ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Tuesday, March 22, 2011

ਅਰਾਜਕ ਨਹੀਂ ਦਾਰਸ਼ਨਿਕ ਭਗਤ ਸਿੰਘ ਦੀ ਲੋੜ

ਇਤਿਹਾਸ ਵਿੱਚ ਇਹ ਮਾਣ ਬਹੁਤ ਘੱਟ ਲੋਕਾਂ ਦੇ ਹਿੱਸੇ ਆਇਆ ਹੈ ਕਿ ਉਹਨਾਂ ਨੂੰ ਸਮਾਜ ਨੇ ਸਰਵਪ੍ਰਵਾਨਤ ਨਾਇਕ ਦੇ ਤੌਰ ਤੇ ਸਵੀਕਾਰ ਕੀਤਾ ਹੋਵੇ ਅਤੇ ਸਰਵਪ੍ਰਵਾਨਤ ਨਾਇਕ ਦੇ ਤੌਰ ਤੇ ਸਨਮਾਨਿਆ ਹੋਵੇ। ਭਗਤ ਸਿੰਘ ਭਾਰਤੀ ਜੰਗੇ ਆਜ਼ਾਦੀ ਦਾ ਅਜਿਹਾ ਹੀ ਮਹਾਂਨਾਇਕ ਹੈ ਜੋ ਜੰਮਪਲ ਭਾਵੇਂ ਪੰਜਾਬ ਦੀ ਧਰਤੀ ਦਾ ਸੀ ਪਰ ਉਸਨੂੰ ਮਾਣਤਾ ਕੌਮੀ ਤੇ ਕੌਮਾਂਤਰੀ ਪੱਧਰ ਦੀ ਮਿਲੀ ਹੈ। ਦੁਨੀਆਂ ਵਿੱਚ ਜਿੱਥੇ ਵੀ ਜ਼ੁਲਮ ਦੇ ਖਿਲਾਫ ਸੰਘਰਸ਼ ਦੀ ਗੱਲ ਚਲਦੀ ਹੈ ਤਾਂ ਨੌਜੁਆਨੀ ਦੇ ਖੁਆਬਾਂ ਤੇ ਆਦਰਸ਼ਾਂ ਵਿੱਚ ਸਭ ਤੋਂ ਪਹਿਲਾਂ ਭਗਤ ਸਿੰਘ ਦਾ ਬਿੰਬ ਉਭਰਦਾ ਹੈ ਅਤੇ ਸੁੱਤੇ ਸਿੱਧ ਹੀ ਭਗਤ ਸਿੰਘ ਦਾ ਜ਼ਜਬਾ ਉਹਨਾਂ ਦੇ ਖਿਆਲਾਂ ਦਾ ਪ੍ਰਤੀਨਿਧ ਬਣ ਜਾਂਦਾ ਹੈ। ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਭਗਤ ਸਿੰਘ ਦਾ ਨਾਂ ਕੌਮਾਂਤਰੀ ਪੱਧਰ ਉੱਤੇ ਜਵਾਨੀ ਅਤੇ ਜ਼ੋਸ਼ ਦਾ ਪ੍ਰਤੀਕ ਬਣ ਚੁੱਕਿਆ ਹੈ ਇਸੇ ਲਈ ਸਾਡੇ ਸਮਿਆਂ ਦਾ ਚਰਚਿਤ ਸ਼ਾਇਰ ਜਸਵੰਤ ਜਫਰ ਆਪਣੀ ਕਵਿਤਾ 'ਭਗਤ ਸਿੰਘ' ਵਿੱਚ ਇਸ ਤੱਥ ਦਾ ਇਕਬਾਲ ਕਰਦਾ ਹੈ:


ਮੇਰੇ ਦਾਦੇ ਦੇ ਜਨਮ ਵੇਲੇ
ਤੂੰ ਬਾਰਾਂ ਵਰ੍ਹਿਆਂ ਦਾ ਸੀ
ਸ਼ਹੀਦੀ ਖੂਨ ਨਾਲ ਭਿੱਜੀ
ਜ਼ਲ੍ਹਿਆਂਵਾਲੇ ਬਾਗ ਦੀ
ਮਿੱਟੀ ਨਮਸ਼ਕਾਰਦਾ

ਦਾਦਾ ਬਾਰ੍ਹਾਂ ਵਰ੍ਹਿਆਂ ਦਾ ਹੋਇਆ
ਤੂੰ 24 ਸਾਲਾਂ ਭਰ ਜਵਾਨ ਗੱਭਰੂ ਸੀ
ਤੇਰਾ ਸ਼ਹੀਦੀ ਵੇਲਾ ਸੀ

ਦਾਦਾ ਗੱਭਰੂ ਹੋਇਆ ਤਾਂ ਵੀ ਤੂੰ
ਤੂੰ 24 ਸਾਲਾਂ ਭਰ ਜਵਾਨ ਗੱਭਰੂ ਸੀ
ਮੇਰੇ ਪਿਤਾ ਦੇ ਗੱਭਰੂ ਹੋਣ ਵੇਲੇ ਵੀ
ਤੂੰ 24 ਸਾਲਾ ਭਰ ਜਵਾਨ ਗੱਭਰੂ ਸੀ

ਮੈਂ 24 ਸਾਲ ਦਾ ਹੋਇਆ
ਤਾਂ ਵੀ ਤੂੰ
24 ਸਾਲਾ ਭਰ ਜਵਾਨ ਗੱਭਰੂ ਸੀ
ਮੈਂ 25, 26, 27, ......... 37 ਸਾਲ ਦਾ ਹੋਇਆ
ਤੂੰ 24 ਸਾਲਾ ਭਰ ਜਵਾਨ ਗੱਭਰੂ ਹੀ ਰਿਹਾ

ਮੈਂ ਹਰ ਜਨਮ ਦਿਨ ਤੇ
ਬੁਢਾਪੇ ਵੱਲ ਇੱਕ ਸਾਲ ਵਧਦਾ ਹਾਂ
ਤੂੰ ਹਰ ਸ਼ਹੀਦੀ ਦਿਨ ਤੇ
24 ਸਾਲਾ ਭਰ ਜਵਾਨ ਗੱਭਰੂ ਹੁੰਦਾ ਹੈ

ਉਂਜ ਅਸੀਸ ਤਾਂ ਸਾਰੀਆਂ ਮਾਵਾਂ ਦਿੰਦੀਆਂ ਨੇ
ਜਿਉਂਦਾ ਰਹੇਂ ਸਦਾ ਜਵਾਨੀਆਂ ਮਾਣੇਂ
ਪਰ ਤੂੰ ਸੱਚ ਮੁੱਚ ਜਿਉਂਦਾ ਹੈਂ ਭਰ ਜੁਆਨ ਗੱਭਰੂ
ਸਦਾ ਜੁਆਨੀਆਂ ਮਾਣਦਾ ਹੈਂ
ਜਿਹਨਾਂ ਅਜੇ ਪੈਦਾ ਹੋਣਾ ਹੈ
ਉਹਨਾਂ ਗੱਭਰੂਆਂ ਦੇ ਵੀ ਹਾਣਦਾ ਹੈਂ ……


ਇੱਥੇ ਹੀ ਭਗਤ ਸਿੰਘ ਦੇ ਨਾਲ ਇੱਕ ਦੁਖਾਂਤਕ ਅਧਿਆਇ ਜੁੜਦਾ ਹੈ। ਉਸ ਨੂੰ ਜੋਸ਼ ਤੇ ਜੁਆਨੀ ਦਾ ਪ੍ਰਤੀਕ ਤਾਂ ਮੰਨ ਲਿਆ ਪਰ ਚਿੰਤਕ ਅਤੇ ਦਰਸ਼ਨ ਦੇ ਪੱਖੋਂ ਉਸ ਦੇ ਅਧਿਐਨ ਦਾ ਪੱਖ ਅਣਗੌਲਾ ਕਰ ਦਿੱਤਾ ਗਿਆ। ਇਹ ਪੰਜਾਬ ਦੀ ਮਿੱਟੀ ਦੇ ਜੁਝਾਰੂ ਵਿਰਸੇ ਦਾ ਪ੍ਰਭਾਵ ਸੀ ਜਾਂ ਆਜ਼ਾਦੀ ਦੀ ਲੜਾਈ ਵਿੱਚ ਭਗਤ ਸਿੰਘ ਵਰਗੇ ਗਰਮਦਲੀਆਂ ਦੀ ਭੂਮਿਕਾ ਦਾ ਅਸਰ ਸੀ ਕਿ ਭਗਤ ਸਿੰਘ ਏ ਹਮੇਸ਼ਾ ਪਿਸਤੌਲ ਵਾਲੇ ਭਗਤ ਸਿੰਘ ਦੇ ਰੂਪ ਵਿਚ ਪੇਸ਼ ਕੀਤਾ ਗਿਆ,ਜਦੋਂ ਕਿ ਭਗਤ ਸਿੰਘ ਖੁਦ ਵੀ ਆਪਣੇ ਅਤੇ ਆਪਣੀ ਪਾਰਟੀ ਦੇ ਇਸ ਬਿੰਬ ਨੂੰ ਸੁਚੇਤ ਤੌਰ ਤੇ ਤੋੜਨ ਦੀ ਕੋਸ਼ਿਸ਼ ਕਰਦਾ ਰਿਹਾ। ਵੱਖ ਵੱਖ ਥਾਵਾਂ ਤੇ ਅਤੇ ਵੱਖ ਵੱਖ ਪ੍ਰਸੰਗਾਂ ਵਿੱਚ ਉਸਨੇ ਇਸ ਸਬੰਧ ਵਿੱਚ ਟਿੱਪਣੀਆਂ ਕੀਤੀਆਂ:
"ਪਿਸਤੌਲ ਅਤੇ ਬੰਬ ਇਨਕਲਾਬ ਨਹੀਂ ਲਿਆਉਂਦੇ, ਸਗੋਂ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ ਤੇ ਤੇਜ ਹੁੰਦੀ ਹੈ"।
ਅਸੀਂ ਨੌਂਜਵਾਨਾਂ ਨੂੰ ਬੰਬ ਤੇ ਪਿਸਤੌਲ ਚੁੱਕਣ ਦੀ ਸਲਾਹ ਨਹੀਂ ਦੇ ਸਕਦੇ। ਵਿਦਿਆਰਥੀਆਂ ਦੇ ਕਰਨ ਲਈ ਇਸ ਤੋਂ ਜ਼ਿਆਦਾ ਵੱਡੇ ਕੰਮ ਹਨ।ਸਮਾਜਵਾਦੀ ਸਮਾਜ ਹਿੰਸਕ ਤਰੀਕਿਆਂ ਨਾਲ ਕਾਇਮ ਨਹੀਂ ਕੀਤਾ ਜਾ ਸਕਦਾ ਸਗੋਂ ਇਸ ਨੂੰ ਆਪਣੇ ਅੰਦਰੋਂ ਉਗਮਣਾ ਤੇ ਵਿਗਸਣਾ ਪੈਣਾ ਹੈ।

ਅਸੀਂ ਮਨੁੱਖਾਂ ਜੀਵਨ ਨੂੰ ਬੜਾ ਪਵਿੱਤਰ ਮੰਨਦੇ ਹਾਂ ਅਤੇ ਉਸ ਸੁਨਹਿਰੀ ਭਵਿੱਖ ਦਾ ਸੁਫਨਾ ਵੇਖਦੇ ਹਾਂ ਜਦੋਂ ਮਨੁੱਖ ਪੂਰਨ ਸ਼ਾਂਤੀ ਤੇ ਆਜ਼ਾਦੀ ਵਿੱਚ ਵਿਚਰੇਗਾ। ਸਾਨੂੰ ਇਹ ਪਰਵਾਨ ਕਰਦਿਆਂ ਦੁੱਖ ਹੁੰਦਾ ਹੈ, ਅਸੀਂ ਇਨਸਾਨੀ ਖੂਨ ਡੋਲ੍ਹਣ ਤੇ ਮਜ਼ਬੂਰ ਕੀਤੇ ਗਏ ਹਾਂ।
ਇਨਕਲਾਬ ਸਿਰਫ ਬੰਬਾਂ ਤੇ ਪਿਸਤੌਲਾਂ ਨਾਲ ਅਕੀਦਤ ਨਹੀਂ ਰਖਦਾ ਬਲਕਿ ਇਹ ਬੰਬ ਤੇ ਪਿਸਤੌਲ ਕਦੀ ਕਦਾਈਂਂ ਇਸ ਇਨਕਲਾਬ ਦੇ ਵੱਖ ਵੱਖ ਹਿੱਸਿਆਂ ਦੀ ਪੂਰਤੀ ਲਈ ਇਕ ਸਾਧਨ ਬਣਦੇ ਹਨ।

ਉਪਰੋਕਤ ਵਿਚਾਰ ਸਪੱਸ਼ਟ ਕਰਦੇ ਹਨ ਕਿ ਭਗਤ ਸਿੰਘ ਪਿਸਤੌਲ ਚਲਾਉਣ ਵਾਲੇ ਯੋਧੇ ਅਤੇ ਜੋਸ਼ੀਲੇ ਨੌਜਵਾਨ ਤੋਂ ਵੱਧ ਹੋਰ ਬਹੁਤ ਕੁਝ ਸੀ ਜਿਸ ਨੂੰ ਜਾਣਿਆ, ਪਛਾਣਿਆ ਤੇ ਪੜਚੋਲਿਆ ਨਹੀਂ ਗਿਆ। ਹੋਰ ਡੂੰਘਾਈ ਨਾਲ ਵੇਖੀਏ ਤਾਂ ਭਗਤ ਸਿੰਘ ਦੇ ਮੁੱਖ ਤੌਰ ਤੇ ਹੇਠ ਲਿਖੇ ਰੂਪ ਹਨ ਜਿੰਨ੍ਹਾਂ ਨੂੰ ਲੋਕਾਂ ਨੇ ਵੱਖ ਵੱਖ ਪ੍ਰਸੰਗਾਂ ਵਿੱਚ ਵਰਤਿਆ:

1. ਭਗਤ ਸਿੰਘ ਦਾ ਪਗੜੀਧਾਰੀ ਰੂਪ ਸਿੱਖਾਂ ਦੇ ਇੱਕ ਵਰਗ ਨੇ 'ਸਿੱਖ ਭਗਤ ਸਿੰਘ ਦੇ ਸੰਕਲਪ ਨੂੰ ਉਭਾਰ ਕੇ ਆਪਣੇ ਹਿੱਤ ਲਈ ਵਰਤਿਆ।
2. ਭਗਤ ਸਿੰਘ ਦਾ ਟੋਪੀਧਾਰੀ ਰੂਪ ਉਪਰੋਕਤ ਵਰਗ ਦੇ ਪ੍ਰਤੀਉਤਰ ਵਜੋਂ ਕੁਝ ਦੂਜੀਆਂ ਧਾਰਮਿਕ ਤੇ ਰਾਜਨੀਤਕ ਧਿਰਾਂ ਨੇ ਆਪਣੇ ਹਿੱਤਾਂ ਲਈ ਵਰਤਿਆ।
3. ਭਗਤ ਸਿੰਘ ਦਾ ਬੁੱਤਧਾਰੀ ਰੂਪ ਭਾਰਤੀ ਲੋਕਾਂ ਦੀ ਬੁੱਤਪ੍ਰਸਤ ਸੋਚ ਨੂੰ ਕੈਸ਼ ਕਰਨ ਲਈ ਭਗਤ ਸਿੰਘ ਦੀ ਸੋਚ ਦੇ ਉਲਟ ਖੜ੍ਹੇ ਲੋਕਾਂ ਨੇ ਸਾਲ ਵਿੱਚ ਇੱਕ ਦਿਨ ਫੁੱਲਾਂ ਦੇ ਹਾਰ ਪਾ ਕੇ ਭਾਵਨਾਤਮਕ ਬਲੈਕਮੇਲਿੰਗ ਲਈ ਵਰਤਿਆ।
4. ਭਗਤ ਸਿੰਘ ਦਾ ਮੁੱਛਧਾਰੀ ਰੂਪ ਮਕੈਨੀਕਲ ਅਣਖਧਾਰੀ ਲੋਕਾਂ (ਮੰਡੀਰ੍ਹ) ਨੇ ਵਰਤਿਆ ਅਤੇ 'ਹਟ ਪਿੱਛੇ ਮਿੱਤਰਾਂ ਦੀ ਮੁੱਛ ਦਾ ਸੁਆਲ ਹੈ' ਵਰਗੇ ਮੁਖੜਿਆਂ ਵਾਲੇ ਗੀਤ (ਟੋਟਕੇ) ਹੋਂਦ ਵਿੱਚ ਆਏ।
5. ਭਗਤ ਸਿੰਘ ਦਾ ਪਿਸਤੌਲਧਾਰੀ ਰੂਪ ਵੀ ਉਪਰੋਕਤ ਸੋਚ ਦੇ ਧਾਰਨੀ ਲੋਕਾਂ ਨੇ ਬਦਲਾ ਲਊ ਮਾਨਸਿਕਤਾ ਦੇ ਪ੍ਰਤੀਉਤਰ ਦੇ ਤੌਰ ਤੇ ਵਰਤਿਆ ਤੇ 'ਅੰਗਰੇਜ਼ ਖੰਘੇ ਸੀ, ਤਾਂਹੀਉਂ ਟੰਗੇ ਸੀ' ਵਰਗੇ ਟੋਟਕੇ ਸਿਰਜੇ ਗਏ।
6. ਭਗਤ ਸਿੰਘ ਮੇਲਾਧਾਰੀ (ਪ੍ਰਦਰਸ਼ਨਕਾਰੀ) ਰੂਪ ਸਮਾਜ ਦੇ ਉਸ ਵਰਗ ਨੇ ਵਰਤਿਆ ਜੋ ਭਗਤ ਸਿੰਘ ਦੇ ਨਾਂ ਤੇ ਲੋਕਾਂ ਦੇ ਵੱਡੇ ਵੱਡੇ ਇਕੱਠ ਕਰਨੇ ਚਾਹੁੰਦੇ ਸਨ, ਚਾਹੇ ਉਹ ਭਗਤ ਸਿੰਘ ਦੇ ਨਾਂ ਤੇ ਸੱਭਿਆਚਾਰਕ ਗੀਤਾਂ ਦੇ ਮੇਲੇ ਹੋਣ, ਚਾਹੇ ਉਹ ਖੇਡ ਟੂਰਨਾਮੈਂਟ ਹੋਣ ਜਾਂ ਸਿਆਸੀ ਜਲਸੇ ਜਲੂਸ। ਇਕੱਠ ਕਰਨ ਅਤੇ ਉਸ ਵਿੱਚ ਭਗਤ ਸਿੰਘ ਦੇ ਨਾਂ ਦੀ ਫੋਟੋ ਲਾਉਣ ਤੋਂ ਵੱਧ ਉਹ ਭਗਤ ਸਿੰਘ ਬਾਰੇ ਨਾਂ ਕੁਝ ਜਾਣਦੇ ਹਨ, ਨਾ ਕੁਝ ਕਰਦੇ ਹਨ ਅਤੇ ਨਾ ਹੀ ਅਜਿਹਾ ਕਰਨ ਦੀ ਜ਼ਰੂਰਤ ਮਹਿਸੂਸ ਕਰਦੇ ਹਨ।
7. ਭਗਤ ਸਿੰਘ ਦਾ ਬਾਜ਼ਾਰਧਾਰੀ ਰੂਪ ਉਹਨਾਂ ਲੋਕਾਂ ਨੇ ਵਰਤਿਆ ਜੋ ਭਗਤ ਸਿੰਘ ਨੂੰ ਮਾਰਕੀਟਿੰਗ ਦਾ ਦਾ ਸੰਦ ਬਣਾ ਕੇ ਪੇਸ਼ ਕਰਦੇ ਰਹੇ ਹਨ। ਚਾਹੇ ਉਹ ਭਗਤ ਸਿੰਘ ਦੇ ਨਾਂ ਫਿਲਮ ਬਣਾਉਣ ਦਾ ਮਸਲਾ ਹੋਵੇ ਚਾਹੇ ਭਗਤ ਸਿੰਘ ਦੀਆਂ ਟੋਪੀਧਾਰੀ, ਪਗੜੀਧਾਰੀ, ਮੁੱਛਧਾਰੀ ਜਾਂ ਪਿਸਤੌਲਧਾਰੀ ਫੋਟੋਆਂ ਵੱਡੇ ਪੱਧਰ ਤੇ ਪ੍ਰਕਾਸ਼ਿਤ ਕਰਕੇ ਵੇਚਣ ਦਾ ਮਸਲਾ ਹੋਵੇ ਜਾਂ ਅੱਠ ਦੱਸ ਲੱਚਰ ਗੀਤਾਂ/ਕੈਸਿਟਾਂ ਦੇ ਨਾਲ ਇੱਕ ਅੱਧਾ ਗੀਤ/ਕੈਸਿਟ ਭਗਤ ਸਿੰਘ ਦੇ ਨਾਂ ਤੇ ਪੇਸ਼ ਕਰਨ ਦਾ ਬਜ਼ਾਰੂ ਸਟੰਟ ਹੋਵੇ।
8. ਉਪਰੋਕਤ ਤੋਂ ਇਲਾਵਾ ਭਗਤ ਸਿੰਘ ਦਾ ਇਕ ਹੋਰ ਨਵਾਂ ਰੂਪ ਭਗਤ ਸਿੰਘ ਦਾ ਜਾਤਧਾਰੀ ਤੇ ਗੋਤਧਾਰੀ ਰੂਪ ਵੀ ਪ੍ਰਚਲਿਤ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਭਗਤ ਸਿੰਘ ਜੱਟ ਸੀ ਜਾਂ ਭਗਤ ਸਿੰਘ ਸਿੱਧੂ ਸੀ ਜਾਂ ਅਜਿਹਾ ਕੁੱਝ ਹੋਰ ਸੀ, ਇਸ ਤਰ੍ਹਾਂ ਦੀਆਂ ਸੌੜੀਆਂ ਵਲਗਣਾਂ ਵਿੱਚ ਭਗਤ ਸਿੰਘ ਦੇ ਸੰਕਲਪ ਨੂੰ ਕੈਦ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।
9. ਭਗਤ ਸਿੰਘ ਦਾ ਇਕ ਮੁਕਾਬਲਤਨ ਸਾਕਾਰਾਤਮਕ ਰੂਪ ਸੰਘਰਸ਼ ਕਰ ਰਹੀਆਂ ਧਿਰਾਂ ਦਾ 'ਨਾਹਰਾਧਾਰੀ ਭਗਤ ਸਿੰਘ' ਦਾ ਸੀ ਜਿਸ ਦੇ ਤਹਿਤ ਉਹ ਆਪਣੇ ਹੱਕੀ ਸੰਘਰਸ਼ ਦੀ ਲਾਮਬੰਦੀ ਲਈ ਭਗਤ ਸਿੰਘ ਦੀ ਫੋਟੋ ਜਾਂ ਇਨਕਲਾਬ ਜ਼ਿੰਦਾਬਾਦ ਦੇ ਨਾਹਰੇ ਨੂੰ ਗੱਜ ਵੱਜ ਕੇ ਵਰਤਦੇ ਰਹੇ ਪਰੰਤੂ ਭਗਤ ਸਿੰਘ ਪ੍ਰਤੀ ਇਹ ਪਹੁੰਚ ਵੀ ਨਾਹਰੇ ਤੋਂ ਉੱਪਰ ਨਾ ਉੱਠ ਸਕੀ।


ਇਹਨਾਂ ਸਾਰੇ ਰੂਪਾਂ ਦੇ ਸਮਾਨਾਂਤਰ ਅਤੇ ਇਹਨਾਂ ਸਭ ਰੂਪਾਂ ਤੋਂ ਉਲਟ ਭਗਤ ਸਿੰਘ ਦਾ ਬਿਲਕੁੱਲ ਵੱਖਰਾ ਰੂਪ ਚਿੰਤਕ ਭਗਤ ਸਿੰਘ ਜਾਂ ਦਾਰਸ਼ਨਿਕ ਭਗਤ ਸਿੰਘ ਦਾ ਸੀ ਜਿਸ ਨੂੰ ਭਾਵੇਂ ਕੁਝ ਸੀਮਤ ਧਿਰਾਂ ਨੇ ਸੈਮੀਨਾਰਾਂ, ਗੋਸ਼ਠੀਆਂ, ਕਹਾਣੀਆਂ, ਨਾਵਲਾਂ, ਨਾਟਕਾਂ ਆਦਿ ਰਾਹੀਂ ਗੰਭੀਰਤਾ ਨਾਲ ਪੜਚੋਲਿਆ ਅਤੇ ਸਮਕਾਲੀ ਹਾਲਾਤਾਂ ਵਿੱਚ ਉਸਦੇ ਚਿੰਤਨ ਦੀ ਪ੍ਰਾਸੰਗਿਕਤਾ ਨੂੰ ਸਾਹਮਣੇ ਲਿਆਉਣ ਦੇ ਯਤਨ ਕੀਤੇ ਪਰੰਤੂ ਭਗਤ ਸਿੰਘ ਦੇ ਹੋਰ ਰੂਪਾਂ ਵਿੱਚ ਪ੍ਰਸਤੁਤ ਹੋਣ ਦੀ ਮਿਕਦਾਰ ਦੇ ਮੁਕਾਬਲੇ ਇਹ ਯਤਨ ਬਿਲਕੁਲ ਨਿਗੁਣੇ ਹੀ ਸਾਬਤ ਹੋਏ। ਭਗਤ ਸਿੰਘ ਦੀ 100ਵੀਂ ਵਰ੍ਹੇ ਗੰਢ ਨੇ ਭਗਤ ਸਿੰਘ ਦੇ ਉਪਰੋਕਤ ਦੰਭੀ ਜਾਂ ਸੀਮਤ ਰੂਪਾ ਨੂੰ ਬਹੁਤ ਹਵਾ ਦਿੱਤੀ। ਸਟਿੱਕਰਾਂ ਦੇ ਰੂਪ ਵਿੱਚ, ਪੋਸਟਰਾਂ ਦੇ ਰੂਪ ਵਿੱਚ, ਗੀਤਾਂ ਦੇ ਰੂਪ ਵਿੱਚ, ਫਿਲਮਾਂ ਦੇ ਰੂਪ ਵਿੱਚ ਭਗਤ ਸਿੰਘ ਦੇ ਵਿਗੜੇ ਹੋਏ ਬਿੰਬ ਬਹੁਤ ਵੱਡੀ ਗਿਣਤੀ ਵਿੱਚ ਪ੍ਰਸਤੁਤ ਹੋਏ, 'ਤੇਰੀ ਫੋਟੋ ਕਿਉਂ ਕਿਉਂ ਨਹੀਂ ਭਗਤ ਸਿਆਂ ਲਗਦੀ ਨੋਟਾਂ ਤੇ' ਵਰਗੇ ਗੀਤ ਭਾਵੇਂ ਉਪਰੋਂ ਨੌਜਵਾਨ ਪੀੜੀ ਨੂੰ ਭਗਤ ਸਿੰਘ ਦੇ ਨਾਂ ਤੇ ਬਹੁਤ ਆਕਰਸ਼ਤ ਕਰਦੇ ਹਨ ਪਰੰਤੂ ਇਹਨਾਂ ਦੇ ਪਿਛੋਕੜ ਵਿੱਚ ਚਿੰਤਨ ਵਿਹੁਣੀ ਦ੍ਰਿਸ਼ਟੀ ਕਾਰਜਸ਼ੀਲ ਹੈ ਅਤੇ ਇਹਨਾਂ ਦੇ ਫਿਲਮਾਂਕਣ ਵਿੱਚਂੋ ਹਲਕੇ ਪੱਧਰ ਦੀ ਦ੍ਰਿਸ਼ਬੰਦੀ ਕੀਤੀ ਗਈ, ਉਸ ਨੇ ਭਗਤ ਸਿੰਘ ਦਾ ਰੁਮਾਂਟਿਕ, ਮਾਰਧਾੜ ਵਾਲਾ ਅਤੇ ਜਗੀਰੂ ਅਣਖ ਵਾਲਾ ਬਿੰਬ ਲੋਕਾਂ ਸਾਹਮਣੇ ਵਧੇਰੇ ਲਿਆਂਦਾ ਜਿਸ ਨਾਲ ਭਗਤ ਸਿੰਘ ਦੇ ਨਾਂ ਤੇ ਇੱਕ ਵੱਡਾ ਬਾਜ਼ਾਰ ਤਾਂ ਜ਼ਰੂਰ ਖੜ੍ਹਾ ਹੋਇਆ ਪਰੰਤੂ ਭਗਤ ਸਿੰਘ ਦਾ ਬੁਨਿਆਦੀ ਚਿੰਤਨ ਕਿਧਰੇ ਗੁਆਚ ਗਿਆ। ਹਾਂ, ਇਸ ਸੌਵੀਂ ਵਰ੍ਹੇ ਗੰਢ ਨੇ ਭਗਤ ਸਿੰਘ ਦੇ ਸੰਬੰਧ ਵਿੰਚ ਚਿੰਤਨ-ਮਨਨ ਦਾ ਦੁਆਰ ਵੀ ਖੋਲਿਆ। ਕੁਝ ਪ੍ਰਤੀਬੱਧ ਅਤੇ ਗੰਭੀਰ ਧਿਰਾਂ ਨੇ ਭਗਤ ਸਿੰਘ ਅਤੇ ਇਨਕਲਾਬੀ ਸੰਘਰਸ਼ ਨਾਲ ਜੁੜੇ ਹੋਰ ਲੋਕਾਂ ਦੀਆਂ ਜੀਵਨੀਆਂ/ ਸਵੈਜੀਵਨੀਆਂ/ਲਿਖਤਾਂ/ਡਾਇਰੀਆਂ/ਜ਼ੇਲ ਡਾਇਰੀਆਂ/ਮੁਕੱਦਮੇ/ਪੇਸ਼ੀਆਂ ਦੇ ਦਸਤਾਵੇਜ਼ ਪ੍ਰਕਾਸ਼ਿਤ ਕਰਵਾਏ, ਉਹਨਾਂ ਨੂੰ ਹਰ ਘਰ ਤੇ ਹਰ ਦਰ ਤੱਕ ਪਹੁੰਚਾਉਣ ਦਾ ਬੀੜਾ ਚੁੱਕਿਆ। ਵਾਜ਼ਿਬ ਰੇਟ ਤੇ ਮੁਬਾਇਲ ਵੈਨਾਂ ਰਾਹੀਂ ਪੁਸਤਕ ਮੇਲਿਆਂ ਦੇ ਰੂਪ ਵਿੱਚ ਲੱਖਾਂ ਦੀ ਗਿਣਤੀ ਵਿੱਚ ਪੁਸਤਕਾਂ ਮੈਗਜ਼ੀਨ ਹਿੰਦੀ ਪੰਜਾਬੀ, ਅੰਗਰੇਜੀ ਤੇ ਹੋਰ ਭਾਸ਼ਾਵਾਂ ਵਿੱਚ ਛਾਪ ਕੇ ਚਿੰਤਨ ਦੀਆਂ ਨਵੀਆਂ ਦਿਸ਼ਾਵਾਂ ਖੋਲ੍ਹੀਆਂ। ਬਲਦੇਵ ਸਿੰਘ ਮੋਗਾ ਦੇ ਵੱਡ ਆਕਾਰੀ ਨਾਵਲ 'ਸਤਲੁਜ ਵਹਿੰਦਾ ਰਿਹਾ', ਨੂੰ ਸਪਾਂਸਰ ਕੀਤਾ । 'ਛਿਪਣ ਤੋਂ ਪਹਿਲਾਂ' (ਦਵਿੰਦਰ ਦਮਨ), ਮੈਂ ਭਗਤ ਸਿੰਘ (ਪਾਲੀ ਭੁਪਿੰਦਰ), ਭਗਤ ਸਿੰਘ ਤਿਕੜੀ (ਚਰਨਦਾਸ ਸਿੱਧੂ), ਮੈਂ ਅਜੇ ਜਿੰਦਾਂ ਹਾਂ (ਡਾ.ਕੁਲਦੀਪ ਸਿੰਘ ਦੀਪ) ਆਦਿ ਨਾਟਕਾਂ ਦੀਆਂ ਸੈਂਕੜੇ ਪੇਸ਼ਕਾਰੀਆਂ ਛੋਟੇ ਵੱਡੇ ਮੰਚਾਂ ਤੇ ਹੋਈਆਂ। ਗੱਲ ਕਾਫੀ ਹੱਦ ਤੱਕ ਚੱਲੀ ਪਰੰਤੂ ਅਜੇ ਵੀ ਬਹੁਤ ਕੁਝ ਕਰਨ ਦੀ ਲੋੜ ਹੈ। ਭਗਤ ਸਿੰਘ ਦਾ ਚਿੰਤਨ ਅਤੇ ਉਸ ਦੀ ਦਾਰਸ਼ਨਿਕਤਾ ਅਜੇ ਵੀ ਬਹੁਤ ਹੱਦ ਤੱਕ ਅਪਹੁੰਚ ਅਤੇ ਅਣਫੋਲੀ ਹੈ। ਕਿਉਂਕਿ ਭਗਤ ਸਿੰਘ ਸਿਰਫ ਇਕ 'ਵਿਅਕਤੀ ਭਗਤ ਸਿੰਘ' ਨਹੀਂ ਬਲਕਿ ਇੱਕ ਪੂਰੀ ਸੂਰੀ ਸੋਚ ਅਤੇ ਫਿਲਾਸਫੀ ਦਾ ਪ੍ਰਤੀਨਿਧ ਹੈ ਜਿਸ ਦੇ ਚਿੰਤਨ ਵਿਚੋਂ ਅਸੀਂ ਇੱਕ ਪਾਸੇ ਇੱਕ ਵਿਅਕਤੀ ਦੇ ਚਿੰਤਨ ਦੇ ਵਿਕਾਸ ਦੀਆਂ ਕਈ ਪਰਤਾਂ ਅਤੇ ਦਿਸ਼ਾਵਾਂ ਦੇਖਦੇ ਹਾਂ। ਦੂਜੇ ਪਾਸੇ ਸਿਧਾਂਤਕ ਅਤੇ ਵਿਹਾਰਕ ਯੁੱਧ ਦੇ ਅਨੇਕ ਪਾਸਾਰ ਦੇਖਦੇ ਹਾਂ।ਬੇਸ਼ਕ ਭਗਤ ਸਿੰਘ ਨੂੰ ਸਮੇਂ ਦੀ ਲੰਮੀ ਡਗਰ 'ਚੋਂ ਸਿਰਗ਼ 24 ਸਾਲ (1907 ਤੋਂ 1931) ਹੀ ਮਿਲੇ ਸਨ,ਜੋ ਕਿ ਕਿਸੇ ਵੀ ਵਿਕਅਤੀ ਦੇ ਵਿਚਾਰਾਂ ਨੂੰ ਪੈਦਾ ਹੋਣ, ਵਿਕਸਤ ਅਤੇ ਪ੍ਰੋੜ ਹੋਣ ਵਿੱਚ ਬਹੁਤ ਹੀ ਨਾਕਾਫੀ ਹਨ। ਇਸ ਤੋਂ ਵੀ ਅੱਗੇ ਭਗਤ ਸਿੰਘ ਵਰਗੇ ਉਸ ਯੋਧੇ ਲਈ ਜੋ ਆਪਣੇ ਕਾਲਜ ਦੇ ਦਿਨਾਂ ਤੋਂ ਹੀ ਸੁਤੰਤਰਤਾ ਸੰਗਰਾਮ ਦੇ ਪਵਿੱਤਰ ਅਤੇ ਵਡੇਰੇ ਕਾਰਜ ਵਿੱਚ ਦਿਨ ਰਾਤ ਜੁੱਟ ਗਿਆ ਸੀ। ਅਸਲ ਵਿੱਚ ਭਗਤ ਸਿੰਘ ਨੂੰ ਸਿਰਫ਼ ਦੋ ਸਾਲ ਹੀ (1929 ਤੋਂ 1931) ਅਜਿਹੇ ਮਿਲੇ ਸਨ ਜਿਨ੍ਹਾਂ ਵਿੱਚ ਭਗਤ ਸਿੰਘ ਨੇ ਸੰਸਾਰ ਪੱਧਰ ਦੇ ਮਹਾਨ ਵਿਚਾਰਕਾਂ, ਚਿੰਤਕਾਂ, ਫਿਲਾਸਫਰਾਂ ਤੇ ਉਹਨਾਂ ਦੀਆਂ ਲਿਖਤਾਂ ਨੂੰ ਵਾਚਿਆ ਅਤੇ ਇਸੇ ਦੌਰਾਨ ਹੀ ਉਸ ਦੀ ਵਿਚਾਰਧਾਰਾ ਸਿਧਾਂਤ ਅਤੇ ਤਜ਼ਰਬੇ ਦੀ ਕੁਠਾਲੀ ਵਿੱਚੋਂ ਗੁਜਰਦੀ ਹੋਈ ਆਪਣੇ ਸਿਖ਼ਰ ਤੱਕ ਅੱਪੜਦੀ ਹੈ ਜਿਸ ਨੂੰ ਭਗਤ ਸਿੰਘ ਖੁਦ ਵੀ 'ਰੁਮਾਂਟਿਕ ਵਿਚਾਰਵਾਦੀ' 'ਤੋਂ ਵਿਗਿਆਨਕ ਸਮਾਜਵਾਦੀਂ ਤੱਕ ਦਾ ਸਫ਼ਰ ਕਹਿੰਦਾ ਰਿਹਾ ਹੈ। ਅਸਲ ਵਿੱਚ ਭਗਤ ਸਿੰਘ ਨੇ ਆਪਣੀ ਜ਼ਿੰਦਗੀ ਦੀ ਪਾਈ-ਪਾਈ ਕੀਮਤ ਵਸੂਲੀ ਹੈ, ਉਸ ਨੇ ਆਪਣੀ ਜ਼ਿੰਦਗੀ ਦੇ ਹਰ ਪਲ ਦਾ ਉਪਯੋਗ ਬੜੀ ਹੀ ਸੰਜਮਤਾ ਤੇ ਸੁੱਘੜਤਾ ਨਾਲ ਕੀਤਾ ਹੈ, ਜਿਸ ਦਾ ਸਬੂਤ ਉਸਦੀ ਜ਼ਿੰਦਗੀ ਤੇ ਅੰਤਮ ਪਲ ਹਨ, ਜਿਨ੍ਹਾਂ ਵਿੱਚ ਉਹ ਮਹਾਨ ਕ੍ਰਾਂਤੀਕਾਰੀ ਲੈਨਿਨ ਦੀ ਸਵੈ ਜੀਵਨੀ ਪੜ੍ਹ ਰਿਹਾ ਸੀ। ਇੱਕ ਪਾਸੇ ਉਸ ਨੂੰ ਫਾਂਸੀ ਲਟਕਾਉਣ ਦੀਆਂ ਸਾਰੀਆਂ ਤਿਆਰੀਆਂ ਅੰਦਰੋਂ-ਅੰਦਰੀਂ ਮੁਕੰਮਲ ਹੋ ਚੁੱਕੀਆਂ ਸਨ ਤੇ ਦੂਜੇ ਪਾਸੇ ਭਗਤ ਸਿੰਘ ਸਾਰੀ ਦੁਨੀਆਂ ਤੋਂ ਬੇਫ਼ਬਰ ਚਿੰਤਨ-ਮਨਨ ਵਿੱਚ ਲੱਗਿਆ ਹੋਇਆ ਸੀ। ਜਦੋਂ ਉਸ ਨੂੰ ਫਾਂਸੀ ਦਾ ਬੁਲਾਵਾ ਆਇਆ ਤਾਂ ਉਸ ਨੇ ਕਿਹਾ, "ਠਹਿਰੋ, ਇੱਕ ਕ੍ਰਾਂਤੀਕਾਰੀ ਦੂਜੇ ਕ੍ਰਾਂਤੀਕਾਰੀ ਨੂੰ ਮਿਲਣ ਜਾ ਰਿਹਾ ਹੈ।ਂ ਚਿੰਤਨ-ਮਨਨ ਦੀ ਇਸ ਤੋਂ ਵੱਡੀ ਮਿਸਾਲ ਹੋਰ ਕੀ ਹੋ ਸਕਦੀ ਹੈ। ਸਮੇਂ ਦੀ ਘਾਟ ਕਾਰਨ ਬੇਸ਼ਕ ਭਗਤ ਸਿੰਘ ਨੇ ਬੱਝਵੇਂ ਰੂਪ ਵਿੱਚ ਬਹੁਤ ਕੁਝ ਨਹੀਂ ਲਿਖਿਆ (ਜੇ ਲਿਖਿਆ ਵੀ ਸੀ ਤਾਂ ਸਾਡੇ ਕੋਲ ਪਹੁੰਚਿਆ ਨਾ) ਪਰ ਖਿੰਡਵੇਂ ਰੂਪ ਵਿੱਚ ਉਸ ਨੇ ਐਨਾ ਕੁੱਝ ਜ਼ਰੂਰ ਲਿਖਿਆ ਹੈ ਜੋ ਉਸ ਨੂੰ ਪੂਰਨ ਤੌਰ ਤੇ ਦਾਰਸ਼ਨਿਕ ਭਾਵੇਂ ਸਿੱਧ ਨਾ ਕਰੇ ਪਰ ਦਾਰਸ਼ਨਿਕਤਾ ਦੇ ਨੇੜੇ ਤੇੜੇ ਜ਼ਰੂਰ ਲੈ ਜਾਂਦਾ ਹੈ। ਉਸ ਦੇ ਆਪਣੇ ਦਾਦਾ ਜੀ, ਪਿਤਾ ਜੀ, ਚਾਚਾ ਜੀ, ਭਰਾਵਾਂ ਤੇ ਦੋਸਤਾਂ ਨੂੰ ਲਿਖੇ ਖਤ, 'ਕਿਰਤੀ' ਪੱਤ੍ਰਿਕਾ ਦੇ ਸੰਪਾਦਕ ਦੇ ਰੂਪ ਵਿੱਚ ਲਿਖੇ ਆਰਟੀਕਲ ਅਤੇ ਟਿੱਪਣੀਆਂ, ਵੱਖ-ਵੱਖ ਅਦਾਲਤਾਂ ਅਤੇ ਟ੍ਰਿਬਿਊਨਲਾਂ ਸਾਮ੍ਹਣੇ ਬੇਖੌਫ ਹੋ ਕੇ ਦਿੱਤੇ ਵਿਦਵਤਾਪੂਰਨ ਬਿਆਨ, ਵੱਖ-ਵੱਖ ਐਕਸ਼ਨਾਂ ਸਮੇਂ ਸੁੱਟੇ ਗਏ ਪਰਚੇ, ਉਸ ਦਾ ਪ੍ਰਸਿੱਧ ਪੈਂਫਲਿਟ 'ਮੈਂ ਨਾਸਤਿਕ ਕਿਉਂ ਹਾਂ', ਨੌਜਵਾਨ ਭਾਰਤ ਸਭ ਦਾ ਮੈਨੀਫੈਸਟੋ ਅਤੇ ਸਭ ਤੋਂ ਪੁਖ਼ਤਾ ਸਬੂਤ ਹੈ- ਉਸ ਦੀ 404 ਪੰਨਿਆਂ ਦੀ ਜੇਲ੍ਹ ਡਾਇਰੀ। ਇਹਨਾਂ ਸਾਰੇ ਦਸਤਾਵੇਜ਼ਾਂ ਵਿੱਚੋਂ ਉਸ ਦਾ ਵੱਖ-ਵੱਖ, ਵਿਸ਼ਿਆਂ, ਮਸਲਿਆਂ, ਸੰਸਥਾਵਾਂ 'ਤੇ ਕੀਤੀਆਂ ਗਈਆਂ ਟਿੱਪਣੀਆਂ ਰਾਹੀਂ ਵਿਸ਼ਾਲ ਲੋਕ ਪੱਖੀ ਅਤੇ ਤੰਦਰੁਸਤ ਫਲਸਫਾ ਉੱਭਰ ਕੇ ਸਾਮ੍ਹਣੇ ਆਉਂਦਾ ਹੈ। ਇਹ ਗੱਲ ਹੋਰ ਵੀ ਰੌਚਕ ਹੈ ਕਿ ਲੱਖਾਂ ਲੋਕਾਂ ਦਾ ਚਹੇਤਾ, ਲੋਕ ਮਨਾਂ ਦਾ ਨਾਇਕ, ਤੇ ਲੱਖਾਂ ਲੋਕਾਂ ਨੂੰ ਆਪਣੀ ਲੇਖਣੀ ਨਾਲ ਕਾਇਲ ਕਰਨ ਵਾਲਾ ਭਗਤ ਸਿੰਘ ਖੁਦ ਕਿੰਨਾਂ ਦੀ ਲੇਖਣੀ ਦਾ ਕਾਇਲ ਸੀ? ਇਸ ਸੰਬੰਧ ਵਿੱਚ ਸਾਡੇ ਪਾਸ ਸਭ ਤੋਂ ਵੱਧ ਮਹੱਤਵਪੂਰਣ ਦਸਤਾਵੇਜ਼ ਉਸਦੀ ਜੇਲ੍ਹ ਡਾਇਰੀ ਹੈ, ਜਿਸ ਵਿੱਚ ਉਸ ਨੇ ਸੰਸਾਰ ਪ੍ਰਸਿੱਧ ਵਿਦਵਾਨਾਂ ਦੀਆਂ ਸੰਖੇਪ ਟੂਕਾਂ, ਕਾਵਿ ਤੁਕਾਂ ਅਤੇ ਮਹੱਤਵਪੂਰਨ ਨੋਟ ਲਿਖੇ ਹਨ। ਇਹ ਟੂਕਾਂ, ਕਾਵਿ ਟੁਕੜੀਆਂ ਤੇ ਨੋਟ ਜਿੱਥੇ ਉਸ ਦੀਆਂ ਵਿਅਕਤੀਗਤ ਭਾਵਨਾਵਾਂ ਨੂੰ ਪ੍ਰਤਿਬਿੰਬਤ ਕਰਦੇ ਹਨ ਅਤੇ ਉਸਦੀ ਜ਼ਿਂੰਦਗੀ ਨੂੰ ਦਿਸ਼ਾ ਨਿਰਦੇਸ਼ ਦੇਣ ਵਾਲੇ ਮਹੱਤਪੂਰਨ ਤੇ ਆਦਰਸ਼ਕ ਵਾਕ ਹਨ, ਉਥੇ ਭਗਤ ਸਿੰਘ ਦੀ ਵਿਚਾਰਧਾਰਾ, ਚਿੰਤਨ ਅਤੇ ਫਿਲਾਸਫੀ ਨੂੰ ਸਮਕਾਲੀ ਸਮਾਜਿਕ ਪ੍ਰਸੰਗ ਵਿੱਚ ਸਮਝਣ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਐਨੇ ਛੋਟੇ ਵਕਫੇ ਵਿੱਚ ਕਿਵੇਂ ਇਹ ਦਾਰਸ਼ਨਿਕ ਯੋਧਾ ਬਾਇਰਨ, ਵਿਟ੍ਹਮੈਨ, ਵਰਡਜ਼ਵਰਥ, ਲੈਨਿਨ, ਮਾਰਕਸ, ਇਬਸਨ, ਦਾਸਤੋਵਸਕੀ, ਹਿਉਗੋ, ਵੇਰਾ ਫਿਗਨਰ, ਐਨਰੋਂੋਵ, ਉਮਰ ਖਿਆਮ, ਫਿਕਸ ਸਿੰਕਲੇਅਰ, ਵਾਈਲਡ, ਗੋਰਕੀ, ਪਕਰੋਪੋਤਿਕਨ, ਬਾਕੁਨਿਨ, ਨਿਰਲੰਬਾ ਸੁਆਮੀ, ਚਾਰਲਸ ਡਾਰਵਿਨ, ਸੋਹੰਮ ਸੁਆਮੀ, ਰੂਸੋ, ਟਾਲਸਟਾਇ, ਟਾਮਸ ਪੇਨ, ਥਾਮਸ ਜੈਫਰਸਨ, ਪੈਟਰਿਕ ਹੈਨਰੀ, ਮਾਰਕ ਟਵੇਨ, ਰਵਿੰਦਰ ਨਾਥ ਟੈਗੋਰ, ਮੌਰਿਸ ਹਿਲਕਵੀਟਨ ਆਦਿ ਸੰਸਾਰ ਪ੍ਰਸਿੱਧ ਚਿੰਤਕਾਂ ਦਾ ਅਧਿਐਨ ਕਰ ਗਿਆ? ਇਹ ਗੱਲ ਭਗਤ ਸਿੰਘ ਨੂੰ ਲਗਾਤਾਰ ਅਧਿਐਨ ਕਰਨ ਵਾਲਾ ਇੱਕ ਮਹਾਨ ਬੁੱਧੀਜੀਵੀ, ਚਿੰਤਕ ਤੇ ਦਾਰਸ਼ਨਿਕ ਸਿੱਧ ਕਰਦੀ ਹੈ।
ਉਸਦੇ ਇਸ ਚਿੰਤਨ ਦੀਆਂ ਅਨੇਕ ਪਰਤਾਂ ਹਨ ਜਿੰਨ੍ਹਾਂ ਵਿੱਚ ਪ੍ਰਮੁੱਖ ਇਸ ਪ੍ਰਕਾਰ ਹਨ:
1 ਨੌਜੁਆਨਾਂ ਪ੍ਰਤੀ ਉਸਦਾ ਨਜ਼ਰੀਆ
2 ਧਰਮ ਪ੍ਰਤੀ ਨਜ਼ਰੀਆ
3 ਮਨੁੱਖਤਾਂ ਪ੍ਰਤੀ ਨਜ਼ਰੀਆ
4 ਉਸ ਦਾ ਕੌਮਾਂਤਰੀਵਾਦ ਦਾ ਸੰਕਲਪ
5 ਹਥਿਆਰਾਂ ਪ੍ਰਤੀ ਨਜ਼ਰੀਆ
6 ਜਥੇਬੰਦਕ ਸ਼ਕਤੀ ਪ੍ਰਤੀ ਉਸਦਾ ਨਜ਼ਰੀਆ
7 ਜ਼ਿੰਦਗੀ ਦੀ ਖੂਬਸੂਰਤੀ ਪ੍ਰਤੀ ਨਜ਼ਰੀਆ
8 ਹਿੰਸਾ/ਅਹਿੰਸਾ ਸਤਿਆਗ੍ਰਹਿ ਪ੍ਰਤੀ ਨਜ਼ਰੀਆ
9 ਸਾਹਿਤ/ਭਾਸ਼ਾ/ਸਭਿਆਚਾਰ ਪ੍ਰਤੀ ਨਜ਼ਰੀਆ
10 ਅਧਿਐਨ ਪ੍ਰਤੀ ਨਜ਼ਰੀਆ
11 ਵਰਗ ਵੰਡ ਤੇ ਵਰਗ ਸੰਘਰਸ਼ ਪ੍ਰਤੀ ਨਜ਼ਰੀਆ

ਉਸਦੀ ਸਖਸ਼ੀਅਤ ਦੇ ਉਪਰੋਕਤ ਪਾਸਾਰਾਂ ਦਾ ਅਧਿਐਨ ਹੀ ਇਹ ਸਿੱਧ ਕਰਦਾ ਹੈ ਕਿ ਭਗਤ ਸਿੰਘ ਸਿਰਫ ਨਾਅਰੇ ਲਾਉਣ ਵਾਲਾ, ਬੰਬ ਡੇਗਣ ਵਾਲਾ, ਪਿਸਤੌਲ ਚਲਾਉਣ ਵਾਲਾ ਮਾਅਰਕੇਬਾਜ਼ ਨਹੀਂ ਸੀ ਬਲਕਿ ਉਸ ਕੋਲ ਜ਼ਿੰਦਗੀ ਪ੍ਰਤੀ ਅਤੇ ਸਮਾਜ ਪ੍ਰਤੀ ਆਪਣੀ ਇਕ ਸੂਝ ਸੀ, ਵਿਜਨ ਸੀ ਅਤੇ ਚਿੰਤਨ ਸੀ।

ਭਗਤ ਸਿੰਘ ਇਸ ਪੱਖੋਂ ਵਧੇਰੇ ਸੁਚੇਤ ਸੀ ਕਿ ਜੇਕਰ ਸਮਾਜ ਅੰਦਰ ਕੋਈ ਵੀ ਕਰਾਂਤੀਕਾਰੀ ਬਦਲਾਅ ਲਿਆਉਣਾ ਹੈ ਤਾਂ ਨੌਜਵਾਨ ਅਤੇ ਵਿਦਿਆਰਥੀ ਵਰਗ ਇਸ ਲਈ ਸਭ ਤੋਂ ਵੱਡੀ ਸ਼ਕਤੀ ਹਨ। ਇਸ ਲਈ ਨੌਜੁਆਨਾਂ ਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ, ਉਹਨਾਂ ਦੀ ਐਨਰਜੀ ਨੂੰ ਰੁਪਾਂਤਰਿਤ ਕਰਨਾ ਭਗਤ ਸਿੰਘ ਦੇ ਜੀਵਨ ਦਾ ਪ੍ਰਮੁੱਖ ਏਜੰਡਾ ਸੀ। ਉਹ ਨੌਜੁਆਨਾਂ ਦੇ ਨਾਂ ਆਪਣੇ ਸੰਦੇਸ਼ ਵਿੱਚ ਕਹਿੰਦਾ ਹੈ:
"ਕੀ ਨੌਜੁਆਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਉਹੀ ਭਾਰਤ ਜੋ ਕਿਸੇ ਸਮੇਂ ਆਪਣੀ ਸ਼ਾਨਦਾਰ ਸੱਭਿਅਤਾ ਉੱਤੇ ਮਾਣ ਕਰ ਸਕਦਾ ਸੀ, ਅੱਜ ਸੰਸਾਰ ਦੇ ਸਭ ਤੋਂ ਵੱਧ ਪਛੜੇ ਹੋਏ ਦੇਸ਼ਾਂ ਵਿੱਚੋਂ ਹੈ, ਜਿੱਥੇ ਕੇਵਲ ਪੰਜ ਫੀਸਦੀ ਲੋਕ ਪੜ੍ਹੇ ਲਿਖੇ ਹਨ....ਕੀ ਰੋਜ਼ ਚੜ੍ਹਦੇ ਸੂਰਜ ਇਹ ਸੁਣ ਕੇ ਸਾਨੂੰ ਸ਼ਰਮ ਨਹੀਂ ਆਉਂਦੀ ਕਿ ਅਸੀਂ ਆਪਣਾ ਰਾਜ ਸੰਭਾਲਣ ਦੇ ਲਾਇਕ ਨਹੀਂ? ਕੀ ਇਹ ਸੱਚਮੁੱਚ ਹੀ ਸਾਡੀ ਬੇਇੱਜ਼ਤੀ ਨਹੀਂ ਕਿ ਗੁਰੂ ਗੋਬਿੰਦ ਸਿੰਘ, ਸ਼ਿਵਾ ਜੀ ਅਤੇ ਹਰੀ ਸਿੰਘ ਨਲੂਏ ਵਰਗੇ ਸੂਰਮਿਆਂ ਦੇ ਵਾਰਸ ਹੁੰਦਿਆਂ ਹੋਇਆਂ ਵੀ ਸਾਨੂੰ ਇਹ ਕਿਹਾ ਜਾਵੇ ਕਿ ਤੁਸੀਂ ਆਪਣੀ ਰੱਖਿਆ ਕਰਨ ਦੇ ਲਾਇਕ ਨਹੀਂ? ਜਿਸ ਭਾਰਤ ਵਿੱਚ ਕਿਸੇ ਸਮੇਂ ਇੱਕ ਦਰੋਪਦੀ ਦੇ ਸਨਮਾਨ ਦੀ ਰੱਖਿਆ ਲਈ ਮਹਾਂਭਾਰਤ ਜਿੱਡਾ ਯੁੱਧ ਲੜਿਆ ਗਿਆ ਸੀ, ਉਸੇ ਦੇਸ਼ ਵਿੱਚ 1919 ਦੇ ਸਮੇਂ ਅਨੇਕਾਂ ਦਰੋਪਦੀਆਂ ਦੀ ਪੱਤ ਲੁੱਟੀ ਗਈ, ਉਹਨਾਂ ਦੇ ਨੰਗੇ ਮੂੰਹਾਂ ਤੇ ਥੁੱਕਿਆ ਗਿਆ। ਕੀ ਅਸੀਂ ਇਹ ਸਭ ਕੁਝ ਆਪਣੇ ਅੱਖੀਂ ਨਹੀਂ ਡਿੱਠਾ? ਫਿਰ ਵੀ ਵਰਤਮਾਨ ਹਾਲਤ ਏ ਅਸੀਂ ਤਮਾਸ਼ਬੀਨਾਂ ਵਾਂਗ ਆਰਾਮ ਨਾਲ ਵੇਖੀ ਜਾਂਦੇ ਰਹੇ। ਕੀ ਇਹ ਜੀਵਨ ਜੀਣ ਯੋਗ ਹੈ? ਕੀ ਸਾਨੂੰ ਇਸ ਗੱਲ ਦਾ ਅਹਿਸਾਸ ਕਰਾਉਣ ਲਈ ਕਿਸੇ ਗੈਬੀ ਇਲਹਾਮ ਦੀ ਲੋੜ ਹੈ ਕਿ ਅਸੀਂ ਗੁਲਾਮ ਹਾਂ ਅਤੇ ਹਰ ਹਾਲਤ ਵਿੱਚ ਗੁਲਾਮੀ ਦੀਆਂ ਜੰਜਂੀਰਾਂ ਤੋੜ ਦੇਣੀਆਂ ਚਾਹੀਂਦੀਆਂ ਹਨ? ਕੀ ਇਹ ਜਕੋ ਜਕੀ ਵਿੱਚ ਸਾਨੂੰ ਯੁਗਾਂ ਤੱਕ ਇਹ ਮਹਿਸੂਸ ਨਹੀਂ ਹੋਏਗਾ ਕਿ ਸਾਡੇ ਉੱਤੇ ਜੁਲਮ ਢਾਏ ਜਾ ਰਹੇ ਹਨ? ਕੀ ਗੁਲਾਮੀ ਦੀਆਂ ਜੰਜੀਰਾਂ ਏ ਤੋੜਨ ਲਈ ਅਸੀਂ ਕਿਸੇ ਰੱਬੀ ਕ੍ਰਿਸ਼ਮੇ ਜਾਂ ਗੈਬੀ ਕਰਾਮਾਤ ਦੀ ਮੱਦਦ ਦੀ ਆਸ ਲਾਈਂ ਬੈਠੇ ਰਹਾਂਗੇ? ਕੀ ਅਸੀਂ ਆਜ਼ਾਦੀ ਦੇ ਮੁੱਢਲੇ ਅਸੂਲ ਤੋਂ ਵੀ ਅਣਜਾਣ ਹਾਂ ਕਿ ਜਿਹੜੇ ਆਜ਼ਾਦ ਹਵਾ ਵਿੱਚ ਸਾਹ ਲੈਣ ਦੇ ਚਾਹਵਾਨ ਹਨ, ਉਹਨਾਂ ਨੂੰ ਪਹਿਲਾਂ ਖੁਦ ਹੀ ਰਣ-ਖੇਤਰ ਦੀ ਜਵਾਲਾ ਵਿੱਚ ਕੁੱਦਣਾ ਪੈਣਾ ਹੈ। ਨੌਜੁਆਨੋ, ਜਾਗੋੱ ਉਠੋੱ ਸਾਨੂੰ ਸੁੱਤਿਆਂ ਨੂੰ ਯੁਗ ਬੀਤ ਚੁੱਕੇ ਹਨ।

ਅਸੀਂ ਭਾਰਤੀ ਕੀ ਕਰ ਰਹੇ ਹਾਂ? ਜੇ ਪਿੱਪਲ ਦੇ ਦਰਖ਼ਤ ਦੀ ਕੋਈ ਟਾਹਣੀ ਵੱਢੀ ਜਾਵੇ ਤਾਂ ਹਿੰਦੂਆਂ ਦੇ ਧਾਰਮਿਕ ਜਜ਼ਬਾਤਾਂ ਤੇ ਸੱਟ ਵੱਜਦੀ ਹੈ। ਬੁੱਤ ਸ਼ਿਕਨ ਹਜ਼ਰਤ ਮੁਹੰਮਦ ਦੇ ਕਾਗਜ਼ ਦੇ ਪੁਤਲੇ 'ਤਾਜੀਏ' ਦੀ ਨੁੱਕਰ ਟੁੱਟਣ ਨਾਲ ਮੁਸਲਮਾਨਾਂ ਦਾ ਅੱਲ੍ਹਾ ਗੁੱਸੇ ਨਾਲ ਲਾਲ ਹੋ ਜਾਦਾ ਹੈ ਅਤੇ ਫਿਰ ਕਾਫ਼ਰ ਹਿੰਦੂਆਂ ਦੇ ਖੂਨ ਤੋਂ ਬਗੈਰ ਹੋਰ ਕਿਸੇ ਤਰ੍ਹਾਂ ਵੀ ਪਿਆਸ ਨਹੀਂ ਬੁਝਦੀ। ਨਿਸ਼ਚੇ ਹੀ ਇਨਸਾਨ ਦੀ ਪਸ਼ੂਆਂ ਨਾਲੋਂ ਜ਼ਿਆਦਾ ਕਦਰ ਹੋਣੀ ਚਾਹੀਦੀ ਹੈ, ਪਰ ਭਾਰਤ ਵਿੱਚ ਪਵਿੱਤਰ ਪਸ਼ੂਆਂ ਦੇ ਨਾਂ ਤੇ ਇੱਕ ਦੂਜੇ ਦੇ ਸਿਰ ਪਾੜ ਦਿੱਤੇ ਜਾਂਦੇ ਹਨ। ਫਿਰਕਾਪ੍ਰਸਤੀ ਨੇ ਸਾਡੀ ਸੋਚ ਨੂੰ ਇੱਕ ਤੰਗ ਘੇਰੇ ਵਿੱਚ ਬੰਦ ਕਰ ਛੱਡਿਆ ਹੈ, ਜਦਕਿ ਬਾਕੀ ਦੁਨੀਆਂ ਦੇ ਨੌਜੁਆਨ ਕੌਮਾਂਤਰੀ ਪੱਧਰ ਤੇ ਸੋਚਦੇ ਹਨ। ਅਸੀਂ ਕੇਵਲ ਨੌਜੁਆਨਾਂ ਨੂੰ ਵੰਗਾਰਿਆ ਹੈ, ਕਿਉਂਕਿ ਨੌਜੁਆਨ ਬਹਾਦਰ, ਖੁੱਲ੍ਹ ਦਿਲੇ ਅਤੇ ਜਜ਼ਬਾਤੀ ਹੁੰਦੇ ਹਨ, ਕਿਉਂਕਿ ਨੌਜੁਆæਨ ਵੱਧ ਤੋਂ ਵੱਧ ਵਹਿਸ਼ੀਆਨਾ ਤਸੀਹੇ ਵੀ ਖਿੜੇ ਮੱਥੇ ਝੱਲ ਸਕਦੇ ਹਨ ਅਤੇ ਬੇਝਿਜਕ ਮੌਤ ਨੂੰ ਪ੍ਰਵਾਨ ਕਰ ਸਕਦੇ ਹਨ। ਕਿਉਂਕਿ ਮਨੁੱਖੀ ਵਿਕਾਸ ਦਾ ਸਾਰਾ ਇਤਿਹਾਸ ਨੌਜੁਆਨ ਮਰਦਾਂ ਤੇ ਇਸਤਰੀਆਂ ਦੇ ਖੂਨ ਨਾਲ ਲਿਖਿਆ ਗਿਆ ਹੈ, ਕਿਉਂਕਿ ਤਬਦੀਲੀਆਂ ਹਮੇਸਾਂ ਅਜਿਹੇ ਨੌਜੁਆਨਾਂ ਦੇ ਬਾਹੂ ਬਲ, ਹੌਂਸਲੇ, ਕੁਰਬਾਨੀਆਂ ਅਤੇ ਦ੍ਰਿੜਤਾ ਸਦਕਾ ਹੀ ਆਉਂਦੀਆਂ ਹਨ, ਜਿਹੜੇ ਡਰਨਾ ਨਹੀਂ ਜਾਣਦੇ,ਜੋ ਨਿੱਜੀ ਹਾਨ-ਲਾਭ ਸੋਚਣ ਦੀ ਬਜਾਇ ਮਹਿਸੂਸ ਜ਼ਿਆਦਾ ਕਰਦੇ ਹਨ।

ਭਗਤ ਸਿੰਘ ਦੀ ਇਸੇ ਸੋਚ ਦਾ ਕਮਾਲ ਹੈ ਕਿ ਅੱਜ ਭਗਤ ਸਿੰਘ ਦਾ ਬਿੰਬ ਉਸ ਦੀ ਵਿਚਾਰਧਾਰਾ, ਉਸ ਦਾ ਕਿਰਦਾਰ ਸਭ ਤੋਂ ਵੱਧ ਨੌਜੁਆਨਾਂ ਨੂੰ ਹੀ ਟੁੰਭਦਾ ਹੈ ਅਤੇ ਭਗਤ ਸਿੰਘ ਨਾਂ ਹਿੰਦੁਸਤਾਨ ਦੀ ਜ਼ੁਆਨੀ ਦਾ ਚਿੰਨ ਬਣ ਚੁੱਕਿਆ ਹੈ।

ਭਗਤ ਸਿੰਘ ਦੇ ਵਿਜ਼ਨ ਦੀ ਅਸਲੀ ਪਰਤ ਧਰਮ ਅਤੇ ਫਿਰਕਾਪ੍ਰਸਤੀ ਪ੍ਰਤੀ ਉਸ ਦੇ ਨਜ਼ਰੀਏ ਵਿਚੋਂ ਪ੍ਰਾਪਤ ਹੁੰਦੀ ਹੈ। ਇਕ ਖਾਸ ਕਿਸਮ ਦੇ ਧਾਰਮਿਕ ਪਿਛੋਕੜ ਵਿਚੋਂ ਉੱਠਕੇ ਬਿਲਕੁੱਲ ਤਾਰਕਿਕ ਹੋ ਕੇ ਸੋਚਣਾ ਅਤੇ ਉਸ ਤੋਂ ਬਾਅਦ ਧਰਮ ਦੇ ਲੁਕੇ ਚਿਹਰੇ ਨੂੰ ਸਾਹਮਣੇ ਲਿਆਉਣਾ ਅਤੇ ਧਰਮ ਦੇ ਨਾਂ ਤੇ ਹੋ ਰਹੀ ਲੁੱਟ ਤੇ ਸੋਸ਼ਣ ਦੇ ਪਰਖੱਚੇ ਉਧੇੜਨੇ ਭਗਤ ਸਿੰਘ ਵਰਗੇ ਚਿੰਤਕ ਦੇ ਹੀ ਹਿੱਸੇ ਆਇਆ ਹੈ। ਇਸ ਸੰਬੰਧ ਵਿੱਚ ਉਸ ਦਾ ਮਹੱਤਵਪੂਰਨ ਦਸਤਾਵੇਜ਼ 'ਮੈਂ ਨਾਸਤਿਕ ਕਿਉਂ ਹਾਂ' ਬਹੁਤ ਹੀ ਤਾਰਕਿਕ ਤੇ ਪ੍ਰਾਸੰਗਿਕ ਰਚਨਾ ਹੈ। ਇਸ ਵਿੱਚ ਉਹ ਸਿੱਧਾ ਰੱਬ ਦੀ ਹੋਂਦ ਅਤੇ ਉਸ ਦੀ ਸਾਰਥਕਤਾ ਤੇ ਤਾਰਕਿਕਤਾ ਤੇ ਪ੍ਰਸ਼ਨ ਚਿੰਨ ਲਾਉਂਦਾ ਹੋਇਆ ਕਹਿੰਦਾ ਹੈ:

"ਤੁਸੀਂ ਸਰਬਸ਼ਕਤੀਮਾਨ ਰੱਬ ਦੀ ਗੱਲ ਕਰਦੇ ਹੋ। ਮੈਂ ਪੁੱਛਦਾ ਹਾਂ ਕਿ ਸਰਵ ਸ਼ਕਤੀਮਾਨ ਹੋ ਕੇ ਵੀ ਤੁਹਾਡਾ ਰੱਬ, ਅਨਿਆਂ, ਅੱਤਿਆਚਾਰ, ਭੁੱਖ, ਗਰੀਬੀ, ਲੁੱਟ, ਨਾ ਬਰਾਬਰੀ, ਮਹਾਂਮਾਰੀ, ਹਿੰਸਾ ਅਤੇ ਯੁੱਧ ਆਦਿ ਦਾ ਅੰਤ ਕਿਉਂ ਨਹੀਂ ਕਰਦਾ? ਇਨ੍ਹਾਂ ਸਭਨਾਂ ਏ ਖਤਮ ਕਰਨ ਦੀ ਸ਼ਕਤੀ ਰੱਖਦੇ ਹੋਏ ਵੀ ਜੇ ਉਹ ਮਨੁੱਖਤਾ ਨੂੰ ਇਨ੍ਹਾਂ ਸਰਾਪਾਂ ਤੋਂ ਮੁਕਤ ਨਹੀਂ ਕਰਦਾ ਤਾਂ ਉਸ ਨੂੰ ਚੰਗਾ ਰੱਬ ਨਹੀਂ ਕਿਹਾ ਜਾ ਸਕਦਾ। ਜੇ ਉਸ ਵਿੱਚ ਇਨ੍ਹਾਂ ਸਭਨਾਂ ਨੂੰ ਖ਼ਤਮ ਕਰਨ ਦੀ ਸ਼ਕਤੀ ਨਹੀਂ ਹੈ ਤਾਂ ਫਿਰ ਉਹ ਸਰਵ ਸ਼ਕਤੀਮਾਨ ਨਹੀਂ ਰਿਹਾ। ਜੇ ਉਹ ਇਹ ਸਭ ਕੁਝ ਖੇਡ ਦੇ ਤੌਰ 'ਤੇ ਆਪਣੀ ਲੀਲਾ ਵਿਖਾਲਣ ਲਈ ਕਰਦਾ ਹੈ ਤਾਂ ਇਹੋ ਕਹਿਣਾ ਪਵੇਗਾ ਕਿ ਉਹ ਬੇਸਹਾਰਾ ਲੋਕਾਂ ਨੂੰ ਤੜਫਾ ਕੇ ਮਜ਼ਾ ਲੈਣ ਵਾਲੀ ਇੱਕ ਨਿਰਦਈ ਜ਼ਾਲਮ ਸੱਤਾ ਹੈ ਅਤੇ ਉਸ ਦਾ ਜਲਦੀ ਤੋਂ ਜਲਦੀ ਖਤਮ ਹੋਣਾ ਹੀ ਲੋਕ ਹਿੱਤਾਂ ਵਿੱਚ ਹੈ। ਮਾਇਆਵਾਦ, ਕਿਸਮਤਾਵਾਦ, ਰੱਬਵਾਦ ਵਗੈਰਾ ਨੂੰ ਮੈਂ ਚੰਦ ਸੱਤਾਧਾਰੀ ਲੁਟੇਰਿਆਂ ਦੁਆਰਾ ਆਮ ਲੋਕਾਂ ਨੂੰ ਭਰਮਾਉਣ ਲਈ ਪੈਦਾ ਕੀਤੀ ਗਈ ਜ਼ਹਿਰੀਲੀ ਘੁੱਟੀ ਤੋਂ ਵਧ ਕੇ ਹੋਰ ਕੁਝ ਨਹੀਂ ਮੰਨਦਾ।

ਇੱਥੇ ਹੀ ਫਲਸਫੇ ਦੀ ਪੱਧਰ ਤੇ ਭਗਤ ਸਿੰਘ ਕੁਝ ਹੋਰ ਪ੍ਰਸ਼ਨਾਂ ਦੇ ਵੀ ਰੁਬਰੂ ਹੁੰਦਾ ਹੈ। ਰੱਬ, ਆਤਮ ਵਿਸ਼ਵਾਸ ਅਤੇ ਹਉਮੈਂ ਦੇ ਅੰਤਰਦਵੰਦ ਬਾਰੇ ਭਗਤ ਸਿੰਘ ਮਨੋਵਿਗਿਆਨਕ ਪੱਧਰ ਤੇ ਉਸ ਧਰਾਤਲ ਤੇ ਪਹੁੰਚ ਜਾਂਦਾ ਹੈ ਜਿਸ ਧਰਾਤਲ ਵਿੱਚੋਂ ਰੱਬ ਵਰਗੇ ਸੰਕਲਪਾਂ ਨੂੰ ਸ਼ਕਤੀ ਮਿਲਦੀ ਹੈ ਅਤੇ ਮਨੁੱਖ ਨਾ ਚਾਹੁੰਦੇ ਹੋਏ ਵੀ ਇਸ ਸ਼ਕਤੀ ਅੱਗੇ ਆਤਮ ਸਮਰਪਣ ਕਰਦਾ ਹੈ:

"ਵਿਸ਼ਵਾਸ ਮੁਸ਼ਕਲਾਂ ਘੱਟ ਕਰ ਦਿੰਦਾ ਹੈ, ਇੱਥੋਂ ਤੱਕ ਕਿ ਉਹਨਾਂ ਏ ਖੁਸ਼ਗਵਾਰ ਬਣਾ ਦਿੰਦਾ ਹੈ। ਬੰਦਾ ਰੱਬ ਵਿੱਚ ਧਰਵਾਸ ਦੇ ਆਸਰੇ ਦਾ ਬਹੁਤ ਜ਼ੋਰਦਾਰ ਅਹਿਸਾਸ ਲੱਭ ਸਕਦਾ ਹੈ। ਉਹਦੇ ਤੋਂ ਬਿਨਾਂ ਮਨੁੱਖ ਨੂੰ ਆਪਣੇ ਆਪ ਤੇ ਨਿਰਭਰ ਹੋਣਾ ਪੈਂਦਾ ਹੈ। ਝੱਖੜ-ਝਾਂਜਿਆਂ ਤੇ ਤੂਫ਼ਾਨਾਂ ਵਿੱਚ ਸਾਬਤ ਕਦਮ ਰਹਿਣਾ ਬੱਚਿਆਂ ਦੀ ਖੇਡ ਨਹੀਂ ਹੁੰਦੀ। ਇਹੋ ਜਿਹੀਆਂ ਅਜਮਾਇਸ਼ੀ ਘੜੀਆਂ ਵਿੱਚ ਕਿਸੇ ਵਿੱਚ ਕੋਈ ਹਉਮੈਂ ਬਚੀ ਹੋਈ ਹੋਵੇ ਤਾਂ ਉਹ ਕਾਫੂਰ ਹੋ ਜਾਂਦੀ ਹੈ ਅਤੇ ਮਨੁੱਖ ਆਮ ਵਿਸ਼ਵਾਸ਼ਾਂ ਨੂੰ ਉਲੰਘਣ ਦੀ ਹਿੰਮਤ ਤੱਕ ਨਹੀਂ ਕਰ ਸਕਦਾ। ਜੇ ਉਹ ਹਿੰਮਤ ਕਰਦਾ ਹੈ ਤਾਂ ਸਾਨੂੰ ਇਹ ਮੰਨਣਾ ਪਵੇਗਾ ਕਿ ਉਸ ਵਿੱਚ ਨਿੱਜੀ ਹਊਮੈਂ ਨਾਲੋਂ ਹੋਰ ਕੋਈ ਤਾਕਤ ਵੀ ਹੁੰਦੀ ਹੈ।
ਇਸ ਸਿਧਾਂਤਕ ਸੂਝ ਦਾ ਵਿਹਾਰਕ ਪੱਖ ਉਸ ਸਮੇਂ ਸਾਹਮਣੇ ਆਉਂਦਾ ਹੈ, ਜਦੋਂ 23 ਮਾਰਚ 1931 ਸ਼ਾਮ ਤਿੰਨ ਵਜੇ ਜਦ ਲਾਹੌਰ ਜੇਲ ਦੇ ਚੀਫ਼ ਵਾਰਡਨ ਸਰਦਾਰ ਚੜ੍ਹਤ ਸਿੰਘ ਨੇ ਭਗਤ ਸਿੰਘ ਨੂੰ ਕਿਹਾ ਕਿ "ਮੇਰੀ ਕੇਵਲ ਇੱਕ ਦਰਖ਼ਾਸਤ ਹੈ ਕਿ ਹੁਣ ਆਖਰੀ ਸਮੇਂ ਤਾਂ ਵਾਹਿਗੁਰੂ ਦਾ ਨਾਂ ਲੈ ਲਓ ਅਤੇ ਗੁਰਬਾਣੀ ਦਾ ਪਾਠ ਕਰ ਲਓ।

ਭਗਤ ਸਿੰਘ ਨੇ ਜ਼ੋਰ ਦੀ ਹੱਸ ਕੇ ਕਿਹਾ, "ਤੁਹਾਡੇ ਪਿਆਰ ਦਾ ਧੰਨਵਾਦੀ ਹਾਂ। ਪਰ ਹੁਣ ਜਦੋਂ ਕਿ ਆਖਰੀ ਵੇਲਾ ਆ ਗਿਆ ਹੈ, ਮੈਂ ਪਰਮਾਤਮਾ ਨੂੰ ਯਾਦ ਕਰਾਂ ਤਾਂ ਉਹ ਕਹਿਣਗੇ ਮੈਂ ਬੁਜ਼ਦਿਲ ਹਾਂ। ਸਾਰੀ ਉਮਰ ਤਾਂ ਮੈਂ ਉਸ ਨੂੰ ਯਾਦ ਨਹੀਂ ਕੀਤਾ ਤੇ ਹੁਣ ਮੌਤ ਸਾਮ੍ਹਣੇ ਨਜਰ ਆਉਣ ਲੱਗੀ ਹੈ ਤਾਂ ਰੱਬ ਨੂੰ ਯਾਦ ਕਰਨ ਲੱਗਾ ਹਾਂ। ਇਸ ਲਈ ਚੰਗਾ ਇਹੀ ਹੋਵੇਗਾ ਕਿ ਮੈਂ ਜਿਵੇਂ ਪਹਿਲਾਂ ਆਪਣਾ ਜੀਵਨ ਬਿਤਾਇਆ ਹੈ, ਉਸੇ ਤਰ੍ਹਾਂ ਹੀ ਆਖਰੀ ਵਕਤ ਗੁਜਾਰਾਂ। ਮੇਰੇ ਤੇ ਇਹ ਇਲਜ਼ਾਮ ਤਾਂ ਕਈ ਲੱਗਣਗੇ ਕਿ ਮੈਂ ਨਾਸਤਕ ਸੀ ਅਤੇ ਪਰਮਾਤਮਾ ਵਿੱਚ ਵਿਸ਼ਵਾਸ ਨਹੀਂ ਕੀਤਾ, ਪਰ ਇਹ ਤਾਂ ਕੋਈ ਨਹੀਂ ਆਖੇਗਾ ਕਿ ਭਗਤ ਸਿੰਘ ਬੁਜ਼ਦਿਲ ਤੇ ਬੇਈਮਾਨ ਵੀ ਸੀ ਅਤੇ ਆਖਰੀ ਵਕਤ ਮੌਤ ਨੂੰ ਸਾਮ੍ਹਣੇ ਵੇਖਕੇ ਉਸਦੇ ਪੈਰ ਲੜਖੜਾਣ ਲੱਗੇ।

ਮਨੁੱਖਤਾ ਪ੍ਰਤੀ ਤੇ ਦੁਨੀਆਂ ਪ੍ਰਤੀ ਉਸਦਾ ਚਿੰਤਨ ਬਹੁਤ ਕਮਾਲ ਦਾ ਹੈ। ਉਸਦੀਆਂ ਨਜ਼ਰਾਂ ਵਿੱਚ ਮਨੁੱਖੀ ਜ਼ਿਂੰਦਗੀ ਬਹੁਤ ਹੀ ਕੀਮਤੀ ਹੈ ਅਤੇ ਇਹ ਦੁਨੀਆਂ ਕੋਈ ਛਲਾਵਾ, ਭਰਮ ਜਾਂ ਪਰਛਾਵਾਂ ਨਹੀਂ ਬਲਕਿ ਜਿਉਂਦੀ ਜਾਗਦੀ ਹਕੀਕਤ ਹੈ। ਉਹ ਸਪੱਸ਼ਟ ਕਹਿੰਦਾ ਸੀ:" ਲੋਕ ਇਸ ਦੁਨੀਆਂ ਨੂੰ ਮਿੱਥ ਸਮਝਦੇ ਹਨ, ਇਹ ਦੇਸ਼ ਨੂੰ, ਇਸ ਦੇ ਰਹਿਣ ਵਾਲਿਆਂ ਨੂੰ ਪਰਛਾਵਾਂ ਜਾਂ ਮਾਇਆ ਜਾਲ ਸਮਝਦੇ ਹਨ, ਉਹ ਦੁਨੀਆਂ ਦੀ ਭਲਾਈ ਜਾਂ ਇਸ ਦੇਸ਼ ਦੀ ਆਜ਼ਾਦੀ ਲਈ ਇਮਾਨਦਾਰੀ ਨਾਲ ਨਹੀਂ ਲੜ ਸਕਦੇ।ਜੋ ਮਿੱਥ ਹੈ, ਪਰਛਾਵਾਂ ਹੈ, ਉਸ ਖਾਤਰ ਸੰਘਰਸ਼ ਕਾਹਦਾ?ਂ ਫਿਰ ਕੁਝ ਭਾਵੁਕ ਹੁੰਦੇ ਹੋਏ ਉਸਨੇ ਕਿਹਾ, "ਮੈਂ ਇਸ ਦੁਨੀਆਂ ਨੂੰ ਮਿੱਥ ਨਹੀਂ ਮੰਨਦਾ। ਮੇਰਾ ਦੇਸ਼ ਨਾ ਪਰਛਾਵਾਂ ਹੈ, ਨਾ ਮਾਇਆ ਜਾਲ, ਇਹ ਇੱਕ ਜਿਉਂਦੀ ਜਾਗਦੀ ਹਕੀਕਤ ਹੈ ਅਤੇ ਮੈਂ ਉਸ ਨੂੰ ਪਿਆਰ ਕਰਦਾ ਹਾਂ । ਮੇਰੇ ਲਈ ਇਸ ਧਰਤੀ ਤੋਂ ਬਿਨਾਂ ਨਾ ਤਾ ਕੋਈ ਦੂਜੀ ਹੋਰ ਦੁਨੀਆ ਹੈ, ਤੇ ਨਾ ਹੀ ਸਵਰਗ। ਇਹ ਠੀਕ ਹੈ ਕਿ ਅੱਜ ਥੋੜ੍ਹੇ ਜਿਹੇ ਲੋਕਾਂ ਨੇ ਆਪਣੇ ਸੁਆਰਥ ਖਾਤਰ ਇਸ ਧਰਤੀ ਨੂੰ ਨਰਕ ਬਣਾ ਦਿੱਤਾ ਹੈ ਪਰੰਤੂ ਐਨੇ ਨਾਲ ਹੀ ਇਸ ਦੁਨੀਆਂ ਨੂੰ ਮਿੱਥ ਐਲਾਨ ਕੇ ਭੱਜਣ ਨਾਲ ਕੰਮ ਨਹੀਂ ਚੱਲਣਾ। ਲੁਟੇਰਿਆਂ ਅਤੇ ਦੂਜਿਆਂ ਨੂੰ ਗੁਲਾਮ ਬਣਾ ਕੇ ਰੱਖਣ ਵਾਲਿਆਂ ਦਾ ਖਾਤਮਾ ਕਰਕੇ ਹੀ ਸਾਨੂੰ ਇਸ ਪਵਿੱਤਰ ਧਰਤੀ 'ਤੇ ਫਿਰ ਤੋਂ ਸਵਰਗ ਦੀ ਸਥਾਪਨਾ ਕਰਨੀ ਪਵੇਗੀ।ਉਸ ਨੇ ਜ਼ਿੰਦਗੀ ਵਿੱਚ ਦੋ ਥਾਵਾਂ ਤੇ ਹੀ ਹਥਿਆਰਾਂ ਦੀ ਵਰਤੋਂ ਕੀਤੀ ਹੈ -'ਪਹਿਲੀ ਲਾਲਾ ਲਾਜਪਤ ਰਾਏ ਦਾ ਬਦਲਾ ਲੈਣ ਲਈ ਤੇ ਦੂਜਾ ਅਸੈਂਬਲੀ ਬੰਬ ਕਾਂਡ ਸਮੇਂ। ਸਾਂਡਰਸ ਨੂੰ ਮਾਰਨ ਸਮੇਂ ਵੀ ਉਸ ਨੇ ਹਥਿਆਰ, ਕਤਲ ਅਤੇ ਂਿਜ਼ੰਦਗੀ ਪ੍ਰਤੀ ਆਪਣਾ ਨਜ਼ਰੀਆ ਸੁੱਟੇ ਗਏ ਪਰਚਿਆਂ ਰਾਹੀਂ ਸਪੱਸ਼ਟ ਕਰ ਦਿੱਤਾ ਸੀ।

"ਸਾਨੂੰ ਇੱਕ ਆਦਮੀ ਦੀ ਹੱਤਿਆ ਕਰਨ ਦਾ ਦੁੱਖ ਹੈ ਪਰ ਇਹ ਆਦਮੀ ਨਿਰਦਈ ਬੇਇਨਸਾਫ ਪ੍ਰਣਾਲੀ ਦਾ ਇੱਕ ਅੰਗ ਸੀ ਅਤੇ ਜਿਸ ਨੂੰ ਖਤਮ ਕਰ ਦੇਣਾ ਬਹੁਤ ਜ਼ਰੂਰੀ ਹੈ।ਇੱਥੇ ਹੀ ਉਸ ਦਾ ਕੌਮਾਂਤਰੀਵਾਦ ਦਾ ਨਜ਼ਰੀਆ ਸਾਮ੍ਹਣੇ ਆਉਂਦਾ ਹੈ। ਉਸ ਦਾ ਉਦੇਸ਼ ਇੱਥੋ ਤੱਕ ਸੀਮਤ ਨਹੀਂ ਸੀ ਕਿ 'ਗੋਰੀ ਚਮੜੀ ਵਾਲੇ ਅੰਗਰੇਜ਼ਾਂ' ਦੀ ਥਾਂ ਤੇ 'ਕਾਲੀ ਚਮੜੀ ਵਾਲੇ ਅੰਗਰੇਜ਼ਾਂ'ਨੂੰ ਰਾਜਗੱਦੀ ਸੌਂਪ ਕੇ ਮੁਕਤ ਹੋਇਆ ਜਾਵੇ ਬਲਕਿ ਉਸਦੀ ਲੜਾਈ ਤਾਂ ਅਜਿਹੀ ਵਿਵਸਥਾ ਕਾਇਮ ਕਰਨ ਲਈ ਸੀ ਜਿਸ ਵਿੱਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਹੋ ਜਾਵੇ। ਇਸ ਲਈ ਉਹ ਕਹਿੰਦਾ ਹੈ:"ਅਗਰ ਲਾਰਡ ਰੀਡਿੰਗ ਦੀ ਥਾਂ ਭਾਰਤੀ ਸਰਕਾਰ ਦਾ ਮੋਹਰੀ ਸਰ ਪੁਰਸੋਤਮ ਦਾਸ ਠਾਕਰ ਦਾਸ ਹੋਵੇ ਤਾਂ ਜਨਤਾ ਨੂੰ ਕੀ ਫਰਕ ਪੈਂਦਾ? ਇੱਕ ਕਿਸਾਨ ਵਾਸਤੇ ਇਸ ਨਾਲ ਕੀ ਫਰਕ ਪਵੇਗਾ, ਜੇ ਲਾਰਡ ਇਰਵਿਨ ਦੀ ਥਾਂ ਸਰ ਤੇਜ ਬਹਾਦਰ ਸਪਰੂ ਆ ਜਾਂਦਾ ਹੈ।

ਉਹ ਵਰਗ ਵੰਡ ਅਤੇ ਵਰਗ ਸੰਘਰਸ਼ਾਂ ਦੇ ਸਿਧਾਂਤਕ ਪਰਿਪੇਖ ਨੂੰ ਪਰਿਭਾਸ਼ਿਤ ਕਰਦਾ ਹੋਏ ਕੌਮਾਂਤਰੀ ਪੱਧਰ ਤੇ ਮਜ਼ਦੂਰ ਅਤੇ ਸਰਮਾਏਦਾਰੀ ਦੇ ਸ਼ੋਸ਼ਿਤ ਤੇ ਸ਼ੋਸ਼ਕ ਦੇ ਰਿਸ਼ਤੇ ਨੂੰ ਪਹਿਚਾਣਦਾ ਹੈ:

ਅਸੀਂ ਇਹ ਐਲਾਨ ਕਰਦੇ ਹਾਂ ਕਿ ਯੁੱਧ ਚੱਲ ਰਿਹਾ ਹੈ ਤੇ ਤਦ ਤੱਕ ਚਲਦਾ ਰਹੇਗਾ, ਜਦ ਤੱਕ ਕੁਝ ਤਾਕਤਵਰ ਲੋਕ ਭਾਰਤੀ ਜਨਤਾ ਅਤੇ ਮਿਹਨਤਕਸ਼ ਲੋਕਾਂ ਨੂੰ ਤੇ ਉਹਨਾਂ ਦੇ ਆਮਦਨ ਦੇ ਵਸੀਲਿਆਂ ਨੂੰ ਲੁਟਦੇ ਰਹਿਣਗੇ। ਉਹ ਲੁਟੇਰੇ ਭਾਵੇਂ ਨਿਰੋਲ ਅੰਗਰੇਜ਼ ਸਰਮਾਏਦਾਰ ਹੋਣ ਜਾਂ ਨਿਰੋਲ ਭਾਰਤੀ ਸਰਮਾਏਦਾਰ ਜਾਂ ਦੋਨੋਂ ਰਲਵੇ,ਚਾਹੇ ਉਹ ਜਨਤਾ ਦਾ ਖੂਨ ਚੂਸਣ ਲਈ ਨਿਰੋਲ ਭਾਰਤੀ ਨੌਕਰਸ਼ਾਹੀ ਜਾਂ ਸਾਂਝੀ ਰਲੀ ਮਿਲੀ ਨੌਕਰਸ਼ਾਹੀ ਮਸ਼ੀਨ ਨੂੰ ਵਰਤਣ।

ਜੇਕਰ ਭਗਤ ਸਿੰਘ ਸਿਰਫ ਜੋਸ਼ੀਲਾ ਨਾਇਕ ਹੁੰਦਾ ਤਾਂ ਆਜ਼ਾਦੀ ਦੀ ਲੜਾਈ ਦੀ ਦਿਸ਼ਾ ਸ਼ਾਇਦ ਇਹ ਨਾ ਹੁੰਦੀ। ਉਸ ਦੇ ਹਰ ਐਕਸ਼ਨ ਪਿੱਛੇ ਇੱਕ ਸੁਲਝਿਆ ਹੋਇਆ ਚਿੰਤਕ ਕਾਰਜਸ਼ੀਲ ਹੁੰਦਾ ਸੀ। ਜੇਕਰ ਉਹ ਆਪਣੇ ਆਪ ਨੂੰ ਅਸੈਂਬਲੀ ਬੰਬ ਕਾਂਡ ਲਈ ਪੇਸ਼ ਕਰਦਾ ਹੈ ਤਾਂ ਸਟਾਰ ਬਣਨ ਲਈ ਨਹੀਂ ਬਲਕਿ ਇਕ ਸੋਚੀ ਸਮਝੀ ਯੋਜਨਾ ਤਹਿਤ ਪੇਸ਼ ਕਰਦਾ ਹੈ ਤਾਂ ਜੋ ਆਪਣੀ ਪਾਰਟੀ ਦੇ ਮਨੋਰਥ ਨੂੰ ਢੁੱਕਵੇਂ ਮੰਚਾਂ ਰਾਹੀਂ ਜਨਤਾ ਸਾਹਮਣੇ ਰੱਖਿਆ ਜਾ ਸਕੇ। ਆਪਣੇ ਇਸੇ ਜੀਵਨ ਵਿੱਚੋਂ ਹੀ ਉਸ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਐਕਸ਼ਨ ਨਾਲੋਂ ਵੀ ਜਥੇਬੰਦਕ ਅਤੇ ਸੰਗਠਨਾਤਮਕ ਸ਼ਕਤੀ ਅਤੇ ਇੱਕਜੁੱਟਤਾ ਵਧੇਰੇ ਮਹੱਤਵਪੂਰਨ ਹੁੰਦੀ ਹੈ। ਉਹ ਸਪਸ਼ਟ ਕਹਿੰਦਾ ਹੈ:

"ਆਪਣੇ ਅੰਦੋਲਨ ਨੂੰ ਜਨ ਆਧਾਰ ਦੇਣ ਲਈ ਸਾਨੂੰ ਆਪਣਾ ਉਦੇਸ਼ ਜਨਤਾ ਵਿੱਚ ਲੈ ਜਾਣਾ ਪਵੇਗਾ ਕਿਉਂਕਿ ਜਨਤਾ ਦਾ ਸਮਰਥਨ ਪ੍ਰਾਪਤ ਕੀਤੇ ਬਗੈਰ ਅਸੀਂ ਪੁਰਾਣੇ ਢੰਗ ਨਾਲ ਇੱਕਾ-ਦੁੱਕਾ ਅੰਗਰੇਜ਼ ਅਧਿਕਾਰੀਆਂ ਜਾਂ ਸਰਕਾਰੀ ਮੁਖਬਰਾਂ ਨੂੰ ਮਾਰ ਕੇ ਨਹੀਂ ਚੱਲ ਸਕਦੇ। ਅਸੀਂ ਹੁਣ ਤੱਕ ਸੰਗਠਨ ਅਤੇ ਪ੍ਰਚਾਰ ਪ੍ਰਤੀ ਗੈਰ ਉਸਾਰੂ ਪਹੁੰਚ ਰੱਖਦੇ ਹੋਏ ਐਕਸ਼ਨਾਂ ਤੇ ਹੀ ਜ਼ੋਰ ਦਿੰਦੇ ਆਏ ਹਾਂ। ਕੰਮ ਕਰਨ ਦਾ ਸਾਨੂੰ ਇਹ ਤਰੀਕਾ ਛੱਡਣਾ ਪਵੇਗਾ ਤੇ ਮੈਂ ਤੈਨੂੰ ਅਤੇ ਵਿਜੇ ਨੂੰ ਸੰਗਠਨ ਅਤੇ ਪ੍ਰਚਾਰ ਦੇ ਕੰਮਾਂ ਲਈ ਪਿੱਛੇ ਛੱਡਣਾ ਚਾਹੁੰਦਾ ਹਾਂ।ਂ ਕੁਝ ਦੇਰ ਚੁੱਪ ਰਹਿ ਕੇ ਉਸ ਨੇ ਕਿਹਾ, "ਅਸੀਂ ਸਾਰੇ ਸਿਪਾਹੀ ਹਾਂ। ਸਿਪਾਹੀ ਦਾ ਸਭ ਤੋਂ ਜ਼ਿਆਦਾ ਮੋਹ ਰਣਭੂਮੀ ਨਾਲ ਹੁੰਦਾ ਹੈ, ਇਸ ਲਈ ਐਕਸ਼ਨ 'ਤੇ ਚੱਲਣ ਦੀ ਗੱਲ ਸੁਣਦੇ ਹੀ ਸਾਰੇ ਲੋਕ ਉੱਛਲ ਪੈਂਦੇ ਹਨ। ਫਿਰ ਵੀ ਅੰਦੋਲਨ ਦਾ ਧਿਆਨ ਰੱਖਦੇ ਹੋਏ ਕਿਸੇ ਨਾ ਕਿਸੇ ਨੂੰ ਤਾਂ ਐਕਸ਼ਨ ਦਾ ਇਹ ਮੋਹ ਛੱਡਣਾ ਹੀ ਪਵੇਗਾ। ਇਹ ਠੀਕ ਹੈ ਕਿ ਆਮ ਤੌਰ 'ਤੇ ਸ਼ਹਾਦਤ ਦਾ ਸਿਹਰਾ 'ਐਕਸ਼ਨ' ਵਿੱਚ ਜੂਝਣ ਵਾਲਿਆਂ ਜਾਂ ਫਾਂਸੀ 'ਤੇ ਚੜ੍ਹ ਜਾਣ ਵਾਲਿਆਂ ਦੇ ਸਿਰ ਹੀ ਬੱਝਦਾ ਹੈ। ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਸਥਿਤੀ ਇਮਾਰਤ ਦੇ ਮੁੱਖ ਦੁਆਰ 'ਤੇ ਜੜੇ ਉਸ ਹੀਰੇ ਸਮਾਨ ਹੀ ਰਹਿੰਦੀ ਹੈ ਜਿਸ ਦਾ ਮੁੱਲ, ਜਿੱਥੋਂ ਤੱਕ ਇਮਾਰਤ ਦਾ ਸਵਾਲ ਹੈ, ਨੀਂਹ ਦੇ ਥੱਲੇ ਦੱਬੇ ਇੱਕ ਸਾਧਾਰਨ ਪੱਥਰ ਦੇ ਮੁਕਾਬਲੇ ਕੁਝ ਵੀ ਨਹੀਂ ਹੁੰਦਾ।

"ਹੀਰੇ ਇਮਾਰਤ ਦੀ ਖੂਬਸੂਰਤੀ ਵਧਾ ਸਕਦੇ ਹਨ, ਵੇਖਣ ਵਾਲੇ ਨੂੰ ਚਕਾਚੌਂਧ ਕਰ ਸਕਦੇ ਹਨ, ਪਰ ਉਹ ਇਮਾਰਤ ਦੀ ਬੁਨਿਆਦ ਨਹੀਂ ਬਣ ਸਕਦੇ, ਉਸ ਨੂੰ ਲੰਬੀ ਉਮਰ ਨਹੀਂ ਦੇ ਸਕਦੇ, ਸਦੀਆਂ ਤੱਕ ਆਪਣੇ ਮਜ਼ਬੂਤ ਕੰਧਿਆਂ 'ਤੇ ਉਸ ਦੇ ਬੋਝ ਨੂੰ ਉਠਾ ਕੇ ਸਿੱਧਾ ਖੜ੍ਹਾ ਨਹੀਂ ਰੱਖ ਸਕਦੇ। ਅਜੇ ਤੱਕ ਸਾਡੇ ਅੰਦੋਲਨ ਨੇ ਹੀਰੇ ਕਮਾਏ ਹਨ, ਨੀਹਾਂ ਦੇ ਪੱਧਰ ਨਹੀਂ ਬਟੋਰੇ। ਇਸੇ ਲਈ ਐਨੀ ਕੁਰਬਾਨੀ ਦੇਣ ਤੋਂ ਬਾਅਦ ਵੀ ਅਜੇ ਤੱਕ ਅਸੀਂ ਇਮਾਰਤ ਤਾਂ ਕੀ ਉਸ ਦਾ ਢਾਂਚਾ ਵੀ ਨਹੀਂ ਖੜ੍ਹਾ ਕਰ ਸਕੇ। ਅੱਜ ਸਾਨੂੰ ਨੀਂਹ ਦੇ ਪੱਥਰਾਂ ਦੀ ਜ਼ਰੂਰਤ ਹੈ।'' ਫਿਰ ਕੁਝ ਦੇਰ ਰੁਕ ਕੇ ਬੋਲਿਆ, "ਤਿਆਗ ਅਤੇ ਕੁਰਬਾਨੀ ਦੇ ਵੀ ਦੋ ਰੂਪ ਹਨ। ਇੱਕ ਹੈ ਗੋਲੀ ਖਾ ਕੇ ਜਾਂ ਫਾਂਸੀ ਤੇ ਲਟਕ ਕੇ ਮਰਨਾ। ਇਸ ਵਿੱਚ ਚਮਕ ਜ਼ਿਆਦਾ ਹੈ ਤੇ ਤਕਲੀਫ ਘੱਟ। ਦੂਜਾ ਹੈ ਪਿੱਛੇ ਰਹਿ ਕੇ ਸਾਰੀ ਜ਼ਿੰਦਗੀ ਇਮਾਰਤ ਦਾ ਬੋਝ ਢੋਂਦੇ ਫਿਰਨਾ। ਅੰਦੋਲਨ ਦੇ ਉਤਰਾਹ ਚੜ੍ਹਾਅ ਦੇ ਦੌਰਾਨ ਕਈ ਵਾਰ ਐਦਾਂ ਦੇ ਪਲ ਵੀ ਆਉਂਦੇ ਹਨ ਜਦੋਂ ਇੱਕ-ਇੱਕ ਕਰਕੇ ਸਾਰੇ ਹਮਰਾਹੀ ਵਿੱਛੜ ਜਾਂਦੇ ਨੇ, ਉਸ ਸਮੇਂ ਬੰਦਾ ਮਨੁੱਖੀ ਹਮਦਰਦੀ ਦੇ ਦੋ ਸ਼ਬਦਾਂ ਲਈ ਵੀ ਤਰਸ ਉੱਠਦਾ ਹੈ। ਇਹੋ ਜਿਹੇ ਹਾਲਤ ਵਿੱਚ ਵੀ ਨਾ ਡੋਲਦੇ ਹੋਏ ਜੋ ਲੋਕੀਂ ਆਪਣੀ ਰਾਹ ਨਹੀਂ ਛੱਡਦੇ, ਇਮਾਰਤ ਦੇ ਬੋਝ ਨਾਲ ਜਿੰਨ੍ਹਾਂ ਦੇ ਕਦਮ ਲੜਖੜਾਉਂਦੇ ਨਹੀਂ, ਕੰਧੇ ਝੁਕਦੇ ਨਹੀਂ, ਜੋ ਤਿਲ-ਤਿਲ ਕਰਕੇ ਆਪਣੇ ਆਪ ਨੂੰ ਇਸ ਲਈ ਜਲਾਉਂਦੇ ਰਹਿੰਦੇ ਹਨ ਕਿ ਦੀਵੇ ਦੀ ਲੋਅ ਕਿਤੇ ਮੱਧਮ ਨਾ ਪੈ ਜਾਵੇ, ਸੁੰਨਸਾਨ ਰਾਹਾਂ 'ਤੇ ਹਨੇਰਾ ਨਾ ਛਾ ਜਾਵੇ। ਇਸ ਤਰ੍ਹਾਂ ਦੇ ਲੋਕਾਂ ਦੀ ਕੁਰਬਾਨੀ ਅਤੇ ਤਿਆਗ ਪਹਿਲਾਂ ਵਾਲਿਆਂ ਦੇ ਮੁਕਾਬਲੇ ਕੀ ਕਿਤੇ ਵੱਧ ਨਹੀਂ ਹੈ?

ਅਧਿਐਨ, ਸਾਹਿਤ, ਭਾਸ਼ਾ, ਸੱਭਿਆਚਾਰ ਆਦਿ ਦੇ ਪ੍ਰਸੰਗ ਵਿੱਚ ਵੀ ਭਗਤ ਸਿੰਘ ਦਾ ਚਿੰਤਨ ਬਹੁਤ ਕਮਾਲ ਸੀ। ਏਨੇ ਘੱਟ ਸਮੇਂ ਵਿੱਚ ਏਨੇ ਲੇਖਕਾਂ ਏ ਪੜ੍ਹਨਾ, ਏਨਾ ਕੁਝ ਲਿਖਣਾ ਅਤੇ ਬੋਲਣਾ ਆਪਣੇ ਆਪ ਵਿੱਚ ਇੱਕ ਉਦਾਹਰਨ ਹੈ। ਉਹ ਸਾਹਿਤ, ਭਾਸ਼ਾ, ਗੀਤ, ਨਾਟਕ, ਸੱਭਿਆਚਾਰਕ ਪਛਾਣ ਆਦਿ ਦੀ ਸ਼ਕਤੀ ਦਾ ਕਾਇਲ ਸੀ ਅਤੇ ਜਦੋਂ ਵੀ ਮੌਕਾ ਮਿਲਦਾ ਸੀ ਤਾਂ ਇਹਨਾਂ ਨੂੰ ਆਪਣੇ ਪ੍ਰਸੰਗ ਵਿੱਚ ਵਰਤਦਾ ਵੀ ਸੀ। ਭਗਤ ਸਿੰਘ ਦੇ ਆਪਣੇ ਨਿਜੀ ਜਾਂ ਮਨਪਸੰਦ ਕਿੰਨੇ ਹੀ ਸ਼ਿਅਰ, ਕਥਨ, ਗੀਤ ਹਰ ਵਕਤ ਉਸ ਦੇ ਬੁੱਲ੍ਹਾਂ ਤੇ ਰਹਿੰਦੇ ਸਨ ਅਤੇ ਇਹੀ ਕਥਨ ਬਾਅਦ ਵਿੱਚ ਉਸ ਦੀ ਜੇਲ ਡਾਇਰੀ ਦਾ ਵੀ ਹਿੱਸਾ ਬਣਦੇ ਰਹੇ ਤੇ ਪ੍ਰਕਾਸਿਤ ਵੀ ਹੋਏ। ਰਾਮ ਪ੍ਰਸਾਦ ਬਿਸਮਿਲ ਦਾ ਇਹ ਗੀਤ ਦੋਖੋ:
"ਸਰਫਰੋਸੀ ਕੀ ਤਮੰਨਾਂ ਅਬ ਹਮਾਰੇ ਦਿਲ ਮੇਂ ਹੈ
ਦੇਖਣਾ ਹ ਜ਼ੋਰ ਕਿਤਨਾ ਬਾਜੂ ਏ ਕਾਤਿਲ ਮੇਂ ਹੈ
ਵਕਤ ਆਨੇ ਪੇ ਬਤਾ ਦੇਂਗੇ ਤੁਝੇ ਐ ਆਸਮਾਨ,
ਹਮ ਅਭੀ ਸੇ ਕਿਆ ਬਤਾ ਦੇਂ ਕਿਆ ਹਮਾਰੇ ਦਿਲ ਮੇਂ ਹੈ।

ਉਪਰੋਕਤ ਗੀਤ ਰਾਮ ਪ੍ਰਸਾਦ ਬਿਸਮਿਲ ਦੀ ਲਿਖਤ ਕਰਕੇ ਵਧੇਰੇ ਪ੍ਰਸਿਧ ਨਹੀਂ ਹੋਇਆ ਪਰੰਤੂ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੁਆਰਾ ਇਸ ਨੂੰ ਵਾਰ ਵਾਰ ਗਾਉਣਾ ਹੀ ਇਸ ਦੀ ਪ੍ਰਸਿੱਧੀ ਦਾ ਆਧਾਰ ਬਣਿਆ। ਕਿੰਨੇ ਹੀ ਸ਼ਿਅਰ ਤੇ ਗੀਤ ਭਗਤ ਸਿੰਘ ਦੇ ਪਸੰਦੀਦਾ ਹੋਣ ਕਰਕੇ ਹੀ ਲੋਕ ਸਭਿਆਚਾਰ ਦਾ ਹਿੱਸਾ ਬਣ ਗਏ:
- ਹਵਾ ਮੇਂ ਰਹੇਂਗੀ ਮੇਰੇ ਖਿਆਲੋਂ ਕੀ ਬਿਜਲੀਆਂ
ਯੇ ਮੁਸ਼ਤੇ ਖਾਕ ਫਾਨੀ ਹੈ, ਰਹੇ ਰਹੇ ਨਾ ਰਹੇ।

-ਉਹ ਸੂਰਤਾ ਉਏ ਰੱਬਾ ਕਿਸ ਦੇਸ਼ ਵਸਦੀਆਂ ਨੇ
ਦੇਖਣ ਲਈ ਜਿਨ੍ਹਾਂ ਨੂੰ ਅੱਖੀਆਂ ਤਰਸਦੀਆਂ ਨੇ

- ਮੇਰਾ ਰੰਗ ਦੇ ਬਸੰਤੀ ਚੋਲਾ

ਭਗਤ ਸਿੰਘ ਸਾਹਿਤ ਭਾਸ਼ਾ ਅਤੇ ਸਭਿਆਚਾਰ ਦੀ ਸ਼ਕਤੀ ਨੂੰ ਪਹਿਚਾਣਦਾ ਹੋਇਆ ਹੀ ਕਹਿੰਦਾ ਹੈ:
"ਇਤਿਹਾਸ ਗਵਾਹ ਹੈ, ਜਿਸ ਦੇਸ਼ ਦੇ ਸਾਹਿਤ ਦਾ ਵਹਾਅ ਜਿਸ ਪਾਸੇ ਵਗਦਾ ਹੈ, ਠੀਕ ਉਸੇ ਪਾਸੇ ਉਹ ਦੇਸ਼ ਵੀ ਵਧ ਰਿਹਾ ਹੁੰਦਾ ਹੈ। ਕਿਸੇ ਵੀ ਜਾਤੀ ਦੀ ਉੱਨਤੀ ਲਈ ਉੱਚ ਕੋਟੀ ਦੇ ਸਾਹਿਤ ਦੀ ਲੋੜ ਹੁੰਦੀ ਹੈ। ਜਿਉਂ -ਜਿਉਂ ਦੇਸ਼ ਦਾ ਸਿਹਤ ਉੱਚਾ ਉੱਠਦਾ ਹੈ, ਤਿਉਂ ਤਿਉਂ ਦੇਸ਼ ਤਰੱਕੀ ਕਰਦਾ ਜਾਂਦਾ ਹੈ। ਦੇਸ਼ ਭਗਤ ਚਾਹੇ ਉਹ ਨਿਰੇ ਸਮਾਜ ਸੁਧਾਰਕ ਹੋਣ ਜਾਂ ਰਾਜਨੀਤਕ ਨੇਤਾ, ਉਹ ਸਭ ਤੋਂ ਵੱਧ ਧਿਆਨ ਦੇਸ਼ ਦੇ ਸਾਹਿਤ ਵੱਲ ਹੀ ਦਿੰਦੇ ਹਨ। ਪਰ ਸਾਹਿਤ ਲਈ ਸਭ ਤੋਂ ਪਹਿਲਾਂ ਭਾਸ਼ਾ ਦੀ ਜ਼ਰੂਰਤ ਹੁੰਦੀ ਹੈ ਅਤੇ ਪੰਜਾਬ ਵਿੱਚ ਉਹ ਨਹੀਂ ਹੈ। ਇੰਨੇ ਦਿਨਾਂ ਤੋਂ ਇਹ ਘਾਟ ਮਹਿਸੂਸ ਕਰਦੇ ਰਹਿਣ ਤੇ ਵੀ ਅਜੇ ਤੱਕ ਭਾਸ਼ਾ ਦਾ ਕੋਈ ਫੈਸਲਾ ਨਹੀਂ ਹੋ ਪਾਇਆ। ਇਸ ਦਾ ਮੁੱਖ ਕਾਰਨ ਹੈ ਸਾਡੇ ਸੂਬੇ ਦੀ ਬਦਕਿਸਮਤੀ ਨਾਲ ਭਾਸ਼ਾ ਨੂੰ ਮਜ਼੍ਹਬੀ ਮਸਲਾ ਬਣਾ ਦੇਣਾ। ਦੂਸਰੇ ਸੂਬਿਆਂ ਵਿੱਚ ਅਸੀਂ ਦੇਖਦੇ ਹਾਂ ਕਿ ਮੁਸਲਮਾਨਾਂ ਨੇ ਸੂਬਾਈ ਭਾਸ਼ਾ ਨੂੰ ਖੂਬ ਅਪਨਾ ਲਿਆ। ਬੰਗਾਲ ਦੇ ਸਾਹਿਤਕ ਖੇਤਰ ਵਿੱਚ ਕਵੀ ਨਜਰ-ਉੱਲ-ਇਸਲਾਮ ਇੱਕ ਚਮਕਦਾ ਸਿਤਾਰਾ ਹੈ। ਹਿੰਦੀ ਕਵੀਆਂ ਵਿੱਚ ਲਤੀਫ਼ ਹੁਸੈਨ 'ਨਟਵਰ' ਉਲੇਖਨੀਆ ਹੈ। ਇਸੇ ਤਰ੍ਹਾਂ ਗੁਜਰਾਤ ਵਿੱਚ ਵੀ ਹੈ,ਪਰ ਬਦਕਿਸਮਤੀ ਹੈ ਪੰਜਾਬ ਦੀ। ਇੱਥੇ ਮੁਸਲਮਾਨਾਂ ਦਾ ਸੁਆਲ ਤਾਂ ਵੱਖਰਾ ਰਿਹਾ, ਹਿੰਦੂ-ਸਿੱਖ ਵੀ ਇਸ ਗੱਲ ਤੇ ਨਹੀਂ ਮਿਲ ਸਕੇ।

ਭਗਤ ਸਿੰਘ ਦੇ ਚਿੰਤਨ ਦਾ ਇਕ ਹੋਰ ਵਿਲੱਖਣ ਪੱਖ ਉਸ ਦੀ ਹਿੰਸਾ/ਅਹਿੰਸਾ/ਨੈਤਿਕਤਾ/ਆਤਮਕਤਾ/ਸੱਤਿਆਗ੍ਰਹਿ ਆਦਿ ਪ੍ਰਤੀ ਤਾਰਕਿਕ ਪਹੁੰਚ ਹੈ। ਉਹ ਆਪਣੇ ਦੌਰ ਦੀ ਗਾਂਧੀਵਾਦੀ ਅਹਿੰਸਾ ਦੇ ਸਮਾਨਾਂਤਰ ਹਿੰਸਾ/ਅਹਿੰਸਾ ਅਤੇ ਨੈਤਿਕਤਾ ਨੂੰ ਆਪਣੇ ਢੰਗ ਨਾਲ ਪਰਿਭਾਸ਼ਿਤ ਕਰਦਾ ਹੈ ਉਸ ਦੀ ਡਾਇਰੀ ਵਿੱਚ ਸਤਿਆਗ੍ਰਹਿ ਪ੍ਰਤੀ ਕਿਸੇ ਵਿਦਵਾਨ ਦੇ ਵਿਚਾਰ ਨੋਟ ਕੀਤੇ ਹੋਏ ਹਨ ਜੋ ਉਸ ਦੇ ਜੀਵਨ ਦੀ ਪ੍ਰਤੀਨਿਧਤਾ ਕਰਦੇ ਹਨ:"ਸਤਿਆਗ੍ਰਹਿ ਦਾ ਅਰਥ ਹੈ - ਸੱਚ ਦੇ ਲਈ ਆਗ੍ਰਹਿ। ਉਸ ਦੀ ਸਵੀਕ੍ਰਿਤੀ ਲਈ ਸਿਰਫ਼ ਆਤਮਕ ਸ਼ਕਤੀ ਦੀ ਵਰਤੋਂ ਦਾ ਹੀ ਆਗ੍ਰਹਿ ਕਿਉਂ? ਉਸਦੇ ਨਾਲ ਸਰੀਰਕ ਬਲ ਪ੍ਰਯੋਗ ਵੀ ਕਿਉਂ ਨਾ ਕੀਤਾ ਜਾਵੇ। ਕਰਾਂਤੀਕਾਰੀ ਆਜ਼ਾਦੀ ਪ੍ਰਾਪਤੀ ਲਈ ਆਪਣੀ ਸਰੀਰਕ ਤੇ ਨੈਤਿਕ ਸ਼ਕਤੀ ਦੋਵਾਂ ਦੇ ਪ੍ਰਯੋਗ 'ਚ ਹੀ ਵਿਸਵਾਸ ਕਰਦਾ ਹੈ। ਪਰ ਨੈਤਿਕ ਸ਼ਕਤੀ ਦੀ ਵਰਤੋਂ ਕਰਨ ਵਾਲੇ ਸਰੀਰਕ ਬਲ ਪ੍ਰਯੋਗ ਦੀ ਵਰਤੋਂ ਠੀਕ ਨਹੀਂ ਮੰਨਦੇ। ਇਸ ਲਈ ਹੁਣ ਸੁਆਲ ਇਹ ਨਹੀਂ ਕਿ ਤੁਸੀਂ ਹਿੰਸਾ ਚਾਹੁੰਦੇ ਹੋ ਜਾਂ ਅਹਿੰਸਾ? ਸਗੋਂ ਸੁਆਲ ਤਾਂ ਇਹ ਹੈ ਕਿ ਤੁਸੀਂ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਸਰੀਰਕ ਤਾਕਤ ਦੇ ਨਾਲ ਨੈਤਿਕ ਤਾਕਤ ਦੀ ਵਰਤੋਂ ਕਰਨਾ ਚਾਹੁੰਦੇ ਹੋ ਜਾਂ ਸਿਰਗ਼ ਆਤਮਕ ਸ਼ਕਤੀ ਦੀ।
ਇਸੇ ਤੱਥ ਦਾ ਵਿਹਾਰਕ ਪਰਿਪੇਖ ਵੀ ਉਸ ਦੀ ਜ਼ਿੰਦਗੀ 'ਚ ਦੇਖਣ ਨੂੰ ਮਿਲਦਾ ਹੈ ਜਦੋਂ ਉਹ ਇੱਕ ਪਾਸੇ ਲਾਲਾ ਲਾਜਪਤ ਰਾਏ ਦੇ ਕਾਤਲਾਂ ਨੂੰ ਮਾਰਨ ਲਈ ਹਥਿਆਬੰਦ ਵਿਦਰੋਹ ਦੀ ਗੱਲ ਕਰਦਾ ਹੈ ਪਰੰਤੂ ਦੂਜੇ ਪਾਸੇ ਜ਼ੇਲ੍ਹ ਵਿੱਚ ਸੁਧਾਰ ਲਈ ਮਰਨ ਵਰਤ ਰੱਖ ਕੇ ਆਪਣੀ ਤਰ੍ਹਾਂ ਦੇ ਸਤਿਆਗ੍ਰਹਿ ਦਾ ਸੱਦਾ ਦਿੰਦਾ ਹੈ। ਉਹਨਾਂ ਦੇ ਇਸ ਸੱਤਿਆਗ੍ਰਹਿ ਦਾ ਸਿਖਰ ਜਤਿਨਦਾਸ ਦੁਆਰਾ 64 ਦਿਨਾਂ ਦੀ ਭੁੱਖ ਹੜਤਾਲ ਉਪਰੰਤ ਸ਼ਹਾਦਤ ਪ੍ਰਾਪਤ ਕਰਨਾ ਸੀ ਜੋ ਭਗਤ ਸਿੰਘ ਦੀ ਂਿਜ਼ੰਦਗੀ ਵਿੱਚ ਆਪਣੀ ਤਰ੍ਹਾਂ ਦਾ ਅੰਦੋਲਨ ਸੀ। ਉਹਨਾਂ ਦੇ ਇਸ ਅੰਦੋਲਨ ਦੀ ਸ਼ਕਤੀ, ਸ਼ਹਾਦਤ ਤੇ ਦ੍ਰਿੜ ਇਰਾਦੇ ਬਾਰੇ ਪੰਡਤ ਨਹਿਰੂ ਦੀ ਜਤਿਨਦਾਸ ਬਾਰੇ ਇਹ ਟਿੱਪਣੀ ਬਹੁਤ ਪ੍ਰਾਸੰਗਿਕ ਹੈ:

"ਉਹ ਬਹੁਤ ਹੌਲੀ ਹੌਲੀ ਮਰਿਆ; ਭੋਜਨ ਸ਼ਕਤੀ ਦੀ ਘਾਟ ਕਾਰਨ ਇੱਕ ਹੱਥ ਮਾਰਿਆ ਗਿਆ, ਦੂਜੇ ਹੱਥ ਵਿੱਚ ਖੁਰਾਕ ਖੁਣੋਂ ਕਮਜ਼ੋਰੀ ਆ ਗਈ; ਇੱਕ ਪੈਰ ਗਿਆ, ਦੂਜਾ ਪੈਰ ਵੀ ਮਾਰਿਆ ਗਿਆ; ਅਤੇ ਅੰਤ ਵਿੱਚ ਕੁਦਰਤ ਦਾ ਸਭ ਤੋਂ ਵਡਮੁੱਲਾ ਤੋਹਫ਼ਾ ਅੱਖਾਂ ਦੀ ਜੋਤ ਵੀ ਚਲੀ ਗਈ; ਅੱਖ ਦੇ ਡੇਲੇ ਦੀ ਅਗਨੀ ਥੋੜੀ ਥੋੜੀ ਕਰ ਕੇ ਮੱਧਮ ਪੈਂਦੀ ਗਈ, ਫਾਂਸੀ ਦੀ ਅਚਾਨਕ ਅਤੇ ਰਹਿਮ ਭਰੀ ਮੌਤ ਵਾਂਗ ਨਹੀਂ ਸਗੋਂ ਸਹਿਜ ਨਾਲ ਜਿਸ ਤਰ੍ਹਾਂ ਕੁਦਰਤ ਬਣਾਉਂਦੀ ਜਾਂ ਢਾਹੁੰਦੀ ਹੈ। ਹਾਏੱ ਧੀਰੇ ਧੀਰੇ ਦਿੱਤੇ ਗਏ ਅਜ਼ਾਬ ਦੀ ਵੇਦਨਾ।
ਅੱਜ ਲੋੜ ਹੈ ਭਗਤ ਸਿੰਘ ਦੀ ਜ਼ਿੰਦਗੀ ਦੇ ਇਸ ਐਪੀਸੋਡ ਦੀ ਭਾਵਨਾ ਦੀ ਪੁਨਰਸੁਰਜੀਤੀ ਦੀ, ਤਾਂ ਜੋ ਭਗਤ ਸਿੰਘ ਦਾ ਚਿੰਤਨ ਸਾਡੀ ਨੌਜੁਵਾਨ ਪੀੜੀ ਦਾ ਚਿੰਤਨ ਬਣ ਸਕੇ ਅਤੇ ਸਾਡੀ ਨੌਜੁਆਨ ਪੀੜੀ ਭਗਤ ਸਿੰਘ ਵਾਲੀ ਐਨਰਜੀ ਦੇ ਨਾਲ ਨਾਲ ਭਗਤ ਸਿੰਘ ਵਾਲੇ ਚਿੰਤਨ ਨੂੰ ਗ੍ਰਹਿਣ ਕਰਕੇ ਦੇਸ਼ ਦੀ ਮੰਝਧਾਰ ਵਿੱਚ ਫਸੀ ਬੇੜੀ ਨੂੰ ਕਿਨਾਰੇ ਲਾ ਸਕੇ। ਇਸ ਦੀ ਅਣਹੋਂਦ ਵਿੱਚ ਭਗਤ ਸਿੰਘ ਸਿਰਫ :
-ਬੁੱਤਾਂ, ਨਾਹਰਿਆਂ ਤੇ ਹਾਰਾਂ ਜੋਗਾ ਰਹਿ ਜਾਵੇਗਾ_
-ਸਰਕਾਰਾਂ ਤੇ ਬਾਂਰਾਂ ਜੋਗਾ ਰਹਿ ਜਾਵੇਗਾ
-ਬੰਬਾਂ ਤੇ ਹਥਿਆਰਾਂ ਜੋਗਾ ਰਹਿ ਜਾਵੇਗਾ_
-ਚੋਰਾਂ ਤੇ ਮਕਾਰਾਂ ਜੋਗਾ ਰਹਿ ਜਾਵੇਗਾ_

ਭਗਤ ਸਿੰਘ ਪ੍ਰਤੀ ਸੰਵੇਦਨਸ਼ੀਲਤਾ ਉਸਦੇ ਸਥੁਲ ਰੂਪ ਦੀ ਨਕਲ ਕਰਨ ਦੀ ਨਹੀਂ ਹੋਣੀ ਚਾਹੀਦੀ ਬਲਕਿ ਅੰਦਰੂਨੀ ਵਿਚਾਰਾਂ ਨੂੰ ਅਪਨਾਉਣ ਦੀ ਸੰਵੇਦਨਸ਼ੀਲਤਾ ਹੋਣੀ ਚਾਹੀਦੀ ਹੈ। ਨੌਜਵਾਨ ਸ਼ਾਇਰ ਭੁਪਿੰਦਰਪ੍ਰੀਤ ਦੀ ਕਵਿਤਾ 'ਹੈਂਗ ਟਿਲ' ਭਗਤ ਸਿੰਘ ਨੂੰ ਕੇਂਦਰ ਵਿੱਚ ਰਖਕੇ ਇਸੇ ਕਿਸਮ ਦੀ ਸੰਵੇਦਨਸ਼ੀਲਤਾ ਪੈਦਾ ਕਰ ਰਹੀ ਹੈ:

ਉਸਦਾ ਨਾਮ ਭਗਤ ਸਿੰਘ ਹੈ
ਉਸਏ ਮੋਟੇ ਸ਼ੀਸ਼ਿਆਂ ਵਾਲੀ ਐਨਕ ਲੱਗੀ ਹੋਈ ਹੈ।
ਉਸਦੇ ਹੱਥ ਵਿੱਚ ਪਿਸਟਲ ਨਹੀਂ ਪੈਨ ਹੈ
ਉਸਨੇ ਕੱਸ ਕੇ ਪੱਗ ਬੰਨ੍ਹੀ ਹੋਈ
ਤੇ ਦਫ਼ਤਰੀ ਫਾਈਲਾਂ 'ਚ ਗੁੰਮ 'ਆਨੈਸਟੀ' ਸੰਭਾਲ ਰਿਹਾ
ਉਹਦੇ ਕੋਲ ਏਨਾ ਵੀ ਬਾਰੂਦ ਨਹੀਂ
ਕਿ ਅਫਸਰ ਦੇ ਕਮਰੇ 'ਚ ਹਲਕਾ ਧੂੰਆਂ ਕਰ
ਆਪਣੀ ਗੱਲ ਕਹਿ ਸਕੇ
ਉਹ ਦਫਤਰ 'ਚੋਂ ਆਪਣੇ ਸਾਥੀ ਰਾਜਗੁਰੂ ਤੇ ਸੁਖਦੇਵ ਨੂੰ ਲੱਭਦਾ ਹੈ
ਅੱਜ ਅਫਸਰ ਨੇ ਫਿਰ ਇੱਕ ਗਲਤ ਟੈਂਡਰ
ਤਸਦੀਕ ਲਈ ਦਿੱਤਾ
ਉਹ ਟੈਗ ਲੱਭ ਰਿਹਾ
ਉਸ ਦੀਆਂ ਅੱਖਾਂ ਅੱਗੇ ਟੈਗ ਲਮਕਦੇ ਹਨ
ਇਕ ਦੋ ਚਾਰ ਸੌ ਹਜ਼ਾਰ ਲੱਖ
ਟੈਗਾਂ ਦਾ ਇੱਕ ਫਾਂਸੀ ਦਾ ਰੱਸਾ ਬਣ ਰਿਹਾ
ਉਸਨੇ ਟੈਂਡਰ 'ਤੇ ਆਪਣੇ ਦਸਤਖ਼ਤ ਕਰ ਲਏ
ਪੈੱਨ ਦੀ ਨਿੱਬ ਤੋੜ ਦਿੱਤੀ
ਹੈਂਗ ਟਿਲ ਲਾਈਫ।


ਸੋ ਅੱਜ ਲੋੜ ਭਗਤ ਸਿੰਘ ਦੇ ਬੁੱਤ ਲਾਉਣ ਦੀ ਜਾਂ ਪੂਜਣ ਦੀ ਨਹੀਂ, ਬਲਕਿ ਸੋਚਣ, ਵਿਚਾਰਨ, ਚਿੰਤਨ ਅਤੇ ਅਮਲ ਕਰਨ ਦੀ ਹੈ, ਕਿਉਂਕਿ ਭਗਤ ਸਿੰਘ ਨੇ ਫਾਂਸੀ ਲੱਗਣ ਤੋਂ ਕੁੱਝ ਸਮਾਂ ਪਹਿਲਾਂ ਆਪਣੇ ਸਾਥੀਆਂ ਨੂੰ ਇਹੀ ਸੰਦੇਸ਼ ਦਿੱਤਾ ਸੀ :
"ਦੋਸਤੋ, ਅਸੀਂ ਤਾਂ ਕੁੱਝ ਦਿਨਾਂ ਬਾਅਦ ਇਹਨਾਂ ਸਾਰੇ ਝੰਜਟਾਂ ਤੋਂ ਮੁਕਤ ਹੋ ਜਾਵਾਂਗੇ, ਪਰ ਤੁਸੀਂ ਤਾਂ ਅਜੇ ਬਹੁਤ ਲੰਮਾ ਸਫਰ ਤੈਅ ਕਰਨਾ ਹੈ। ਮਾਦਰੇ ਵਤਨ ਦੀ ਤੇਤੀ ਕਰੋੜ ਦੁਖਿਆਰੀ ਜਨਤਾ ਤੁਹਾਡੇ ਮੂੰਹ ਵੱਲ ਤੱਕ ਰਹੀ ਹੈ। ਜਦ ਤੱਕ ਤੁਸੀਂ ਅੰਗਰੇਂਜ਼ਾਂ ਨੂੰ ਹਿੰਦੁਸਤਾਨ ਵਿੱਚੋਂ ਬਾਹਰ ਕੱਢ ਕੇ ਸਮਾਜਵਾਦੀ ਲੋਕਰਾਜ ਨਾ ਸਥਾਪਤ ਕਰ ਲਵੋ, ਤੁਹਾਡੇ ਲਈ ਅਰਾਮ ਹਰਾਮ ਹੈ। ਇਹੀ ਮੇਰਾ ਤੁਹਾਡੇ ਲਈ ਆਖਰੀ ਸੰਦੇਸ਼ ਅਤੇ ਆਖਰੀ ਸਲਾਮ ਹੈ।

ਅੱਜ ਭਾਵੇਂ ਅੰਗਰੇਜ਼ ਤਾਂ ਹਿੰਦੁਸਤਾਨ ਵਿੱਚੋਂ ਚਲੇ ਗਏ ਹਨ ਪਰ ਸਮਾਜਵਾਦੀ ਲੋਕਰਾਜ ਦਾ ਸੁਪਨਾ ਅਜੇ ਵੀ ਓਨਾ ਹੀ ਦੂਰ ਹੈ, ਜਿੰਨਾ ਦੂਰ ਭਗਤ ਸਿੰਘ ਦੇ ਉਪਰੋਕਤ ਸ਼ਬਦ ਕਹਿਣ ਵੇਲੇ ਸੀ। ਇਹ ਸਮਾਜਵਾਦੀ ਲੋਕਰਾਜ ਚਿੰਤਨ ਅਤੇ ਅਮਲ ਦੇ ਸੁਮੇਲ ਵਿੱਚੋਂ ਹੀ ਪੈਦਾ ਹੋਣਾ ਹੈ। ਭਗਤ ਸਿੰਘ ਦੇ ਬੁੱਤ ਉੱਪਰ ਫੁੱਲਾਂ ਦੇ ਹਾਰ ਪਾ ਕੇ, ਉਸ ਦੇ ਉੱਚੀ-ਉੱਚੀ ਨਾਹਰੇ ਲਾ ਕੇ ਜਾਂ ਮੁੱਛਾਂ ਕੁੰਢੀਆਂ ਕਰ ਕੇ ਆਪਣੀ ਕਪਟੀ ਨੇੜਤਾ ਦਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਭਗਤ ਸਿੰਘ ਦੀ ਜ਼ੇਲ੍ਹ ਡਾਇਰੀ ਵਿੱਚ ਦਰਜ ਫਰਾਂਸਿਸਕੋ ਫਰੇਰੇ ਗੁਆਰਦਿਆਂ ਦੀਆਂ ਇਹ ਸਤਰਾਂ ਜ਼ਰੂਰ ਪੜ੍ਹ ਲੈਣੀਆਂ ਚਾਹੀਦੀਆਂ ਹਨ:

" ਮੈਂ ਆਪਣੇ ਦੋਸਤਾਂ ਨੂੰ ਇਹ ਵੀ ਆਖਣਾ ਚਾਹੂੰਗਾ ਕਿ ਉਹ ਮੇਰੇ ਸੰਬੰਧ ਵਿੱਚ ਘੱਟ ਤੋਂ ਚਰਚਾ ਕਰਨਗੇ ਜਾਂ ਬਿਲਕੁਲ ਹੀ ਚਰਚਾ ਨਹੀਂ ਕਰਨਗੇ, ਕਿਉਂਕਿ ਜਦੋਂ ਆਦਮੀ ਦੀ ਤਾਰੀਫ਼ ਹੋਣ ਲਗਦੀ ਹੈ ਤਾਂ ਉਸ ਨੂੰ ਇਨਸਾਨ ਦੀ ਬਜਾਇ ਦੇਵਤਾ ਜਿਹਾ ਬਣਾ ਦਿੱਤਾ ਜਾਂਦਾ ਹੈ ਤੇ ਇਹ ਮਾਨਵ ਜਾਤੀ ਦੇ ਭਵਿੱਖ ਦੇ ਵਾਸਤੇ ਬਹੁਤ ਬੁਰੀ ਗੱਲ ਹੈ..... ਮੈਂ ਚਾਹੂੰਗਾ ਕਿ ਕਿਸੇ ਵੀ ਅਵਸਰ ਤੇ ਮੇਰੀ ਕਬਰ ਦੇ ਨੇੜੇ ਜਾਂ ਦੂਰ ਕਿਸੇ ਵੀ ਕਿਸਮ ਦੇ ਰਾਜਨੀਤਕ ਜਾਂ ਧਾਰਮਿਕ ਪ੍ਰਦਰਸ਼ਨ ਨਾ ਕੀਤੇ ਜਾਣ, ਕਿਉਂਕਿ ਮੈਂ ਸਮਝਦਾ ਹਾਂ ਕਿ ਮਰੇ ਹੋਏ ਦੇ ਵਾਸਤੇ ਖਰਚ ਕੀਤੇ ਜਾਣ ਵਾਲੇ ਸਮੇਂ ਦਾ ਬਿਹਤਰ ਇਸਤੇਮਾਲ ਉਹਨਾਂ ਲੋਕਾਂ ਦੀਆਂ ਜੀਵਨ ਹਾਲਤਾਂ ਨੂੰ ਸੁਧਾਰਨ ਵਿੱਚ ਕੀਤਾ ਜਾ ਸਕਦਾ ਹੈ, ਜਿਹਨਾਂ ਵਿੱਚੋਂ ਬਥੇਰਿਆਂ ਨੂੰ ਇਸ ਦੀ ਭਾਰੀ ਲੋੜ ਹੈ।

ਸੋ ਆਉ, ਅਜਿਹੇ ਚਿੰਤਕ ਅਤੇ ਦਾਰਸ਼ਨਿਕ ਭਗਤ ਸਿੰਘ ਨੂੰ ਜਾਣੀਏ ਤੇ ਪਹਿਚਾਣੀਏ, ਉਸ ਦੀ ਦਾਰਸ਼ਨਿਕਤਾ ਦੀ ਉਂਗਲ ਫੜੀਏ ਅਤੇ ਵਰਤਮਾਨ ਸਮਾਜੀ ਰਾਜਨੀਤਿਕ ਹਾਲਾਤਾਂ ਵਿੱਚ ਇਕ ਚਿੰਤਨਸ਼ੀਲ ਪ੍ਰਾਣੀ ਹੋਣ ਦੇ ਨਾਤੇ ਆਪਣਾ ਰੋਲ ਨਿਭਾਈਏ ਅਤੇ ਭਗਤ ਸਿੰਘ ਦੇ ਸੁਪਨਿਆਂ ਦਾ ਬਰਾਬਰੀ ਦਾ ਸਮਾਜ ਸਿਰਜੀਏ।

ਕੁਲਦੀਪ ਸਿੰਘ ਦੀਪ (ਡਾ:)
ਪਿੰਡ ਰੋਝਾਂਵਾਲੀ, ਤਹਿਸੀਲ ਰਤੀਆ,
ਜ਼ਿਲ੍ਹਾ ਫਤਿਆਬਾਦ (ਹਰਿਆਣਾ)-125051
ਮੋਬਾ: 94176-00223, 98552-55956

No comments:

Post a Comment