ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Sunday, July 15, 2012

ਅੱਤਿਆਚਾਰੀ ਪਿੱਤਰਸੱਤਾ ਦਾ ਸ਼ਿਕਾਰ ਭਾਰਤੀ ਔਰਤ ਦੀ ਦਸ਼ਾ ਤੇ ਦਿਸ਼ਾ

ਭਾਰਤ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਕਿਹਾ ਜਾਂਦਾ ਹੈ ਪਰ ਭਾਰਤੀ ਔਰਤ ਵਿਤਕਰੇ, ਜਬਰ ਅਤੇ ਆਰਥਿਕ ਲੁਟ ਦਾ ਸ਼ਿਕਾਰ ਹੈ।ਇੱਕ ਅੰਦਾਜੇ ਮੁਤਾਬਿਕ ਭਾਰਤ ਵਿਚ ਔਰਤ ਦਾ ਕਿਰਤ ਵਿਚ 60 ਪ੍ਰਤੀਸ਼ਤ ਹਿੱਸਾ ਹੈ ਪਰ ਉਸ ਦੀ ਪੈਦਾਵਾਰੀ ਸਾਧਨਾਂ ਦੀ ਮਾਲਕੀ ਸਿਰਫ ਇੱਕ ਪ੍ਰਤੀਸ਼ਤ ਹੀ ਹੈ। ਭਾਰਤੀ ਕਾਨੂੰਨ ਮੁਤਾਬਿਕ ਲੜਕੀ ਅਤੇ ਲੜਕੇ ਨੂੰ ਮਾਪਿਆਂ ਦੀ ਜਾਇਦਾਦ ਦਾ ਬਰਾਬਰ ਦਾ ਅਧਿਕਾਰ ਹੈ ਪਰ ਹਕੀਕੀ ਰੂਪ ਵਿਚ ਲੜਕੀ ਇਸ ਅਧਿਕਾਰ ਤੋਂ ਸੱਖਣੀ ਹੈ। ਸਹੁਰੇ ਘਰ ਤਾਂ ਉਸ ਨੂੰ ਜਾਇਦਾਦ ਦਾ ਕਾਨੂੰਨੀ ਹੱਕ ਨਹੀਂ ਹੈ। ਔਰਤ ਸਵੇਰੇ ਤੋਂ ਲੈ ਕੇ ਰਾਤ ਤੱਕ ਘਰੇਲੂ ਕੰਮ ਕਰਦੀ ਕਰਦੀ ਰਾਤ ਤੱਕ ਥੱਕ ਟੁੱਟ ਕੇ ਸੌਂਦੀ ਹੈ, ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਹੈ ਅਤੇ ਪਤੀ ਦੀ ਸੇਵਾ ਲਈ ਹਰ ਵੇਲੇ ਤਿਆਰ ਰਹਿੰਦੀ ਹੈ ਪਰ ਇਸ ਦੇ ਬਾਵਜੂਦ ਉਸ ਦੀ ਮਿਹਨਤ ਦਾ ਕੋਈ ਮੁੱਲ ਨਹੀਂ ਹੈ , ਕੋਈ ਕਦਰ ਨਹੀਂ ਹੈ। ਗੈਰ-ਜਥੇਬੰਦਕ ਖੇਤਰ ਵਿਚ ਕੰਮ ਕਰਦੀਆਂ ਔਰਤਾਂ ਦੀ ਉਜ਼ਰਤ ਮਰਦ ਦੀ ਉਜ਼ਰਤ ਨਾਲੋ ਕਿਤੇ ਘੱਟ ਮਿਲਦੀ ਹੈ। ਗਰੀਬ ਅਤੇ ਦਲਿਤ ਔਰਤਾਂ ਨੂੰ ਅਮੀਰ ਘਰਾਣਿਆਂ ਤੋਂ ਲੈ ਕੇ ਮੱਧ ਵਰਗ ਤੱਕ ਦੇ ਘਰਾਂ ਅੰਦਰ ਸਫ਼ਾਈ ਕਰਨ, ਭਾਂਡੇ ਮਾਂਜਣ, ਖਾਣਾ ਬਨਾਉਣ, ਕਪੜੇ ਧੋਣ, ਬੱਚਿਆਂ ਨੂੰ ਸਾਂਭਣ, ਘਰਾਂ ਦੀ ਝਾੜ ਪੂੰਝ ਕਰਨ, ਉਨ੍ਹਾਂ ਦੇ ਕੁੱਤਿਆਂ ਨੂੰ ਘੁੰਮਾਣ ਫਿਰਾਉਣ ਆਦਿ ਤੱਕ ਦੇ ਕੰਮ ਲਈ ਨਿਗੁਣੇ ਪੈਸੇ ਲੈ ਕੇ ਨਰਕੀ ਜਿੰਦਗੀ ਭੋਗਣੀ ਪੈ ਰਹੀ ਹੈ।ਬੇਰੁਜ਼ਗਾਰੀ ਦੇ ਆਲਮ 'ਚ ਪੜ੍ਹੀਆਂ ਲਿਖੀਆਂ ਔਰਤਾਂ ਨੂੰ ਵੱਡੇ ਵੱਡੇ ਸ਼ੋਅ ਰੂਮਾਂ, ਹੋਟਲਾਂ, ਸਕੂਲਾਂ, ਕਾਲਜਾਂ, ਰੈਸਟੋਰੈਂਟਾਂ, ਬੈਂਕਾਂ ਅਤੇ ਹੋਰ ਅਦਾਰਿਆਂ ਵਿਚ ਬਹੁਤ ਹੀ ਘੱਟ ਤਨਖਾਹ 'ਤੇ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਭਾਰਤ ਵਿਚ 1960ਵਿਆਂ 'ਚ ਨਵ-ਉਦਾਰਵਾਦੀ ਨੀਤੀਆਂ ਦੇ ਲਾਗੂ ਹੋਣ ਨਾਲ ਮਿਹਨਤਕਸ਼ ਜਨਤਾ 'ਤੇ ਹਮਲਾ ਹੋਰ ਤੇਜ ਹੋ ਗਿਆ ਹੈ ਅਤੇ ਇਸ ਦਾ ਖ਼ਮਿਆਜਾ ਔਰਤਾਂ ਨੂੰ ਹੋਰ ਵੀ ਭੁਗਤਣਾ ਪੈ ਰਿਹਾ ਹੈ। ਪੂੰਜੀਵਾਦ ਨੇ ਔਰਤ ਦੀ ਸਰੀਰਕ ਕਿਰਤ ਸ਼ਕਤੀ ਅਤੇ ਮਾਨਸਿਕ ਕਿਰਤ ਸ਼ਕਤੀ ਦੀ ਇੱਕ ਜਿਣਸ ਦੇ ਤੌਰ 'ਤੇ ਲੁੱਟ ਤੋਂ ਇਲਾਵਾ ਉਸ ਨੂੰ ਮਾਲ ਵੇਚਣ ਲਈ ਇੱਕ ਨੁਮਾਇਸ਼ ਦੀ ਵਸਤੂ ਬਣਾ ਦਿੱਤਾ ਹੈ । ਹੁਣ ਉਸ ਨੂੰ ਫੈਸ਼ਨ ਮੁਕਾਬਲਿਆਂ,ਸੁੰਦਰਤਾ ਮੁਕਾਬਲਿਆਂ,ਗਾਉਣ ਵਜਾਉਣ, ਚੀਅਰਜ਼ ਗਰਲਜ਼, ਮੌਡਲਿੰਗ, ਕਾਲਗਰਲਜ਼, ਸੇਲਜ਼ ਗਰਲਜ਼, ਬਲਿਊ ਫਿਲਮਾਂ ਅਤੇ ਔਰਤਾਂ ਦੇ ਅੱਧ ਨੰਗੇ ਜਿਸਮਾਂ ਨੂੰ ਮਾਲ ਵੇਚਣ ਲਈ ਮਸਹੂਰੀਆਂ ਲਈ ਵਰਤਿਆ ਜਾ ਰਿਹਾ ਹੈ।


ਜੇਕਰ ਭਾਰਤ ਦੀਆਂ ਆਮ ਔਰਤਾਂ ਦੀ ਸਿਹਤ ਸਹੂਲਤ ਦੀ ਗੱਲ ਕਰਨੀ ਹੋਵੇ ਤਾਂ ਹਾਲਤ ਹੋਰ ਵੀ ਨਿਰਾਸ਼ਾਜਨਕ ਹੈ ।ਕੌਮੀ ਸਰਵੇ ਅਨੁਸਾਰ ਭਾਰਤ ਦੀ ਆਮ ਔਰਤ ਲਈ ਔਸਤ 1899 ਕਲੋਰੀ ਦੀ ਊਰਜਾ ਦੀ ਜਰੂਰਤ ਹੈ ਜਦੋਂ ਕਿ ਭਾਰਤ ਅੰਦਰ ਔਰਤ ਨੂੰ 500-600 ਕਲੋਰੀ ਊਰਜਾ ਹੀ ਉਪਲੱਬਧ ਹੈ।ਭਾਰਤ ਅੰਦਰ ਔਰਤਾਂ ਦਾ ਵੱਡਾ ਹਿੱਸਾ ਬੱਚਿਆਂ ਅਤੇ ਮਰਦਾਂ ਤੋਂ ਬਾਅਦ ਹੀ ਭੋਜਨ ਖਾਂਦਾ ਹੈ। ਇਸ ਕਰਕੇ 75 ਪ੍ਰਤੀਸ਼ਤ ਔਰਤਾਂ ਅਤੇ 56 ਪ੍ਰਤੀਸ਼ਤ ਲੜਕੀਆਂ ਅਨੀਮੀਏ ਦੀਆਂ ਸ਼ਿਕਾਰ ਹਨ ਤੇ 85 ਪ੍ਰਤੀਸ਼ਤ ਔਰਤਾਂ ਕੁਪੋਸ਼ਣ ਦੀਆਂ ਪੀੜਤ ਹਨ। ਭਾਰਤ ਅੰਦਰ 1,25,000 ਔਰਤਾਂ ਜਣੇਪੇ ਸਮੇਂ ਮਰ ਜਾਂਦੀਆਂ ਹਨ।


ਔਰਤਾਂ ਨਾਲ ਖੁਰਾਕ ਅਤੇ ਸਿਹਤ ਸਹੂਲਤਾਂ ਸਬੰਧੀ ਹੀ ਵਿਤਕਰਾ ਨਹੀਂ ਹੋ ਰਿਹਾ ਸਗੋਂ ਉਨ੍ਹਾਂ ਨਾਲ ਸਿੱਧੇ ਤੌਰ 'ਤੇ ਵੀ ਬਹੁਤ ਹੀ ਜਿਆਦਾ ਜਬਰ ਹੋ ਰਿਹਾ ਹੈ ।ਔਰਤਾਂ ਨਾਲ 2003 ਵਿਚ 15,247 ਬਲਾਤਕਾਰ ਹੋਏ ਅਤੇ ਇਹ 2007 ਵਿਚ ਵੱਧ ਕੇ 20,737 ਹੋ ਗਏ ।ਇਸੇ ਤਰ੍ਹਾਂ ਭਾਰਤ ਅੰਦਰ ਔਰਤਾਂ ਨੂੰ ਅਗਵਾ ਕਰਨ ਦੇ 2003 'ਚ 13,96 ਅਤੇ 2007 ਵਿਚ 20,416 ਕੇਸ ਦਰਜ ਹੋਏ ਹਨ। ਦਾਜ ਖਾਤਰ 2003 ਵਿਚ 6308 ਅਤੇ 2007 ਵਿਚ 8093 ਔਰਤਾਂ ਨੂੰ ਬਲੀ ਦਾ ਬਕਰਾ ਬਣਾਇਆ ਗਿਆ ਹੈ।ਇੱਕ ਰਿਪੋਰਟ ਮੁਤਾਬਿਕ ਭਾਰਤ ਵਿਚ ਹਰ 10 ਮਿੰਟ ਕੋਈ ਨਾ ਕੋਈ ਔਰਤ ਜੁਲਮ ਦਾ ਸ਼ਿਕਾਰ ਹੁੰਦੀ ਹੈ,7 ਮਿੰਟਾਂ ਵਿਚ ਛੇੜਖਾਨੀ,45 ਮਿੰਟਾਂ ਵਿਚ ਅਗਵਾ ਅਤੇ ਦਾਜ ਦੀ ਬਲੀ ਅਤੇ ਹਰ ੫੮ ਮਿੰਟਾਂ 'ਚ ਬਲਾਤਕਾਰ ਦਾ ਸ਼ਿਕਾਰ ਹੁੰਦੀ ਹੈ।ਪ੍ਰਤੀ ਘੰਟੇ 'ਚ 18 ਔਰਤਾਂ ਮਾਨਸਿਕ ਅਤੇ ਸਰੀਰਕ ਹਮਲੇ ਦਾ ਸ਼ਿਕਾਰ ਹੁੰਦੀਆਂ ਹਨ। 50 ਪ੍ਰਤੀਸ਼ਤ ਔਰਤਾਂ ਗਰਭ ਸਮੇਂ ਵੀ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ। ਕੌਮੀ ਜੁਰਮ ਬਿਓਰੋ ਰਿਕਾਰਡ ਦੀ ਰਿਪੋਰਟ ਮੁਤਾਬਿਕ 1971 ਤੋਂ 2006 ਤੱਕ ਬਲਾਤਕਾਰ ਦੀਆਂ ਘਟਨਾਵਾਂ ਵਿਚ 700 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਸਾਲ 2002 ਦੀ ਇੱਕ ਰਿਪੋਰਟ ਮੁਤਾਬਿਕ 42 ਪ੍ਰਤੀਸ਼ਤ ਔਰਤਾਂ ਦੇ ਪਤੀ ਉਨ੍ਹਾਂ ਦੇ ਥੱਪੜ ਮਾਰਦੇ ਹਨ। ਹੋਰ ਬਦਤਰ ਹਾਲਤ ਇਹ ਹੈ ਕਿ ਹੁਣ ਛੋਟੀਆਂ ਬੱਚੀਆਂ ਨਾਲ ਵੀ ਬਲਾਤਕਾਰਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਹਰ 4 ਬੱਚੀਆਂ ਵਿਚੋਂ ਇੱਕ ਯੋਨ ਸ਼ੋਸ਼ਣ ਦਾ ਸ਼ਿਕਾਰ ਹੁੰਦੀ ਹੈ। ਡਾ:ਹਰਸ਼ਿੰਦਰ ਕੌਰ ਮੁਤਾਬਿਕ ਪੱਥਰ ਯੁਗ ਵਿਚ ਵੀ 50 ਪ੍ਰਤੀਸ਼ਤ ਨਵ-ਜੰਮੀਆਂ ਕੁੜੀਆਂ ਨੂੰ ਮਾਰ ਦਿੱਤਾ ਜਾਂਦਾ ਸੀ। ਭਾਰਤ ਵਿਚ ਕੁੜੀਆਂ ਨੂੰ ਅਫ਼ੀਮ, ਸੰਖੀਆ ਜਾਂ ਅੱਕ ਦਾ ਦੁੱਧ ਪਿਆ ਕੇ ਮਾਰ ਦਿੱਤਾ ਜਾਂਦਾ ਸੀ।


ਇਹ ਤਸਵੀਰ ਬੜੀ ਭਿਆਨਕ ਅਤੇ ਦਿਲ-ਕੰਬਾਊ ਲਗਦੀ ਹੈ। ਪਰ ਅੱਜ ਦੇ ਸੱਭਿਆ ਸਮਾਜ ਅੰਦਰ ਹਾਲਤ ਹੋਰ ਵੀ ਬਦਤਰ ਹੈ। ਪ੍ਰਫੋਸਰ ਰੈਡਿੰਗ ਨੇ 2009 ਵਿਚ ਖੁਲਾਸਾ ਕੀਤਾ ਸੀ ਕਿ 1970 ਤੋਂ 1980 ਤੱਕ ਦੁਨੀਆਂ ਵਿਚ 10 ਕਰੋੜ ਕੁੜੀਆਂ ਨੂੰ ਖ਼ਤਮ ਕਰ ਦਿੱਤਾ ਗਿਆ ਸੀ। ਉਸ ਮੁਤਾਬਕ ਔਰਤ 'ਤੇ ਸਭ ਤੋਂ ਵੱਧ ਜਬਰ ਭਾਰਤ ਵਿਚ ਹੁੰਦਾ ਹੈ। ਸ਼ੰਯੁਕਤ ਰਾਸ਼ਟਰ ਸੰਘ ਮੁਤਾਬਿਕ ਭਾਰਤ ਵਿਚ ਹਰ ਸਾਲ 2500 ਨਵ-ਵਿਆਹੀਆਂ ਕੁੜੀਆਂ ਨੂੰ ਦਾਜ ਦੀ ਬਲੀ ਚੜ੍ਹਾ ਦਿੱਤਾ ਜਾਂਦਾ ਹੈ। ਯੂਨੀਸੈਫ ਦੀ ਰਿਪੋਰਟ ਮੁਤਾਬਿਕ 10 ਕਰੋੜ ਤੋਂ 14 ਕਰੋੜ ਕੁੜੀਆਂ ਅਤੇ ਔਰਤਾਂ ਦੇ ਜਣਨ ਅੰਗਾਂ ਨਾਲ ਛੇੜਖਾਨੀ ਕੀਤੀ ਜਾਂਦੀ ਹੈ। ਯੂ. ਐਨ. ਓ. ਦੀ ਜਨਗਨਣਾ ਅਨੁਸਾਰ ਭਾਰਤ ਅੰਦਰ ਪਿਛਲੀ ਸਦੀ ਵਿਚ 5 ਕਰੋੜ ਮਾਦਾ ਭਰੂਣ ਹੱਤਿਆਵਾਂ ਹੋਈਆਂ ਹਨ। ਨਵੇਂ ਅਤੇ ਤਾਜ਼ੇ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ 21ਵੀਂ ਸਦੀ ਦੇ ਪਹਿਲੇ ਦਹਾਕੇ ਪੰਜਾਬ ਵਿਚ 13 ਲੱਖ ਮਾਦਾ ਭਰੁਣ ਮੌਤ ਦੇ ਘਾਟ ਉਤਾਰ ਦਿੱਤੇ ਗਏ ਹਨ ਅਤੇ ਪੰਜਾਬ ਹੁਣ ਗੁਰੁ ਪੀਰਾਂ ਦੀ ਧਰਤੀ ਦੀ ਬਜਾਏ ਕੁੜੀ ਮਾਰਾਂ ਦੀ ਧਰਤੀ ਕਿਹਾ ਜਾਣ ਲੱਗਿਆ ਹੈ। ਜੇਕਰ ਕੁੜੀਆਂ ਦੀ ਭਰੁਣ ਹੱਤਿਆ ਨਹੀਂ ਕੀਤੀ ਜਾਂਦੀ ਤਾਂ ਉਨ੍ਹਾਂ ਦੇ ਪਾਲਣ ਪੋਸ਼ਣ ਵਿਚ ਵਿਤਕਰਾ ਕੀਤਾ ਜਾਂਦਾ ਹੈ। ਇਸ ਵਿਤਕਰੇ ਕਾਰਨ ਕੁੜੀਆਂ ਨੂੰ ਪੂਰਾ ਭੋਜਨ ਨਹੀਂ ਦਿੱਤਾ ਜਾਂਦਾ, ਨਾ ਹੀ ਉਸ ਦੀ ਪੂਰੀ ਸਾਂਭ ਸੰਭਾਲ ਕੀਤੀ ਜਾਂਦੀ, ਨਾ ਹੀ ਉਸ ਨੂੰ ਪੂਰੀ ਵਿਦਿਆ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਨਾ ਹੀ ਉਸ ਦੀ ਬਿਮਾਰੀ ਦਾ ਪੂਰਾ ਇਲਾਜ ਕਰਾਇਆ ਜਾਂਦਾ ਹੈ। ਇਸ ਕਰਕੇ ਭਾਰਤ ਹਰ ਛੇਵੀਂ 'ਚੋਂ ਇੱਕ ਕੁੜੀ ਨੂੰ ਆਪਣਾ ਪੰਦਰਵਾਂ ਜਨਮ ਦਿਨ ਦੇਖਣਾ ਨਸੀਬ ਨਹੀਂ ਹੁੰਦਾ। ਭਾਰਤ ਵਿਚ 10 ਲੱਖ ਕੁੜੀਆਂ ਨੂੰ ਪਹਿਲਾ ਜਨਮ ਦਿਨ ਦੇਖਣਾ ਨਸੀਬ ਨਹੀਂ ਹੁੰਦਾ। 


ਅੱਜ ਅਸੀਂ 21ਵੀ ਸਦੀ ਵਿਚ ਰਹਿ ਰਹੇ ਹਾਂ ਪਰ ਇਸ ਸਦੀ ਵਿਚ ਵੀ ਭਾਰਤੀ ਔਰਤ ਨੂੰ ਆਪਣੇ ਪਤੀ ਦੀ ਚੋਣ ਕਰਨ ਦਾ ਹੱਕ ਨਹੀਂ ਹੈ ।ਇਸ ਪੈਤ੍ਰਕ ਸਮਾਜ ਵਿਚ ਕੁੜੀਆਂ ਨੂੰ ਪਤੀਆਂ ਦੀ ਚੋਣ ਉਨ੍ਹਾਂ ਦੇ ਮਾਪੇ ਕਰਕੇ ਦਿੰਦੇ ਹਨ। ਜੇਕਰ ਕੋਈ ਲੜਕੀ ਆਪਣੀ ਮਨ ਪਸੰਦ ਦੇ ਲੜਕੇ ਦੀ ਚੋਣ ਕਰਦੀ ਤਾਂ ਇਸ ਨੂੰ ਇੱਕ ਸਮਾਜਕ ਕਲ਼ੰਕ ਦੇ ਤੌਰ 'ਤੇ ਲਿਆ ਜਾਂਦਾ ਹੈ। ਔਰਤ ਨਾਲ ਇਹ ਧੱਕਾ ਸਦੀਆਂ ਪੁਰਾਣਾ ਹੈ। ਪਹਿਲੇ ਗੁਲਾਮਦਾਰੀ ਅਤੇ ਜਗੀਰੂ ਸਮਾਜਾਂ ਵਿਚ ਔਰਤ ਨੂੰ ਇੱਕ ਭੋਗ-ਵਿਲਾਸ ਦੀ ਵਸਤੂ ਸਮਝਿਆ ਜਾਂਦਾ ਸੀ। ਉਸ ਸਮੇਂ ਇੱਕ ਪਾਸੇ ਰਾਜਿਆ ਕੋਲ 360 ਰਾਣੀਆਂ ਹੁੰਦੀਆਂ ਸਨ ਅਤੇ ਦੂਜੇ ਔਰਤਾਂ ਦੀ ਘਾਟ ਕਾਰਨ ਇੱਕ ਇੱਕ ਔਰਤ ਦੇ ਪੰਜ ਪੰਜ ਪਤੀ ਹੁੰਦੇ ਸਨ ਅਤੇ ਇਸ ਵਿਵਸਥਾ ਨੂੰ ਪੰਜਆਲੀ ਵਿਵਸਥਾ ਕਿਹਾ ਜਾਂਦਾ ਸੀ। ਪਰ ਪਿਛਲੇ ਸਮੇਂ ਇਸ ਵਰਤਾਰੇ ਵਿਚ ਫਰਕ ਪੈ ਗਿਆ ਸੀ। ਪਰ ਲਿੰਗ ਨਿਰਧਾਰਨ ਤਕਨੀਕ ਆਉਣ ਨਾਲ ਮਾਦਾ ਭਰੂਣ ਹੱਤਿਆ ਦੇ ਵਰਤਾਰੇ ਨੇ ਜੋਰ ਫੜ ਲਿਆ ਹੈ ਜਿਸ ਕਾਰਨ ਲਿੰਗ ਅਨੁਪਾਤ ਵਿਚ ਅਸ਼ੰਤੁਲਨ ਆ ਰਿਹਾ ਹੈ , ਇਸ ਲਿੰਗ ਅਸ਼ੰਤੁਲਨ ਨਾਲ ਸਾਡੇ ਸਮਾਜ ਅੰਦਰ ਵੱਡੇ ਵਿਗਾੜ ਪੈਦਾ ਹੋਣ ਦੀਆਂ ਅਰਥਸੰਭਾਵਨਾਵਾਂ ਹਨ।ਸਿੱਟੇ ਵਜੋਂ ਹੁਣ ਜਾਇਦਾਦ ਪ੍ਰਧਾਨ ਸਮਾਜ ਅੰਦਰ ਓਹੀ ਮਰਦ ਵਿਆਹ ਕਰਾ ਸਕਣਗੇ ਜਿਹੜੇ ਪੈਦਾਵਾਰੀ ਸਾਧਨਾਂ ਉਤੇ ਭਾਰੂ ਹਨ। ਇਸ ਨਾਲ ਔਰਤ ਉਪਰ ਜਬਰ ਅਤੇ ਬਲਾਤਕਾਰ ਵਧਣ ਦੇ ਖਦਸ਼ੇ ਹਨ।ਪਰ ਜਿਵੇਂ ਜਿਵੇਂ ਪੂੰਜੀਵਾਦੀ ਕਦਰਾਂ ਕੀਮਤਾਂ ਭਾਰਤੀ ਸਮਾਜ ਅੰਦਰ ਘਰ ਕਰ ਰਹੀਆਂ ਹਨ, ਤਿਵੇਂ ਤਿਵੇਂ ਔਰਤ ਵੀ ਇੱਕ ਜਿਣਸ ਬਣਦੀ ਜਾ ਰਹੀ ਹੈ। ਜਿਵੇਂ ਜਿਵੇਂ ਪੂੰਜੀਵਾਦੀ ਵਿਸ਼ਵੀਕਰਨ ਦਾ ਵਰਤਾਰਾ ਅੱਗੇ ਵੱਧ ਰਿਹਾ ਹੈ , ਤਿਵੇਂ ਤਿਵੇਂ ਭਾਰਤੀ ਰਾਜ ਪ੍ਰਬੰਧ 'ਤੇ ਪੱਛਮੀ ਬੁਰਜੂਆ ਸੱਭਿਆਚਾਰ ਦਾ ਪ੍ਰਭਾਵ ਵੱਧ ਰਿਹਾ ਹੈ। ਪੱਛਮੀ ਦੇਸ਼ਾਂ ਦੀ ਚਮਕ ਦਮਕ ਤੋਂ ਭਾਰਤੀ ਲੋਕ ਵੀ ਪ੍ਰਭਾਵਤ ਹੋ ਰਹੇ ਹਨ ਅਤੇ ਭਾਰਤੀ ਲੋਕਾਂ ਵੱਲੋਂ ਪੱਛਮੀ ਦੇਸ਼ਾਂ ਵਿਚ ਜਾਣ ਦੀ ਇੱਕ ਹੋੜ ਲੱਗੀ ਹੋਈ ਹੈ। ਪੱਛਮੀ ਦੇਸ਼ਾਂ ਵਿਚ ਪਹੁੰਚਣ ਲਈ ਲੋਕਾਂ ਲਈ ਲੜਕੀਆਂ ਇੱਕ ਬੜਾ ਹੀ ਆਸਾਨ ਹੱਥਾ ਬਣ ਗਈਆਂ ਹਨ। ਵਿਦੇਸ਼ਾਂ ਵਿਚ ਜਾਣ ਦੀ ਹੋੜ ਲਈ ਨੌਜਵਾਨ ਲੜਕੀਆਂ ਨੂੰ ਬੁੱਢਿਆਂ, ਵਿਕਲਾਗਾਂ ਅਤੇ ਮੰਦਬੁੱਧੀ ਮਰਦਾਂ ਨਾਲ ਵਿਆਹਿਆ ਜਾ ਰਿਹਾ ਹੈ। ਕਾਗਜ਼ੀ ਵਿਆਹ ਕਰਕੇ ਧਰਮ ਅਤੇ ਕਾਨੂੰਨ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਵਿਦੇਸ਼ੀ ਵਿਅਕਤੀਆਂ ਵੱਲੋਂ ਵਿਆਹ ਨੂੰ ਇੱਕ ਵਪਾਰ ਦੇ ਤੌਰ 'ਤੇ ਲਿਆ ਜਾ ਰਿਹਾ ਹੈ ਅਤੇ ਵਿਆਹ ਦੇ ਸੌਦੇ 30-40 ਲੱਖ ਤੱਕ ਦੇ ਤੈਅ ਹੁੰਦੇ ਹਨ। ਏਨੀ ਰਕਮ ਲੈ ਕੇ ਵੀ ਵਿਦੇਸ਼ੀ ਲਾੜੇ ਲੜਕੀਆਂ ਨਾਲ ਧੋਖਾ ਕਰ ਰਹੇ ਹਨ ਅਤੇ ਹਜਾਰਾਂ ਲੜਕੀਆਂ ਨਾ ਵਿਆਹੀਆਂ ਅਤੇ ਨਾ ਹੀ ਕੁਆਰੀਆਂ ਵਾਲੀ ਹਾਲਤ 'ਚ ਵਿਦੇਸ਼ਾਂ ਵਿਚ ਜਾਣ ਦੀ ਝਾਕ ਵਿਚ ਬੁੱਢੀਆ ਹੋ ਰਹੀਆਂ ਅਤੇ ਉਹ ਕੋਰਟਾਂ ਦੇ ਚੱਕਰ ਕੱਟ ਰਹੀਆਂ ਹਨ। ਲੜਕੀਆਂ ਦੇ ਮਨਮਰਜੀ ਨਾਲ ਵਿਆਹ ਕਰਾਉਣ ਲਈ ਧਰਮ, ਜਾਤ, ਗੋਤ ਅਤੇ ਸਮਾਜਕ ਭਾਈਚਾਰਾ ਅੜਿਕਾ ਬਣਿਆ ਹੋਇਆ ਹੈ। ਸਿੱਟੇ ਵਜੋਂ ਅਣਖ ਖਾਤਰ ਕਤਲ ਦਾ ਵਰਤਾਰਾ ਵੱਧ ਰਿਹਾ ਹੈ। ਇਸ ਲਈ ਹਰਿਆਣਾ ਦੀਆਂ ਖਾਪ ਪੰਚਾਇਤਾਂ ਬੁਰੀ ਤਰ੍ਹਾਂ ਬਦਨਾਮ ਹਨ ਅਤੇ ਇਹ ਵਰਤਾਰਾ ਪੰਜਾਬ ਅੰਦਰ ਵੀ ਵੱਡੀ ਪੱਧਰ 'ਤੇ ਪਾਇਆ ਜਾਂਦਾ ਹੈ। ਨੈਸ਼ਨਲ ਪਾਪੂਲੇਸ਼ਨ ਸਟੈਟਿਕਸ ਸਰਵੇ ਮੁਤਾਬਿਕ 2007 ਦੌਰਾਨ ਸਮੁੱਚੇ ਦੇਸ਼ ਅੰਦਰ 655 ਕੁੜੀਆਂ-ਮੁੰਡਿਆਂ ਦੇ ਪ੍ਰੇਮ ਸਬੰਧਾਂ ਜਾਂ ਮਨਮਰਜੀ ਨਾਲ ਵਿਆਹ ਕਰਾਉਣ ਕਾਰਨ ਇਜ਼ਤ ਲਈ ਕਤਲ ਹੋਏ ਹਨ। ਉਨ੍ਹਾਂ ਵਿਚੋਂ ਕੇਵਲ ਦਿੱਲੀ ਅਤੇ ਪੰਜਾਬ ਵਿਚ ਹੀ 208 ਕਤਲ ਇਜ਼ਤ ਲਈ ਹੋਏ ਹਨ। ਪੂੰਜੀਵਾਦੀ ਰਿਸ਼ਤਿਆਂ ਦੇ ਭਾਰੂ ਹੋਣ ਨਾਲ ਰਿਸ਼ਤਿਆਂ ਵਿਚ ਹੀ ਕੁੜੱਤਣ ਵੱਧ ਰਹੀ ਹੈ ਅਤੇ ਇਸ ਨਾਲ ਵਿਆਹ ਸਬੰਧਾਂ ਵਿਚ ਵੀ ਤਰੇੜਾਂ ਆ ਰਹੀਆਂ ਹਨ। ਭਾਈਚਾਰਕ ਤੰਦਾਂ ਦੇ ਕਮਜ਼ੋਰ ਹੋਣ ਕਾਰਨ ਔਰਤ ਉਪਰ ਘਰੇਲੂ ਹਿੰਸਾ ਅਤੇ ਤਲਾਕ ਦੇ ਕਿਤਨੇ ਹੀ ਕੇਸ ਕੋਰਟਾਂ ਵਿਚ ਚਲ ਰਹੇ ਹਨ। ਪੰਜਾਬ ਦੀ ਨੌਜਵਾਨੀ ਵਿਚ ਸ਼ਰਾਬ ਅਤੇ ਨਸ਼ਿਆਂ ਦੀ ਵਰਤੋਂ ਕਾਰਨ ਔਰਤ ਮਰਦ ਰਿਸ਼ਤਿਆ ਚ ਹੋਰ ਵੀ ਵਿਗਾੜ ਆਏ ਹਨ। ਬਦਕਿਸਮਤੀ ਨਾਲ ਜੇਕਰ ਕੋਈ ਔਰਤ ਵਿਧਵਾ ਹੋ ਜਾਂਦੀ ਹੈ ਤਾਂ ਸਾਡਾ ਸਮਾਜ ਉਸ ਨੂੰ ਹੋਰ ਵੀ ਤ੍ਰਿਸਕਾਰ ਭਾਵਨਾ ਨਾਲ ਦੇਖਦਾ ਹੈ ਅਤੇ ਇਸ ਕਰਕੇ ਮਰਦ ਭਾਵੇਂ ਸ਼ਰਾਬੀ ਕੁਬਾਬੀ ਅਤੇ ਐਬੀ ਹੀ ਕਿਓਂ ਨਾ ਹੋਵੇ, ਵਿਆਹ ਦੇ ਬੰਧਨ ਵਿਚ ਰਹਿਣਾ ਔਰਤ ਲਈ ਇੱਕ ਸਮਜਾਕ ਮਜਬੂਰੀ ਬਣਿਆ ਹੋਇਆ ਹੈ। ਭਾਰਤੀ ਸਮਾਜ ਵਿਚ ਜਿਵੇਂ ਜਿਵੇਂ ਗਿਰਾਵਟ ਆ ਰਹੀ ਹੈ, ਤਿਵੇਂ ਤਿਵੇਂ ਭਾਰਤੀ ਸਮਾਜ ਵਿਚ ਕਲ਼ੰਕਤ ਸਮਝੇ ਜਾਂਦੇ ਵਰਤਾਰੇ ਸਾਹਮਣੇ ਆ ਰਹੇ ਹਨ ਅਤੇ ਇਸ ਵਿਚੋਂ ਇਕ ਵਰਤਾਰਾ ਸਮਲ਼ਿੰਗੀਪਣ ਦਾ ਹੈ। ਭਾਰਤੀ ਹਾਕਮ ਇਸ ਵਰਤਾਰੇ ਬਾਰੇ ਕੋਈ ਸਪਸ਼ਟ ਫੈਸਲਾ ਹੀ ਨਹੀਂ ਲੈ ਰਹੇ ਜਿਸ ਨਾਲ ਇਸ ਵਰਤਾਰੇ ਨੂੰ ਹੋਰ ਵੀ ਹਵਾ ਮਿਲ ਰਹੀ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਭਾਰਤ ਅੰਦਰ ਵਿਆਹ ਵਿਵਸਥਾ ਵੀ ਸੰਕਟ ਦੀ ਲਪੇਟ ਵਿਚ ਹੈ ਅਤੇ ਇਸ ਦਾ ਖ਼ਮਿਆਜਾ ਵੀ ਭਾਰਤੀ ਔਰਤ ਨੂੰ ਭੁਗਤਣਾ ਪੈ ਰਿਹਾ ਹੈ।


ਵਿਰਾਸਤ ਦੇ ਸੁਆਲ 'ਤੇ ਔਰਤ ਨਾਲ ਵਿਤਕਰਾ: ਸਾਡੇ ਨਿੱਜੀ ਜਾਇਦਾਦ 'ਤੇ ਅਧਾਰਤ ਮਰਦ ਪ੍ਰਧਾਨ ਸਮਾਜ ਅੰਦਰ ਮਾਪਿਆਂ ਦੀ ਵਿਰਾਸਤ ਉਪਰ ਵੀ ਮਰਦ ਭਾਰੂ ਹੁੰਦਾ ਹੈ ਅਤੇ ਔਲਾਦ ਦੇ ਗੋਤ ਵੀ ਮਰਦ ਦੇ ਗੋਤ ਤੋਂ ਤਹਿ ਹੁੰਦੇ ਹਨ। ਕਾਨੂੰਨੀ ਤੌਰ 'ਤੇ ਸਾਡੇ ਦੇਸ਼ ਅੰਦਰ ਭਾਵੇਂ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਦਾ ਅਧਿਕਾਰ ਹੈ ਪਰ ਅਮਲੀ ਰੂਪ ਵਿਚ ਜਾਇਦਾਦ 'ਤੇ ਮਰਦ ਹੀ ਭਾਰੂ ਹੁੰਦੇ ਹਨ। ਜੇਕਰ ਲੜਕੀ ਜਾਇਦਾਦ 'ਤੇ ਆਪਣੇ ਹੱਕ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਸਾਡਾ ਸਮਾਜ ਉਸ ਨੂੰ ਤ੍ਰਿਸਕਾਰ ਦੀਆਂ ਨਜ਼ਰਾਂ ਨਾਲ ਦੇਖਦਾ ਹੈ। ਜਾਇਦਾਦ 'ਤੇ ਹੱਕ ਜਤਾ ਕੇ ਉਸ ਨੂੰ ਪੇਕਿਆਂ ਨਾਲੋ ਟੁੱਟਣ ਦਾ ਖ਼ਤਰਾਂ ਸਹੇੜਨਾ ਪੈਂਦਾ ਹੈ।ਅਗਰ ਔਰਤ ਪੇਕਿਆਂ ਤੋਂ ਜਾਇਦਾਦ ਲੈ ਵੀ ਆਉਂਦੀ ਹੈ ਤਾਂ ਵੀ ਜਾਇਦਾਦ ਉਸ ਦੇ ਹੱਥ ਨਹੀਂ ਰਹਿੰਦੀ ਅਤੇ ਉਸ ਉਪਰ ਸਹੁਰੇ ਪਰਿਵਾਰ ਦਾ ਦਬਾਅ ਹੁੰਦਾ ਹੈ ਅਤੇ ਜਾਇਦਾਦ ਉਸ ਨੂੰ ਆਪਣੇ ਪਤੀ ਜਾਂ ਆਪਣੇ ਪੁਤਰਾਂ ਨੂੰ ਦੇਣ ਲਈ ਮਜਬੂਰ ਹੋਣਾ ਪੈਂਦਾ ਹੈ। ਜੇ ਔਰਤ ਅਜਿਹਾ ਨਹੀਂ ਕਰਦੀ ਤਾਂ ਜਾਇਦਾਦ ਉਸ ਦੀ ਜਾਨ ਦਾ ਖੌਅ ਬਣ ਜਾਂਦੀ ਹੈ। ਪੇਕਿਆਂ ਦੀ ਜਾਇਦਾਦ 'ਤੇ ਔਰਤ ਦੇ ਅਧਿਕਾਰ ਨੂੰ ਦਾਜ ਦੇ ਬਦਲ ਰਾਹੀਂ ਪੂਰਾ ਹੋਇਆ ਮੰਨ ਲਿਆ ਜਾਂਦਾ ਹੈ। ਮੁੰਡੇ ਨੂੰ ਬੁਢਾਪੇ ਦੀ ਡੰਗੋਰੀ ਮੰਨਿਆਂ ਜਾਂਦਾ ਹੈ ਅਤੇ ਕੁੜੀਆਂ ਨੂੰ ਬੇਗਾਨਾ ਧਨ ਸਮਝਿਆ ਜਾਂਦਾ ਹੈ। ਦਾਜ ਦੀ ਸਮੱਸਿਆ ਕਾਰਨ ਲੜਕੀਆਂ ਨੂੰ ਪਰਿਵਾਰ ਉਪਰ ਵਾਧੂ ਦਾ ਭਾਰ ਸਮਝਿਆ ਜਾਂਦਾ ਹੈ। ਪੇਕੇ ਸਾਰੀ ਉਮਰ ਵਿਆਹ ਸ਼ਾਦੀਆਂ, ਖੁਸ਼ੀਆਂ, ਗਮੀਆਂ ਅਤੇ ਤਿਓਹਾਰਾਂ ਸਮੇਂ ਸਹੁਰਿਆਂ ਦੇ ਦੇਣਦਾਰ ਰਹਿੰਦੇ ਹਨ। ਕੁੜੀਆਂ ਨੂੰ ਵਿਰਾਸਤ ਨੂੰ ਤੋਰਨ ਵਾਲੀਆਂ ਨਹੀਂ ਸਮਝਿਆਂ ਜਾਂਦਾ। ਇਸੇ ਕਰਕੇ ਮਾਪਿਆਂ ਦੇ ਕੁੜੀਆ ਭਾਵੇਂ ਕਿੰਨੀਆਂ ਵੀ ਕਿਓਂ ਨਾ ਹੋਣ ਵੰਸ਼ ਤੋਰਨ ਲਈ ਪੁੱਤ ਨੂੰ ਜ਼ਰੂਰੀ ਸਮਝਿਆ ਜਾਂਦਾ ਹੈ। ਵੰਸ਼ ਤੋਰਨ ਲਈ ਮਰਦ ਹੋਰ ਵਿਆਹ ਕਰਾਉਦੇ ਹਨ। ਇਥੋਂ ਤੱਕ ਕਿ ਸਾਡੇ ਰੂੜ੍ਹੀਵਾਦੀ ਸਮਾਜਕ ਪ੍ਰਬੰਧ ਦੇ ਦਬਾਅ ਕਾਰਨ ਬਹੁਤ ਸਾਰੀਆਂ ਔਰਤਾ ਨੂੰ ਵੰਸ਼ ਤੋਰਨ ਲਈ ਮਰਦ ਵੱਲੋ ਹੋਰ ਵਿਆਹ ਕਰਾਉਣ 'ਤੇ ਕੋਈ ਉਜ਼ਰ ਨਹੀਂ ਹੁੰਦਾ।ਭਾਵੇਂ ਮੈਡੀਕਲ ਸਾਇੰਸ ਇਹ ਕਹਿੰਦੀ ਹੈ ਕਿ ਲੜਕਾ ਪੈਦਾ ਨਾ ਕਰਨ ਦਾ ਜਿੰਮੇਵਾਰ ਮਰਦ ਹੁੰਦਾ ਹੈ ਪਰ ਇਸ ਦੇ ਬਾਵਜੂਦ ਜੇਕਰ ਕਿਸੇ ਔਰਤ ਦੇ ਲੜਕਾ ਪੈਦਾ ਨਹੀਂ ਹੁੰਦਾ ਤਾਂ ਇਸ ਦਾ ਕਸੂਰਵਾਰ ਔਰਤ ਨੂੰ ਹੀ ਸਮਝਿਆ ਜਾਂਦਾ ਹੈ ।ਜੇਕਰ ਕਿਸੇ ਔਰਤ ਦੇ ਬੱਚੇ ਪੈਦਾ ਨਹੀਂ ਹੁੰਦੇ ਤਾਂ ਉਸ ਨੂੰ ਔਂਤਰੀ ਕਹਿ ਕੇ ਮਨਹੂਸ ਸਮਝਿਆ ਜਾਂਦਾ ਹੈ। ਭਾਰਤ ਦੇ ਮੌਜੂਦਾ ਰਾਜ ਪ੍ਰਬੰਧ ਅੰਦਰ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਦੇਣ ਦੀ ਗੱਲ ਕੀਤੀ ਜਾ ਰਹੀ ਹੈ।ਪਰ ਇਸ ਪ੍ਰਬੰਧ ਅੰਦਰ ਜਿਥੇ ਔਰਤਾਂ ਦੀਆਂ ਵੋਟਾਂ 47 ਪ੍ਰਤੀਸ਼ਤ ਤੋਂ ਵੱਧ ਹਨ। ਪਰ ਇਸ ਦੇ ਬਾਵਜੂਦ ਭਾਰਤ ਦੀ ਲੋਕ ਸਭਾ 'ਚ ਔਰਤਾਂ ਦੀ ਪ੍ਰਤੀਸ਼ਤਤਾ 8 ਹੈ ਅਤੇ ਕੈਬਨਿਟ ਵਿਚ 8 ਹੈ। ਇਸ ਤੋਂ ਇਲਾਵਾ ਸੁਪਰੀਮ ਕੋਰਟ ਅਤੇ ਹਾਈਕੋਰਟ ਵਿਚ ਔਰਤ ਜੱਜਾਂ ਦੀ ਪ੍ਰਤੀਸ਼ਤਤਾ 4 ਹੈ। ਔਰਤਾਂ ਭਾਵੇਂ ਲੋਕ ਸਭਾ ਮੈਂਬਰ, ਵਿਧਾਨ ਸਭਾ ਮੈਂਬਰ, ਕੌਂਸਲਰ, ਸਰਪੰਚ, ਪੰਚ ਆਦਿ ਕਾਨੂੰਨੀ ਤੌਰ 'ਤੇ ਚੁਣੀਆਂ ਜਾਂਦੀਆਂ ਹਨ ਪਰ ਅਸਲ ਤਾਕਤ ਉਨ੍ਹਾਂ ਦੇ ਪਤੀਆਂ ਦੇ ਹੱਥ ਵਿਚ ਹੁੰਦੀ ਹੈ।
 
ਔਰਤ ਦੀ ਮਾਨਸਿਕ ਗੁਲਾਮੀ: ਕਿਸੇ ਵੀ ਕੌਮ ਜਾਂ ਜਮਾਤ ਨੂੰ ਉਨ੍ਹਾਂ ਚਿਰ ਗੁਲਾਮ ਨਹੀਂ ਬਣਾਇਆ ਜਾ ਸਕਦਾ ਜਿਨ੍ਹਾਂ ਚਿਰ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਗੁਲਾਮ ਨਾ ਬਣਾਇਆ ਜਾਵੇ। ਇਸੇ ਤਰ੍ਹਾਂ ਔਰਤ ਨੂੰ ਗੁਲਾਮ ਉਨ੍ਹਾਂ ਚਿਰ ਤੱਕ ਨਹੀਂ ਬਣਾਇਆ ਜਾ ਸਕਦਾ ਜਿਨ੍ਹਾਂ ਚਿਰ ਉਸ ਨੂੰ ਮਾਨਸਿਕ ਤੌਰ 'ਤੇ ਗੁਲਾਮ ਨਾ ਬਣਾਇਆ ਜਾਵੇ। ਭਾਰਤੀ ਔਰਤ ਨੂੰ ਸਹਿਣਸ਼ੀਲਤਾ ਅਤੇ ਸ਼ਾਤੀ ਦਾ ਪੁੰਜ ਕਹਿਕੇ ਵਡਿਆਇਆ ਜਾਂਦਾ ਹੈ। ਉਸ ਨੂੰ ਪਹਿਲਾਂ ਮਾਪਿਆਂ ਦੀ ਤਾਬਿਆਦਾਰ ਰਹਿਣ ਦਾ ਸਬਕ ਸਿਖਾਇਆ ਜਾਂਦਾ ਹੈ ਅਤੇ ਫਿਰ ਉਸ ਨੂੰ ਪਤੀ ਦੀ ਤਾਬਿਆਦਾਰੀ 'ਚ ਰਹਿਣ ਅਤੇ ਪਤੀਵਰਤਾ ਰਹਿਣ ਦੀ ਨਸੀਹਤ ਦੇ ਮਾਨਸਿਕ ਗੁਲਾਮੀ 'ਚ ਧੱਕ ਦਿੱਤਾ ਜਾਂਦਾ ਹੈ। ਉਸ ਨੂੰ ਉਸ ਦੇ ਦੁਖਾਂ ਸੁਖਾਂ ਲਈ ਕਰਮ ਕਾਂਡ ਦਾ ਸਬਕ ਪੜ੍ਹਾਇਆ ਜਾਂਦਾ ਹੈ। ਮਨੂ ਸਿਮਰਤੀ ਨੇ ਉਸ ਨੂੰ ਪੈਰ ਦੀ ਜੁੱੱਤੀ ਕਿਹਾ ਹੈ , ਸੀਤਾ ਨੂੰ ਆਪਣੀ ਪਵਿੱਤਰਤਾ ਸਾਬਤ ਕਰਨ ਲਈ ਅਗਨੀ ਪੀ੍ਰਖਿਆ ਦੇਣੀ ਪੇਂਦੀ ਹੈ। ਬੁੱਧ ਧਰਮ ਨੇ ਔਰਤ ਨੂੰ ਆਪਣੇ ਧਰਮ ਤੋਂ ਬਾਹਰ ਰੱਖਿਆ, ਕ੍ਰਿਸ਼ਨ ਦੀਆਂ ਗੋਪੀਆਂ ਨੂੰ ਦਾਸੀਆਂ ਬਣ ਕੇ ਰਹਿਣਾ ਪਿਆ, ਸਿਖ ਧਰਮ ਨੇ ਭਾਵੇਂ ਔਰਤਾਂ ਦੀ ਬਰਾਬਰਤਾ ਦੀ ਗੱਲ ਕੀਤੀ ਤਾਂ ਵੀ ਔਰਤਾਂ ਸਿਖ ਧਰਮ ਦੀਆਂ ਸਾਰੀਆਂ ਮਰਯਾਦਾਵਾਂ ਨਹੀਂ ਕਰ ਸਕਦੀਆਂ ਅਤੇ ਇਸ ਨੇ ਔਰਤ ਨੂੰ ਮਰਦ ਦੇ ਲੜ ਲਾਇਆ ਹੈ। ਇਸੇ ਤਰ੍ਹਾਂ ਹੋਰ ਧਰਮ ਵੀ ਔਰਤ ਨੂੰ ਮਰਦ ਦੇ ਬਰਾਬਰ ਦੀ ਹੈਸੀਅਤ ਨਹੀਂ ਦਿੰਦੇ। ਇਥੋਂ ਤੱਕ ਕਿ ਗੁਰੂਆਂ, ਪੀਰਾਂ, ਪੈਗੰਬਰਾਂ ਅਤੇ ਕੌਮੀ ਆਗੂਆਂ ਦੀਆਂ ਔਰਤਾਂ ਨੂੰ ਵੀ ਪਤੀਵਰਤਾ ਦੀ ਮਾਨਸਿਕ ਗੁਲਾਮੀ ਕਾਰਨ ਇੱਕੱਲੀਆਂ ਨੂੰ ਪੀੜਾ ਝੱਲਣੀ ਪੈਂਦੀ ਰਹੀ ਹੈ। ਕਿੱਸਿਆਂ ਅੰਦਰ ਵੀ ਔਰਤ ਨੂੰ ਗਿੱਚੀ ਪਿੱਛੇ ਮੱਤ ਕਹਿਕੇ ਭੰਡਿਆ ਗਿਆ ਹੈ ਅਤੇ ਤਿੰਨ ਸੌ ਸੱਠ ਚਲਿੱਤਰ ਨਾਰ ਦੇ ਨਾਲ ਨਿਵਾਜਿਆ ਗਿਆ ਹੈ।ਭਾਰਤੀ ਔਰਤ ਮੌਜੂਦਾ ਸਮਾਜ ਅੰਦਰ ਸੁਰੱਖਿਅਤ ਨਹੀਂ ਹੈ। ਇੱਕੱਲੀ ਔਰਤ ਦੂਰ ਦਾ ਇੱਕੱਲੀ ਸਫਰ ਨਹੀਂ ਕਰ ਸਕਦੀ ਅਤੇ ਨਾ ਹੀ ਉਹ ਇੱਕੱਲੀ ਰਾਤ ਨੂੰ ਬਾਹਰ ਨਿਕਲ ਸਕਦੀ ਹੈ। ਉਹ ਇੱਕ ਤਰ੍ਹਾਂ ਨਾਲ ਘਰ ਦੀ ਚਾਰਦੀਵਾਰੀ ਅੰਦਰ ਕੈਦ ਹੈ।ਜੇਕਰ ਕੋਈ ਔਰਤ ਰਾਤ ਨੂੰ ਬਾਹਰ ਨਿਕਲਣ ਦੀ ਹਿਮਾਕਤ ਕਰਦੀ ਹੈ ਤਾਂ ਉਹ ਬਲਾਤਕਾਰ ਅਤੇ ਛੇੜ-ਛਾੜ ਦਾ ਸ਼ਿਕਾਰ ਹੋ ਸਕਦੀ ਹੈ । ਮਰਦ ਬਹੁਤ ਸਾਰੀਆਂ ਔਰਤਾਂ ਨਾਲ ਸਬੰਧ ਰੱਖ ਕੇ ਵੀ ਪਵਿੱਤਰ ਹੁੰਦਾ ਹੈ ਅਤੇ ਮਰਦ ਹੋਰ ਔਰਤਾਂ ਨਾਲ ਸਬੰਧ ਰੱਖਣ ਨੂੰ ਆਪਣਾ ਜਨਮ ਸਿੱਧ ਅਧਿਕਾਰ ਰੱਖਦਾ ਹੈ ਪਰ ਜੇ ਕਰ ਕੋਈ ਔਰਤ ਵਿਆਹ ਤੋਂ ਬਿਨਾਂ ਕਿਸੇ ਮਰਦ ਨਾਲ ਸਬੰਧ ਰੱਖਦੀ ਹੈ ਤਾ ਉਸ ਨੂੰ ਬਦਚਲਣ ਕਿਹਾ ਜਾਂਦਾ ਹੈ।ਔਰਤ ਨੂੰ ਮਾਨਸਿਕ ਤੌਰ 'ਤੇ ਐਨਾ ਗੁਲਾਮ ਕੀਤਾ ਗਿਆ ਹੈ ਕਿ ਮਰਦ ਵੱਲੋਂ ਔਰਤ 'ਤੇ ਕੀਤੀ ਜਾ ਰਹੀ ਹਿੰਸਾ ਉਸ ਨੂੰ ਆਮ ਵਰਤਾਰਾ ਲਗਦੀ ਹੈ ਅਤੇ ਇੱਕ ਸਰਵੇ ਮੁਤਾਬਿਕ 46 ਪ੍ਰਤੀਸ਼ਤ ਔਰਤਾਂ ਮਰਦ ਵੱਲੋਂ ਕੁੱਟੇ ਜਾਣ ਨੂੰ ਵਾਜਬ ਸਮਝਦੀਆਂ ਹਨ। ਔਰਤ ਦੀ ਮੁਕਤੀ ਲਈ ਔਰਤ ਦੀ ਮਾਨਸਿਕ ਗੁਲਾਮੀ ਇੱਕ ਬਹੁਤ ਵੱਡਾ ਅੜਿਕਾ ਹੈ।


ਭਾਰਤੀ ਕਾਨੂੰਨ ਅਤੇ ਔਰਤ: ਭਾਰਤ ਵਿਚ ਅੰਗਰੇਜੀ ਹਕੂਮਤ ਤੋਂ ਲੈ ਕੇ ਹੁਣ ਤੱਕ ਦਰਜਨਾਂ ਕਾਨੂੰਨ ਬਣ ਚੁੱਕੇ ਹਨ।ਪਰ 1990ਵਿਆਂ ਤੋਂ ਸ਼ੁਰੂ ਹੋਈਆਂ ਨਵ-ਉਦਾਰਵਾਦੀ ਨੀਤੀਆਂ ਤੋਂ ਬਾਅਦ ਔਰਤਾਂ ਸਬੰਧੀ ਕਾਨੂੰਨਾਂ ਨੂੰ ਬਦਲਣ ਅਤੇ ਨਵਿਆਉਣ ਦਾ ਅਮਲ ਤੇਜ਼ ਹੋਇਆ ਹੈ। ਜਿਵੇਂ 1992 ਵਿਚ ਸੰਵਿਧਾਨ ਦੀ 73ਵੀਂ ਅਤੇ 74ਵੀਂ ਸੋਧ ਰਾਹੀਂ ਪੰਚਾਇਤ ਤੇ ਸਥਾਨਕ ਸਰਕਾਰਾਂ 'ਚ ਰਾਖਵੇਂਕਰਨ, ਭਰੁਣ ਹੱਤਿਆ ਰੋਕੂ ਕਾਨੂੰਨ ,1994 'ਚ ਦਾਜ ਵਿਰੋਧੀ ਕਾਨੂੰਨ, ਬਾਲ ਵਿਆਹ ਰੋਕੂ ਐਕਟ 2006, ਔਰਤ 'ਤੇ ਜਬਰ ਵਿਰੋਧੀ ਅਤੇ ਉਨ੍ਹਾਂ ਦੇ ਸਰਬ ਪੱਖੀ ਵਿਕਾਸ ਨਾਂ 'ਤੇ ਔਰਤ ਸ਼ਕਤੀਕਰਨ ਤਹਿਤ ਰਾਸ਼ਟਰੀ ਔਰਤ ਨੀਤੀ 2001 ਦਾ ਐਲਾਨ ਕੀਤਾ ਗਿਆ।ਇਸ ਨੀਤੀ ਤਹਿਤ ਰਾਸ਼ਟਰੀ ਮੰਡਲ, ਸਵੈ-ਸਹਾਇਕ ਗਰੁੱਪ , ਕਿਸ਼ੋਰ ਸਿੱਖਿਆ, ਮਹਿਲਾ ਮੰਡਲ , ਔਰਤਾਂ ਲਈ ਕਰਜ਼ੇ, ਘਰੇਲੂ ਦਸਤਕਾਰੀ , ਔਰਤਾਂ ਦੇ ਨਾਂ ਰਜਿਸਟਰੀ ਨੂੰ ਸਸਤਾ ਕੀਤਾ ਗਿਆ ਅਤੇ ਫਿਰ ਔਰਤ 'ਤੇ ਹਿੰਸਾ ਵਿਰੋਧੀ ਕਾਨੂੰਨ 2005 ਪਾਸ ਕੀਤਾ ਗਿਆ।ਭਾਰਤ ਦੀ ਬੁਰਜੂਆ ਵੋਟ ਪ੍ਰਣਾਲੀ ਵਿਚ ਲਗਪਗ ਅੱਧੀਆਂ ਵੋਟਾਂ ਔਰਤਾਂ ਦੀਆਂ ਹੋਣ ਦੇ ਬਾਵਜੂਦ ਪਾਰਲੀਮਾਨੀ ਪਾਰਟੀਆਂ ਦੇ ਵਿਰੋਧ ਕਾਰਨ ਔਰਤਾਂ ਲਈ ਲੋਕ ਸਭਾ ਅਤੇ ਵਿਧਾਨ ਸਭਾ ਵਿਚ 33 ਪ੍ਰਤੀਸ਼ਤ ਰਾਖਵੇਂਕਰਨ ਦਾ ਕਾਨੂੰਨ ਅਜੇ ਤੱਕ ਪਾਸ ਨਹੀਂ ਹੋ ਸਕਿਆ।ਪਰ ਜੇ ਇਨ੍ਹਾਂ ਕਾਨੂੰਨਾਂ 'ਤੇ ਝਾਤ ਮਾਰੀ ਜਾਵੇ ਅਤੇ ਜੋ ਇਨ੍ਹਾਂ ਕਾਨੂੰਨਾਂ ਵਿਚ ਕਿਹਾ ਹੈ, ਜੇ ਇਹ ਲਾਗੂ ਹੋ ਜਾਣ ਤਾਂ ਔਰਤ 'ਤੇ ਹਿੰਸਾਂ ਉਪਰ ਵੱਡੀ ਪੱਧਰ 'ਤੇ ਰੋਕ ਲਗ ਸਕਦੀ ਹੈ ਪਰ ਅਫਸੋਸ ਸਾਡਾ ਮੌਜੂਦਾ ਪ੍ਰਬੰਧ ਹੀ ਅਜਿਹਾ ਹੈ ਕਿ ਇਸ ਅੰਦਰ ਜਿੰਨੇ ਵੀ ਮਰਜੀ ਕਾਨੂੰਨ ਬਣਾ ਲਏ ਜਾਣ, ਔਰਤ ਨੂੰ ਨਾ ਮਰਦ ਦੇ ਬਰਾਬਰ ਦਾ ਰੁਤਬਾ ਮਿਲ ਸਕਦਾ ਹੈ ਅਤੇ ਨਾ ਹੀ ਔਰਤ 'ਤੇ ਹਿੰਸਾ ਰੋਕੀ ਜਾ ਸਕਦੀ ਹੈ। ਭਾਰਤ ਦੀ ਮਹਿੰਗੀ, ਗੁੰਝਲਦਾਰ ਅਤੇ ਖੱਜਲ ਖੁਆਰ ਕਰਨ ਵਾਲੀ ਨਿਆਂ ਪ੍ਰਣਾਲੀ ਵਿਚ ਔਰਤ ਨੂੰ ਖੱਜਲ ਖੁਆਰ ਤੋਂ ਬਿਨਾਂ ਹੋਰ ਕੁੱਝ ਵੀ ਪ੍ਰਾਪਤ ਨਹੀਂ ਹੋ ਸਕਦਾ। ਪੁਲਸ, ਕੋਰਟ ਅਤੇ ਕਚੈਹਰੀਆਂ ਵਿਚ ਜਾਣ ਵਾਲੀ ਔਰਤ ਨੂੰ ਹੀ ਸਾਡੇ ਸਮਾਜ ਵਿਚ ਕਲੰਕ ਸਮਝਿਆ ਜਾਂਦਾ ਹੈ ਕਿਓਂਕਿ ਇਹ ਸੰਸਥਾਵਾਂ ਔਰਤ ਨੂੰ ਹਿਕਾਰਤ ਦੀ ਨਿਗ੍ਹਾ ਨਾਲ ਦੇਖਦੀਆਂ ਹਨ। ਐਨੇ ਕਾਨੂੰਨ ਬਣਨ ਦੇ ਬਾਵਜੁਦ ਔਰਤਾਂ 'ਤੇ ਜ਼ੁਲਮ ਅਤੇ ਧੱਕਾ ਘਟਿਆ ਨਹੀਂ ਸਗੋਂ ਇਸ ਵਿਚ ਆਏ ਸਾਲ ਹੋਰ ਵਾਧਾ ਹੋ ਰਿਹਾ ਹੈ। ਲੱਖਾਂ ਕੇਸ ਕੋਰਟਾਂ ਵਿਚ ਸਾਲਾਂ ਬੱਧੀ ਲਕਟਦੇ ਰਹਿੰਦੇ ਹਨ। ਨੈਸ਼ਨਲ ਕਰਾਈਮ ਬਿਓਰੋ ਰਿਕਾਰਡ ਦੀ 2006 ਦੀ ਇੱਕ ਰਿਪੋਰਟ ਮੁਤਾਬਿਕ ਇੱਕ ਲੱਖ 64 ਹਜਾਰ ਔਰਤਾਂ ਜ਼ੁਲਮ ਦਾ ਸ਼ਿਕਾਰ ਹੋਈਆਂ ਜਿਨ੍ਹਾਂ ਵਿਚੋਂ 19348 ਔਰਤਾਂ ਬਲਾਤਕਾਰ ਦਾ ਸ਼ਿਕਾਰ ਹੋਈਆਂ ਅਤੇ 7618 ਔਰਤਾਂ ਦਾਜ ਦੀ ਬਲੀ ਚੜ੍ਹੀਆਂ। ਇਹ ਅੰਕੜੇ ਉਹ ਅੰਕੜੇ ਹਨ ਜਿਹੜੇ ਕਰਾਈਮ ਬਿਓਰੋ ਦੇ ਰਿਕਾਰਡ ਵਿਚ ਪਹੁੰਚੇ ਹਨ ਪਰ ਯੂ. ਐਨ. ਓ. ਦੀ ਰਿਪੋਰਟ ਮੁਤਾਬਿਕ 25,0000 ਔਰਤਾਂ ਹਰ ਸਾਲ ਦਾਜ ਦੀ ਬਲੀ ਚੜ੍ਹ ਜਾਂਦੀਆਂ ਹਨ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮੌਜੂਦਾ ਪ੍ਰਬੰਧ ਅੰਦਰ ਔਰਤਾਂ ਨਾਲ ਨਾ ਬਰਾਬਰੀ ਅਤੇ ਜ਼ੁਲਮ ਨੂੰ ਕਾਨੂੰਨ ਬਣਾ ਕੇ ਖ਼ਤਮ ਨਹੀਂ ਕੀਤਾ ਜਾ ਸਕਦਾ।
 
ਰਾਜ ਮਸ਼ੀਨਰੀ ਅਤੇ ਔਰਤ: ਆਮ ਤੌਰ 'ਤੇ ਜਦੋਂ ਔਰਤ ਉਪਰ ਜ਼ੁਲਮ, ਵਿਤਕਰੇ ਅਤੇ ਹਿੰਸਾ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਸ ਲਈ ਮਰਦ ਨੂੰ ਹੀ ਜਿੰਮੇਂਵਾਰ ਸਮਝ ਲਿਆ ਜਾਂਦਾ ਹੈ ਅਤੇ ਇਹ ਗੱਲ ਭੁਲਾ ਦਿੱਤੀ ਜਾਂਦੀ ਹੈ ਕਿ ਮਰਦ ਖੁਦ ਇਸ ਮੌਜੂਦਾ ਪ੍ਰਬੰਧ ਦੀ ਪੈਦਾਵਾਰ ਹੈ । ਇਹ ਗੱਲ ਵੀ ਭੁਲਾ ਦਿੱਤੀ ਜਾਂਦੀ ਹੈ ਕਿ ਮਿਹਨਤਕਸ਼ ਮਰਦ ਤਾਂ ਇਸ ਪ੍ਰਬੰਧ ਵਿਚ ਲੁਟੇਰੀਆਂ ਜਮਾਤਾਂ ਹੱਥੋਂ ਲੁੱਟ ਅਤੇ ਦਾਬੇ ਦਾ ਖੁਦ ਸ਼ਿਕਾਰ ਹਨ।ਪਰ ਮਰਦ ਦੇ ਉਲਟ ਔਰਤ ਨੂੰ ਇਸ ਪ੍ਰਬੰਧ ਵਿਚ ਦੋਹਰੀ ਗੁਲਾਮੀ ਝੱਲਣੀ ਪੇ ਰਹੀ ਹੈ। ਇੱਕ ਪਾਸੇ ਔਰਤ ਨੂੰ ਮਰਦ ਦਾ ਦਾਬਾ ਝੱਲਣਾ ਪੈਂਦਾ ਹੈ ਅਤੇ ਦੂਜੇ ਪਾਸੇ ਉਹ ਹੋਰ ਕਿਰਤੀ ਵਾਂਗ ਹੀ ਇਸ ਪ੍ਰਬੰਧ ਦੀ ਲੁੱਟ ਅਤੇ ਦਾਬੇ ਦਾ ਸ਼ਿਕਾਰ ਹੈ। ਇਸ ਕਰਕੇ ਮਰਦ ਅਤੇ ਔਰਤ ਦੋਵਾਂ ਦਾ ਸਾਂਝਾ ਦੁਸ਼ਮਣ ਇਹ ਲੁਟੇਰਾ ਅਤੇ ਜਾਬਰ ਰਾਜ ਪ੍ਰਬੰਧ ਹੈ। ਇਹ ਰਾਜ ਮਸ਼ੀਨਰੀ ਹੈ ਜਿਹੜੀ ਕੌਮੀ ਮੁਕਤੀ ਲਈ ਲੜ ਰਹੀਆਂ ਕੌਮੀਅਤਾਂ, ਜਮਹੂਰੀ ਹੱਕਾਂ ਲਈ ਲੜ ਰਹੇ ਜਮਹੂਰੀਅਤ ਪਸੰਦ ਲੋਕਾਂ, ਆਪਣੀਆਂ ਮੰਗਾਂ ਲਈ ਲੜ ਰਹੇ ਮਿਹਨਤਕ ਲੋਕਾਂ ਦੇ ਜਮਾਤੀ ਘੋਲਾਂ ਨੂੰ ਕੁਚਲਦੀ ਹੈ। ਇਹ ਰਾਜ ਮਸ਼ੀਨਰੀ ਹੀ ਹੈ ਜਿਹੜੀ ਸਭ ਤੋਂ ਵੱਧ ਗੈਰ ਜਮਹੂਰੀ ਹੈ ਅਤੇ ਇਹ ਰਾਜ ਮਸ਼ੀਨਰੀ ਹੀ ਹੈ ਜਿਹੜੀ ਹਾਕਮ ਜਮਾਤਾਂ ਵਿਰੁੱਧ ਘੋਲ਼ਾਂ ਨੂੰ ਦਬਾਉਂਦੀ ਕੁਚਲਦੀ ਹੈ।ਇਹ ਰਾਜ ਮਸ਼ੀਨਰੀ ਦਾ ਅੰਗ ਪੁਲਸ ਅਤੇ ਫੌਜ ਹੀ ਹੈ ਜਿਹੜੀ ਮਿਹਨਤਕਸ਼ ਮਰਦਾਂ ਦੇ ਨਾਲ ਨਾਲ ਮਿਹਨਤਕਸ਼ ਔਰਤਾਂ ਦੇ ਜਮਾਤੀ ਅਤੇ ਜਮਹੂਰੀ ਹੱਕਾਂ ਨੂੰ ਕੁਚਲਦੀ ਹੈ।ਇਹ ਪੁਲਸ ਹੀ ਜੋ ਅਮੀਰਾਂ ਵੱਲੋਂ ਔਰਤਾਂ ਉਪਰ ਕੀਤੇ ਜਾਂਦੇ ਜਬਰ, ਬਲਾਤਕਾਰ ਅਤੇ ਹਿੰਸਾ ਨੂੰ ਦਬਾਉਂਦੀ ਹੀ ਨਹੀਂ ਸਗੋਂ ਇਨ੍ਹਾਂ ਕੁਕਰਮਾਂ ਵਿਚ ਖੁਦ ਵੀ ਭਾਗੀਦਾਰ ਹੁੰਦੀ ਹੈ। ਇਹ ਪੁਲਸ ਅਤੇ ਪੈਰਾ-ਮਿਲਟਰੀ ਫੋਰਸਜ਼ ਹੀ ਹਨ ਜਿਹੜੀਆਂ ਦੇਸ਼ੀ-ਵਿਦੇਸ਼ੀ ਕੰਪਨੀਆਂ ਵੱਲੋਂ ਦੇਸ਼ ਦੇ ਮਾਲ ਖਜ਼ਾਨਿਆਂ ਦੀ ਲੁੱਟ ਵਿਰੁੱਧ ਉਠੇ ਆਦਿਵਾਸੀਆਂ ਨੂੰ ਕੁਚਲ ਰਹੀਆਂ ਹਨ। ਇਹ ਪੁਲਸ, ਪੈਰਾ-ਮਿਲਟਰੀ ਫੋਰਸਜ਼ ਅਤੇ ਫੌਜ ਹੀ ਹੈ ਜਿਹੜੀ ਜੰਮੂ-ਕਸ਼ਮੀਰ, ਉਤਰ-ਪੂਰਬੀ ਖਿੱਤਿਆਂ ਵਿਚ ਚੱਲ ਰਹੀਆਂ ਕੌਮੀ ਮੁਕਤੀ ਲਹਿਰਾਂ ਨੂੰ ਦਬਾਉਣ ਲਈ ਉਨ੍ਹਾਂ ਦੀਆਂ ਬਹੂ-ਬੇਟੀਆਂ ਨਾਲ ਬਲਾਤਕਾਰ ਕਰ ਰਹੀਆਂ ਹਨ ਅਤੇ ਉਨ੍ਹਾਂ ਵਿਰੁੱਧ ਝੂਠੇ ਪੁਲਸ ਮੁਕਾਬਲੇ ਬਣਾ ਰਹੀਆਂ ਹਨ।ਮਨੀਪੁਰ ਵਿਚ ੩੨ ਸਾਲਾ ਮਨੋਰਮਾ ਨੂੰ ਚੁੱਕ ਕੇ ਉਸ ਨਾਲ ਬਲਾਤਕਾਰ ਕੀਤਾ ਜਾਂਦਾ ਹੈ ਅਤੇ ਫਿਰ ਉਸ ਦੇ ਜਣਨ ਅੰਗਾਂ ਵਿਚ ਚਾਰ ਅਤੇ ਛਾਤੀ ਵਿਚ ੫ ਗੋਲੀਆਂ ਮਾਰੀਆਂ ਜਾਂਦੀਆਂ ਹਨ। ਜ਼ੁਲਮ, ਤਸੱਦਦ ਅਤੇ ਬਲਾਤਕਾਰਾਂ ਤੋਂ ਤੰਗ ਆ ਕੇ 40-50 ਮਨੀਪੁਰੀ ਔਰਤਾਂ ਨੂੰ ਅਸਮ ਰਾਈਫਲਜ਼ ਦੇ ਦਫਤਰ ਅੱਗੇ ਅਲਫ਼ ਨੰਗੀਆਂ ਹੋ ਕੇ ਰੋਸ ਮਜਾਹਰਾ ਕਰਕੇ ਕਹਿਣਾ ਪੈਂਦਾ ਹੈ ਕਿ 'ਆਓ ਸਾਡੇ ਨਾਲ ਬਲਾਤਕਾਰ ਕਰੋ'। ਅਸਾਮ ਦੀ ਇਰੋਮ ਸ਼ਰਮੀਲਾ ਨੂੰ ਫੌਜ ਨੂੰ ਵਿਸ਼ੇਸ਼ ਅਧਿਕਾਰ ਦਿੰਦੇ ਕਾਨੂੰਨ ਅਫਸਪਾ ਨੂੰ ਹਟਾਉਣ ਵਿਰੁੱਧ ੧੦ ਸਾਲ ਤੋਂ ਮਰਨ ਵਰਤ ਰੱਖਣ ਲਈ ਮਜਬੂਰ ਹੋਣਾ ਪੈਂਦਾ ਹੈ। ਛਤੀਸ਼ਗੜ ਦੀ ਲੜਕੀ ਸਾਨੀ ਸ਼ੋਰੀ ਦੇ ਜਣਨ ਅੰਗਾਂ ਵਿਚ ਪੱਥਰ ਦੇ ਵੱਟੇ ਭਰ ਦਿੱਤੇ ਜਾਂਦੇ ਹਨ। ਜੰੰਮੂ-ਕਸਮੀਰ ਵਿਚ ਭਾਰਤੀ ਫੌਜ ਵੱਲੋਂ ਸਭ ਤੋਂ ਵੱਧ ਸ਼ਿਕਾਰ ਔਰਤਾਂ ਨੂੰ ਬਣਾਇਆ ਜਾ ਰਿਹਾ ਹੈ ਅਤੇ ਉਥੇ ਸ਼ਾਇਦ ਹੀ ਕੋਈ ਪਰਿਵਾਰ ਬਚਿਆ ਹੋਵੇ ਜਿਸ ਦੀ ਅੰਗਲੀ ਸੰਗਲੀ ਨੇ ਭਾਰਤੀ ਫੌਜ ਦੇ ਜਬਰ ਦਾ ਸੇਕ ਨਾ ਝਲਿਆ ਹੋਵੇ। ਜੰਮੂ-ਕਸਮੀਰ ਵਿਚ ਫਰਜ਼ੀ ਮੁਕਾਬਲਿਆਂ ਵਿਚ ਮਾਰੇ ਗਏ ਹਜਾਰਾਂ ਲਾਪਤਾ ਮਰਦਾਂ ਦੀਆਂ ਵਿਆਹੀਆਂ ਹੋਈਆਂ ਪਤਨੀਆਂ ਨਾ ਵਿਧਵਾਵਾਂ ਹਨ ਅਤੇ ਨਾ ਹੀ ਸੁਹਾਗਣਾ ਹਨ।ਭਾਰਤੀ ਔਰਤਾਂ ਨਾਲ ਜੈਸਿਕਾ ਲਾਲ ਕਾਂਡ, ਤੰਦੂਰ ਕਾਂਡ ਅਤੇ ਪੱਤਰਕਾਰ ਸਵਾਨੀ ਦਾ ਕਤਲ ਹੋ ਜਾਂਦਾ ਹੈ ਪਰ ਇਹ ਕਾਂਡ ਅਸਰ ਰਸੂਖ ਵਾਲੇ ਘਰਾਣਿਆਂ ਨਾਲ ਸਬੰਧਤ ਹੋਣ ਕਰਕੇ ਦੋਸ਼ੀਆਂ ਨੂੰ ਆਂਚ ਨਹੀਂ ਅਉਂਦੀ ਅਤੇ ਸਾਡੇ ਦੇਸ਼ ਦੀ ਰਾਜ ਮਸ਼ੀਨਰੀ ਸ਼ਰੇਆਮ ਦੋਸ਼ੀਆਂ ਨੂੰ ਬਚਾਉਣ ਲਈ ਯਤਨਸ਼ੀਲ ਰਹਿੰਦੀ ਹੈ। ਸਾਡੇ ਦੇਸ਼ ਦੀ ਰਾਜ ਮਸ਼ੀਨਰੀ ਦਾ ਐਨਾ ਅਪਰਾਧੀਕਰਨ ਹੋ ਚੁੱਕਾ ਹੈ ਕਿ ਇੱਕੱਲੀ ਔਰਤ ਥਾਣੇ ਵਿਚ ਰਿਪੋਰਟ ਲਿਖਾਉਣ ਤੱਕ ਦੀ ਜੁਅੱਰਤ ਨਹੀਂ ਕਰ ਸਕਦੀ।
 
ਔਰਤ ਦੀ ਗੁਲਾਮੀ ਦਾ ਕਾਰਨ ਅਤੇ ਹੱਲ:ਔਰਤ ਦੀ ਗੁਲਾਮੀ ਦੇ ਅਲੱਗ ਅਲੱਗ ਵਿਦਵਾਨਾ ਵੱਲੋਂ ਅਲੱਗ ਅਲੱਗ ਕਾਰਨ ਦੱਸੇ ਗਏ ਹਨ । ਪਰ ਇਸ ਦੇ ਬੁਨਿਆਦੀ ਕਾਰਨਾ ਨੂੰ ਬੁਝਣ ਲਈ ਸਾਨੂੰ ਸਮਾਜ ਦੇ ਵਿਕਾਸ ਉਪਰ ਇੱਕ ਮੋਟੀ ਜਾਤ ਮਾਰਨੀ ਪਵੇਗੀ।ਮਨੁੱਖੀ ਇਤਿਹਾਸ ਤਿੰਨ ਪੜਾਵਾਂ ਵਿਚੋ ਨਿਕਲ ਕੇ ਹੁਣ ਚੌਥੇ ਪੜਾਅ 'ਚ ਦਾਖਲ ਹੋ ਚੁੱਕਾ ਹੈ। ਪਹਿਲਾ ਪੜਾਅ ਮਨੁੱਖ ਦਾ ਜੰਗਲ 'ਚ ਕਬੀਲੇ ਦੇ ਤੌਰ 'ਤੇ ਰਹਿਣ ਦਾ ਹੈ। ਕੰਮ ਦੀ ਵੰਡ ਕੁਦਰਤੀ ਸੀ ਤੇ ਔਰਤ ਨੂੰ ਪ੍ਰਮੁੱਖਤਾ ਹਾਸਲ ਸੀ , ਪਰ ਜਿਵੇਂ ਜਿਵੇਂ ਕਿਰਤ ਵੱਧ ਫਲਦਾeਕਿ ਬਣਦੀ ਗਈ, ਕਬੀਲੇ ਆਪਣੀ ਜ਼ੱਦ ਅਤੇ ਹੱਦ 'ਚ ਵਾਧਾ ਕਰਦੇ ਗਏ ਤੇ ਨਾਲ ਹੀ ਦੂਜੇ ਕਬੀਲੇ ਦੀਆਂ ਔਰਤਾਂ ਉੱਪਰ ਵੀ ਆਪਣਾ ਹੱਕ ਜਤਾਉਣ ਲੱਗੇ। ਇਸ ਤਰ੍ਹਾਂ ਔਰਤ ਮਰਦ ਦੀ ਗੁਲਾਮ ਹੋਣੀ ਸ਼ੁਰੂ ਹੋ ਗਈ। ਏਂਗਲਜ਼ ਅਨੁਸਾਰ ਔਰਤਾਂ 'ਤੇ ਦਾਬਾ ਨਿੱਜੀ ਜਾਇਦਾਦ ਦੇ ਹੋਂਦ 'ਚ ਆਉਣ ਨਾਲ ਸ਼ੁਰੂ ਹੋਇਆ ।ਕਬੀਲੇ ਭਾਈਚਾਰੇ ਦੀ ਥਾਂ ਰਾਜਿਆਂ ਦਾ ਯੁੱਗ ਰਾਜਿਆਂ ਦਾ ਸਾਰੀ ਜ਼ਮੀਨ ਜਾਇਦਾਦ 'ਤੇ ਮਾਲਕੀ ਦਾ ਯੁੱਗ ਸਾਹਮਣੇ ਆਇਆ।ਦੂਜੇ ਪੜਾਅ 'ਤੇ ਸਮਾਜ ਮਾਲਕਾਂ ਅਤੇ ਦਾਸਾਂ 'ਚ ਵੰਡਿਆ ਗਿਆ। ਮਾਲਕ ਦਾਸ ਨੂੰ ਵੇਚ ਸਕਦਾ ਸੀ, ਮਾਰ ਸਕਦਾ ਸੀ, ਦਾਸਾਂ ਦੀਆਂ ਔਰਤਾਂ ਤੇ ਬੱਚੇ ਵੀ ਦਾਸ ਦਾਸੀਆਂ ਬਣ ਗਏ। ਔਰਤ ਦੀ ਕਿਰਤ ਹੀ ਮੁਫ਼ਤ ਨਹੀਂ ਸਮਝੀ ਜਾਣ ਲੱਗੀ ਸਗੋਂ ਔਰਤ ਨੂੰ ਵੀ ਇੱਕ ਭੋਗ ਵਿਲਾਸ ਦੀ ਵਸਤੂ ਦੇ ਤੌਰ 'ਤੇ ਸਮਝਿਆ ਜਾਣ ਲੱਗਿਆ।ਇਸੇ ਸਮੇਂ ਦਾਸ ਦਾਸੀਆਂ ਦੇ ਬਾਜ਼ਾਰ ਹੋਂਦ ਵਿਚ ਆਏ, ਜਿਥੇ ਔਰਤਾਂ ਨੂੰ ਵਸਤੂ ਵਾਂਗ ਬੋਲੀ ਲਾ ਕੇ ਵੇਚਿਆ ਖ੍ਰਿਦਆ ਜਾਂਦਾ ਸੀ।ਰਾਜਿਆਂ ਖ਼ਿਲਾਫ ਦਾਸਾਂ ਦੀਆਂ ਬਗਾਵਤਾਂ ਉਠੀਆਂ, ਸਮਾਜਿਕ ਤਬਦੀਲੀ ਹੋਈ, ਸਿੱਧੀ ਗੁਲਾਮੀ ਦੀ ਥਾਂ ਹੁਣ ਜ਼ਮੀਨ ਦੀ ਮਾਲਕੀ ਰਾਹੀਂ ਲੁੱਟ ਤੇ ਦਾਬੇ ਦੀ ਪ੍ਰਥਾ ਸ਼ੁਰੂ ਹੋਈ। ਇਸ ਤਰ੍ਹਾਂ ਸਮਾਜ ਦਾ ਤੀਜਾ ਪੜਾਅ ਜਗੀਰਦਾਰੀ ਯੁੱਗ ਸ਼ੁਰੂ ਹੋਇਆ। ਵੱਡੇ ਵੱਡੇ ਜ਼ਮੀਨ ਮਾਲਕਾਂ ਨੂੰ ਜਗੀਰਦਾਰ ਕਿਹਾ ਜਾਣ ਲੱਗਿਆ ਜੋ ਕਿਸਾਨਾਂ, ਕਾਰੀਗਰਾਂ, ਮਜ਼ਦੁਰਾਂ ਦੀ ਜ਼ਮੀਨ 'ਤੇ ਕਿਰਤ ਦੀ ਮਾਲਕੀ 'ਤੇ ਰਾਜਸੀ ਦਾਬੇ ਦੇ ਆਧਾਰ 'ਤੇ ਵਟਾਈ, ਲਗਾਨ, ਸੇਪੀ ਤੇ ਵਗਾਰ ਰਾਹੀਂ ਲੁੱਟ ਤੇ ਜਬਰ ਦਾ ਸ਼ਿਕਾਰ ਬਣਾਉਂਦੇ ਸਨ। ਮਰਦ ਕਾਮਿਆਂ ਦੀ ਤਰ੍ਹਾਂ ਔਰਤਾਂ ਨੂੰ ਖੇਤਾਂ 'ਚ ਕੰਮ ਕਰਨਾ ਪੈਂਦਾ ਸੀ ਜਗੀਰਦਾਰ ਜਵਾਨ ਔਰਤਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ। ਜਿਸ ਦੇ ਡਰੋਂ ਬੇਟੀ ਦਾ ਹੋਣਾ ਸਰਾਪ ਸਮਝਿਆਂ ਜਾਣ ਲੱਗਿਆ। ਕੁੜੀਆਂ ਨੂੰ ਗਲ ਘੁਟ ਕੇ ਮਾਰਨ, ਦਾਜ, ਬਾਲ, ਵਿਆਹ ਦਾਸੀ ਤੇ ਸਤੀ ਪ੍ਰਥਾ ਵਰਗੀਆਂ ਕੁਰੀਤੀਆਂ ਪੈਦਾ ਹੋਈਆਂ। ਜਗੀਰਦਾਰੀ ਖ਼ਿਲਾਫ ਕਿਸਾਨਾਂ, ਕਾਰੀਗਰਾਂ ਤੇ ਮਜ਼ਦੂਰਾਂ ਦੀਆਂ ਬਗਾਵਤਾਂ ਉਠੀਆਂ, ਔਰਤਾਂ ਦੇ ਹੱਕ 'ਚ ਆਵਾਜ਼ ਉੱਠਣੀ ਸ਼ੁਰੂ ਹੋਈ। ਔਰਤਾਂ ਦੇ ਖੇਤੀ, ਸਨਅਤ ਤੇ ਸੇਵਾਵਾਂ ਦੇ ਸਮਾਜਿਕ ਖੇਤਰਾਂ 'ਚ ਕੰਮ ਕਰਨ 'ਤੇ ਉਨ੍ਹਾਂ ਦੀ ਚੇਤੰਨਤਾ ਵਿਕਸਿਤ ਹੋਈ। ਯੁਗ ਤਬਦੀਲੀ ਹੋਈ।ਸਰਮਾਏਦਾਰੀ ਦਾ ਚੌਥਾ ਪੜਾਅ ਹੋਂਦ 'ਚ ਆਇਆ। ਜਿਸ 'ਚ ਖੇਤੀ ਦੇ ਨਾਲ ਨਾਲ ਦਸਤਕਾਰੀ ਅਤੇ ਵੱਡੇ ਵੱਡੇ ਕਾਰਖਾਨੇ ਹੋਂਦ ਵਿਚ ਆਏ।ਵੱਡੇ ਵੱਡੇ ਸ਼ਹਿਰ ਹੋਂਦ ਵਿਚ ਆਏ। ਵੱਡੇ ਬੈਂਕ, ਕਾਰਖਾਨੇ ਤੇ ਫਰਮਾਂ ਦੇ ਮਾਲਕ ਹੋਂਦ 'ਚ ਆਏ। ਬੈਂਕ, ਤਕਨੀਕ, ਸਨਅਤ ਤੇ ਸਸਤੀ ਮਿਹਨਤ ਦੀ ਲੁੱਟ ਨੇ ਸੰਸਾਰ 'ਤੇ ਆਪਣੀ ਹੈਸੀਅਤ ਜਮਾਂ ਲਈ। ਇਸ ਯੁੱਗ ਵਿਚ ਅਜਿਹੇ ਮਰਦਾਂ-ਔਰਤਾਂ ਦੀ ਜਮਾਤ ਹੋਂਦ 'ਚ ਆਈ ਜਿਸ ਕੋਲ ਜਿਓਣ ਲਈ ਆਪਣੀ ਕਿਰਤ ਸ਼ਕਤੀ ਵੇਚਣ ਤੋਂ ਸਿਵਾਏ ਹੋਰ ਕੁੱਝ ਵੀ ਨਹੀਂ ਸੀ। 


ਔਰਤ ਮੁਕਤੀ ਲਈ ਉਠੇ ਨਾਰੀਵਾਦੀ ਸੁਧਾਰਵਾਦੀ ਅੰਦੋਲਨ: 19ਵੀਂ 20ਵੀਂ ਸਦੀ ਵਿਚ ਸੰਸਾਰ ਪੱਧਰ 'ਤੇ ਔਰਤਾਂ ਨੇ ਜੱਥੇਬੰਦਕ ਸੰਘਰਸ਼ਾਂ ਰਾਹੀਂ ਤਲਾਕ ਲੈਣ, ਵੋਟਾਂ ਦਾ ਹੱਕ, ਨਿੱਜੀ ਜਾਇਦਾਦ ਤੇ ਕੰਮ ਦੀ ਦਿਹਾੜੀ ਦੇ ਘੰਟੇ ਘੱਟ ਕਰਨ ਵਰਗੇ ਅਨੇਕਾਂ ਹੱਕ ਹਾਸਲ ਕੀਤੇ।ਇਥੇ ਨਾਰੀਵਾਦੀ ਸੁਧਾਰਵਾਦੀ ਵਿਚਾਰਕ ਔਰਤ ਦੀ ਪਰੂਨ ਮਕਤੀ ਦੇ ਸੁਆਲ ਨੂੰ ਸਮਝਣ ਵਿਚ ਅਸਮਰੱਥ ਰਹੇ। ਉਹ ਔਰਤ ਦੇ ਸਮਾਜਿਕ ਪੈਦਾਵਾਰ 'ਚ ਥੋੜਾ ਬਹੁਤਾ ਹਿੱਸਾ ਲੈਣ ਦੀ ਖੁੱਲ੍ਹ, ਮਰਦ ਵਿਰੋਧਤਾ ਅਤੇ ਨਿਗੂਣੇ ਆਰਥਿਕ ਸੁਧਾਰਾਂ ਤੱਕ ਹੀ ਸੀਮਿਤ ਰਹੇ।ਇਨ੍ਹਾਂ ਦੇ ਬਾਵਜੁਦ ਅੱਜ ਵੀ ਔਰਤ ਮਰਦ, ਧਰਮ, ਰਾਜ, ਘਰੇਲੂ ਕੰਮਾਂ ਕਾਰਾਂ, ਪਰਿਵਾਰ ਤੇ ਵਿਆਹ ਵਰਗੀਆਂ ਲੁੱਟ ਤੇ ਦਾਬੇ ਵਾਲੀਆਂ ਪ੍ਰਣਾਲੀਆਂ ਦੀ ਗੁਲਾਮੀ ਹੇਠ ਜਿਓਂ ਰਹੀ ਹੈ। ਅਗਸਤ ਕਾਮਤੇ ਔਰਤ ਦੀ ਗੁਲਾਮੀ ਦਾ ਮੂਲ ਕਾਰਨ 'ਨਾਰੀ ਸਰੀਰ ਦੀ ਕੁਦਰਤੀ ਕਮਜ਼ੋਰੀ' ਵਿਚ ਦੇਖਦਾ ਰਿਹਾ ।ਏ. ਕੌਂਦਰਸੇ ਅਨੁਸਾਰ ਔਰਤ ਦੀ ਮੁਕਤੀ ਕਾਨੂੰਨੀ ਸਮਾਨਤਾ ਅਤੇ ਔਰਤ ਦੇ ਸਿੱਖਿਅਤ ਹੋਣ ਵਿਚ ਦੇਖਦਾ ਰਿਹਾ। ਪਰ ਔਰਤ ਦੀ ਗੁਲਾਮੀ ਦੇ ਇਹ ਬੁਨਿਆਦੀ ਕਾਰਨ ਨਹੀਂ ਹਨ। ਇਤਿਹਸ ਵਿਚ ਅਨੇਕਾਂ ਅਜਿਹੇ ਭਟਕਾਅ ਆਏ ਅਤੇ ਇਹ ਅੱਜ ਪ੍ਰਚਲਤ ਹਨ। ਅੱਜ ਵੀ ਸਾਮਰਾਜੀ, ਸਰਮਾਏਦਾਰੀ ਦੇ ਟੁਕੜਿਆਂ 'ਤੇ ਪਲਦੀਆਂ ਅਖੌਤੀ ਔਰਤ ਜਥੇਬੰਦੀਆਂ, ਔਰਤਾਂ ਦੀ ਮੁਕਤੀ ਨੂੰ ਕੇਵਲ ਮਰਦ ਵਿਰੋਧਤਾ, ਔਰਤਾਂ ਲਈ ਚੰਦ ਕੁ ਆਰਥਿਕ ਮੰਗਾਂ ਤੇ ਨਿਗੂਣੇ ਸੁਧਾਰਾਂ ਤੱਕ ਸੀਮਿਤ ਕਰਦਿਆਂ ਜਿਥੇ ਜੁਝਾਰੂ ਔਰਤਾਂ ਦੀ ਚੇਤੰਨਤਾ ਨੂੰ ਖੁੰਡਾ ਕਰਦੀਆਂ ਹਨ, ਉਥੇ ਇਨਕਲਾਬੀ ਤਾਕਤ ਨੂੰ ਕਮਜ਼ੋਰ ਕਰਨ ਦਾ ਆਧਾਰ ਵੀ ਬਣਦੀਆਂ ਹਨ। 


ਔਰਤ ਮੁਕਤੀ ਦੀ ਸਮਾਜਵਾਦੀ ਧਾਰਾ: ਮਾਰਕਸ, ਏਂਗਲਜ਼ ਤੇ ਲੈਨਿਨ ਜਿਨ੍ਹਾਂ ਨੇ ਸਮਾਜ ਦਾ ਢੁੰਘਾਈ ਨਾਲ ਅਧਿਐਨ ਕੀਤਾ, ਨੇ ਔਰਤ ਮੁਕਤੀ ਦਾ ਸਹੀ ਰਾਹ ਪੇਸ਼ ਕੀਤਾ, ਉਨ੍ਹਾਂ ਨੇ ਔਰਤ ਦੀ ਮੁਕਤੀ ਤੇ ਬਰਾਬਰਤਾ ਨੂੰ ਸਮੁੱਚੇ ਕਿਰਤੀ ਵਰਗ ਦੀ ਬਰਾਬਰਤਾ ਨਾਲ ਜੋੜਿਆ। ਸਰਮਾਏਦਾਰੀ ਦੇ ਲੁਟੇਰੇ ਯੁੱਗ ਨੂੰ ਉਲਟਾ ਕੇ ਸਮਾਜਵਾਦ ਦਾ ਯੁੱਗ, ਸਾਮਾਵਾਦ ਦਾ ਯੁੱਗ ਸਥਾਪਤ ਕਰਨ ਦਾ ਅਮਲੀ ਸਿਧਾਂਤ ਪੇਸ਼ ਕੀਤਾ ।ਜਿੱਥੇ ਪੈਦਾਵਾਰ ਦੇ ਸਾਧਨਾ ਦੀ ਮਾਲਕੀ ਦਾ ਯੁੱਗ ਖ਼ਤਮ ਕਰ ਦਿੱਤਾ ਜਾਵੇਗਾ। ਲੈਨਿਨ ਨੇ ਕਿਹਾ "ਔਰਤ ਮਰਦ ਦੀ ਸੱਚੀ ਬਰਾਬਰੀ ਸਿਰਫ ਸਮੁੱਚੇ ਸਮਾਜ ਦੇ ਸਮਾਜਵਾਦੀ ਕਾਇਆਪਲਟੀ ਦੇ ਅਮਲ ਦੌਰਾਨ ਹੀ ਹਾਸਲ ਕੀਤੀ ਜਾ ਸਕਦੀ ਹੈ"। ਔਰਤ ਮੁਕਤੀ ਦੇ ਇਸ ਸੱਚ ਨੂੰ ਸਮਝਦਿਆਂ 19ਵੀ 20ਵੀ ਸਦੀ ਦੀ ਸ਼ੁਰੂਆਤ ਦੌਰਾਨ ਕਲਾਰਾ ਜੈਟਕਿਨ, ਰੋਜ਼ਾ ਲਕਸਮਬਰਗ, ਅਲਕੇਸਾਂਡਰਾ, ਕੋਲਨਤਾਈ,ਏਨੇਸਾ ਆਰਮੇਂਡ, ਕਰੁਪਸਕਾਇਆ ਤੇ ਹੋਰ ਔਰਤ ਸਿਧਾਂਤਕਾਰ ਨੇਤਾਵਾਂ ਨੇ ਮਾਰਕਸੀ ਫਲਸਫ਼ੇ ਤੇ ਚਲਦਿਆਂ ਅਨੇਕਾਂ ਔਰਤ ਸੰਘਰਸ਼ਾਂ ਦੀ ਅਗਵਾਈ ਕੀਤੀ ਤੇ ਜਿੱਤਾਂ ਹਾਸਲ ਕੀਤੀਆਂ। ਇਨ੍ਹਾਂ 'ਚੋਂ ਕਲਾਰਾ ਜੈਟਕਿਨ ਨੇ ਮੋਹਰੀ ਰੋਲ ਅਦਾ ਕੀਤਾ।ਉਸ ਨੇ ਜਦੋਂ ਦੁਨੀਆਂ 'ਚ ਔਰਤਾਂ 'ਤੇ ਹੁੰਦੇ ਜ਼ੁਲਮਾਂ 'ਤੇ ਨਿਓਯਾਰਕ (ਅਮਰੀਕਾ) ਦੀ ਧਰਤੀ 'ਤੇ 8 ਮਾਰਚ 1908 ਨੂੰ ਕੱਪੜਾ ਮਿੱਲ ਦੀਆਂ ਔਰਤਾਂ ਨੂੰ ਸੰਘਰਸ਼ 'ਚ ਨਿਤਰਦਿਆਂ ਦੇਖਿਆ ਤੇ ਹੋਰ ਔਰਤਾਂ ਦੇ ਸੰਘਰਸ਼ਾਂ ਦਾ ਅਧਿਐਨ ਕੀਤਾ ਤਾਂ ਕੌਪਨਹੈਗਨ 'ਚ ਸੰਸਾਰ ਦੀਆਂ ਚੇਤੰਨ ਔਰਤਾਂ ਦੀ 8 ਮਾਰਚ 1910 ਦੀ ਕਾਨਫਰੰਸ ਕੀਤੀ ਜਿਸ ਵਿਚ 8 ਮਾਰਚ ਨੂੰ ਔਰਤ ਕੌਮਾਂਤਰੀ ਦਿਵਸ ਵਜੋਂ ਮਨਾਉਣ ਦਾ ਮਤਾ ਪਾਸ ਕੀਤਾ ਗਿਆ। 


ਔਰਤ ਦੀ ਗੁਲਾਮੀ ਦਾ ਹੱਲ:ਜਿਵੇਂ ਅਸੀਂ ਉਪਰੋਕਤ ਦੇਖਿਆ ਹੈ ਕਿ ਸਾਡੇ ਦੇਸ਼ ਵਿਚ ਔਰਤ ਲੁੱਟ, ਜਬਰ ਤੇ ਦਾਬੇ ਦੀ ਸ਼ਿਕਾਰ ਹੈ। ਔਰਤ ਨੂੰ ਸਮਾਜਿਕ ਪੈਦਾਵਾਰ ਦੇ ਸਾਧਨਾਂ ਤੋਂ ਵਿਹੂਣੇ ਕਰਕੇ ਘਰੇਲੂ ਚਾਕਰੀ, ਬੱਚੇ ਪੈਦਾ ਕਰਨ ਤੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਨ ਵਰਗੇ ਅੱਤ ਦੇ ਦਾਬੂ ਤੇ ਬੇਇਜ਼ਤੀ ਭਰੇ ਮਾਹੌਲ ਨਾਲ ਬੰਨ ਕੇ ਰੱਖਿਆ ਜਾ ਰਿਹਾ ਹੈ। ਸਮਾਜ ਵਿਚ ਉਨ੍ਹਾਂ ਨੂੰ ਪਰਿਵਾਰ ਅਤੇ ਵਿਆਹ ਵਰਗੀਆਂ ਰੂੜ੍ਹੀਵਾਦੀ ਪਰੰਪਰਾਵਾਂ ਨਾਲ ਨੂੜ ਕੇ ਰੱਖਿਆ ਜਾ ਰਿਹਾ ਹੈ। ਧਰਮ, ਜਾਤ, ਮੀਡੀਆ, ਕਾਨੂੰਨ, ਸਿਖਿਆ ਤੇ ਸੱਭਿਆਚਾਰ ਵਰਗੀਆਂ ਸਦੀਆਂ ਤੋਂ ਸਥਾਪਤ ਪ੍ਰਣਾਲੀਆਂ ਅੱਜ ਤੱਕ ਔਰਤ ਦੀ ਅਜ਼ਾਦੀ ਦਾ ਕੋਈ ਅਧਾਰ ਨਹੀਂ ਸਿਰਜ ਸਕੀਆਂ, ਉਲਟਾ ਇਹ ਪ੍ਰਣਾਲੀਆਂ ਔਰਤ ਦੀ ਗੁਲਾਮੀ ਦੇ ਨਵੇਂ ਨਵੇਂ ਰੂਪ ਘੜਨ ਤੇ ਉਸ ਨੂੰ ਸਲਾਮਤ ਰੱਖਣ 'ਚ ਲੋਟੂ ਰਾਜ ਪ੍ਰਬੰਧ ਲਈ ਸਹਾਈ ਹੋ ਰਹੀਆਂ ਹਨ। ਸਮਾਜ ਅੰਦਰ ਔਰਤਾਂ ਨਾਲ ਬਲਾਤਕਾਰ, ਛੇੜ-ਛਾੜ, ਮਾਰ ਕੁੱਟ, ਗਾਲੀ-ਗਲੋਚ, ਕਤਲ, ਭਰੂਣ ਹੱਤਿਆ, ਦਾਜ, ਬਾਲ ਵਿਆਹ, ਲਿੰਗੀ ਭੇਦਭਾਵ, ਵੇਸ਼ਵਾਗਨੀ, ਪ੍ਰੇਮ ਵਿਆਹ ਦੀ ਮਨਾਹੀ, ਪਿਤਾਪੁਰਖੀ ਦਾਬਾ, ਜਾਤੀ-ਪਾਤੀ ਬੰਧਨਾਂ ਦੀਆਂ ਦਰਦਨਾਕ ਘਟਨਾਵਾਂ ਆਮ ਵਾਪਰ ਰਹੀਆਂ ਹਨ। ਸਾਮਰਾਜੀ ਸਰਮਾਏਦਾਰੀ ਵਰਗ ਵੱਲੋਂ ਆਧੁਨਿਕਤਾ ਤੇ ਔਰਤ ਦੀ ਅਜ਼ਾਦੀ ਦੇ ਨਾਂ ਹੇਠ ਫੈਸ਼ਨਪ੍ਰਸਤੀ, ਸੁੰਦਰਤਾ ਮੁਕਾਬਲੇ, ਸੈਕਸ ਟੂਰਿਸਟ ਪਲੇਸ, ਚੰਦ ਕੁ ਅਮੀਰ ਔਰਤਾਂ ਦੀ ਤਰੱਕੀ, ਫਿਲਮਾਂ, ਗੀਤਾਂ ਅਤੇ ਮਸਹੂਰੀਆਂ ਰਾਹੀਂ ਨੰਗੇਜਵਾਦ ਨੂੰ ਪਰੋਸਿਆ ਜਾ ਰਿਹਾ ਹੈ।ਇਨ੍ਹਾਂ ਰਾਹੀਂ ਔਰਤ ਨੂੰ ਜਿਣਸ ਦੇ ਤੌਰ 'ਤੇ ਮੁਨਾਫ਼ੇ ਲਈ ਖਰੀਦਿਆ ਵੇਚਿਆ ਜਾ ਰਿਹਾ ਹੈ। ਸਾਡੇ ਦੇਸ਼ ਵਿਚ ਔਰਤਾਂ 'ਤੇ ਇਹ ਲੁੱਟ ਤੇ ਦਾਬਾ ਮਰਦ ਪ੍ਰਧਾਨਤਾ, ਧਾਰਮਿਕ ਅੰਧਵਿਸ਼ਵਾਸੀ, ਸਮਾਜਿਕ ਪਛੜੇਪਣ ਤੇ ਰਾਜਕੀ ਪ੍ਰਬੰਧ ਦੀ ਲੋਟੂ ਵਿਵਸਥਾ ਦੇ ਚੌਮੁੱਖੀ ਹੱਲੇ ਦੀ ਦੇਣ ਹੈ। ਔਰਤ ਨੂੰ ਘਰ, ਪਰਿਵਾਰ, ਸਕੂਲ-ਕਾਲਜ਼, ਸਮਾਜਿਕ ਸੰਸਥਾਵਾਂ, ਰੂੜ੍ਹੀਵਾਦੀ ਪ੍ਰੰਪਰਾਵਾਂ ਤੇ ਰਾਜਕੀ ਪ੍ਰਬੰਧ ਦੀਆਂ ਪੈਦਾ ਕੀਤੀਆਂ ਦਾਬੇ ਵਾਲੀਆਂ ਹਾਲਤਾਂ ਵਿਰੁੱਧ ਫੌਰੀ ਸਾਂਝ ਲੁੱਟੇ ਜਾਂਦੇ ਹਰ ਵਰਗ (ਔਰਤ-ਮਰਦ ਸਮੇਤ) ਨਾਲ ਬਣਦੀ ਹੈ ।


ਔਰਤ ਦੀ ਗੁਲਾਮੀ ਤੋਂ ਮੁਕਤੀ ਸਮੁੱਚੀ ਕਿਰਤੀ ਜਮਾਤ ਦੀ ਮੁਕਤੀ ਨਾਲ ਜੁੜੀ ਹੋਈ ਹੈ। ਇਸ ਲਈ ਔਰਤ ਮੁਕਤੀ ਲਈ ਜਦੋਜਹਿਦ ਲਈ ਮਜਬੂਤ ਵਿਚਾਰਧਾਰਕ ਸਿਆਸੀ ਧਰਾਤਲ ਕਾਇਮ ਕਰਨ ਦੀ ਲੋੜ ਦਰਪੇਸ਼ ਹੈ ਅਤੇ ਇਸ ਮਜਬੂਤ ਅਧਾਰ 'ਤੇ ਔਰਤਾਂ ਦੀ ਮੁਕਤੀ ਲਈ ਲੜਨ ਵਾਲੀ ਇੱਕ ਲੜਾਕੂ ਅਤੇ ਜੁਝਾਰੂ ਔਰਤ ਜਥੇਬੰਦੀ ਦੀ ਜਰੂਰਤ ਹੈ। 


 ਮਨਦੀਪ 
ਲੇਖਕ 'ਇਨਕਲਾਬੀ ਯੂਥ ਸਟੂਡੈਂਟਸ ਫਰੰਟ' ਦਾ ਕਨਵੀਨਰ ਤੇ 'ਇਨਕਲਾਬੀ ਨੌਜਵਾਨ' ਰਸਾਲੇ ਦਾ ਸੰਪਾਦਕ ਹੈ।

No comments:

Post a Comment