ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Tuesday, July 10, 2012

ਦਾਰਾ ਸਿੰਘ:ਕਿੰਗਕਾਂਗ ਹਰਾਉਣ ਤੇ ਬੌਲੀਵੁੱਡ ਜਿਉਣ ਵਾਲਾ ਦੇਸੀ ਬੰਦਾ

ਜਦੋਂ ਕਦੇ ਵੀ ਚੰਡੀਗੜ੍ਹ ਜਾਂਦਿਆਂ ਦਾਰਾ ਸਟੂਡੀਓ ਦੇ ਅੱਗਿਓਂ ਨਿਕਲਣਾ ਤਾਂ ਰਮਾਇਣ ਸੀਰੀਅਲ 'ਚ ਹਨੂੰਮਾਨ ਦਾ ਕਿਰਦਾਰ ਨਿਭਾਉਣ ਵਾਲੇ ਦਾਰਾ ਸਿੰਘ ਦਾ ਚੇਤਾ ਆ ਜਾਣਾ। ਉੱਚੇ ਬੂਟਾਂ ਵਾਲੀ ਅਤੇ ਬਾਹਾਂ ਖੋਲ੍ਹੀ ਕਿਸੇ ਭਲਵਾਨ ਨੂੰ ਥੋੜ੍ਹਾ ਜਿਹਾ ਝੁਕ ਕੇ ਲਲਕਾਰ ਰਹੇ ਦਾਰਾ ਸਿੰਘ ਦੀ ਉਹ ਯਾਦਗਾਰ ਤਸਵੀਰ ਵੀ ਅੱਖਾਂ ਸਾਹਮਣੇ ਘੁੰਮ ਜਾਣੀ।ਉਂਝ ਵੀ ਦਾਰਾ ਸਿੰਘ ਸਾਡੇ ਬਚਪਨ ਦੇ ਦਿਨਾਂ 'ਚ ਸਾਡੇ ਲਈ ਸ਼ਕਤੀ ਦਾ ਇਕ ਅਜਿਹਾ ਥੰਮ ਸੀ ਕਿ ਖੇਡਾਂ ਖੇਡਦਿਆਂ ਹਰ ਬੱਚੇ ਨੇ ਆਖਣਾ ਕਿ ਮੈਂ ਦਾਰਾ ਸਿੰਘ ਹਾਂ, ਮੈਨੂੰ ਹਰਾ ਕੇ ਦਿਖਾਓ! ਜ਼ੀ ਪੰਜਾਬੀ 'ਚ ਨੌਕਰੀ ਕਰਦਿਆਂ ਜਦੋਂ ਕਿਸੇ ਨੇ ਪੁੱਛਣਾ, ਦਫਤਰ ਕਿੱਥੇ ਹੈ ਤਾਂ ਝੱਟ ਆਖ ਦੇਣਾ-ਦਾਰਾ ਸਟੂਡੀਓ।ਦਾਰਾ ਸਟੂਡੀਓ 'ਚ ਨੌਕਰੀ ਕਰਦਿਆਂ ਤਕਰੀਬਨ ਦੋ ਸਾਲ ਬਾਅਦ ਇਕ ਦਿਨ ਅਚਾਨਕ ਅਮਰੀਕ ਜੀ (ਦਾਰਾ ਸਿੰਘ ਦਾ ਛੋਟਾ ਮੁੰਡਾ) ਨਾਲ ਮੁਲਾਕਾਤ ਹੋ ਗਈ। ਬਹੁਤ ਘੱਟ ਬੋਲਣ ਵਾਲੇ ਅਤੇ ਕਦੇ ਕਦਾਈ ਦਾਰਾ ਸਟੂਡੀਓ 'ਚ ਗੇੜਾ ਮਾਰਨ ਵਾਲੇ ਅਮਰੀਕ ਸਿੰਘ ਰੰਧਾਵਾ ਨੂੰ ਮੈਂ ਉਂਝ ਹੀ ਪੁੱਛ ਬੈਠਾ ਕਿ ਬਾਪੂ ਜੀ (ਦਾਰਾ ਸਿੰਘ) ਮੁੰਬਈ ਤੋਂ ਮੋਹਾਲੀ ਗੇੜਾ ਨੀ ਮਾਰਦੇ ਕਦੇ? ਅਮਰੀਕ ਹੋਰੀਂ ਕਹਿੰਦੇ, ਬਾਪੂ ਜੀ ਤਾਂ ਆਏ ਹੋਏ ਨੇ। ਸੱਤ ਸੈਕਟਰ ਵਾਲੀ ਕੋਠੀ ਵਿਚ ਹੀ ਨੇ। ਇਹ ਗੱਲ ਅਪ੍ਰੈਲ 2010 ਦੀ ਹੈ।

ਉਨ੍ਹੀਂ ਦਿਨੀਂ ਜ਼ੀ ਪੰਜਾਬੀ 'ਤੇ ਮੈਂ ਇਕ ਹਫਤਾਵਾਰੀ ਇੰਟਰਵਿਊ ਵਾਲਾ ਸ਼ੋਅ 'ਇਕ ਖਾਸ ਮੁਲਾਕਾਤ' ਕਰ ਰਿਹਾ ਸੀ। ਮੈਂ ਉਨ੍ਹਾਂ ਨੂੰਕਿਹਾ ਇਕ ਇੰਟਰਵਿਊ ਹੀ ਰਿਕਾਰਡ ਕਰਵਾ ਦਿਓ ਦਾਰਾ ਸਿੰਘ ਜੀ ਦੀ। ਉਨ੍ਹਾਂ ਕਿਹਾ ਮੈਂ ਪੁੱਛ ਕੇ ਦੱਸ ਦੇਵਾਂਗਾ। ਦੂਸਰੇ-ਤੀਸਰੇ ਦਿਨ ਉਨ੍ਹਾਂ ਘਰ ਦਾ ਪਤਾ ਦੱਸ ਦਿੱਤਾ ਤੇ ਅਸੀਂ ਦਫਤਰ ਦੀ ਗੱਡੀ ਭੇਜ ਕੇ ਤੈਅ ਕੀਤੇ ਸਮੇਂ 'ਤੇ ਦਾਰਾ ਸਿੰਘ ਜੀ ਨੂੰ ਸਟੂਡੀਓ ਲੈ ਆਂਦਾ। ਪੰਜਾਬੀ ਤਿੱਲੇਦਾਰ ਜੁੱਤੀ, ਸਧਾਰਣ ਜਿਹੀ ਪੈਂਟ ਅਤੇ ਬਾਹਰ ਕੱਢੀ ਹੋਈ ਧਾਰੀਆਂ ਵਾਲੀ ਕਮੀਜ਼ 'ਚ ਦਾਰਾ ਸਿੰਘ ਦੇ ਚਿਹਰੇ ਦਾ ਜਲੋਅ ਦੇਖਣ ਵਾਲਾ ਸੀ। ਬਿਨਾਂ ਮਿੱਠੇ ਵਾਲੀ ਚਾਹ ਪੀਣ ਤੋਂ ਬਾਅਦ ਥੋੜ੍ਹਾ ਜਿਹਾ ਸਹਾਰਾ ਦੇ ਕੇ ਸੋਫੇ ਤੋਂ ਉਠਾਇਆਂ ਤਾਂ ਕਹਿਣ ਲੱਗੇ, ਬਸ ਭਲਵਾਨਾਂ ਨਾਲ ਇਹੀ ਮਾੜੀ ਹੁੰਦੀ ਆ ਜਿਹੜਾ ਬੁਢਾਪੇ 'ਚ ਆ ਕੇ ਜੋੜ ਜੁੜ ਜਾਂਦੇ ਆ। ਮੇਕਅੱਪ ਵੀ ਉਨ੍ਹਾਂ ਬੜੇ ਚਾਅ ਤੇ ਸ਼ੌਕ ਨਾਲ ਕਰਵਾਇਆ। ਮੇਕਅੱਪ ਤੋਂ ਬਾਅਦ ਚਿਹਰੇ ਨੂੰ ਸ਼ੀਸ਼ੇ 'ਚ ਇੰਝ ਨਿਹਾਰਿਆ ਜਿਵੇਂ ਕਿਸੇ ਫਿਲਮ ਦਾ ਕੋਈ ਬਹੁਤ ਹੀ ਮਹੱਤਵਪੂਰਣ ਸ਼ਾਟ ਦੇਣ ਜਾਣਾ ਹੋਵੇ।


ਆਮ ਤੌਰ 'ਤੇ ਮੈਂ ਕਿਸੇ ਸਖਸ਼ੀਅਤ ਦੀ ਇੰਟਰਵਿਊ ਕਰਨ ਤੋਂ ਪਹਿਲਾਂ ਉਸ ਬਾਰੇ ਜ਼ਰੂਰੀ-ਜ਼ਰੂਰੀ ਜਾਣਕਾਰੀ ਇਕੱਠੀ ਕਰ ਲੈਂਦਾ ਸਾਂ ਅਤੇ ਕੀਤੇ ਜਾ ਸਕਣ ਵਾਲੇ ਸਵਾਲਾਂ ਨੂੰ ਬੇਤਰਤੀਬੇ ਜਿਹੇ ਢੰਗ ਨਾਲ ਲਿਖ ਲੈਂਦਾ ਸੀ ਪਰ ਦਾਰਾ ਸਿੰਘ ਨਾਲ ਕੀਤੀ ਗਈ ਇੰਟਰਵਿਊ ਤੋਂ ਪਹਿਲਾਂ ਮੈਂ ਕਾਪੀ 'ਤੇ ਕੋਈ ਸਵਾਲ ਨਹੀਂ ਲਿਖਿਆ ਸੀ ਅਤੇ ਸਿਰਫ ਏਨਾ ਲਿਖਿਆ ਸੀ- ਦਾਰਾ ਸਿੰਘ-1928,ਐਕਟਿੰਗ ਸ਼ੁਰੂ ਕੀਤੀ 1982 'ਚ। ਇੰਟਰਵਿਊ ਦੌਰਾਨ ਉਨ੍ਹਾਂ ਨਾਲ ਜੋ ਗੱਲਾਂ ਹੋਈਆਂ ਉਨ੍ਹਾਂ ਦਾ ਸ਼ਬਦੀ ਰੂਪ ਇਸ ਪ੍ਰਕਾਰ ਹੈ-ਨਰਿੰਦਰ ਪਾਲ ਸਿੰਘ ਜਗਦਿਓ 


ਪ੍ਰਸ਼ਨ- ਇਕ ਰੈਸਲਰ, ਐਕਟਰ, ਡਾਇਰੈਕਟਰ, ਟੀ.ਵੀ. ਅਦਾਕਾਰ ਅਤੇ ਰਾਜ ਸਭਾ ਮੈਂਬਰ ਦੇ ਰੂਪ 'ਚ ਤੁਸੀਂ ਬਹੁਪੱਖੀ ਸਖਸ਼ੀਅਤ ਦੇ ਮਾਲਕ ਹੋ। ਖੁਦ ਤੁਸੀਂ ਕੀ ਚਾਹੁੰਦੇ ਹੋ ਕਿ ਦਾਰਾ ਸਿੰਘ ਨੂੰ ਦੁਨੀਆਂ ਕਿਸ ਰੂਪ 'ਚ ਯਾਦ ਰੱਖੇ?
ਦਾਰਾ ਸਿੰਘ- ਮੈਂ ਤਾਂ ਇਹੀਂ ਚਾਹਾਂਗਾ ਕਿ ਲੋਕ ਮੈਨੂੰ ਇਕ ਪਹਿਲਵਾਨ ਦੇ ਰੂਪ ਵਿਚ ਹੀ ਯਾਦ ਰੱਖਣ ਕਿਉਂ ਕਿ ਪਹਿਲਵਾਨੀ ਤੋਂ ਹੀ ਅੱਗੇ ਸਭ ਕੁਝ ਚੱਲਿਆ ਹੈ, ਜਿਹੜੀਆਂ ਬਾਕੀ ਚੀਜ਼ਾਂ ਨੇ ਉਹ ਬਾਅਦ 'ਚ ਆਈਆਂ ਨੇ। ਪਹਿਲਵਾਨੀ ਦੌਰਾਨ ਐਕਸਰਸਾਈਜ਼ ਕਰਦਿਆਂ ਰੋਜ਼ ਭਗਵਾਨ ਤੋਂ ਇਹੀ ਦੁਆ ਕਰਦੇ ਸੀ ਕਿ ਰੱਬਾ ਚੈਂਪੀਅਨ ਬਣਾ ਦੇ। ਜੋ ਕੁਝ ਵੀ ਬਣਿਆਂ ਜਾਂ ਮਿਲਿਆਂ ਉਹ ਸਭ ਕੁਸ਼ਤੀ ਦੀ ਹੀ ਦੇਣ ਹੈ। ਪਹਿਲਵਾਨੀ ਨਾਲ ਮੈਨੂੰ ਅੱਜ ਵੀ ਬਹੁਤ ਮੋਹ ਹੈ।


ਪ੍ਰਸ਼ਨ- ਸਰਕਾਰੀ ਪੱਧਰ 'ਤੇ ਜਾਂ ਪ੍ਰਸਾਸ਼ਨਿਕ ਪੱਧਰ 'ਤੇ ਭਲਵਾਨੀ ਜਾਂ ਕੁਸ਼ਤੀ ਨੂੰ ਬਹੁਤ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ ਜਾਂਦੀ। ਕਦੇ ਦੁੱਖ ਹੁੰਦੈ ਕਿ ਜਿਸ ਖੇਡ ਨੇ ਤੁਹਾਨੂੰ ਸਭ ਕੁਝ ਦਿੱਤਾ ਉਸਨੂੰ ਅਣਗੋਲਿਆ ਕਿਉਂ ਕੀਤਾ ਜਾ ਰਿਹੈ? 
ਦਾਰਾ ਸਿੰਘ- ਦੁੱਖ ਤਾਂ ਬਹੁਤ ਹੁੰਦਾ। ਸਿਰਫ ਕੁਸ਼ਤੀ ਜਾਂ ਭਲਵਾਨੀ ਨੂੰ ਹੀ ਨਹੀਂ ਬਲਕਿ ਸਾਰੀਆਂ ਖੇਡਾਂ ਨੂੰ ਸਰਕਾਰ ਵੱਲੋਂ ਸਪੋਰਟ (ਸਹਾਰਾ/ਮਦਦ) ਮਿਲਣੀ ਚਾਹੀਦੀ ਹੈ। ਬਾਹਰਲਿਆਂ ਦੇਸ਼ਾਂ 'ਚ ਖਿਡਾਰੀਆਂ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ, ਉਨ੍ਹਾਂ ਦੀ ਕਦਰ ਕੀਤੀ ਜਾਂਦੀ ਹੈ ਜਦਕਿ ਸਾਡੇ ਦੇਸ਼ 'ਚ ਸਥਿਤੀ ਓਨੀ ਚੰਗੀ ਨਹੀਂ ਹੈ।


ਪ੍ਰਸ਼ਨ- ਅੱਜ ਦਾਰਾ ਸਿੰਘ ਦਾ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਨਾਂ ਹੈ, ਸ਼ੁਰੂਆਤੀ ਦੌਰ 'ਚ 1920-30 ਦੇ ਸਾਲਾਂ ਦੌਰਾਨ ਕਿਸ ਦੀਆਂ ਚੁਣੌਤੀਆਂ ਜਾਂ ਸੰਘਰਸ਼ 'ਚੋਂ ਲੰਘਣਾ ਪਿਆ? 
ਦਾਰਾ ਸਿੰਘ- ਉਸ ਦੌਰ 'ਚ ਜਦੋਂ ਅਸੀਂ ਪਿੰਡਾਂ 'ਚ ਭਲਵਾਨਾਂ ਨੂੰ ਦੇਖਦੇ ਸੀ ਤਾਂ ਸੋਚਦੇ ਹੁੰਦੇ ਸੀ ਕਿ ਅਸੀਂ ਵੀ ਕਦੇ ਇਨ੍ਹਾਂ ਵਰਗੇ ਬਣਾਂਗੇ ਜਾਂ ਨਹੀਂ। ਕੁਸ਼ਤੀਆਂ ਪ੍ਰਤੀ ਲਗਨ ਨੇ ਹੀ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਅਤੇ ਉਸੇ ਚਾਅ ਨੇ ਹੌਲੀ-ਹੌਲੀ ਭਲਵਾਨੀ ਦੇ ਰਾਹ 'ਤੇ ਲੈ ਆਂਦਾ।


ਪ੍ਰਸ਼ਨ- ਤੁਹਾਡਾ ਡੀਲ-ਡੋਲ ਪਹਿਲਾਂ ਤੋਂ ਹੀ ਭਰਵਾਂ ਸੀ? 
ਦਾਰਾ ਸਿੰਘ- (ਹੱਸਦਿਆਂ ਹੋਇਆ) ਨਹੀਂ-ਨਹੀਂ ਪਹਿਲਾਂ ਤਾਂ ਮੈਂ ਵੀ ਪਤਲਾ ਜਿਹਾ ਹੀ ਸੀ ਪਰ ਜਦੋਂ ਪੂਰਣ ਰੂਪ 'ਚ ਕੁਸ਼ਤੀ ਸ਼ੁਰੂ ਕੀਤੀ ਤਾਂ ਭਾਰ ਵੀ ਵੱਧ ਗਿਆ। ਪ੍ਰਸ਼ਨ- ਤੁਸੀਂ ਵਿਦੇਸ਼ੀ ਧਰਤੀ 'ਤੇ ਜਾ ਕੇ ਫਰੀ ਸਟਾਈਲ ਕੁਸ਼ਤੀਆਂ ਵੀ ਲੜੀਆਂ ਹਨ, ਕੁਝ ਉਨ੍ਹਾਂ ਦਿਨਾਂ ਦਾ ਜ਼ਿਕਰ ਕਰੋ? ਦਾਰਾ ਸਿੰਘ- ਪਹਿਲਾਂ ਮੈਂ ਹਿੰਦੋਸਤਾਨ 'ਚ ਚੈਂਪੀਅਨ ਬਣਿਆਂ, ਉਸ ਤੋਂ ਬਾਅਦ ਕਾਨਮਵੈਲਥ ਚੈਂਪੀਅਨ ਬਣਿਆਂ। ਕਾਮਨਵੈਲਥ ਦੇਸ਼ਾਂ ਨੂੰ ਜਿੱਤਣ ਲਈ ਹਰ ਪ੍ਰਕਾਰ ਦੀਆਂ ਕੁਸ਼ਤੀਆਂ 'ਚ ਮਾਹਰ ਹੋਣਾ ਲਾਜ਼ਮੀ ਸੀ। ਉਸ ਤੋਂ ਬਾਅਦ ਵਿਸ਼ਵ ਚੈਂਪੀਅਨ ਬਣਨ ਲਈ ਬਾਹਰਲੇ ਦੇਸ਼ਾਂ 'ਚ ਜਾ ਕੇ ਕੁਸ਼ਤੀਆਂ ਲੜੀਆਂ। ਉਸ ਜ਼ਮਾਨੇ ਦਾ ਵਿਸ਼ਵ ਚੈਂਪੀਅਨ ਸੀ, ਲੂਥੇਸ (ਅਮਰੀਕਾ), ਉਸ ਨਾਲ ਮੇਰੀ ਕੁਸ਼ਤੀ ਬਰਾਬਰੀ 'ਤੇ ਰਹੀ। ਆਖਰ ਦੋ-ਤਿੰਨ ਸਾਲ ਬਾਅਦ ਜੱਦੋ-ਜਹਿਦ ਕਰਦਿਆਂ ਮੈਂ ਵਰਡਲ ਚੈਂਪੀਅਨ ਬਣ ਹੀ ਗਿਆ। 


ਪ੍ਰਸ਼ਨ- ਕਿੰਗਕਾਂਗ ਨੂੰ ਕਿਸ ਦਾਰੇ ਨੇ ਹਰਾਇਆ ਸੀ? ਕਿਹਾ ਜਾਂਦੈ ਕਿ ਕਿੰਗਕਾਂਗ ਨੂੰ ਦੁਲਚੀਪੁਰੀਏ ਦਾਰੇ ਨੇ ਹਰਾਇਆ ਸੀ ਨਾ ਕਿ ਧਰਮੂਚੱਕ ਵਾਲੇ ਨੇ? (ਫਿਲਮਾਂ ਵਾਲੇ ਯਾਨੀ ਇੰਟਰਵਿਊ ਵਾਲੇ ਦਾਰਾ ਸਿੰਘ ਦਾ ਪਿੰਡ ਧਰਮੂਚੱਕ ਹੈ) 
ਦਾਰਾ ਸਿੰਘ- ਨਹੀਂ-ਨਹੀਂ ਕਿੰਗਕਾਂਗ ਨੂੰ ਮੈਂ ਹੀ ਹਰਾਇਆ ਸੀ ਨਾ ਕਿ ਦੁਲਚੀਪੁਰ ਵਾਲੇ ਦਾਰੇ ਨੇ। ਅਸੀਂ ਦੋਵੇਂ ਦਾਰੇ ਸਿੰਘਾਪੁਰ ਹੀ ਸੀ। ਇਹ ਵਿਵਾਦ ਪ੍ਰਮੋਟਰਾਂ ਨੇ ਜਾਣ-ਬੁੱਝ ਕੇ ਖੜ੍ਹਾ ਕੀਤਾ ਸੀ ਤਾਂ ਜੋ ਸਾਨੂੰ ਦੋਵਾਂ ਨੂੰ ਲੜਾਇਆ ਜਾ ਸਕੇ। ਦਾਰਾ ਦੁਲਚੀਪੁਰੀਆ ਸਿੰਘਾਪੁਰ ਮੇਰੇ ਤੋਂ ਪਹਿਲਾਂ ਆ ਗਿਆ ਸੀ। ਰੌਲੇ-ਰੱਪੇ ਅਤੇ ਵਿਵਾਦ ਤੋਂ ਬਾਅਦ (ਕਿ ਕਿਹੜਾ ਦਾਰਾ ਜ਼ਿਆਦਾ ਤਗੜਾ ਹੈ) ਸਾਡੇ ਵਿਚਕਾਰ ਦੋ ਕੁਸ਼ਤੀਆਂ ਹੋਈਆਂ ਤੇ ਦੋਵਾਂ 'ਚ ਮੈਂ ਜੇਤੂ ਰਿਹਾ। ਹਾਲਾਂਕਿ ਮੇਰੇ ਸਿੰਘਾਪੁਰ ਜਾਣ ਤੋਂ ਪਹਿਲਾਂ ਉਹ (ਦਾਰਾ ਦੁਲਚੀਪੁਰੀਆ) ਸਿੰਗਾਪੁਰ ਦਾ ਚੈਂਪੀਅਨ ਸੀ ਅਤੇ ਮੇਰੇ ਤੋਂ ਜ਼ਿਆਦਾ ਤਗੜਾ ਸੀ। 


ਪ੍ਰਸ਼ਨ- ਫਿਲਮਾਂ 'ਚ ਆਉਣ ਦਾ ਸਬੱਬ ਕਿਵੇਂ ਬਣਿਆ? 
ਦਾਰਾ ਸਿੰਘ- ਜਦੋਂ ਮੈਂ ਕਾਮਨਵੈਲਥ ਚੈਂਪੀਅਨਸ਼ਿਪ ਜਿੱਤੀ ਤਾਂ ਇਕ ਪ੍ਰੋਡਿਊਸਰ ਆ ਗਿਆ ਮੇਰੇ ਕੋਲ। ਬੰਬੇ ਕੁਸ਼ਤੀਆਂ ਹੁੰਦੀਆਂ ਸੀ ਉਨ੍ਹਾਂ ਦਿਨਾਂ 'ਚ। ਪ੍ਰੋਡਿਊਸਰ ਸਵੇਰੇ-ਸਵੇਰੇ ਮੇਰੇ ਕੋਲ ਆ ਕੇ ਕਹਿੰਦਾ ਤੁਹਾਨੂੰ ਫਿਲਮ 'ਚ ਲੈਣਾ। ਮੈਂ ਬਹੁਤ ਹੱਸਿਆ ਤੇ ਕਿਹਾ, ਯਾਰ ਅਸੀਂ ਤਾਂ ਫਿਲਮ ਦੇਖਦੇ ਵੀ ਨਹੀਂ। ਉਸਤਾਦ ਕਹਿੰਦੇ ਆ ਕਿ ਫਿਲਮ ਦੇਖਣੀ ਤਾਂ ਬਦਮਾਸ਼ਾਂ ਦਾ ਕੰਮ ਹੈ। ਪ੍ਰੋਡਿਊਸਰ ਖਹਿੜੇ ਹੀ ਪੈ ਗਿਆ ਕਿ ਮੇਰੇ ਡਾਇਰੈਕਟਰ ਨੇ ਤੁਹਾਨੂੰ ਕੁਸ਼ਤੀਆਂ ਲੜਦੇ ਦੇਖਿਆ ਹੈ ਤੇ ਸਾਡੀ ਫਿਲਮ 'ਚ ਵੀ ਜ਼ਿਆਦਾ ਕੁਸ਼ਤੀਆਂ ਹੀ ਹੋਣੀਆਂ ਨੇ। ਤੁਹਾਡੇ ਪੰਜ-ਸੱਤ ਸੀਨ ਹੋਣਗੇ ਉਹ ਡਾਇਰੈਕਟਰ ਤੁਹਾਡੇ ਤੋਂ ਖੁਦ ਕਰਵਾ ਲਵੇਗਾ। ਮੇਰੇ ਮਨ 'ਚ ਐਵੇਂ ਹੀ ਗੱਲ ਆ ਗਈ ਕਿ ਬੁਢਾਪਾ ਪਹਿਲਵਾਨਾਂ ਦਾ ਖਰਾਬ ਹੁੰਦੈ ਸ਼ਾਇਦ ਏਸੇ ਬਹਾਨੇ ਬੁਢਾਪੇ 'ਚ ਕੋਈ ਕੰਮ ਮਿਲ ਜਾਵੇ, ਚਲੋ ਕਰ ਲੈਂਦੇ ਹਾਂ ਫਿਲਮ ਤੇ ਮੈਂ ਹਾਂ ਕਰ ਦਿੱਤੀ। ਉਹ ਫਿਲਮ ਹਿੱਟ ਹੋ ਗਈ ਤੇ ਉਸ ਤੋਂ ਬਾਅਦ ਹੋਰ ਜ਼ਿਆਦਾ ਲੋਕ ਕੰਮ ਲੈ ਕੇ ਆਉਣ ਲੱਗ ਪਏ। ਇਸ ਤਰ੍ਹਾਂ ਮੈਂ ਕੋਈ 150 ਤੋਂ ਜ਼ਿਆਦਾ ਫਿਲਮਾਂ ਕੀਤੀਆਂ।


ਪ੍ਰਸ਼ਨ- ਤੁਸੀਂ ਬਕਾਇਦਾ ਤੌਰ 'ਤੇ ਫੇਰ ਐਕਟਿੰਗ ਸਿੱਖੀ ਕਿਤੋਂ? 
ਦਾਰਾ ਸਿੰਘ- ਹਾਂ, ਐਕਟਿੰਗ ਸਿੱਖੀ ਫੇਰ ਮੈਂ। ਜਦੋਂ ਮੇਰੀਆਂ ਪਹਿਲੀਆਂ ਦੋ-ਤਿੰਨ ਫਿਲਮਾਂ ਕਿਸੇ ਹੋਰ ਤੋਂ ਡੱਬ ਕਰਵਾਈਆਂ ਗਈਆਂ ਤਾਂ ਮੈਨੂੰ ਬੜਾ ਅਫਸੋਸ ਹੋਇਆ। ਫੇਰ ਮੈਂ ਇਕ ਮਾਸਟਰ ਰੱਖਿਆ ਜੋ ਸੈੱਟ 'ਤੇ ਆ ਕੇ ਹੀ ਮੈਨੂੰ ਲੰਚ ਟਾਈਮ 'ਚ ਉਰਦੂ ਪੜ੍ਹਾਉਂਦਾ ਸੀ ਕਿਉਂ ਕਿ ਉਨ੍ਹਾਂ ਦਿਨਾਂ 'ਚ ਉਰਦੂ ਭਾਸ਼ਾ ਕਾਫੀ ਜ਼ਿਆਦਾ ਬੋਲੀ ਜਾਂਦੀ ਸੀ। ਫੇਰ ਹੌਲੀ-ਹੌਲੀ ਮੇਰੀ ਜ਼ੁਬਾਨ ਠੀਕ ਹੋ ਗਈ। ਇਸ ਤੋਂ ਬਾਅਦ ਮੈਂ ਡਾਇਰੈਕਸ਼ਨ ਵੀ ਸਿੱਖੀ ਕਿਉਂ ਕਿ ਮੈਂ ਇਕ ਧਾਰਮਿਕ ਤੇ ਇਤਿਹਾਸਕ ਪੰਜਾਬੀ ਫਿਲਮ ਬਣਾਉਣੀ ਸੀ 'ਰਾਜ ਕਰੇਗਾ ਖਾਲਸਾ' ਅਤੇ ਡਾਇਰੈਕਟਰ ਮੇਰੇ ਅਨੁਸਾਰ ਨਹੀਂ ਚੱਲਦਾ ਸੀ ਤੇ ਮੇਰੀ ਉਸ ਨਾਲ ਲੜਾਈ ਹੋ ਜਾਂਦੀ ਸੀ। ਮੈਂ ਖੁਦ ਡਾਇਰੈਕਸ਼ਨ ਦਿੱਤੀ ਅਤੇ ਉਹ ਫਿਲਮ ਵੱਡੀ ਹਿੱਟ ਸਾਬਤ ਹੋਈ ਤੇ ਮੇਰਾ ਹੌਂਸਲਾ ਕਾਫੀ ਜ਼ਿਆਦਾ ਖੁੱਲ੍ਹ ਗਿਆ। ਹਾਲਾਂਕਿ ਖਾਲਸਾ ਸ਼ਬਦ ਕਰਕੇ ਸਰਕਾਰ ਨੇ ਇਤਰਾਜ਼ ਕੀਤਾ ਤੇ ਭਾਰਤ 'ਚ ਉਹ ਫਿਲਮ 'ਸਵਾ ਲਾਖ ਸੇ ਏਕ ਲੜਾਊਂ' ਦੇ ਨਾਂ ਹੇਠ ਰਿਲੀਜ਼ ਹੋਈ ਤੇ ਵਿਦੇਸ਼ਾਂ 'ਚ ਫਿਲਮ ਦਾ ਨਾਂ 'ਰਾਜ ਕਰੇਗਾ ਖਾਲਸਾ' ਹੀ ਰੱਖਿਆ ਗਿਆ।


ਪ੍ਰਸ਼ਨ- ਸੁਣਿਆਂ ਹੈ ਕਿ ਉਸ ਦੌਰ ਦੀ ਸਭ ਤੋਂ ਖੂਬਸੂਰਤ ਅਦਾਕਾਰਾ ਮੁਮਤਾਜ਼, ਦਾਰਾ ਸਿੰਘ ਦੀ ਖੋਜ ਹੈ? 
ਦਾਰਾ ਸਿੰਘ- ਦਰਅਸਲ ਉਸ ਦੌਰ ਦੀਆਂ ਜਿਹੜੀਆਂ ਤਿੰਨ-ਚਾਰ ਨਾਮੀਂ ਐਕਟਰਸ ਸੀ ਉਹ ਪਹਿਲਵਾਨਾਂ ਨਾਲ ਫਿਲਮ ਨਹੀਂ ਕਰਨਾ ਚਾਹੁੰਦੀਆਂ ਸੀ ਤੇ ਸਾਡੀ ਇਕ ਫਿਲਮ ਦੀਆਂ ਤਿੰਨ-ਚਾਰ ਰੀਲਾਂ ਬਣ ਗਈਆਂ ਸੀ ਪਰ ਕੋਈ ਐਕਟਰਸ ਮੰਨ ਨਹੀਂ ਰਹੀ ਸੀ। ਮੇਰਾ ਡਾਇਰੈਕਟਰ ਕਹਿੰਦਾ ਯਾਰ ਕੋਈ ਨਵੀਂ ਕੁੜੀ ਲੈ ਲਈਏ। ਮੈਂ ਸਹਿਮਤੀ ਦੇ ਦਿੱਤੀ ਤੇ ਇਕ ਦਿਨ ਮੁਮਤਾਜ਼ ਆਪਣੀ ਵੱਡੀ ਭੈਣ ਦੇ ਗਾਣੇ ਦੀ ਸ਼ੂਟਿੰਗ ਦੇਖਣ ਸੈੱਟ 'ਤੇ ਆਈ ਹੋਈ ਸੀ। ਡਾਇਰੈਕਟਰ ਭੱਜ ਕੇ ਆਇਆ ਤੇ ਮੈਨੂੰ ਕਹਿੰਦਾ ਓਹ ਕੁੜੀ ਲੈ ਲਈਏ? ਮੈਂ ਹਾਂ ਕਰ ਦਿੱਤੀ। ਉਹ ਫਿਲਮ ਵੀ ਹਿੱਟ ਹੋ ਗਈ ਤੇ ਉਸ ਤੋਂ ਬਾਅਦ ਮੈਂ ਮੁਮਤਾਜ਼ ਨਾਲ ੧੦-੧੨ ਫਿਲਮਾਂ ਕੀਤੀਆਂ। ਨਿਸ਼ੀ ਨਾਲ ਵੀ ਮੈਂ ਹਿੰਦੀ-ਪੰਜਾਬੀ ਦੀਆਂ ਕਈ ਫਿਲਮਾਂ ਕੀਤੀਆਂ ਹਨ।


ਪ੍ਰਸ਼ਨ- ਟੀ.ਵੀ. ਦੀ ਗੱਲ ਕਰਦੇ ਹਾਂ। ਰਮਾਇਣ ਸੀਰੀਅਲ 'ਚ ਤੁਹਾਡੇ ਵੱਲੋਂ ਹਨੂੰਮਾਨ ਜੀ ਦੀ ਨਿਭਾਈ ਭੂਮਿਕਾ ਤੋਂ ਬਾਅਦ ਇਹੀ ਜਾਪਣ ਲੱਗ ਗਿਆ ਸੀ ਕਿ ਦਾਰਾ ਸਿੰਘ ਹੀ ਹਨੂੰਮਾਨ ਹੈ। ਦਾਰਾ ਸਿੰਘ ਮਤਲਬ ਹਨੂੰਮਾਨ, ਕੁਝ ਉਸ ਰੋਲ ਬਾਰੇ ਦੱਸੋ? ਦਾਰਾ ਸਿੰਘ- ਹਨੂੰਮਾਨ ਜੀ ਦੀ ਕ੍ਰਿਪਾ ਹੋਈ ਸਮਝੋ। ਮੈਂ ਇਕ ਫਿਲਮ ਕਰੀ ਸੀ 'ਬਜਰੰਗ ਬਲੀ' ਜੋ ਕਾਫੀ ਹਿੱਟ ਰਹੀ ਸੀ। ਉਹ ਫਿਲਮ ਦੇਖ ਕੇ ਰਾਮਾਨੰਦ ਸਾਗਰ ਨੇ ਮੈਨੂੰ ਹਨੂੰਮਾਨ ਜੀ ਦੇ ਰੋਲ ਦੀ ਪੇਸ਼ਕਸ਼ ਦਿੱਤੀ ਸੀ। ਮੈਂ ਕਿਹਾ ਸਾਗਰ ਸਾਹਬ ਜਦੋਂ ਮੈਂ 'ਬਜਰੰਗ ਬਲੀ' ਕੀਤੀ ਸੀ ਉਦੋਂ ਕਾਫੀ ਜਵਾਨ ਸਾਂ ਤੇ ਹੁਣ ੫੯ ਸਾਲ ਦੀ ਉਮਰ 'ਚ ਮੈਂ ਛਾਲਾਂ ਮਾਰਦਾ ਕੀ ਚੰਗਾ ਲੱਗਾਗਾਂ। ਸਾਗਰ ਸਾਹਬ ਕਹਿੰਦੇ ਮੈਂ ਸਭ ਭਲਵਾਨਾਂ ਨੂੰ ਬੁਲਾ ਕੇ ਦੇਖ ਲਿਆ ਤੁਹਾਡੇ ਵਰਗਾ ਸਰੀਰ ਕਿਸੇ ਦਾ ਨਹੀਂ ਇਸ ਕਰਕੇ ਤੁਸੀਂ ਹੀ ਇਹ ਰੋਲ ਕਰੋ। ਸਾਨੂੰ ਕਿਸੇ ਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਰਮਾਇਣ ਸੀਰੀਅਲ ਏਨਾ ਜ਼ਿਆਦਾ ਹਿੱਟ ਹੋਵੇਗਾ।


ਪ੍ਰਸ਼ਨ- ਤੁਸੀਂ ਤੇ ਵਰਿੰਦਰ ਨੇ ਪੰਜਾਬੀ ਸਿਨੇਮਾ ਲਈ ਚੰਗਾ ਕੰਮ ਕੀਤਾ ਹੈ। ਹੁਣ ਜਦੋਂ ਪੰਜਾਬੀ ਸਿਨੇਮਾ ਪੈਰਾ-ਸਿਰ ਹੋ ਗਿਆ ਹੈ ਤਾਂ ਮੁੰਬਈ ਵਾਲੇ ਫਿਰ ਪੰਜਾਬ ਆਉਣ ਲੱਗੇ ਹਨ ਪਰ ਜਿਸ ਸਮੇਂ ਪੰਜਾਬੀ ਸਿਨੇਮਾ ਮਾੜੇ ਦੌਰ 'ਚੋਂ ਲੰਘ ਰਿਹਾ ਸੀ ਉਦੋਂ ਕੋਈ ਕਿਉਂ ਨਹੀਂ ਬਹੁੜਿਆ ਪੰਜਾਬ?
ਦਾਰਾ ਸਿੰਘ- (ਕੁਝ ਸੋਚ ਕੇ) ਇਹ ਵਿਚਕਾਰਲੇ ਸਮੇਂ ਦੀ ਕੁਝ ਸਮਝ ਨੀ ਆਈ ਕੀ ਹੋ ਗਿਆ ਸੀ। ਮੁੰਬਈ ਹਾਲਾਂਕਿ ਜਿੰਨੇ ਪ੍ਰੋਡਿਊਸਰ ਬੈਠੇ ਨੇ ਸਭ ਪੰਜਾਬੀ ਹਨ। ਪੰਜਾਬੀ ਫਿਲਮ ਨੂੰ ਉਹ ਛੋਟਾ ਸਮਝਦੇ ਨੇ, ਅਸੀਂ ਤਾਂ ਕਹਿੰਦੇ ਸੀ ਪੰਜਾਬੀ ਫਿਲਮਾਂ ਜ਼ਿਆਦਾ ਬਣਾਓ, ਕੰਮ ਕਰਨ ਨੂੰ ਤਿਆਰ ਸੀ ਪਰ ਪਤਾ ਨਹੀਂ ਕੀ ਗੱਲ ਸੀ...


ਪ੍ਰਸ਼ਨ- ਪੰਜਾਬੀ ਫਿਲਮਾਂ ਕਰਕੇ ਜ਼ਿਆਦਾ ਆਨੰਦ ਆਉਂਦਾ ਹੈ ਜਾਂ ਹਿੰਦੀ? 
ਦਾਰਾ ਸਿੰਘ- ਜ਼ਿਆਦਾ ਮਜ਼ਾ ਤਾਂ ਆਪਣੀ ਜ਼ੁਬਾਨ ਵਿਚ ਹੀ ਆਉਂਦਾ ਹੈ-ਪੰਜਾਬੀ ਵਿਚ। ਹਿੰਦੀ ਦੀਆਂ ਫਿਲਮਾਂ 'ਚ ਵੀ ਮੇਰੀ ਭਾਸ਼ਾ 'ਚ ਬਹੁਤੀ ਪੰਜਾਬੀ ਹੀ ਝਲਦਕੀ ਹੁੰਦੀ ਹੈ। ਉਂਝ ਪਹਿਲੀ ਪੰਜਾਬੀ ਫਿਲਮ ਮੈਂ 'ਜੱਗਾ ਡਾਕੂ' ਕੀਤੀ ਸੀ, ਜੋ ਕਾਫੀ ਹਿੱਟ ਰਹੀ ਸੀ। ਪੰਜਾਬੀ ਫਿਲਮਾਂ ਫਿਰ ਮੈਂ ਹੋਰ ਵੀ ਕੀਤੀਆਂ ਤੇ ਆਪ ਡਾਇਰੈਕਟ ਵੀ ਕੀਤੀਆਂ। 


ਪ੍ਰਸ਼ਨ- ਦਾਰਾ ਸਿੰਘ ਦੀ ਧਰਮਿੰਦਰ ਨਾਲ ਵੀ ਕੋਈ ਰਿਸ਼ਤੇਦਾਰੀ ਹੈ? 
ਦਾਰਾ ਸਿੰਘ- ਦਰਅਸਲ ਧਰਮਿੰਦਰ ਦੇ ਪਿਤਾ ਜੀ ਮੇਰੇ ਕਾਫੀ ਚਾਹਵਾਨ ਸਨ। ਧਰਮਿੰਦਰ ਨੂੰ ਮੈਂ ਫਿਲਮਾਂ 'ਚ ਆਉਣ ਤੋਂ ਪਹਿਲਾਂ ਦਾ ਜਾਣਦਾ ਹਾਂ। ਮੁੰਬਈ ਆ ਕੇ ਇਕ ਵਾਰ ਤਾਂ ਉਹ ਫਲਾਪ ਹੋ ਗਿਆ ਸੀ ਪਰ ਦੂਜੀ ਕੋਸ਼ਿਸ਼ 'ਚ ਉਹ ਹਿੱਟ ਰਿਹਾ। ਮੁੰਬਈ 'ਚ ਧਰਮਿੰਦਰ ਤੇ ਮੇਰਾ ਰਿਸ਼ਤਾ ਭਰਾਵਾਂ ਵਾਂਗੂੰ ਹੈ। ਸਾਡੇ ਦੋਵਾਂ ਦੀ ਜੱਟਾਂ ਵਾਲੀ ਸੋਚ ਹੈ ਤੇ ਵਿਚਾਰ ਕਾਫੀ ਜ਼ਿਆਦਾ ਮਿਲਦੇ ਹਨ।    


ਪ੍ਰਸ਼ਨ- ਪਰਿਵਾਰ ਪੱਖੋਂ ਸੁਖੀ ਹੋ
ਦਾਰਾ ਸਿੰਘ- ਹਾਂ, ਪਰਿਵਾਰ ਠੀਕ ਹੈ ਮੇਰਾ। ਵਿੰਦੂ ਫਿਲਮਾਂ 'ਚ ਠੀਕ-ਠਾਕ ਕੰਮ ਕਰ ਰਿਹੈ ਪਰ ਮੇਰੇ ਬੱਚੇ ਕੁਸ਼ਤੀ 'ਚ ਇਸ ਕਰਕੇ ਨਹੀਂ ਆਏ ਕਿਉਂ ਕਿ ਮੁੰਬਈ 'ਚ ਉਹੋ ਜਿਹਾ ਕੁਸ਼ਤੀਆਂ ਵਾਲਾ ਮਾਹੌਲ ਨਹੀਂ ਹੈ। 


ਪ੍ਰਸ਼ਨ- ਪੰਜਾਬ 'ਚ ਗੇੜੇ ਬਹੁਤ ਘੱਟ ਮਾਰਦੇ ਹੋ ਹੁਣ, ਬਸ ਮੁੰਬਈ ਜੋਗੇ ਹੀ ਰਹਿ ਗਏ ਹੋ। ਕੀ ਗੱਲ? 
ਦਾਰਾ ਸਿੰਘ- ਹਾਂ, ਥੋੜ੍ਹਾ ਘੱਟ ਗਿਆ ਹੈ ਹੁਣ ਪਰ ਮੈਂ ਰਹਿਣਾ ਪੰਜਾਬ ਵਿਚ ਹੀ ਚਾਹੁੰਦਾ ਹਾਂ। 


ਪ੍ਰਸ਼ਨ- ਬਿਲਕੁਲ ਆਉ ਪੰਜਾਬ। ਪੰਜਾਬ 'ਚ ਤੁਹਾਡੇ ਪ੍ਰਸੰਸਕ ਬਹੁਤ ਹਨ। ਦਾਰਾ ਸਟੂਡੀਓ ਹੈ ਤੁਹਾਡੇ ਕੋਲ। 
ਦਾਰਾ ਸਿੰਘ- ਦਾਰਾ ਸਟੂਡੀਓ ਬਾਰੇ ਇਕ ਗੱਲ ਦੱਸਦਾ ਹਾਂ ਤੁਹਾਨੂੰ। ਜਦੋਂ ਸਰਕਾਰ ਨੇ ਐਲਾਨ ਕੀਤਾ ਕਿ ਪੰਜਾਬ 'ਚ ਅਸੀਂ ਫਿਲਮ ਇੰਡਸਟਰੀ ਖੋਲ੍ਹਣੀ ਹੈ, ਤੁਸੀਂ ਪਲਾਟ ਲਓ, ਬਾਕੀ ਕਲਾਕਾਰ ਤਾਂ ਖਿਸਕ ਗਏ ਪਰ ਮੈਂ ਮੋਹਾਲੀ ਵਾਲਾ ਪਲਾਟ ਲੈ ਲਿਆ ਪਰ ਸਰਕਾਰ ਨੇ ਫਿਲਮ ਇੰਡਸਟਰੀ ਨਹੀਂ ਲਗਾਈ। ਸਰਕਾਰ ਬਦਲਣ 'ਤੇ ਦੂਸਰੀ ਸਰਕਾਰ ਕਹਿੰਦੀ ਸਟੂਡੀਓ ਬਣਾਓ ਨਹੀਂ ਅਸੀਂ ਪਲਾਟ ਵਾਪਸ ਲੈ ਲੈਣਾ ਹੈ। ਦਾਰਾ ਸਟੂਡੀਓ 'ਚ ਕੁਝ ਕੁ ਫਿਲਮਾਂ ਤਾਂ ਬਣੀਆਂ ਪਰ ਕਿਉਂ ਕਿ ਸ਼ੂਟਿੰਗ ਕਰਕੇ ਫਿਲਮ ਦੀ ਪ੍ਰੋਸੈਸਿੰਗ ਤੇ ਦੂਸਰੇ ਕੰਮਾਂ ਲਈ ਬੰਬੇ ਜਾਣਾ ਪੈਂਦਾ ਸੀ ਇਸ ਲਈ ਫਿਲਮ ਦੇ ਖਰਚ ਵੱਧ ਜਾਂਦੇ ਸੀ। ਸਰਕਾਰੀ ਅਣਗਹਿਲੀ ਕਾਰਣ ਕੰਮ ਸਿਰੇ ਨਹੀਂ ਚੜ੍ਹ ਸਕਿਆ। ਹਾਲਾਂਕਿ ਪੰਜਾਬ ਅਤੇ ਨਾਲ ਲੱਗਦਾ ਹਿਮਾਚਲ ਦਾ ਹਿੱਸਾ ਫਿਲਮੀ ਸ਼ੂਟਿੰਗ ਲਈ ਬਹੁਤ ਅੱਛਾ ਹੈ। 


ਪ੍ਰਸ਼ਨ- ਕੁਸ਼ਤੀਆਂ ਤੋਂ ਬਾਅਦ ਜਦੋਂ ਫਿਲਮਾਂ 'ਚ ਆਏ ਤਾਂ ਤੁਹਾਡੇ ਸ਼ੌਕ ਬਦਲੇ ਕੁਝ? ਫਿਲਮਾਂ ਦੇਖਦੇ ਹੋ? ਗੀਤ-ਸੰਗੀਤ ਸੁਣਦੇ ਹੋ? 
ਦਾਰਾ ਸਿੰਘ- ਗੀਤ-ਸੰਗੀਤ ਦਾ ਤਾਂ ਮੈਨੂੰ ਜ਼ਿਆਦਾ ਸ਼ੌਕ ਨਹੀਂ ਹੈ ਪਰ ਹਾਂ ਫਿਲਮਾਂ ਜ਼ਰੂਰ ਦੇਖ ਲੈਂਦਾ ਹਾਂ। ਫਿਲਮਾਂ ਰੀਅਲ ਲਾਈਫ ਨਾਲ ਜੁੜੀਆਂ ਮੈਨੂੰ ਚੰਗੀਆਂ ਲੱਗਦੀਆਂ ਹਨ। ਫਿਲਮਾਂ ਮੈਂ ਇਸ ਹਿਸਾਬ ਨਾਲ ਦੇਖਦਾ ਹੁੰਦਾ ਹਾਂ ਕਿ ਬਣਾਉਣ ਵਾਲੇ ਨੇ ਇਸ ਨੂੰ ਕਿਸ ਤਰੀਕੇ ਨਾਲ ਤਿਆਰ ਕੀਤਾ ਹੈ। 


ਪ੍ਰਸ਼ਨ- ਕੋਈ ਰੋਲ ਜਿਹੜਾ ਨਾ ਕੀਤਾ ਹੋਵੇ ਤੇ ਕਰਨ ਦੀ ਇੱਛਾ ਹੋਵੇ? 
ਦਾਰਾ ਸਿੰਘ- ਅਜਿਹਾ ਤਾਂ ਕੋਈ ਰੋਲ ਨਹੀਂ। ਮੈਂ ਤਕਰੀਬਨ ਹਰ ਤਰ੍ਹਾਂ ਦੀਆਂ ਭੂਮਿਕਾਵਾਂ ਅਦਾ ਕੀਤੀਆਂ ਹਨ। ਬਹੁਤ ਲੋਕਾਂ ਨੇ ਕਿਹਾ ਕਿ ਮੈਂ ਵਿਲੇਨ ਦਾ ਰੋਲ ਕਰਾਂ ਪਰ ਅਜਿਹਾ ਕੋਈ ਰੋਲ ਮੈਂ ਕੀਤਾ ਨਹੀਂ, ਮੇਰੇ ਤੋਂ ਕਰ ਵੀ ਨਹੀਂ ਹੋਣਾ। 


ਪ੍ਰਸ਼ਨ- ਰਾਜ ਸਭਾ ਮੈਂਬਰ ਹੁੰਦਿਆਂ ਕੁਸ਼ਤੀ ਨੂੰ ਉਤਸ਼ਾਹਿਤ ਕਰਨ ਲਈ ਕੋਈ ਯਤਨ ਕੀਤੇ? 
ਦਾਰਾ ਸਿੰਘ- ਕਾਫੀ ਕੋਸ਼ਿਸ਼ਾਂ ਕੀਤੀਆਂ ਪਰ ਖੇਡਾਂ ਲਈ ਸਰਕਾਰਾਂ ਜ਼ਿਆਦਾ ਫੰਡ ਰੱਖਦੀਆਂ ਨਹੀਂ। ਪਤਾ ਨੀ ਕਿਉਂ? 


ਪ੍ਰਸ਼ਨ- ਪੰਜਾਬ ਦੇ ਉੱਤੇ ਹੁਣ ਫਿਲਮਾਂ ਤਾਂ ਬਹੁਤ ਬਣ ਰਹੀਆਂ ਹਨ ਪਰ ਬਾਲੀਵੁੱਡ 'ਤੇ ਰਾਜ ਕਰਨ ਵਾਲੇ ਪੰਜਾਬੀਆਂ ਦੇ ਮੁਕਾਬਲੇ ਦੱਖਣ ਭਾਰਤੀ ਭਾਰੀ ਪੈਂਦੇ ਜਾ ਰਹੇ ਹਨ, ਕੀ ਕਾਰਣ ਹੈ ਕਿ ਬਾਲੀਵੁੱਡ 'ਚ ਪੰਜਾਬੀਆਂ ਦਾ ਦਬਦਬਾ ਘੱਟ ਰਿਹਾ ਹੈ? ਦਾਰਾ ਸਿੰਘ- ਦੱਖਣ ਭਾਰਤ, ਯੂ ਪੀ ਵਾਲੇ ਤੇ ਹੋਰ ਵੀ ਭਾਵੇਂ ਬਾਲੀਵੁੱਡ 'ਚ ਵੱਧ ਰਹੇ ਹਨ ਪਰ ਜੋ ਪ੍ਰਸਨੈਲਿਟੀ ਪੰਜਾਬੀਆਂ ਦੀ ਹੈ ਉਹ ਹੋਰ ਕਿਸੇ ਦੀ ਨਹੀਂ। ਦਰਅਸਲ ਪਹਿਲਾਂ ਫਿਲਮਾਂ ਬਣਾਉਣ ਵਾਲੇ ਜ਼ਿਆਦਾ ਪੰਜਾਬੀ ਸਨ ਤੇ ਹੁਣ ਕੰਪਨੀਆਂ ਆ ਗਈਆਂ ਹਨ ਫਿਲਮ ਨਿਰਮਾਣ 'ਚ,ਇਹ ਵੀ ਇਕ ਕਾਰਣ ਹੋ ਸਕਦਾ ਹੈ। ਵੈਸੇ ਜਿਹੜੇ ਦੋ-ਚਾਰ ਵੱਡੇ ਪ੍ਰੋਡਿਊਸਰ ਜਿਵੇਂ ਚੋਪੜਾ ਪਰਿਵਾਰ ਉਹ ਸਭ ਪੰਜਾਬੀ ਹੀ ਹਨ। 


ਪ੍ਰਸ਼ਨ- ਅੰਤਿਮ ਸਵਾਲ। ਪੰਜਾਬ ਦੀ ਨੌਜਵਾਨ ਪੀੜ੍ਹੀ ਲਈ ਕੋਈ ਸੰਦੇਸ਼। 
ਦਾਰਾ ਸਿੰਘ- ਨੌਜਵਾਨ ਖੇਡਾਂ 'ਚ ਜ਼ਰੂਰ ਹਿੱਸਾ ਲੈਣ। ਜੇ ਸਰਕਾਰ ਕੁਝ ਨਹੀਂ ਕਰਦੀ, ਨਿੱਜੀ ਪੱਧਰ 'ਤੇ ਖੇਡਾਂ 'ਚ ਆਓ। ਸਿਹਤ ਖੇਡਾਂ ਨਾਲ ਹੀ ਬਣਦੀ ਹੈ। ਇਕ ਵਾਰ ਕੀਤੀ ਮਿਹਨਤ ਨਾਲ ਸਾਰੀ ਉਮਰ ਦੀਆਂ ਮੌਜਾਂ ਹੁੰਦੀਆਂ ਹਨ। ਬਾਕੀ ਦੇ ਕੰਮ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ ਹੈ। 


ਨਰਿੰਦਰ ਪਾਲ ਸਿੰਘ ਜਗਦਿਓ 
(ਇਹ ਇੰਟਰਵਿਊ ਮੁਲਾਕਾਤੀ ਦੀ ਛਪ ਰਹੀ ਕਿਤਾਬ 'ਇਕ ਖਾਸ ਮੁਲਾਕਾਤ' ਦਾ ਹਿੱਸਾ ਹੈ)

No comments:

Post a Comment