ਕਈ ਪਾਰਟੀਆਂ ਵਾਲੇ ਆਪੋ ਆਪਣੀ ਸਿਆਸਤ ਖੁੱਲ੍ਹ ਕੇ ਕਰਦੇ ਸੀ, ਚਾਹੋ ਤਾਂ ਕਿਸੇ ਦੇ ਆਰਕਾਈਵ ਫੋਲ ਲਓ। ਤੇ ਅੱਜ ਬਿਨਾਇਕ ਸੇਨ ਤੋਂ ਲੈ ਕੇ ਮੀਰਵਾਇਜ਼ ਫਾਰੂਕ ਤੱਕ ਕੋਈ ਕੁਝ ਕਹਿ ਕੇ ਵੇਖੇ ਤਾਂ ਫੇਰ ਅਜ਼ਾਦੀ ਦਾ ਮਤਲਬ ਦੱਸਿਓ? ਸੇਨ ਤਾਂ ਕਹਿੰਦਾ ਵੀ ਕੁਝ ਨਹੀਂ ਸੀ ਫੇਰ ਇਹ ਹਾਲ ਨੇ। ਜਦੋਂ ਦਹਾਕਿਆਂ ਬੱਧੀ ਸਟੇਟ ਦਾ ਪ੍ਰਚਾਰ ਮੁੱਢਲੀ ਪੜ੍ਹਾਈ ਤੋਂ ਕਿਸੇ ਨੂੰ ਤੁਹਾਡੇ 'ਤੇ ਇੱਕ ਭਾਵੁਕ ਰਿਸ਼ਤੇ ਰਾਹੀਂ ਥੋਪ ਰਿਹਾ ਹੋਵੇ, ਓਸਨੂੰ ਸੱਚ ਦੇ ਇਕਲੌਤੇ ਪਹਿਰੇਦਾਰ ਦੇ ਤੌਰ 'ਤੇ ਤੁਹਾਨੂੰ ਪੜ੍ਹਾਇਆ ਜਾਂਦਾ ਹੋਵੇ, ਓਸਦੀ ਜੀਵਨ ਜਾਚ ਨੂੰ ਦੁਨੀਆ ਦੀ ਬਿਹਤਰੀਨ ਜੀਵਨ ਜਾਚ ਦੱਸਿਆ ਜਾਂਦਾ ਹੋਵੇ, ਓਸਦੀ ਪਹਿਚਾਣ ਨੂੰ ਦੁਨੀਆ 'ਚ ਤੁਹਾਡੀ ਕੌਮੀ ਪਹਿਚਾਣ ਦੱਸਿਆ ਜਾਂਦਾ ਹੋਵੇ ਤਾਂ ਯਕੀਨ ਕਰਨਾ ਔਖਾ ਹੁੰਦੈ ਕਿ ਓਹ ਇਨਸਾਨ ਏਡਾ ਵੱਡਾ ਠੱਗ ਵੀ ਹੋ ਸਕਦੈ, ਹੁਣ ਜੇ ਤੁਸੀ ਕਹੋ ਕਿ ਮੌਜੂਦਾ ਭਾਰਤ ਮੋਹਨ ਦਾਸ ਕਰਮ ਚੰਦ ਗਾਂਧੀ ਦੀ ਦੇਣ ਹੈ ਤਾਂ ਮੈਂ ਪੂਰੀ ਤਰਾਂ ਇੱਤਫਾਕ ਰੱਖਾਂਗਾ ਤੁਹਾਡੀ ਗੱਲ ਨਾਲ।

ਕਿਓਂਕਿ ਕੁਝ ਹੋਰ ਕਿਹਾ ਤਾਂ ਦੇਸ਼ਧ੍ਰੋਹੀ ਹੋਵਾਂਗਾ। ਤੁਹਾਡੇ ਰਾਸ਼ਟਰਪਿਤਾ ਦੀ ਸ਼ਾਨ 'ਚ ਗੁਸਤਾਖੀ ਕਰਾਂਗਾ ਤੇ ਕਿਸੇ ਵੱਡੀ ਪਾਰਟੀ ਦੇ ਵੱਡੇ ਸੋਟੇ ਦਾ ਭਾਗੀਦਾਰ ਵੀ ਹੋਵਾਂਗਾ, ਸੋ ਕਰੋੜਾਂ ਲੋਕਾਂ ਨੂੰ ਭੇਡ ਦੀ ਜ਼ਿੰਦਗੀ ਲਈ ਗਾਂਧੀ ਦਾ ਸ਼ੁਕਰੀਆ।

ਦਵਿੰਦਰਪਾਲ
ਪੀ ਟੀ ਸੀ ਨਿਊਜ਼

4 comments:

  1. Balram Bodhi on Facebook-----jai ho,udon tk mauj kro ,jdon tk uh golvalkr nhin thopde.jai ho.

    ReplyDelete
  2. Jasvir Sidhu on Facebook---I M AGREE.. WITH U VEER..

    ReplyDelete
  3. Gandhi was the biggest fraud of India; a liar, a cheat, a dishonest person, a sensuous being, a crook, intellectually dull,an agent of imperialist forces, a fanatic Hindu but a confused person; he may be so-called 'bapu' of a few thousand people but 99% consider him a hypocrite bogus person who was good for nothing.

    ReplyDelete
  4. Beautiful and balanced article by mohit.

    ReplyDelete