ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, September 6, 2012

ਬਲਾਤਕਾਰੀ ਭਾਰਤੀ ਫੌਜ ਵਿਰੁੱਧ ਔਰਤਾਂ ਦਾ ਸਿਰੜ

ਭਾਰਤੀ ਦੀ ਅਜ਼ਾਦੀ ਵਿੱਚ ਸੈਕੜੇ ਔਰਤਾਂ ਨੇ ਭਾਗ ਲਿਆ ਤੇ 1857 ਦੇ ਗਦਰ ਦੌਰਾਨ 255 ਔਰਤਾਂ ਨੇ ਫਾਂਸੀ ਦੇ ਰੱਸਿਆਂ ਨੂੰ ਹੱਸ ਹੱਸ ਕੇ ਚੁੰਮਿਆ। ਇਸੇ ਤਰ੍ਹਾਂ ਭਾਰਤ ਦੇ ਉੱਤਰੀ ਖੇਤਰ ਦੇ ਸਿਰਫ 30 ਲੱਖ ਦੀ ਅਬਾਦੀ ਵਾਲੇ ਰਾਜ ਮਨੀਪੁਰ ਦੀਆ ਦੋ ਮਜਬੂਤ ਇਰਾਦੇ ਵਾਲੀਆ ਔਰਤਾਂ ਨੇ ਇੱਕ ਵਾਰੀ ਫਿਰ ਸਾਨੂੰ ਝਾਂਸੀ ਦੀ ਰਾਣੀ ਤੇ ਮਾਈ ਭਾਗੋ ਵਰਗੇ ਸਿਰੜ ਦਾ ਇਤਹਾਸ ਚੇਤੇ ਕਰਵਾ ਦਿੱਤਾ ਜਿਹਨਾਂ ਵਿੱਚ ਬੀਬੀ ਇਰੋਮਾ ਸ਼ਰਮੀਲਾ ਚਾਨੂੰ ਤੇ ਮਨੋਰਮਾ ਦੇ ਨਾਮ ਸ਼ਾਮਲ ਹਨ। ਦੇਸ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਸਮੇਂ ਜਿਹਨਾਂ ਨੂੰ ਸ਼ਾਂਤੀ ਤੇ ਮੁਹੁੱਬਤ ਦਾ ਦੂਤ ਕਿਹਾ ਜਾਂਦਾ ਹੈ ਅਤੇ ਭਾਰਤੀ ਸੰਸਦ ਨੇ 11 ਸਤੰਬਰ 1958 ਨੂੰ ਨਾਗਲੈਂਡ ਉਪਰ 'ਆਰਮਡ ਫੋਰਸਜ਼ ਸਪੈਸ਼ਲ ਪਾਵਰ ਐਕਟ' (ਅਫਸਪਾ) ਲਾਗੂ ਕਰ ਦਿੱਤਾ ਪਰ ਇਸ ਦੀ ਜ਼ੋਰਦਾਰ ਵਿਰੋਧਤਾ ਹੋਣ ਕਾਰਨ ਪ੍ਰਧਾਨ ਮੰਤਰੀ ਨੂੰ ਇਹ ਵੀ ਬਿਆਨ ਦੇਣਾ ਪਿਆ ਇਸ ਐਕਟ ਨੂੰ 6 ਮਹੀਨੇ ਬਾਅਦ ਹਟਾ ਦਿੱਤਾ ਜਾਵੇਗਾ ਪਰ ਕਈ ਪ੍ਰਧਾਨ ਮੰਤਰੀ ਬਦਲਣ ਦੇ ਬਾਵਜੂਦ ਵੀ ਅੱਜ ਤੱਕ ੫੪ ਸਾਲ ਬੀਤ ਜਾਣ ਦੇ ਬਾਵਜੂਦ ਵੀ ਇਸ ਐਕਟ ਨੂੰ ਹਟਾਇਆ ਨਹੀ ਗਿਆ। ਇਹ ਅਜਿਹਾ ਭਿਆਨਕ ਐਕਟ ਹੈ ਜਿਸ ਦੇ ਤਹਿਤ ਫੌਜ ਕਿਸੇ ਵੀ ਘਰ ਵਿੱਚ ਬਿਨਾਂ ਸਰਚ ਵਾਰੰਟ ਤੋਂ ਦਾਖਲ ਹੋ ਕੇ ਤਲਾਸ਼ੀ ਲੈ ਸਕਦੀ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਕਰ ਲੈਣ, ਸਿਰਫ ਸ਼ੱਕ ਦੇ ਆਧਾਰ ਤੇ ਅਪਰਾਧੀ ਐਲਾਨਣ, ਇਥੋਂ ਤੱਕ ਕਿ ਕਤਲ ਕਰ ਦੇਣ ਦਾ ਵੀ ਅਧਿਕਾਰ ਰੱਖਦੀ ਹੈ । ਦੇਸ ਦੇ ਅੰਨਦਾਤਾ ਵਜੋਂ ਜਾਣੇ ਜਾਂਦੇ ਪੰਜਾਬ ਵਿੱਚ ਵੀ ਅਜਿਹਾ ਪਿਛਲੇ ਕਰੀਬ 15 ਸਾਲ ਹੁੰਦਾ ਰਿਹਾ ਜਦ ਕਿ ਪੰਜਾਬ ਵਿੱਚ ਇਹ ਕਨੂੰਨ ਲਾਗੂ ਨਹੀ ਹੈ। ਇਸ ਐਕਟ ਨੂੰ ਭਾਰਤੀ ਕਨੂੰਨ ਤਹਿਤ ਜੇਕਰ ਆਪਣੇ ਲੋਕਾਂ ਦੇ ਕਤਲ ਕਰਨ ਦਾ ਲਾਸੰਸ ਮਿਲਣਾ ਕਹਿ ਦੇਈਏ ਤਾਂ ਕੋਈ ਵੀ ਅੱਤਕਥਨੀ ਨਹੀ ਹੋਵੇਗੀ। ਇਸ ਐਕਟ ਦੀ ਆੜ ਹੇਠ ਹੁਣ ਤੱਕ ਸੈਕੜੇ ਲੋਕਾਂ ਦੀਆ ਹੱਤਿਆਵਾ ਫੌਜ ਵੱਲੋਂ ਕੀਤੀਆ ਜਾ ਚੁੱਕੀਆ ਹਨ ਪਰ ਕਿਸੇ ਵੀ ਦੋਸ਼ੀ ਵਿਰੁੱਧ ਕੋਈ ਵੀ ਕਾਰਵਾਈ ਨਹੀ ਹੋਈ।

ਇਸ ਖੂਨੀ ਐਕਟ (ਅਫਸਪਾ) ਦੇ ਤਹਿਤ ਹੀ 2 ਨਵੰਬਰ 2000 ਨੂੰ ਮਨੀਪੁਰ ਦੇ ਮਾਲੋਮ ਵਿੱਚ ਆਸਾਮ ਰਾਈਫਲਜ਼ ਨੇ 10 ਨਿਰਦੋਸ਼ ਲੋਕਾਂ ਦੀ ਹੱਤਿਆ ਕਰ ਦਿੱਤੀ ਸੀ ਜਿਸ ਦੀਆਂ ਦੂਸਰੇ ਦਿਨ ਮੀਡੀਆ ਨੇ ਬੜੀ ਹੀ ਮੁਸ਼ਤੈਦੀ ਨਾਲ ਤਸਵੀਰਾਂ ਅਖਬਾਰਾਂ ਵਿੱਚ ਛਾਪੀਆਂ ਸਨ ਜਿਹਨਾਂ ਨੂੰ ਵੇਖ ਕੇ ਇਰੋਮਾ ਸ਼ਰਮੀਲਾ ਚਾਨੂੰ ਨਾਮ ਦੀ ਇੱਕ ਔਰਤ ਦਾ ਦਿਲ ਗੁੱਸੇ ਨਾਲ ਦਹਿਲ ਗਿਆ ਤੇ ਉਸ ਨੇ ਅਗਲੇ ਹੀ ਦਿਨ ਇਸ ਕਾਲੇ ਕਨੂੰਨ ਨੂੰ ਹਟਾਉਣ ਲਈ 'ਅਫਸਪਾ ਹਟਾਉ' ਦਾ ਨਾਅਰਾ ਲਾ ਕੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਆਰੰਭ ਕਰ ਦਿੱਤੀ। ਭਾਰਤੀ ਫੌਜ ਨੂੰ ਬਾਪੂ ਗਾਂਧੀ ਵਾਲੇ ਸੰਘਰਸ਼ ਦੀ ਇਹ ਉਦਾਹਰਣ ਵੀ ਬਰਦਾਸ਼ਤ ਨਾ ਹੋਈ ਅਤੇ ਫੌਜ ਨੇ ਭਾਰਤੀ ਕਨੂੰਨ ਦਾ ਓਟ ਆਸਰਾ ਲੈ ਕੇ ਇੱਕ ਹੋਰ ਘਿਨਾਉਣਾ ਕਾਰਨਾਮਾ ਕਰਦਿਆ ਪੰਜ ਨਵੰਬਰ 2000 ਨੂੰ ਹੀ ਇਰੋਮਾ ਸ਼ਰਮੀਲਾ ਚਾਨੂੰ ਨੂੰ ਆਤਮ ਹੱਤਿਆ ਦੇ ਦੋਸ਼ ਵਿੱਚ ਜੇਲ ਵਿੱਚ ਸੁੱਟ ਦਿੱਤਾ ਅਤੇ ਉਸ ਸਮੇਂ ਤੋਂ ਹੀ ਉਹ ਜੇਲ ਦੀ ਹਵਾ ਖਾ ਰਹੀ ਹੈ ਪਰ ਉਸ ਨੇ ਆਪਣੇ 11 ਸਾਲ ਤੋਂ ਵੀ ਵਧੇਰੇ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਅੱਜ ਤੱਕ ਕੁਝ ਨਹੀ ਖਾਧਾ । ਸਰਕਾਰ ਵੱਲੋਂ ਡਾਕਟਰਾਂ ਦੀ ਸਲਾਹ ਨਾਲ ਉਸਨੂੰ ਜਿੰਦਾ ਰੱਖਣ ਲਈ ਉਸ ਦੇ ਨੱਕ ਰਾਹੀ ਜਬਰੀ ਉਸ ਨੂੰ ਤਰਲ ਪਦਾਰਥ ਦਿੱਤਾ ਜਾ ਰਿਹਾ ਹੈ। ਉਸ ਦੇ ਮੂੰਹ ਦੀਆ ਸਵਾਦ ਗ੍ਰੰਥੀਆ ਨੇ ਵੀ ਕੰਮ ਕਰਨਾ ਛੱਡ ਦਿੱਤਾ ਹੈ ਅਤੇ ਉਹਨਾਂ ਦਾ ਸਵਾਦ ਚੱਖਣ ਦੀ ਪ੍ਰਕਿਰਿਆ ਦਾ ਲੱਗਪੱਗ ਖਾਤਮਾ ਹੋ ਗਿਆ ਹੈ। ਉਸ ਦਾ ਭਾਰ ਵੀ ਸਿਰਫ 47 ਕਿਲੋ ਰਹਿ ਗਿਆ ਪਰ ਸਰਕਾਰ ਉਸ ਦੀ ਗੱਲ ਮੰਨਣ ਲਈ ਤਿਆਰ ਨਹੀ ਹੈ। ਉਸ ਨੂੰ ਔਰਤਾਂ ਵਾਲੀ ਮਹਾਵਾਰੀ ਵੀ ਆਉਣੇ ਬੰਦ ਹੋ ਗਈ ਹੈ ਅਤੇ ਉਹ ਨੀਮ ਬੋਹੇਸ਼ੀ ਵਿੱਚ ਹੀ ਦਿਨ ਕੱਟੀ ਕਰ ਰਹੀ ਹੈ। ਸਹੀ ਲਫਜਾਂ ਵਿੱਚ ਉਸ ਦਾ ਸਰੀਰ ਜਿੰਦਾ ਲਾਸ਼ ਦਾ ਰੂਪ ਧਾਰਨ ਕਰ ਚੁੱਕਾ ਹੈ ਅਤੇ ਉਸ ਦਾ ਦਿਮਾਗੀ ਸੰਤੁਲਨ ਵੀ ਵਿਗੜ ਚੁੱਕਾ ਹੈ। ਜਿਸ ਹਸਪਤਾਲ ਵਿੱਚ ਉਸ ਨੂੰ ਰੱਖਿਆ ਗਿਆ ਉਸ ਨੂੰ ਸੁਰੱਖਿਆ ਫੋਰਸਾਂ ਨੇ ਚਾਰੋਂ ਪਾਸਿਆ ਤੋਂ ਘੇਰਿਆ ਹੋਇਆ ਹੈ ਅਤੇ ਇੱਕ ਤਰਾ ਨਾਲ ਹਸਪਤਾਲ ਨੂੰ ਉਪ ਜੇਲ ਦਾ ਰੂਪ ਦਿੱਤਾ ਜਾ ਚੁੱਕਾ ਹੈ। ਇਰੋਮਾ ਸ਼ਰਮੀਲਾ ਚਾਨੂੰ ਭਾਂਵੇ ਭਾਰਤੀ ਸੁਰੱਖਿਆ ਅਤੇ ਭਾਰਤ ਸਰਕਾਰ ਨਾਲ ਸਿੱਧੇ ਰੂਪ ਵਿੱਚ ਟੱਕਰ ਨਹੀ ਲੈ ਸਕਦੀ ਪਰ ਜਿਸ ਤਰੀਕੇ ਤੇ ਸਿਰੜ ਨਾਲ ਉਸ ਨੇ ਸੰਘਰਸ਼ ਵਿੱਢਿਆ ਉਸ ਨੂੰ ਜਰੂਰ ਸਫਲਤਾ ਮਿਲੇਗੀ ਅਤੇ ਭਾਰਤੀ ਔਰਤਾਂ ਲਈ ਇੱਕ ਮਿਸਾਲ ਹੋਵੇਗੀ।

ਇਸੇ ਤਰ੍ਹਾਂ ਇੱਕ ਹੋਰ ਔਰਤ ਮਨੋਰਮਾ ਨੂੰ ਵੀ ਅਸਾਮ ਰਾਈਫਲਜ਼ ਨੇ 2004 ਵਿੱਚ ਲੋਕ ਮੁਕਤੀ ਸੈਨਾ (ਪੀ.ਐਲ.ਓ) ਦੀ ਹਮਾਇਤੀ ਹੋਣ ਦੇ ਦੋਸ਼ ਵਿੱਚ ਘਰੋਂ ਚੁੱਕਿਆ ਅਤੇ ਉਸ 32 ਸਾਲਾ ਔਰਤ ਨਾਲ ਭਾਰਤ ਦੀ ਇੱਜ਼ਤ ਆਬਰੂ ਦੇ ਰੱਖਿਆ ਕਰਨ ਵਾਲੇ ਫੌਜੀਆ ਨੇ ਸਮੂਹਿਕ ਬਲਾਤਕਾਰ ਕੀਤਾ ਤੇ ਫਿਰ ਉਸ ਦੇ ਜਨਨ ਅੰਗਾਂ ਤੇ ਗੋਲੀਆ ਮਾਰ ਕੇ ਉਸ ਨੂੰ ਸ਼ਹੀਦ ਕਰ ਦਿੱਤਾ ਸੀ। ਪੋਰਟ ਮਾਰਟਮ ਦੀ ਰੀਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਉਸ ਦੇ ਜਨਨ ਅੰਗਾਂ ਤੇ ਗੋਲੀਆ ਮਾਰਨ ਤੋਂ ਪਹਿਲਾਂ ਉਸ 'ਤੇ ਅਥਾਹ ਤਸ਼ੱਦਦ ਕਰਨ ਤੋਂ ਪਹਿਲਾਂ ਉਸ ਨਾਲ ਸਮੂਹਿਕ ਤੌਰ ਤੇ ਬਲਾਤਕਾਰ ਵੀ ਕੀਤਾ ਗਿਆ ਅਤੇ ਅਰਧ ਬੇਹੋਸ਼ੀ ਦੀ ਹਾਲਤ ਵਿੱਚ ਉਸ ਨੂੰ ਕਰੀਬ ਪੌਣੀ ਦਰਜਨ ਗੋਲੀਆ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਜਿਹਨਾਂ ਵਿੱਚੋਂ ਚਾਰ ਉਸਦੇ ਜਨਨ ਅੰਗਾਂ ਤੇ ਪੰਜ ਛਾਤੀਆ ਵਿੱਚ ਮਾਰੀਆਂ ਗਈਆਂ

ਇਸ ਮਾਮਲੇ ਨੂੰ ਲੈ ਕੇ ਮੀਡੀਆ ਤੇ ਲੋਕਾਂ ਵੱਲੋ ਰੌਲਾ ਪਾਉਣ ਉਪਰੰਤ ਇਸ ਔਰਤ ਦੇ ਕਤਲ ਦੀ ਜਾਂਚ ਦਾ ਕੰਮ ਜਸਟਿਸ ਉਪੇਂਦਰ ਕਮੇਟੀ ਨੂੰ ਸੋਪਿਆ ਗਿਆ ਪਰ ਅੱਜ ਤੱਕ ਕਿਸੇ ਵੀ ਦੋਸ਼ੀ ਨੂੰ ਸਜ਼ਾ ਨਹੀ ਮਿਲੀ। ਇਸ ਘਟਨਾ ਤੋਂ ਬਾਅਦ 40 ਤੋਂ ਲੈ ਕੇ 60 ਸਾਲਾਂ ਦੀਆ ਔਰਤਾਂ ਨੇ ਅਲਫ ਨੰਗੀਆ ਹੋ ਕੇ 15 ਜੁਲਾਈ 2004 ਨੂੰ ਅਸਾਮ ਰਾਈਫਲਜ਼ ਦੇ ਮੁੱਖ ਦਫਤਰ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ। ਉਹਨਾਂ ਬਹਾਦਰ ਮਾਤਾਵਾਂ ਤੇ ਧੀਆ ਭੈਣਾਂ ਨੇ ਉੱਚੀ ਉੱਚੀ ਭਾਰਤ ਸਰਕਾਰ ਤੇ ਫੌਜ ਨੂੰ ਸ਼ਰਮਸ਼ਾਰ ਕਰਦਿਆ ਕਿਹਾ ਕਿ,'' ਸਾਡੇ ਨਾਲ ਬਲਾਤਕਾਰ ਕਰੋਂ'' ਜਿਸ ਅਵਾਜ ਨੂੰ ਸੁਣ ਕੇ ਹਰੇਕ ਜਿੰਦਾ ਵਿਅਕਤੀ ਦੀ ਆਤਮਾ ਵਾਲੇ ਸਰੀਰ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ।

ਇਰੋਮਾ ਸ਼ਰਮੀਲਾ ਚਾਨੂੰ ,ਮਨੋਰਮਾ ਅਤੇ ਮਨੀਪੁਰ ਦੀਆ ਉਹ ਬਹਾਦਰ ਔਰਤਾਂ,ਜੋ ਸੰਘਰਸ਼ ਦੇ ਰਾਹ ਤੇ ਹਨ 'ਸੁੱਤੀ ਤੇ ਆਪੇ ਲਈ ਜੀਅ ਰਹੀ ਲੋਕਾਈ' ਨੂੰ ਇੱਕ ਸਵਾਲ ਕਰਦੀਆ ਹਨ ਕਿ ਆਪਣੇ ਆਲੇ ਦੁਆਲੇ ਪੱਸਰੇ ਲੁੱਟ ਤੇ ਜਬਰ ਦੇ ਖਿਲਾਫ ਧਾਰੀ ਚੁੱਪ ਲੁੱਟੇਰਿਆ ਨੂੰ ਹੋਰ ਉਤਸ਼ਾਹਤ ਕਰੇਗੀ , ਇਸ ਲਈ ਉਹਨਾਂ ਨੂੰ ਝਾਂਸੀ ਦੀ ਰਾਣੀ ਬਣ ਕੇ ਦੇਸ ਦੀ ਹੋ ਰਹੀ ਬਰਬਾਦੀ ਨੂੰ ਰੋਕਣ ਲਈ ਅੱਗੇ ਆਉਣਾ ਪਵੇਗਾ ਨਹੀ ਤਾਂ ਉਹ ਦਿਨ ਦੂਰ ਨਹੀ ਜਿਸ ਦਿਨ ਇਹ ਸਿਆਸੀ ਵਰਦੀਧਾਰੀ ''ਔਗਰੇ'' (ਦੈਂਤ) ਸਭ ਨੂੰ ਨਿਗਲ ਜਾਣਗੇ।

ਸਾਕਾ ਨੀਲਾ ਤਾਰਾ ਸਮੇਂ ਵੀ ਫੌਜੀਆ ਨੂੰ ਅਜਿਹੀ ਛੋਟ ਦਿੱਤੀ ਗਈ ਸੀ ਕਿ ਉਹ ਜਿਸ ਵੀ ਔਰਤ ਜਾਂ ਲੜਕੀ ਨਾਲ ਚਾਹੁੰਣ ਬਲਾਤਕਾਰ ਕਰ ਸਕਦੇ ਹਨ ਜਿਸ ਦਾ ਖੁਲਾਸਾ ਸਾਰੇ ਹਮਲੇ ਦੀ ਅਗਵਾਈ ਕਰਨ ਵਾਲੇ ਤੱਤਕਾਲੀ ਲੈਫਟੀਨੈੱਟ ਜਨਰਲ ਕੁਲਜੀਪ ਸਿੰਘ ਬਰਾੜ ਨੇ ਵੀ ਆਪਣੀ ਲਿਖੀ ਕਿਤਾਬ ''ਸਾਕਾ ਨੀਲਾ ਤਾਰਾ'' ਵਿੱਚ ਸਪੱਸ਼ਟ ਕੀਤਾ ਹੈ ਕਿ ਇਸ ਹਮਲੇ ਦੌਰਾਨ ਭਾਰਤੀ ਫੌਜੀਆ ਨੂੰ ਲੁੱਟਮਾਰ ਕਰਨ, ਬਲਾਤਕਾਰ ਕਰਨ, ਕਿਸੇ ਵੀ ਵਿਅਕਤੀ ਨੂੰ ਗੋਲੀ ਮਾਰਨ ਆਦਿ ਦੀ ਪੂਰੀ ਪੂਰੀ ਖੁੱਲ ਦਿੱਤੀ ਗਈ ਸੀ। ਭਾਰਤੀ ਫੌਜ ਜਿਸ ਨੂੰ ਦੁਨੀਆਂ ਦੀਆਂ ਫੌਜਾਂ ਵਿੱਚੋਂ ਇੱਕ ਅਹਿਮ ਫੌਜ ਮੰਨਿਆ ਗਿਆ ਹੈ ਦਾ ਕਿਰਦਾਰ ਜੇਕਰ ਬਲਾਤਕਾਰੀਆਂ ਵਾਲਾ ਬਣ ਗਿਆ ਤਾਂ ਫਿਰ ਫੌਜ ਤੇ ਕੌਣ ਵਿਸ਼ਵਾਸ਼ ਕਰੇਗਾ।

ਬਹਾਦਰ ਔਰ
ਤਾਂ ਦੀ ਕਹਾਣੀ ਇਥੇ ਹੀ ਖਤਮ ਨਹੀ ਹੁੰਦੀ ਸਗੋਂ ਅਬਲਾ ਸਮਝੀ ਜਾਂਦੀ ਔਰਤ ਨੇ ਹੋਰ ਕਈ ਮੋਰਚਿਆ ਵਿੱਚ ਉੱਘਾ ਯੋਗਦਾਨ ਪਾਇਆ ਹੈ। 1857 ਦੇ ਗਦਰ ਦੌਰਾਨ ਜਦੋਂ ਹਾਲੇ ਔਰਤਾਂ ਨੂੰ ਘਰੋਂ ਬਾਹਰ ਨਿਕਲਣ ਦੀ ਵੀ ਖੁੱਲ ਨਹੀ ਸੀ ਅਤੇ ਨੂੰ ਔਰਤ ਸਮਾਜਿਕ ਲੜਾਈ ਵੀ ਲੜਨੀ ਪੈ ਰਹੀ ਸੀ ਤਾਂ ਵੀ ਗਦਰ ਨਾਲ ਸਬੰਧਿਤ 255 ਔਰਤਾਂ ਨੂੰ ਅੰਗਰੇਜ਼ਾਂ ਨੇ ਫਾਂਸੀ ਦਿੱਤੀ ਸੀ। ਅਜਿਹੀ ਮਿਸਾਲ ਸ਼ਾਇਦ ਦੁਨੀਆ ਭਰ ਵਿੱਚ ਹੋਰ ਕਿਧਰੇ ਨਹੀ ਮਿਲਦੀ ਜਦੋਂ ਇੰਨੀ ਵੱਡੀ ਗਿਣਤੀ ਵਿੱਚ ਔਰਤਾਂ ਨੂੰ ਫਾਂਸੀ ਦੇ ਫੰਦੇ ਤੇ ਲਟਕਾਇਆ ਗਿਆ ਹੋਵੇ। ਉਹਨਾਂ ਦਾ ਕਸੂਰ ਸਿਰਫ ਇੰਨਾ ਹੀ ਸੀ ਕਿ ਉਹਨਾਂ ਨੇ ਆਪਣੀ ਮਾਤਰ ਭੂਮੀ ਦੀ ਅਜ਼ਾਦੀ ਦੀ ਮੰਗ ਕੀਤੀ ਸੀ। ਕਰੀਬ 155 ਸਾਲ ਪਹਿਲਾਂ ਸ਼ਹੀਦ ਹੋਈਆ ਇਹਨਾਂ ਔਰਤਾਂ ਵਿੱਚ ਜ਼ਜ਼ਬਾ ਇੰਨਾ ਸੀ ਕਿ ਉਹ '' ਇਨਕਲਾਬ ਜ਼ਿੰਦਾਬਾਦ'' ਦੇ ਨਾਅਰੇ ਹੀ ਲਗਾਉਦੀਆਂ  ਸੂਲੀ ਤੇ ਚੜ ਕੇ ਸ਼ਹੀਦ ਹੋ ਗਈਆ। ਇਹ ਕੁਰਬਾਨੀਆਂ ਉਸ ਵੇਲੇ ਹੋਈਆ ਜਦੋਂ ਔਰਤ ਨੂੰ ਸਮਾਜਿਕ ਬਰਾਬਰੀ ਦੀ ਵੀ ਲੜਾਈ ਲੜਨੀ ਪੈ ਰਹੀ ਸੀ। ਔਰਤ ਦੀ ਸਮਾਜਿਕ ਬਰਾਬਰੀ ਤਾਂ ਅੱਜ ਵੀ ਬਹਾਲ ਨਹੀ ਹੋ ਸਕੀ ਜਿਸ ਲਈ ਔਰਤ ਸੰਗਠਨਾਂ ਨੂੰ ਜਿਥੇ ਸਮਾਜਿਕ ਬਰਾਬਰੀ ਲਈ ਸੰਘਰਸ਼ ਕਰਨਾ ਪਵੇਗਾ ਉਥੇ ਇੱਕ ਵਾਰੀ ਆਪਣੇ ਹੀ ਦੇਸ ਦੇ ਭ੍ਰਿਸ਼ਟ ਤੇ ਡਕੈਤ ਸਿਆਸਤਦਾਨਾਂ ਤੋਂ ਛੁਟਕਾਰਾ ਪਾਉਣ ਲਈ ਇੱਕ ਹੋਰ ਅਜ਼ਾਦੀ ਦੀ ਲੜਾਈ ਲੜਨੀ ਪਵੇਗੀ ਜਿਸ ਵਿੱਚ ਔਰਤਾਂ ਵਿਸ਼ੇਸ਼ ਰੋਲ ਅਦਾ ਕਰ ਸਕਦੀਆ ਹਨ। ਅੰਨਾ ਹਜਾਰੇ ਨੂੰ ਵੀ ਇਹਨਾਂ ਬੀਬੀਆਂ ਕੋਲੋ ਸਬਕ ਲੈਣਾ ਚਾਹੀਦਾ ਹੈ ਅਤੇ ਆਪਣੇ ਅੰਦੋਲਨ ਨੂੰ ਇਰੋਮਾ ਸ਼ਰਮੀਲਾ ਚਾਨੂੰ ਵਾਂਗ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਕਿ ਪਤਾ ਲੱਗ ਸਕੇ ਕਿ ਉਸ ਦੇ ਸਾਥੀ ਕਿੰਨੇ ਕੁ ਸਿਰੜੀ ਤੇ ਦੇਸ ਭਗਤ ਹਨ। 

ਜਸਬੀਰ ਸਿੰਘ ਪੱਟੀ
9356024684

ਪੰਜਾਬ ਸਪੈਕਟ੍ਰਮ ਤੋਂ ਧੰਨਵਾਦ ਸਹਿਤ

No comments:

Post a Comment