ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Sunday, January 15, 2012

ਜਮਹੂਰੀਅਤ ਦੇ ਨਾਮ ਉੱਤੇ ਜੁੰਡੀ ਰਾਜ

ਪੰਜਾਬ ਵਿਧਾਨ ਸਭਾ ਚੋਣਾਂ ਨਾਲ ਠੰਢੇ ਮੌਸਮ ਵਿੱਚ ਸਿਆਸੀ ਮਾਹੌਲ ਗਰਮਾ ਗਿਆ ਹੈ ਸਰਕਾਰ ਦੀ ਕਾਰਗੁਜ਼ਾਰੀ ਅਤੇ ਵਾਅਦਿਆਂ ਤੋਂ ਬਿਨਾਂ ਕਈ ਮਸਲੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਕਾਂਗਰਸ ਅਤੇ ਅਕਾਲੀ-ਭਾਜਪਾ ਦੀ 'ਉੱਤਰ-ਕਾਟੋ ਮੈਂ ਚੜ੍ਹਾਂ' ਦਾ ਰੁਝਾਨ ਪੀਪਲਜ਼ ਪਾਰਟੀ ਆਫ਼ ਪੰਜਾਬ (ਪੀ.ਪੀ.ਪੀ.) ਦੇ ਨਿਸ਼ਾਨੇ ਉੱਤੇ ਆਇਆ ਹੋਇਆ ਹੈ ਪੀ.ਪੀ.ਪੀ. ਦੀ ਅਗਵਾਈ ਵਿੱਚ ਖੱਬੀਆਂ ਪਾਰਟੀਆਂ ਅਤੇ ਅਕਾਲੀ ਦਲ ਦੇ ਸੁਰਜੀਤ ਸਿੰਘ ਬਰਨਾਲਾ ਵਾਲੇ ਧੜੇ ਦਾ ਪ੍ਰਚਾਰ ਇਸੇ ਨੁਕਤੇ ਉੱਤੇ ਟਿਕਿਆ ਹੋਇਆ ਹੈ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਨੂੰ ਕਈ ਮੌਕੇ ਦਿੱਤੇ ਜਾ ਚੁੱਕੇ ਹਨ ਅਤੇ ਹੁਣ 'ਸੇਵਾ' ਦਾ ਮੌਕਾ ਸਾਂਝੇ ਮੋਰਚੇ ਦੀ ਮੰਗ ਹੈ ਇਸੇ ਦੌਰਾਨ ਕੁਝ ਅਜਿਹੀਆਂ ਮੁਹਿੰਮਾਂ ਵੀ ਚੱਲ ਰਹੀਆਂ ਹਨ ਜਿਨ੍ਹਾਂ ਦਾ ਸਿੱਧਾ ਸਰੋਕਾਰ ਵੋਟਾਂ ਮੰਗਣ ਨਾਲ ਨਹੀਂ ਹੈ ਪਰ ਉਹ ਸਮੂਹ ਸ਼ਹਿਰੀਆਂ ਨੂੰ ਜਾਗਰੂਕ ਕਰਨਾ ਚਾਹੁੰਦੀਆਂ ਹਨ

ਅੰਨਾ ਹਜ਼ਾਰੇ ਦੀ ਮੁਹਿੰਮ ਦੇ ਹਮਾਇਤੀਆਂ ਦਾ ਦਾਅਵਾ ਹੈ ਕਿ ਸਾਰੇ ਸਿਆਸਤਦਾਨਾਂ ਨੂੰ ਵੋਟਾਂ ਰਾਹੀਂ ਰੱਦ ਕੀਤੇ ਜਾਣ ਦੀ ਕਾਨੂੰਨੀ ਸਹੂਲਤ ਵਰਤੋਂ ਵਿੱਚ ਲਿਆਂਦੀ ਜਾਣੀ ਚਾਹੀਦੀ ਹੈ। ਇੰਟਰਨੈਸ਼ਨਲਿਸਟ ਡੈਮੋਕਰੈਟਿਕ ਪਾਰਟੀ (ਆਈ.ਡੀ.ਪੀ.) ਲੋਕਾਂ ਨੂੰ ਸਾਰੇ ਉਮੀਦਵਾਰਾਂ ਨੂੰ ਰੱਦ ਕਰਨ ਦੇ ਕਾਨੂੰਨੀ ਢੰਗ-ਤਰੀਕਿਆਂ ਬਾਬਤ ਜਾਗਰੂਕ ਕਰ ਰਹੀ ਹੈ। ਉਨ੍ਹਾਂ ਦੀ ਪੁਰਾਣੀ ਮੰਗ ਹੈ ਕਿ ਸਾਰੇ ਉਮੀਦਵਾਰਾਂ ਨੂੰ ਰੱਦ ਕਰਨ ਦੀ ਚੋਣ ਵੀ ਵੋਟ ਪਾਉਣ ਵਾਂਗ ਗੁਪਤ ਹੋਣੀ ਚਾਹੀਦੀ ਹੈ। ਹੁਣ ਸਾਰੇ ਉਮੀਦਵਾਰਾਂ ਨੂੰ ਰੱਦ ਕਰਨ ਦੇ ਚਾਹਵਾਨ ਬੰਦੇ ਨੂੰ ਪਛਾਣ-ਪੱਤਰ ਦਿਖਾਉਣ ਤੋਂ ਬਾਅਦ ਨਾਮ ਦਰਜ ਕਰਵਾ ਕੇ ਰਜਿਸਟਰ ਵਿੱਚ ਵੋਟ ਪਾਉਣੀ ਪੈਂਦੀ ਹੈ। ਮੰਗ ਇਹ ਹੈ ਕਿ ਸਾਰੇ ਉਮੀਦਵਾਰਾਂ ਨੂੰ ਰੱਦ ਕਰਨ ਵਾਲਾ ਬਟਨ ਵੋਟ ਮਸ਼ੀਨ ਉੱਤੇ ਲੱਗਣਾ ਚਾਹੀਦਾ ਹੈ। ਇਸ ਤੋਂ ਅਗਲੀ ਮੰਗ ਇਹ ਹੈ ਕਿ ਜੇ ਸਾਰੇ ਉਮੀਦਵਾਰਾਂ ਨੂੰ ਰੱਦ ਕਰਨ ਵਾਲੀਆਂ ਵੋਟਾਂ ਦੀ ਗਿਣਤੀ ਵੱਧ ਹੋਵੇ ਤਾਂ ਚੋਣ ਰੱਦ ਕੀਤੀ ਜਾਵੇ। ਇਸੇ ਤਰ੍ਹਾਂ ਜੇ ਜੇਤੂ ਉਮੀਦਵਾਰ ਦੀ ਕਾਰਗੁਜ਼ਾਰੀ ਤੋਂ ਨਾਖ਼ੁਸ਼ੀ ਜ਼ਾਹਰ ਕਰਨ ਵਾਲੇ ਗਿਣਤੀ ਬਹੁਗਿਣਤੀ ਵਿੱਚ ਹੋ ਜਾਂਦੀ ਹੈ ਤਾਂ ਉਸ ਨੂੰ ਬਰਖ਼ਾਸਤ ਕੀਤਾ ਜਾਵੇ। ਇਕ ਪ੍ਰਚਾਰ ਮੁਹਿੰਮ 'ਪੱਗੜੀ ਸੰਭਾਲ ਮੁਹਿੰਮ ਕਮੇਟੀ' ਦੀ ਅਗਵਾਈ ਵਿੱਚ ਚੱਲ ਰਹੀ ਹੈ। ਇਸ ਮੁਹਿੰਮ ਦੀ ਦਲੀਲ ਹੈ ਕਿ ਲੋਕਾਂ ਦੀ ਬੰਦਖ਼ਲਾਸੀ ਦਾ ਰਾਹ ਚੋਣਾਂ ਨਹੀਂ, ਸਗੋਂ ਸੰਘਰਸ਼ ਹਨ। ਇਸ ਮੁਹਿੰਮ ਦੇ ਕਨਵੀਨਰ ਲਸ਼ਮਣ ਸਿੰਘ ਸੇਵਾਵਾਲਾ ਦਾ ਕਹਿਣਾ ਹੈ, ''ਸਾਰੀਆਂ ਸਿਆਸੀ ਪਾਰਟੀਆਂ ਇਕ ਧਿਰ ਹਨ ਅਤੇ ਲੋਕ ਦੂਜੀ ਧਿਰ ਹਨ। ਜੇ ਕੁਝ ਰਿਆਇਤਾਂ, ਛੋਟਾਂ ਜਾਂ ਰਾਹਤ ਲੋਕਾਂ ਨੂੰ ਮਿਲਦੀ ਹੈ ਤਾਂ ਇਸ ਦੀ ਬੁਨਿਆਦ ਸਰਕਾਰਾਂ ਦੀ ਸੁਹਿਰਦਤਾ ਨਹੀਂ ਸਗੋਂ ਲੋਕਾਂ ਦੇ ਸੰਘਰਸ਼ ਹਨ।" ਉਹ ਮੰਨਦੇ ਹਨ, ''ਸਾਰੇ ਫ਼ੈਸਲੇ ਸਰਕਾਰਾਂ ਨਹੀਂ ਕਰਦੀਆਂ, ਸਗੋਂ ਕਾਰਪੋਰੇਟ ਜਗਤ ਅਤੇ ਅਫ਼ਸਰਸ਼ਾਹੀ ਦੇ ਹੱਥਾਂ ਵਿੱਚ ਅਸਲੀ ਤਾਕਤ ਹੈ। ਸਿਆਸਤਦਾਨ ਇਸੇ ਅਮੀਰ ਤਬਕੇ ਦੇ ਨੁਮਾਇੰਦੇ ਹਨ।" ਇਸ ਦਲੀਲ ਨਾਲ ਪ੍ਰੋਫੈਸਰ ਮੋਹਨ ਸਿੰਘ ਦੀ ਲੋਕਗੀਤ ਵਰਗੀ ਕਵਿਤਾ ਯਾਦ ਆਉਂਦੀ ਹੈ, ''ਦੋ ਧੜਿਆਂ ਵਿੱਚ ਖਲਕਤ ਵੰਡੀ, ਇਕ ਲੋਕਾਂ ਦਾ ਇਕ ਜੋਕਾਂ ਦਾ।"ਇਨ੍ਹਾਂ ਸਾਰੀਆਂ ਪ੍ਰਚਾਰ ਮੁਹਿੰਮਾਂ ਵਿੱਚ ਵਿਚਾਰ ਅਤੇ ਜੁਗਤ ਦੇ ਵਖਰੇਵਿਆਂ ਦੇ ਬਾਵਜੂਦ ਸਾਂਝਾ ਨੁਕਤਾ ਇਹ ਉਭਰਦਾ ਹੈ ਕਿ ਸਮੁੱਚਾ ਸਿਆਸੀ ਲਾਣਾ ਆਪਣੀ ਭਰੋਸੇਯੋਗਤਾ ਗੁਆ ਚੁੱਕਿਆ ਹੈ। ਦੂਜਾ ਨੁਕਤੇ ਦੀ ਦੱਸ ਪੈਂਦੀ ਹੈ ਕਿ ਸਾਡੇ ਮੁਲਕ ਦੇ ਰਾਜਤੰਤਰ ਦੀ ਡੋਰ ਕੁਝ ਲੋਕਾਂ ਤੱਕ ਮਹਿਦੂਦ ਹੋ ਰਹੀ ਹੈ। ਇਸ ਰੁਝਾਨ ਦੇ ਮੰਚ ਵਜੋਂ ਪੰਜਾਬ ਦਾ ਅਧਿਐਨ ਬਹੁਤ ਦਿਲਚਸਪ ਬਣਦਾ ਹੈ। ਪੰਜਾਬ ਦੀ ਸਿਆਸਤ ਵਿੱਚ ਕੁਨਬਾਪ੍ਰਸਤੀ ਦਾ ਰੁਝਾਨ ਭਾਰੂ ਹੈ। ਇਸ ਮਾਮਲੇ ਵਿੱਚ ਸਭ ਤੋਂ ਵੱਡੀ ਮਿਸਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਨ। ਉਨ੍ਹਾਂ ਦੇ ਪਰਿਵਾਰ ਦੇ ਵੋਟਾਂ ਪਾਉਣ ਯੋਗ ਸਾਰੇ ਜੀਅ ਵਿਧਾਨ ਸਭਾ ਜਾਂ ਲੋਕ ਸਭਾ ਵਿੱਚ ਹਨ। ਸ਼੍ਰੋਮਣੀ ਅਕਾਲੀ ਦਲ ਵਿੱਚ ਇਸ ਰੁਝਾਨ ਖ਼ਿਲਾਫ਼ ਕਦੇ ਕਦਾਈਂ ਆਵਾਜ਼ ਉੱਠਦੀ ਰਹੀ ਹੈ। ਹੁਣ ਇਹ ਆਵਾਜ਼ਾਂ ਖਾਮੋਸ਼ ਹੋ ਗਈਆਂ ਹਨ। ਇਸ ਦਾ ਕਾਰਨ ਸਿਰਫ਼ ਪ੍ਰਕਾਸ਼ ਸਿੰਘ ਬਾਦਲ ਦੀ ਕੱਦਾਵਰ ਸ਼ਖ਼ਸੀਅਤ ਨਹੀਂ ਹੈ। ਦਰਅਸਲ, ਇਸ ਖਾਮੋਸ਼ੀ ਦੇ ਨਤੀਜੇ ਵਜੋਂ ਜਗਦੇਵ ਸਿੰਘ ਤਲਵੰਡੀ, ਗੁਰਚਰਨ ਸਿੰਘ ਟੌਹੜਾ, ਸੁਖਦੇਵ ਸਿੰਘ ਢੀਂਡਸਾ, ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਬਰਨਾਲਾ ਤੋਂ ਲੈ ਕੇ ਬਸੰਤ ਸਿੰਘ ਖ਼ਾਲਸਾ, ਕ੍ਰਿਪਾਲ ਸਿੰਘ ਖੀਰਨੀਆ ਤੱਕ ਨੇ ਆਪਣੇ ਮੁੰਡਿਆਂ ਜਾਂ ਜਾਵਾਈਆਂ ਨੂੰ ਸਿਆਸੀ ਮੇਵਾ ਛਕਾਇਆ ਹੈ। ਰਣਜੀਤ ਸਿੰਘ ਬ੍ਰਹਮਪੁਰਾ ਨੇ ਆਪਣੇ ਦੋਹਤੇ ਨੂੰ ਅੱਗੇ ਕੀਤਾ ਹੈ।

ਇਸੇ ਤਰ੍ਹਾਂ ਕਾਂਗਰਸ ਵਿੱਚ ਅਮਰਿੰਦਰ ਸਿੰਘ ਦੇ ਪਰਿਵਾਰ ਵਿੱਚੋਂ ਵਿਧਾਨ ਸਭਾ ਦੇ ਦੋ ਉਮੀਦਵਾਰ ਹਨ ਅਤੇ ਪਰਨੀਤ ਕੌਰ ਲੋਕ ਸਭਾ ਦੀ ਚੋਣ ਜਿੱਤ ਕੇ ਕੇਂਦਰੀ ਵਿਦੇਸ਼ ਰਾਜ ਮੰਤਰੀ ਬਣੀ ਹੋਈ ਹੈ। ਬੇਅੰਤ ਸਿੰਘ ਦੇ ਇਕ ਪੋਤਾ ਲੋਕ ਸਭਾ ਵਿੱਚ ਹੈ, ਦੂਜਾ ਵਿਧਾਨ ਸਭਾ ਲਈ ਉਮੀਦਵਾਰ ਹੈ। ਹਾਲੇ ਪਰਿਵਾਰ ਦੀ ਅਣਦੇਖੀ ਦੇ ਸਬੂਤ ਵਜੋਂ ਬੇਅੰਤ ਸਿੰਘ ਦੇ ਮੁੰਡਿਆਂ ਦੀ ਗੱਲ ਚੱਲ ਰਹੀ ਹੈ। ਰਾਜਿੰਦਰ ਕੌਰ ਭੱਠਲ ਨੇ ਆਪਣੇ ਜਵਾਈ ਨੂੰ ਵਿਧਾਨ ਸਭਾ ਦਾ ਉਮੀਦਵਾਰ ਬਣਾ ਲਿਆ ਹੈ। ਜਗਮੀਤ ਬਰਾੜ ਨੇ ਆਪਣੇ ਭਾਈ ਲਈ ਵਿਧਾਨ ਸਭਾ ਦਾ ਰਾਹ ਪੱਧਰਾ ਕੀਤਾ ਹੋਇਆ ਹੈ। ਕਈ ਆਗੂਆਂ ਨੇ ਆਪਣੀਆਂ ਘਰਵਾਲੀਆਂ ਲਈ ਵਿਧਾਨ ਸਭਾ ਦੀਆਂ ਟਿਕਟਾਂ ਯਕੀਨੀ ਬਣਾਈਆਂ ਹਨ। ਜੇ ਲੋਕ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਮਹਿੰਦਰ ਸਿੰਘ ਕੇ.ਪੀ. ਨੇ ਆਪਣੀਆਂ ਘਰਵਾਲੀਆਂ ਲਈ ਟਿਕਟਾਂ ਲੈਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ ਤਾਂ ਸੰਤੋਸ਼ ਚੌਧਰੀ ਨੇ ਇਹੋ ਕੰਮ ਆਪਣੇ ਘਰਵਾਲੇ ਲਈ ਕੀਤਾ ਹੈ। ਸ਼ਮਸ਼ੇਰ ਸਿੰਘ ਦੂਲੋ ਦੀ ਘਰਵਾਲੀ, ਹਰਚਰਨ ਬਰਾੜ ਦੀ ਨੂੰਹ ਅਤੇ ਭਗਵਾਨ ਦਾਸ ਅਰੋੜਾ ਦਾ ਮੁੰਡਾ ਪਰਿਵਾਰਕ ਪਿਛੋਕੜ ਕਾਰਨ ਹੀ ਵਿਧਾਨ ਸਭਾ ਦੇ ਉਮੀਦਵਾਰ ਬਣੇ ਹਨ।

ਕੁਨਬਾਪ੍ਰਸਤੀ ਦੀ ਥਾਂ ਲਿਆਕਤ ਨੂੰ ਤਰਜੀਹ ਦੇਣ ਦਾ ਦਾਅਵਾ ਕਰਨ ਵਾਲੀ ਪੀ.ਪੀ.ਪੀ. ਦਾ ਧੁਰਾ ਇੱਕੋ ਆਗੂ ਦੁਆਲੇ ਘੁੰਮਦਾ ਹੈ। ਮਨਪ੍ਰੀਤ ਨੇ ਆਪਣੇ ਪਿਤਾ ਨੂੰ ਟਿਕਟ ਦੇ ਕੇ ਆਪਣੀ ਪੁਰਾਣੀ ਪਾਰਟੀ ਦੀ ਰਵਾਇਤ ਕਾਇਮ ਰੱਖੀ ਹੈ। ਹੁਣ ਤੱਕ ਭਾਜਪਾ ਕੁਨਬਾਪ੍ਰਸਤੀ ਤੋਂ ਬਚੀ ਹੋਣ ਦਾ ਦਾਅਵਾ ਕਰਦੀ ਆਈ ਸੀ। ਇਸ ਵਾਰ ਕਾਂਗਰਸ ਦੇ ਸੰਸਦ ਮੈਂਬਰਾਂ ਪ੍ਰਤਾਪ ਸਿੰਘ ਬਾਜਵਾ, ਮਹਿੰਦਰ ਸਿੰਘ ਕੇ.ਪੀ. ਅਤੇ ਸੰਤੋਸ਼ ਚੌਧਰੀ ਦੀ ਤਰਜ਼ ਉੱਤੇ ਭਾਜਪਾ ਨੇ ਨਵਜੋਤ ਸਿੰਘ ਸਿੱਧੂ ਦੀ ਘਰਵਾਲੀ ਨੂੰ ਵਿਧਾਨ ਸਭਾ ਲਈ ਉਮੀਦਵਾਰ ਬਣਾਇਆ ਹੈ। ਬਸਪਾ ਦੇ ਹੁਣ ਤੱਕ ਦੋਵੇਂ ਮੁਖੀ (ਕਾਂਸ਼ੀ ਰਾਮ ਅਤੇ ਮਾਇਆਵਤੀ) ਪਰਿਵਾਰਾਂ ਵਾਲੇ ਨਹੀਂ ਹਨ। ਇਨ੍ਹਾਂ ਦੀ ਪਾਰਟੀ ਵਿੱਚ ਤਰਜੀਹ ਵਫ਼ਾਦਾਰੀ ਨੂੰ ਮਿਲੀ ਹੈ।

ਇਨ੍ਹਾਂ ਤੱਥਾਂ ਤੋਂ ਇਲਾਵਾ ਅਹਿਮ ਗੱਲ ਇਹ ਹੈ ਕਿ ਰੱਦ ਹੋਈਆਂ ਦਾਅਵੇਦਾਰੀਆਂ, ਪਾਰਟੀ ਦੀ ਟਿਕਟ ਵੰਡ ਤੋਂ ਨਾਰਾਜ਼ਗੀ ਕਾਰਨ ਹੋਈਆਂ ਬਗ਼ਾਵਤਾਂ ਅਤੇ ਧਿਰਾਂ ਬਦਲਣ ਦੀ ਰੁਝਾਨ ਵੀ ਇਨ੍ਹਾਂ ਪਰਿਵਾਰਾਂ ਨਾਲ ਹੀ ਜੁੜਿਆ ਹੋਇਆ ਹੈ। ਕੁਨਬਾਪ੍ਰਸਤੀ ਦਾ ਚਰਚਾ ਵਿੱਚ ਆਇਆ ਰੁਝਾਨ ਪੁੱਤਾਂ, ਧੀਆਂ, ਨੂੰਹਾਂ, ਜਵਾਈਆਂ ਅਤੇ ਭਾਈਆਂ ਤੱਕ ਮਹਿਦੂਦ ਹੈ। ਦੂਰ ਦੀਆਂ ਰਿਸ਼ਤੇਦਾਰੀਆਂ ਦਾ ਜ਼ਿਕਰ ਘੱਟ ਹੋਇਆ ਹੈ। ਅਮਰਿੰਦਰ ਸਿੰਘ ਦੇ ਰਿਸ਼ਤੇਦਾਰ ਅਰਵਿੰਦ ਖੰਨਾ ਵੀ ਕਾਂਗਰਸ ਦੇ ਉਮੀਦਵਾਰ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 'ਦਿ ਟ੍ਰਿਬਿਊਨ' ਦੇ ਮੁੱਖ ਸੰਪਾਦਕ ਰਾਜ ਚੇਂਗੱਪਾ ਨਾਲ ਮੁਲਾਕਾਤ ਵਿੱਚ ਦਾਅਵਾ ਕੀਤਾ ਸੀ ਕਿ ਪਿਛਲੀ ਵਾਰ ਮਨਪ੍ਰੀਤ ਬਾਦਲ ਦੇ ਕਹਿਣ ਉੱਤੇ ਜਗਬੀਰ ਬਰਾੜ ਨੂੰ ਅਕਾਲੀ ਦਲ ਨੇ ਵਿਧਾਨ ਸਭਾ ਦਾ ਉਮੀਦਵਾਰ ਬਣਾਇਆ ਸੀ। ਜੇ ਉਹ ਪੀ.ਪੀ.ਪੀ. ਛੱਡ ਕੇ ਨਾ ਜਾਂਦਾ ਤਾਂ ਉਸ ਨੇ ਹਰ ਹੀਲੇ ਪਾਰਟੀ ਦਾ ਉਮੀਦਵਾਰ ਬਣਨਾ ਸੀ। ਉਹ ਮਨਪ੍ਰੀਤ ਦੇ ਨਾਨਕਿਆਂ ਦੇ ਸ਼ਰੀਕੇ ਵਿੱਚੋਂ ਹੈ। ਇਹੋ ਰਿਸ਼ਤੇਦਾਰੀ ਪਹਿਲਾਂ ਵਿਧਾਇਕ ਬਣਨ ਅਤੇ ਬਾਅਦ ਵਿੱਚ ਅਕਾਲੀ ਦਲ ਵਿੱਚੋਂ ਮਨਪ੍ਰੀਤ ਨਾਲ ਜਾਣ ਦਾ ਸਬੱਬ ਬਣੀ। ਬਾਦਲ ਦੇ ਜਵਾਈ ਨੂੰ ਕੈਰੋਂ ਪਰਿਵਾਰ ਨਾਲ ਜੋੜ ਕੇ ਕੁਨਬਾਪ੍ਰਸਤੀ ਤੋਂ ਵੱਖ ਕਰ ਦਿੱਤਾ ਜਾਂਦਾ ਹੈ। ਹਰਸਿਮਰਤ ਕੌਰ ਬਾਦਲ ਦੇ ਭਾਈ ਨੂੰ ਮਜੀਠੀਆ ਪਰਿਵਾਰ ਕਾਰਨ ਬਾਦਲਕਿਆਂ ਦੇ ਲਾਣੇ ਤੋਂ ਵੱਖ ਕਰ ਦਿੱਤਾ ਜਾਂਦਾ ਹੈ।

ਇਸ ਵੇਲੇ ਪਰਿਵਾਰਕ ਪਿਛੋਕੜ ਕਾਰਨ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦਾ ਵੱਡਾ ਘੇਰਾ ਉਭਰ ਕੇ ਸਾਹਮਣੇ ਆਇਆ ਹੈ। ਇਹ ਅੰਦਰੂਨੀ ਘੇਰਾ ਹੈ। ਜੇ ਰੱਦ ਹੋਈਆਂ ਦਾਅਵੇਦਾਰੀਆਂ ਅਤੇ ਬਗ਼ਾਵਤਾਂ ਵਾਲਿਆਂ ਦੀ ਗਿਣਤੀ ਕਰ ਲਈ ਜਾਵੇ ਤਾਂ ਇਹ ਘੇਰਾ ਹੋਰ ਮੋਕਲਾ ਹੋ ਜਾਂਦਾ ਹੈ। ਇਸ ਮੋਕਲੇ ਘੇਰੇ ਵਿੱਚ ਸਪਸ਼ਟ ਹੋ ਜਾਂਦਾ ਹੈ ਕਿ ਇਕ-ਦੂਜੇ ਦੀ ਨੁਕਤਾਚੀਨੀ ਕਰਨ ਵਾਲੀਆਂ ਸਿਆਸੀ ਪਾਰਟੀਆਂ ਕੁਨਬਾਪ੍ਰਸਤੀ ਬਾਬਤ ਸਹਿਮਤ ਹੋ ਚੁੱਕੀਆਂ ਹਨ। ਲੰਬੀ ਹਲਕੇ ਨੂੰ ਬਾਦਲ ਪਰਿਵਾਰ ਦੇ ਨਾਮ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਕਾਂਗਰਸ ਅਤੇ ਪੀ.ਪੀ.ਪੀ. ਵੀ ਸਹਿਮਤ ਹਨ। ਇਨ੍ਹਾਂ ਨੇ ਇਸ ਹਲਕੇ ਵਿੱਚ ਉਸੇ ਪਰਿਵਾਰ ਦੇ ਉਮੀਦਵਾਰ ਪੇਸ਼ ਕੀਤੇ ਹਨ। ਇਸੇ ਤਰ੍ਹਾਂ ਅਮਰਿੰਦਰ ਦੀ ਕੁਨਬਾਪ੍ਰਸਤੀ ਵਿੱਚ ਪਟਿਆਲਾ ਅਤੇ ਸਮਾਣਾ ਵਿਧਾਨ ਸਭਾ ਹਲਕੇ ਸ਼ਾਮਿਲ ਹਨ। ਅਕਾਲੀ ਦਲ ਇਨ੍ਹਾਂ ਹਲਕਿਆਂ ਤੋਂ ਚੋਣ ਮੈਦਾਨ ਵਿੱਚ ਪਟਿਆਲਾ ਰਿਆਸਤ ਦੇ ਸ਼ਾਹੀ ਖ਼ਾਨਦਾਨ ਦੇ ਜੀਆਂ ਦੀ ਭਾਲ ਵਿੱਚ ਲੱਗਿਆ ਜਾਪਦਾ ਹੈ। ਰਣਇੰਦਰ ਸਿੰਘ ਟਿੱਕੂ ਖ਼ਿਲਾਫ਼ ਉਸ ਦਾ ਚਾਚਾ ਮਾਲਵਿੰਦਰ ਸਿੰਘ ਅਕਾਲੀ ਉਮੀਦਵਾਰ ਹੋ ਸਕਦਾ ਹੈ। ਇਸੇ ਤਰ੍ਹਾਂ ਅਮਰਿੰਦਰ ਖ਼ਿਲਾਫ਼ ਅਕਾਲੀ ਦਲ ਦੇ ਉਮੀਦਵਾਰ ਵਜੋਂ ਉਸੇ ਦੇ ਪਰਿਵਾਰ ਵਿੱਚੋਂ ਇਕ ਨਾਂ ਚਰਚਾ ਵਿੱਚ ਹੈ। ਅਕਾਲੀ ਦਲ ਕਾਂਗਰਸ ਦੇ ਬਾਗ਼ੀਆਂ ਦੀ ਆਸ ਵਿੱਚ ਹੀ ਕੁਝ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ। ਰਣਇੰਦਰ ਅਤੇ ਅਮਰਿੰਦਰ ਖ਼ਿਲਾਫ਼ ਭਾਵੇਂ ਉਨ੍ਹਾਂ ਦੇ ਪਰਿਵਾਰ ਦੇ ਜੀਅ ਚੋਣ ਨਾ ਲੜਨ ਪਰ ਇਹ ਤਾਂ ਸਪਸ਼ਟ ਹੈ ਕਿ ਦੂਜੀਆਂ ਪਾਰਟੀਆਂ ਅਜਿਹਾ ਕਰਨ ਦੀਆਂ ਚਾਹਵਾਨ ਜ਼ਰੂਰ ਹਨ। ਇਹੋ ਰੁਝਾਨ ਇਸ ਦਲੀਲ ਦੀ ਤਸਦੀਕ ਕਰਦਾ ਹੈ ਕਿ ਇਨ੍ਹਾਂ ਹਲਕਿਆਂ ਦੀ ਵਿਧਾਨ ਸਭਾ ਵਿੱਚ ਨੁਮਾਇੰਦਗੀ ਕਿਨ੍ਹਾਂ ਟੱਬਰਾਂ ਨੇ ਕਰਨੀ ਹੈ। ਮਾਲਵਿੰਦਰ ਸਿੰਘ ਨੇ ਤਾਂ ਸਪਸ਼ਟ ਕਿਹਾ ਹੈ ਕਿ ਭਾਰਤੀ ਰਵਾਇਤ ਮੁਤਾਬਕ ਭਤੀਜੇ ਤੋਂ ਪਹਿਲਾਂ ਚਾਚੇ ਦਾ ਹੱਕ ਬਣਦਾ ਹੈ। ਇਹ 'ਜਮਹੂਰੀਅਤ ਦੀ ਸਭ ਤੋਂ ਵੱਡੀ ਸਰਗਰਮੀ' ਮੰਨੀਆਂ ਜਾਂਦੀਆਂ ਚੋਣਾਂ ਦੇ ਖ਼ਾਸੇ ਨਾਲ ਮੇਲ ਖਾਂਦੀ ਦਲੀਲ ਨਹੀਂ ਹੈ ਸਗੋਂ ਕੁਨਬਾਪ੍ਰਸਤੀ ਦੇ ਦੌਰ ਵਿੱਚ ਮੱਧਕਾਲੀ ਸੋਚ ਦੀ ਪੁਸ਼ਟੀ ਕਰਦੀ ਹੈ। ਮੱਧਕਾਲੀ ਹਕੂਮਤਾਂ ਵਿੱਚ ਸ਼ਾਹੀ ਘਰਾਣੇ ਇਸੇ ਤਰ੍ਹਾਂ ਦਾਅਵੇਦਾਰੀਆਂ ਪੇਸ਼ ਕਰਦੇ ਸਨ ਅਤੇ ਖ਼ੂਨੀ ਜੰਗ ਤੱਕ ਲੜਦੇ ਸਨ। ਗੁਰੂਆਂ ਦੇ ਸਮਕਾਲੀ ਮੁਗ਼ਲ ਹਕੂਮਤ ਦੇ ਖ਼ਾਸੇ ਦਾ ਪ੍ਰਗਟਾਵਾ ਤਖ਼ਤ ਲਈ ਭਰਾ-ਮਾਰ ਲੜਾਈਆਂ ਵਿੱਚੋਂ ਉਭਰਦਾ ਸੀ। ਪ੍ਰਕਾਸ਼ ਸਿੰਘ ਬਾਦਲ ਦਾ ਮੁੰਡਾ ਅਤੇ ਭਤੀਜਾ ਵੀ ਇਸੇ ਤਰਜ਼ ਉੱਤੇ ਲੜ ਰਹੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਦੀ ਕੁਰਸੀ ਉੱਤੇ ਬਾਦਲਾਂ ਦਾ ਜੱਦੀ ਹੱਕ ਹੈ। ਇਹ ਹੱਕ ਵੰਡਣ ਲਈ ਪੰਜਾਬ ਦੇ ਦੋ ਹਿੱਸੇ ਨਹੀਂ ਕੀਤੇ ਜਾ ਸਕਦੇ, ਸੋ ਉਹ ਸ਼ਰੀਕ ਬਣੇ ਗਏ ਹਨ। ਮੱਧਕਾਲ ਵਿੱਚ ਹਕੂਮਤੀ ਦਾਅਵੇਦਾਰੀਆਂ ਨੂੰ ਮਜ਼ਬੂਤ ਕਰਨ ਲਈ ਵਿਆਹ ਵੱਡੀ ਜੁਗਤ ਸੀ। ਪੰਜਾਬ ਦੇ ਸਮਕਾਲੀ ਇਤਿਹਾਸ ਵਿੱਚ ਬਾਦਲ-ਕੈਰੋਂ ਪਰਿਵਾਰ ਦੀ ਰਿਸ਼ਤੇਦਾਰੀ ਇਸੇ ਹਵਾਲੇ ਨਾਲ ਵਿਚਾਰੀ ਜਾ ਸਕਦੀ ਹੈ। ਇਨ੍ਹਾਂ ਰਿਸ਼ਤੇਦਾਰੀਆਂ ਦਾ ਤਾਣਾ-ਬਾਣਾ ਸਮਝਣ ਲਈ ਇਸ ਰੁਝਾਨ ਦੀਆਂ ਦੂਜੀਆਂ ਤੰਦਾਂ ਸਮਝਣੀ ਜ਼ਰੂਰੀ ਹੈ।

ਕਾਰੋਬਾਰੀ ਹਿੱਸੇਦਾਰੀਆਂ, ਵਫ਼ਾਦਾਰੀਆਂ ਅਤੇ ਅਫ਼ਸਰਸ਼ਾਹੀ ਨਾਲ ਇਸ ਰੁਝਾਨ ਦੀਆਂ ਦੂਜੀਆਂ ਤੰਦਾਂ ਜੁੜੀਆਂ ਹੋਈਆਂ ਹਨ। ਸਿਆਸਤਦਾਨ ਆਪਣੇ ਨਿੱਜੀ ਕਾਰੋਬਾਰ ਨੇੜਲੇ ਰਿਸ਼ਤੇਦਾਰਾਂ, ਨਜ਼ਦੀਕੀਆਂ ਅਤੇ ਵਪਾਰੀਆਂ ਨਾਲ ਹਿੱਸੇਦਾਰੀ ਵਿੱਚ ਚਲਾਉਂਦੇ ਹਨ। ਬਾਦਲਾਂ ਦੀਆਂ ਬੱਸਾਂ, ਹੋਟਲਾਂ ਅਤੇ ਕੇਬਲ ਨੈੱਟਵਰਕ ਨੂੰ ਇਸੇ ਨੁਕਤੇ ਨਾਲ ਸਮਝਿਆ ਜਾ ਸਕਦਾ ਹੈ। ਇਸੇ ਲਾਣੇ ਦੇ ਜੀਆਂ ਨੂੰ ਨਿੱਜੀ ਕਾਲਜਾਂ, ਸਕੂਲਾਂ ਅਤੇ ਹਸਪਤਾਲਾਂ ਲਈ ਪ੍ਰਵਾਨਗੀਆਂ ਮਿਲੀਆਂ ਹਨ। ਲਵਲੀ ਯੂਨੀਵਰਸਿਟੀ, ਚਿਤਕਾਰਾ ਅਤੇ ਗਿਆਨ ਸਾਗਰ ਇਸ ਦੀਆਂ ਮਿਸਾਲਾਂ ਹਨ। ਗਿਆਨ ਸਾਗਰ ਵਾਲਿਆਂ ਨੇ ਹੀ ਪਰਲਜ਼ ਦੇ ਨਾਮ ਹੇਠ ਜ਼ਮੀਨਾਂ ਤੇ ਮਕਾਨ-ਉਸਾਰੀ ਦਾ ਵੱਡਾ ਕਾਰੋਬਾਰ ਕੀਤਾ ਹੈ ਅਤੇ ਪੰਜਾਬ ਸਰਕਾਰ ਦਾ ਆਲਮੀ ਕਬੱਡੀ ਕੱਪ ਕਰਵਾਉਣ ਦਾ ਵਿੱਤੀ ਜ਼ਿੰਮਾ ਓਟਿਆ ਹੈ। ਵਫ਼ਾਦਾਰਾਂ ਨੂੰ ਇਨਾਮਾਂ, ਸਨਮਾਨਾਂ ਅਤੇ ਰੁਤਬਿਆਂ ਨਾਲ ਨਿਵਾਜਣਾਂ ਰਾਜਿਆਂ, ਮਹਾਰਾਜਿਆਂ ਅਤੇ ਜਗੀਰਦਾਰ ਦੀ ਰਵਾਇਤ ਰਹੀ ਹੈ। ਮੌਜੂਦਾ ਦੌਰ ਵਿੱਚ ਗੁਰਦੇਵ ਸਿੰਘ ਬਾਦਲ ਤੋਂ ਦਲਜੀਤ ਸਿੰਘ ਚੀਮਾ ਤੱਕ ਦੇ ਰੁਤਬੇ ਇਸੇ ਰਵਾਇਤ ਦਾ ਨਤੀਜਾ ਹਨ। ਕੈਪਟਨ ਕੰਵਲਜੀਤ ਦੀ ਧੀ ਇਸ ਰੁਝਾਨ ਦੀ ਤਸਦੀਕ ਕਰਦੀ ਹੋਈ ਕਹਿੰਦੀ ਹੈ, ''ਉਨ੍ਹਾਂ ਨੇ ਸਾਡੇ ਪਰਿਵਾਰ ਨਾਲ ਧੱਕਾ ਕੀਤਾ ਹੈ। ਉਹ ਬਨੀ ਨੂੰ ਨਹੀਂ ਤਾਂ ਮੇਰੀ ਮਾਂ ਨੂੰ ਉਮੀਦਵਾਰ ਬਣਾ ਸਕਦੇ ਸਨ।" ਮਨਪ੍ਰੀਤ ਕੌਰ ਡੌਲੀ ਡੇਰਾਬਸੀ ਤੋਂ ਅਕਾਲੀ ਦਲ ਦੀ ਉਮੀਦਵਾਰੀ ਦੀ ਮੰਗ ਪਰਿਵਾਰਕ ਪਿਛੋਕੜ ਦੀ ਦਲੀਲ ਨਾਲ ਕਰਦੀ ਹੈ। ਅਕਾਲੀ ਦਲ ਨੇ ਕੈਪਟਨ ਕੰਵਲਜੀਤ ਸਿੰਘ ਦੀ ਕੁਨਬਾਪ੍ਰਸਤੀ ਦੀ ਥਾਂ ਸੁਖਬੀਰ ਦੀ ਵਫ਼ਾਦਾਰੀ ਨਾਲ ਜੁੜੀ ਕੁਨਬਾਪ੍ਰਸਤੀ ਨੂੰ ਉਮੀਦਵਾਰ ਬਣਾਇਆ ਹੈ। ਐਨ.ਕੇ. ਸ਼ਰਮਾ ਅਕਾਲੀ ਦਲ ਦਾ ਡੇਰਾਬਸੀ ਤੋਂ ਉਮੀਦਵਾਰ ਹੈ। ਜਦੋਂ ਅਕਾਲੀ ਦਲ ਵਿੱਚੋਂ ਕੈਪਟਨ ਕੰਵਲਜੀਤ ਸਿੰਘ ਦੇ ਦਬਾਅ ਹੇਠ ਐਨ.ਕੇ. ਸ਼ਰਮਾ ਨੂੰ ਕੱਢਿਆ ਗਿਆ ਸੀ ਤਾਂ ਉਸ ਨੇ ਕਿਹਾ ਸੀ, ''ਮੈਨੂੰ ਪਾਰਟੀ ਵਿੱਚੋਂ ਕੱਢ ਸਕਦੇ ਹੋ, ਪਰ ਦਿਲ ਵਿੱਚੋਂ ਨਹੀਂ।" ਇਹ ਦਿਲ ਦਾ ਦਿਲ ਨੂੰ ਸਾਕ ਉਸ ਵੇਲੇ ਮੂੰਹਜ਼ੋਰ ਹੋ ਗਿਆ ਸੀ ਜਦੋਂ ਉਸ ਦੀ ਵਾਪਸੀ ਦੇ ਸਮਾਗਮ ਵਿੱਚ ਸੁਖਬੀਰ ਬਾਦਲ ਪੁੱਜਿਆ ਸੀ। ਉਹ ਕਾਰੋਬਾਰੀ ਹੈ ਅਤੇ ਵਫ਼ਾਦਾਰ ਵੀ। ਇਨ੍ਹਾਂ ਗੁਣਾਂ ਨੂੰ ਰਾਜਿਆਂ-ਮਹਾਰਾਜਿਆਂ ਦੇ ਵੇਲੇ ਥਾਪੜਾ ਮਿਲਦਾ ਰਿਹਾ ਅਤੇ ਹੁਣ ਜਮਹੂਰੀਅਤ ਵਿੱਚ ਮਿਲ ਰਿਹਾ ਹੈ। ਇਸੇ ਕਾਰਨ ਤਾਂ ਜਗਬੀਰ ਬਰਾੜ ਅਤੇ ਕੁਸ਼ਲਦੀਪ ਢਿੱਲੋਂ ਦਾ ਕਾਂਗਰਸ ਵਿੱਚ ਸਵਾਗਤ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਹਾਜ਼ਰ ਹੁੰਦਾ ਹੈ। ਅਕਾਲੀ ਦਲ ਛੱਡਣ ਵਾਲੇ ਦੀਦਾਰ ਸਿੰਘ ਭੱਟੀ ਨੂੰ ਜੱਫ਼ੀ ਪਾਉਣ ਪੀ.ਪੀ.ਪੀ. ਦੇ ਵੱਡੇ ਆਗੂ ਪੁੱਜਦੇ ਹਨ। ਸੁਖਬੀਰ ਸਿੰਘ ਬਾਦਲ ਐਲਾਨ ਕਰਦਾ ਹੈ ਕਿ ਮਾਲਵਿੰਦਰ ਸਿੰਘ ਦਾ ਅਕਾਲੀ ਦਲ ਵਿੱਚ ਸ਼ਾਮਿਲ ਹੋਣਾ ਕਾਂਗਰਸ ਦਾ ਕਿਲ੍ਹਾ ਢਹਿਣ ਦੇ ਬਰਾਬਰ ਹੈ।

ਇਸ ਰੁਝਾਨ ਦੀ ਸਭ ਤੋਂ ਅਹਿਮ ਕੜੀ ਅਫ਼ਸਰਸ਼ਾਹੀ ਹੈ। ਪੁਲਿਸ, ਪ੍ਰਸ਼ਾਸਨ ਅਤੇ ਨਿਆਂ ਪਾਲਿਕਾ ਨੂੰ ਸਰਕਾਰਾਂ ਵਫ਼ਾਦਾਰੀ ਦੇ ਲਿਹਾਜ ਨਾਲ ਤਰੱਕੀਆਂ, ਬਦਲੀਆਂ ਅਤੇ ਨਿਯੁਕਤੀਆਂ ਕਰਦੀਆਂ ਹਨ। ਜ਼ਿਆਦਾ ਵਫ਼ਾਦਾਰ ਅਫ਼ਸਰਸ਼ਾਹੀ ਨੂੰ ਬਾਅਦ ਵਿੱਚ ਕਮਿਸ਼ਨਾਂ ਵਿੱਚ ਨਾਮਜ਼ਦ ਕਰਨ ਤੋਂ ਲੈ ਕੇ ਸਲਾਹਕਾਰ, ਗਵਰਨਰ ਅਤੇ ਸਫ਼ੀਰ ਤੱਕ ਲਗਾਇਆ ਜਾਂਦਾ ਹੈ। ਕੁਝ ਨੂੰ ਵਿਧਾਨ ਸਭਾ ਤੋਂ ਲੋਕ ਸਭਾ ਜਾਂ ਰਾਜ ਸਭਾ ਤੱਕ ਲਿਜਾ ਕੇ ਮੰਤਰੀ ਵੀ ਬਣਾਇਆ ਜਾਂਦਾ ਹੈ। ਪੰਜਾਬ ਪੁਲੀਸ ਦੇ ਸਾਬਕਾ ਮੁਖੀ ਪੀ.ਐਸ. ਗਿੱਲ, ਮੁੱਖ ਸਕੱਤਰ ਦਰਬਾਰਾ ਸਿੰਘ ਗੁਰੂ ਅਤੇ ਸਾਬਕਾ ਕੇਂਦਰੀ ਖੇਡ ਮੰਤਰੀ ਮਨੋਹਰ ਸਿੰਘ ਗਿੱਲ ਇਸ ਰੁਝਾਨ ਦੀਆਂ ਉਘੜਵੀਆਂ ਮਿਸਾਲਾਂ ਹਨ। ਪੀ.ਐਸ. ਗਿੱਲ ਨੂੰ ਦੂਜੇ ਸੂਬੇ ਤੋਂ ਲਿਆ ਕੇ ਬਾਕੀਆਂ ਤੋਂ ਪਹਿਲਾਂ ਪੁਲਿਸ ਮੁਖੀ ਬਣਾਇਆ ਗਿਆ। ਸੇਵਾਮੁਕਤ ਹੋਣ ਤੋਂ ਅਗਲੇ ਦਿਨ ਗ੍ਰਹਿ ਮੰਤਰੀ ਦਾ ਸਲਾਹਕਾਰ ਬਣਾ ਦਿੱਤਾ ਗਿਆ ਅਤੇ ਹੁਣ ਉਹ ਹੁਕਮਰਾਨ ਪਾਰਟੀ ਦੇ ਵਿਧਾਨ ਸਭਾ ਲਈ ਉਮੀਦਵਾਰ ਹਨ। ਸਰਕਾਰ ਨੇ ਪੁਲੀਸ ਮੁਖੀ ਤੋਂ ਆਪਣੀ ਮਰਜ਼ੀ ਦੇ ਕੰਮ ਕਰਵਾਏ ਅਤੇ ਉਸ ਨੂੰ ਸਿਆਸੀ ਸਾਖ਼ ਵਧਾਉਣ ਦਾ ਮੌਕਾ ਦਿੱਤਾ। ਸਰਕਾਰੀ ਖ਼ਜ਼ਾਨੇ ਤੋਂ ਤਨਖ਼ਾਹ ਦੇਣ ਅਤੇ ਸਰਕਾਰੀ ਅਮਲਾ-ਫੈਲਾ ਦੇਣ ਲਈ ਗ੍ਰਹਿ ਮੰਤਰੀ ਦਾ ਸਲਾਹਕਾਰ ਬਣਾਇਆ ਅਤੇ ਹੁਣ ਚੋਣ ਮੈਦਾਨ ਵਿੱਚ ਉਤਾਰ ਦਿੱਤਾ। ਇਸੇ ਤਰ੍ਹਾਂ ਦਰਬਾਰਾ ਸਿੰਘ ਗੁਰੂ ਅਸਤੀਫ਼ਾ ਦੇ ਕੇ ਚੋਣ ਮੈਦਾਨ ਵਿੱਚ ਉਤਰ ਆਏ ਹਨ। ਉਨ੍ਹਾਂ ਨੂੰ ਸਰਕਾਰ ਨੇ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਆਪਣੇ ਹਲਕੇ ਵਿੱਚ ਸਰਕਾਰੀ ਖਰਚ ਉੱਤੇ ਸਿਆਸੀ ਸਰਗਰਮੀ ਦੀ ਛੁੱਟੀ ਦਿੱਤੀ ਹੋਈ ਸੀ। ਇਸ ਤਰ੍ਹਾਂ ਵਫ਼ਾਦਾਰੀਆਂ ਅਤੇ ਰਿਆਇਤਾਂ ਦੇ ਆਸਰੇ ਕੁਨਬਾਪ੍ਰਸਤੀ ਦਾ ਘੇਰਾ ਮੋਕਲਾ ਹੁੰਦਾ ਹੈ। ਅਫ਼ਸਰਸ਼ਾਹੀ, ਵਪਾਰੀ ਤਬਕੇ ਅਤੇ ਸਿਆਸੀ ਹਲਕਿਆਂ ਦੀਆਂ ਆਪਣੀ ਰਿਸ਼ਤੇਦਾਰੀਆਂ ਦੀਆਂ ਸੰਗਲੀਆਂ ਲਗਾਤਾਰ ਮਜ਼ਬੂਤ ਹੋ ਰਹੀਆਂ ਹਨ। ਹੁਣ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਅਫ਼ਸਰਸ਼ਾਹੀ ਤੋਂ ਮੁੱਖ ਮੰਤਰੀ ਤੱਕ ਦੀ ਕੁਰਸੀਆਂ ਉੱਤੇ ਇਸੇ ਤਬਕੇ ਦੇ ਨੁਮਾਇੰਦੇ ਬੈਠਣਗੇ ਜੋ ਆਪਣੇ ਕਾਰੋਬਾਰ ਵਿੱਚ ਵਾਧਾ ਯਕੀਨੀ ਬਣਾਉਣਗੇ। ਜਦੋਂ ਪਿਛਲੇ ਦਿਨੀਂ ਅਕਾਲੀ ਦਲ ਅੰਦਰ ਬਗ਼ਾਵਤਾਂ ਦੀ ਗੱਲ ਚੱਲੀ ਤਾਂ ਮੁੱਖ ਮੰਤਰੀ ਦੇ ਸਲਾਹਕਾਰ ਦਲਜੀਤ ਸਿੰਘ ਚੀਮਾ ਦਾ ਜਵਾਬ ਸੀ ਕਿ ਵਿਆਹ ਦਾ ਦਿਨ ਨੇੜੇ ਆਉਣ ਦਿਓ, ਸਭ ਰੁੱਸੇ ਰਿਸ਼ਤੇਦਾਰਾਂ ਨੂੰ ਮਨਾ ਲਿਆ ਜਾਏਗਾ। ਇਹ ਬਿਆਨ ਸਿਆਸਤ ਦੀ ਗੁਝੀ ਰਮਜ਼ ਦੀ ਦੱਸ ਪਾਉਂਦਾ ਹੈ। ਆਖ਼ਰ ਚੋਣਾਂ ਨੂੰ ਵਿਆਹ ਕਰਾਰ ਦੇਣ ਦੀ ਕੋਈ ਤਾਂ ਬੁਨਿਆਦ ਹੋਏਗੀ!

ਇਸ ਹਾਲਤ ਵਿੱਚ ਪੀ.ਪੀ.ਪੀ. ਦੀ 'ਉੱਤਰ ਕਾਟੋ ਮੈਂ ਚੜ੍ਹਾਂ' ਵਾਲੀ ਦਲੀਲ ਠੀਕ ਜਾਪਦੀ ਹੈ ਪਰ ਇਸ ਵਿੱਚ ਉਹ ਆਪ ਵੀ ਸ਼ਾਮਿਲ ਹੈ। ਜਿਸ ਕਾਟੋ ਦੀ ਵਾਰੀ ਨਹੀਂ ਆਈ, ਉਹ ਹੁਣ ਮੰਗ ਕਰ ਰਹੀ ਹੈ। ਮਤਲਬ ਕਾਟੋਆਂ ਦੋ ਦੀ ਥਾਂ ਤਿੰਨ ਹੋ ਗਈਆਂ ਹਨ। ਇਹ ਇਸ ਤੋਂ ਵਧੇਰੇ ਵੀ ਹੋ ਸਕਦੀਆਂ ਹਨ। ਆਖ਼ਰ ਇਨ੍ਹਾਂ ਸਿਆਸੀ ਪਾਰਟੀਆਂ ਤੋਂ ਨਾਰਾਜ਼ ਲੋਕ ਇਸੇ ਤਬਕੇ ਦੇ ਹੋਣ ਕਾਰਨ ਹੀ ਤਾਂ ਆਪਣੀ ਦਾਅਵੇਦਾਰੀ ਨੂੰ ਠੋਸ ਮੰਨਦੇ ਹਨ। ਚੋਣਾਂ ਨਾਲ ਆਉਣ ਵਾਲੀ ਤਬਦੀਲੀ ਨੂੰ ਮਿਸਰ ਵਿੱਚ ਹੋਸਨੀ ਮੁਬਾਰਕ ਦੇ ਗੱਦੀਓਂ ਲੱਥਣ ਨਾਲ ਜੋੜ ਕੇ ਵੇਖਿਆ ਜਾ ਸਕਦਾ ਹੈ। ਮੁਬਾਰਕ ਤੋਂ ਬਾਅਦ ਉਸੇ ਤਹਿਰੀਰ ਚੌਕ ਵਿੱਚ ਲੋਕਾਂ ਉੱਤੇ ਤਸ਼ਦੱਦ ਕੀਤਾ ਜਾ ਰਿਹਾ ਹੈ। ਸਾਰੀਆਂ ਨੀਤੀਆਂ ਜਿਉਂ ਦੀਆਂ ਤਿਉਂ ਲਾਗੂ ਹਨ ਅਤੇ ਲੋਕਾਂ ਨੂੰ ਜਚਾ ਦਿੱਤਾ ਗਿਆ ਹੈ ਕਿ 'ਇਨਕਲਾਬ' ਆ ਗਿਆ ਹੈ। ਮਿਸਰ ਦੀ ਪੁਰਾਣੀ ਸਿਆਸੀ ਜਮਾਤ ਵਪਾਰੀਆਂ, ਅਫ਼ਸਰਸ਼ਾਹੀ ਅਤੇ ਫ਼ੌਜ ਦੀ ਸਰਪ੍ਰਸਤੀ ਹੇਠ ਰਾਜ ਕਰ ਰਹੀ ਹੈ। ਪੀ.ਪੀ.ਪੀ. ਵਾਲਾ ਬਾਦਲ ਵੀ ਇਸੇ ਤਰ੍ਹਾਂ ਨਿਜ਼ਾਮ ਬਦਲਣ ਦਾ ਦਾਅਵਾ ਕਰਦਾ ਹੈ।

ਪੰਜਾਬ ਵਿੱਚ ਚਲ ਰਿਹਾ ਸਿਆਸੀ ਰੁਝਾਨ ਸਿਰਫ਼ ਭਾਰਤ ਹੀ ਨਹੀਂ, ਸਗੋਂ ਦੂਜੀ ਆਲਮੀ ਜੰਗ ਤੋਂ ਬਾਅਦ ਆਜ਼ਾਦ ਹੋਏ ਤਕਰੀਬਨ ਸਾਰੇ ਮੁਲਕਾਂ ਦੀ ਨੁਮਾਇੰਦਗੀ ਕਰਦਾ ਹੈ। ਪਾਕਿਸਤਾਨ ਬਾਬਤ ਹਬੀਬ ਜਾਲਿਬ ਕਹਿੰਦਾ ਹੈ, ''ਏਕ ਤਰਫ਼ ਥੀ ਜਨਤਾ ਸਾਰੀ, ਏਕ ਤਰਫ਼ ਥੇ ਚੰਦ ਘਰਾਨੇ।" ਸ੍ਰੀਲੰਕਾ ਵਿੱਚ ਕੁਮਾਰਤੁੰਗਿਆਂ ਅਤੇ ਰਾਜਾਪਾਕਸੇ ਘਰਾਣਿਆਂ ਦੁਆਲੇ ਉਸਰਿਆ ਫ਼ੌਜੀ ਸਰਪ੍ਰਸਤੀ ਵਾਲਾ ਕਾਰੋਬਾਰ ਕਿਸ ਤੋਂ ਲੁਕਿਆ ਹੈ? ਬੰਗਲਾਦੇਸ਼ ਦੇ ਪ੍ਰਧਾਨਮੰਤਰੀ ਹੋਣ ਦਾ ਸੁਫ਼ਨਾ ਸਿਰਫ਼ ਦੋ ਬੇਗ਼ਮਾਂ ਦੇ ਘਰਾਣਿਆਂ ਤੱਕ ਮਹਿਦੂਦ ਹੋ ਗਿਆ ਹੈ। ਨੇਪਾਲ ਵਿੱਚ ਮਾਓਵਾਦੀਆਂ ਦੀ ਵੱਡੀ ਜਿੱਤ ਦੇ ਬਾਵਜੂਦ ਕੋਇਰਾਲਿਆਂ ਦਾ ਗ਼ਲਬਾ ਕਾਇਮ ਹੈ। ਅਫ਼ਗ਼ਾਨਿਸਤਾਨ ਵਿੱਚ ਵਿਦੇਸ਼ੀ ਹੁਕਮਰਾਨਾਂ ਦੀ ਸਰਪ੍ਰਸਤੀ ਅਤੇ ਕਬਾਇਲੀ ਸਰਦਾਰੀ ਤੋਂ ਬਿਨਾਂ ਕੌਣ ਟਿਕ ਸਕਦਾ ਹੈ? ਆਮ ਤੌਰ ਉੱਤੇ ਬਾਦਲਕਿਆਂ ਅਤੇ ਅਮਰਿੰਦਰਕਿਆਂ ਦੇ 'ਉੱਤਰ ਕਾਟੋ ਮੈਂ ਚੜ੍ਹਾਂ' ਵਾਲੇ ਰੁਝਾਨ ਬਾਬਤ ਦਲੀਲ ਦਿੱਤੀ ਜਾਂਦੀ ਹੈ ਕਿ ਜੰਮੂ ਕਸ਼ਮੀਰ ਵਿੱਚ ਅਬਦੁੱਲਿਆਂ ਤੇ ਸਈਅਦਾਂ, ਹਰਿਆਣਾ ਵਿੱਚ ਚੌਟਾਲਿਆਂ ਜਾਂ ਲਾਲਾਂ, ਤਾਮਿਲਨਾਡੂ ਵਿੱਚ ਜੈਲਲਿਤਾ ਤੇ ਕਰੁਣਾਨਿਧੀ, ਮਹਾਂਰਾਸ਼ਟਰ ਵਿੱਚ ਬਾਲ ਠਾਕਰੇ ਤੇ ਸ਼ਰਦ ਪਵਾਰ ਅਤੇ ਇਸੇ ਤਰ੍ਹਾਂ ਹੋਰ ਸੂਬਿਆਂ ਵਿੱਚ ਚੱਲ ਰਿਹਾ ਹੈ। ਇਸ ਦਾ ਮਤਲਬ ਇਹ ਤਾਂ ਨਹੀਂ ਕਿ ਰੁਝਾਨ ਦੇ ਮੂੰਹਜ਼ੋਰ ਹੋਣ ਕਾਰਨ ਇਸ ਉੱਤੇ ਸਵਾਲ ਨਹੀਂ ਕਰਨਾ ਚਾਹੀਦਾ। ਸਭ ਤੋਂ ਅਹਿਮ ਸਵਾਲ ਤਾਂ ਇਹੋ ਬਣਦਾ ਹੈ ਕਿ ਕੀ ਅਸੀਂ ਜਮਹੂਰੀਅਤ ਦੇ ਨਾਮ ਉੱਤੇ ਕੁਝ ਘਰਾਣਿਆਂ ਦੇ ਜੁੰਡੀ ਰਾਜ (Oligarchy) ਵਿੱਚ ਰਹਿ ਰਹੇ ਹਾਂ?

ਦਲਜੀਤ ਅਮੀ

3 comments:

  1. ਅਸੀਂ ਜਮਹੂਰੀਅਤ ਦੇ ਨਾਮ ਉੱਤੇ ਕੁਝ ਘਰਾਣਿਆਂ ਦੇ ਜੁੰਡੀ ਰਾਜ (Oligarchy) ਵਿੱਚ ਰਹਿ ਰਹੇ ਹਾਂ.....very fair and well supported argument.

    ReplyDelete
  2. ਬਿਲਕੁਲ ਸਹੀ ਵਿਸ਼ਲੇਸ਼ਣ...
    ਗ਼ੁਲਾਮ ਕਲਮ ਨੂੰ ਅਜਿਹੇ ਸੱਪਸ਼ਟ ਤੇ ਸਟੀਕ ਲੇਖਕਾਂ ਦੀ ਭਰਪੂਰ ਲੋੜ ਹੈ।

    ReplyDelete
  3. Good article. But the subject is so vast that, obviously, it cannot be summrised into single article. Such articles should initiate some sort of debate or discussion.

    As one may ask that how do you explain the poll percentage? Why do people participate hugely? Everyone know that it is a corrupt system then what leads people to polling booths? Is it expression of strength of so-called democracy or is it, in essence, a symptom of deepening of its crisis?

    And perhaps more importantly, what is the alternative? Does it lie in electoral reforms, as many would say? Can reforms improve its health at all?

    How does our 'democracy' actually work? and what is democracy all about? Is it merely confined to casting votes? etc.

    Suddep Singh

    ReplyDelete