ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Friday, October 5, 2012

ਅੰਗਰੇਜ਼ੀ ਦੇ ਪੁਆੜੇ

ਮੇਰੇ ਅੱਜ ਤੱਕ ਅੰਗਰੇਜ਼ੀ ਭਾਸ਼ਾ ਦੀਆਂ ਕਈ ਗੱਲਾਂ ਸਮਝ ਨਹੀਂ ਆਈਆਂ। ਸਾਇਕੋਲੋਜ਼ੀ (psychology) ਸ਼ਬਦ (ਮਨੋਵਿਗਿਆਨ) ਪੀ ਅੱਖਰ ਤੋਂ ਕਿਉਂ ਸ਼ੁਰੂ ਹੁੰਦਾ ਹੈ? ਅਜਿਹੇ ਹੋਰ ਵੀ ਕਈ ਸ਼ਬਦ ਹਨ ਜੋ ਲਿਖੇ ਹੋਰ ਤਰ੍ਹਾਂ ਜਾਂਦੇ ਹਨ ਅਤੇ ਬੋਲੇ ਹੋਰ ਤਰ੍ਹਾਂ। ਚਾਕਲੇਟ (chocolate) ਸ਼ਬਦ ਨੂੰ ਜੇ ਪੜ੍ਹੀਏ ਤਾਂ ਇਹ ਚੋਕੋਲੇਟ ਬਣਦਾ ਹੈ। ਜਦੋਂ ਪ੍ਰਾਇਮਰੀ ਕਲਾਸਾਂ 'ਚ ਪੜ੍ਹਦੇ ਹੁੰਦੇ ਸੀ ਤਾਂ ਮੇਰਾ ਇਕ ਸਹਿਪਾਠੀ ਹੁੰਦਾ ਸੀ ਕੰਵਲਜੀਤ। ਮੇਰਾ ਇਕ ਹੋਰ ਦੋਸਤ ਉਸ ਨੂੰ ਕਨਵਲਜੀਤ ਕਹਿੰਦਾ ਹੁੰਦਾ ਸੀ। ਕਲਾਸ ਮੈਡਮ ਨੇ ਕਹਿਣਾ ਇਸ ਦੇ ਨਾਂ ਵਿਚਲਾ ਐਨ (kanwaljeet) ਅੱਖਰ 'ਸਾਇਲੈਂਟ' ਹੈ ਇਸ ਲਈ ਕਨਵਲ ਨਹੀਂ ਕੰਵਲ ਕਿਹਾ ਕਰੋ। ਅਸੀਂ ਤਾਂ ਸਾਰੇ ਸਿਖਾਏ ਅਨੁਸਾਰ ਸ਼ਬਦਾਂ ਨੂੰ ਜੋੜ ਕੇ ਜੋ ਬਣਦਾ ਸੀ ਉਹ ਬੋਲ ਦਿੰਦੇ ਸੀ।

ਏ.ਐਸ. ਕਾਲਜ ਖੰਨਾ 'ਚ ਬੀ.ਕਾਮ ਭਾਗ ਪਹਿਲਾ 'ਚ ਸਾਨੂੰ ਅੰਗਰੇਜ਼ੀ ਪ੍ਰੋ. ਝਾਂਜੀ ਪੜ੍ਹਾਇਆ ਕਰਦੇ ਸੀ। ਉਨ੍ਹਾਂ ਨੇ ਕਲਾਸ 'ਚ ਆਉਂਦੇ ਹੀ ਕਹਿਣਾ, ਹਾਂ ਬਈ ਅੰਗਰੇਜ਼ੀ ਦੇ ਮੈਂ ਕੁਝ ਸ਼ਬਦ ਬੋਲੂ, ਤੁਸੀਂ ਲਿਖ ਕੇ ਦਿਖਾਇਓ। ਬੋਗਨਵਿਲਾ (bougainvillea) , ਸ਼ੌਫਰ (chauffeur) , ਐਟੀਕੇਟ (etiquette) , ਟ੍ਰੀਮੈਂਡਸ (tremendous) , ਸਕਾਰਫ (scarf) ਆਦਿ-ਆਦਿ। ਤੇ ਅਸੀਂ ਲਿਖਣ ਬੈਠ ਜਾਣਾ boganvilla, sauffer, atticates ਆਦਿ ਆਦਿ।ਬੜੀ ਕਮਾਲ ਐ ਅੰਗਰੇਜ਼ੀ!

ਮੁੱਢਲੀ ਪੜ੍ਹਾਈ ਮੈਂ ਅੰਗਰੇਜ਼ੀ ਮਾਧਿਅਮ 'ਚ ਹੀ ਕੀਤੀ ਹੈ। ਹਾਲਾਂਕਿ ਪੰਜਾਬੀ ਲਿਖਣ,ਪੜ੍ਹਨ ਅਤੇ ਬੋਲਣ 'ਚ ਮੈਂ ਵਧੇਰੇ ਸਹਿਜ ਮਹਿਸੂਸ ਕਰਦਾ ਹਾਂ। ਮੇਰੇ ਯਾਦ ਹੈ ਕਿ ਅੰਗਰੇਜ਼ੀ ਨੂੰ ਇਕ ਭਾਸ਼ਾ ਦੇ ਰੂਪ 'ਚ ਪੜ੍ਹਨ ਨਾਲੋਂ ਬਹੁਤੇ ਵਿਸ਼ਿਆਂ ਨੂੰ ਰੱਟਾ ਮਾਰਨ ਨੂੰ ਹੀ ਤਰਜੀਹ ਦਿੱਤੀ ਜਾਂਦੀ ਰਹੀ ਹੈ। ਅੰਗਰੇਜ਼ੀ 'ਚ ਪੜ੍ਹੇ ਹਿਸਾਬ, ਸਾਇੰਸ ਅਤੇ ਸਮਾਜਿਕ ਸਿੱਖਿਆ 'ਚ ਵਰਤੇ ਜਾਂਦੇ ਸ਼ਬਦਾਂ ਦੇ ਅਰਥ ਸਮਝਨ ਨਾਲੋਂ ਬਸ ਯਾਦ ਕਰ ਲੈਣ ਨੂੰ ਹੀ ਪਹਿਲ ਦਿੱਤੀ ਜਾਂਦੀ ਸੀ। ਇਹ ਵਰਤਾਰਾ ਅੱਜ ਵੀ ਇਓ ਹੀ ਚੱਲ ਰਿਹਾ ਹੈ। ਨਿੱਕੇ-ਨਿੱਕੇ ਬੱਚੇ ਅੰਗਰੇਜ਼ੀ 'ਚ ਰੱਟੀਆਂ ਕਵਿਤਾਵਾਂ ਇੰਝ ਸੁਣਾਉਣਗੇ ਜਿਵੇਂ ਟੇਪ-ਰਿਕਾਰਡਰ ਬੋਲ ਰਿਹਾ ਹੋਵੇ। ਬੱਚਿਆਂ ਦੀ ਸਕੂਲ ਦੀ ਭਾਸ਼ਾ ਹੋਰ ਹੈ ਅਤੇ ਸਕੂਲ ਤੋਂ ਬਾਹਰ ਦੀ ਹੋਰ। ਜ਼ਾਹਿਰ ਹੈ ਕਿ ਸਕੂਲ ਤੋਂ ਬਾਹਰ ਤਾਂ ਪੰਜਾਬੀ ਹੀ ਬੋਲਦੇ ਹੋਣਗੇ! ਵੈਸੇ ਬਹੁਤਿਆਂ ਬੱਚਿਆਂ ਦੇ ਮਾਪੇ ਧੱਕੇ ਨਾਲ ਉਨ੍ਹਾਂ ਨੂੰ ਹਿੰਦੀ ਜਾਂ ਅੰਗਰੇਜ਼ੀ ਬੋਲਣ ਲਈ ਅੱਖਾਂ ਕੱਢਦੇ ਰਹਿੰਦੇ ਹਨ।

ਇਕ ਵਿਆਹ 'ਚ ਅਸੀਂ ਕਈ ਦੋਸਤ ਇਕੱਠੇ ਬੈਠੇ ਸੀ। ਇਕ ਸਟਾਲ 'ਤੇ ਕਈ ਤਰ੍ਹਾਂ ਦੇ ਫਲ ਪਏ ਦੇਖ ਕੇ ਮੇਰੇ ਦੋਸਤ ਦਾ ਯੂ.ਕੇ.ਜੀ. 'ਚ ਪੜ੍ਹਦਾ ਮੁੰਡਾ ਕਹਿੰਦਾ ਮੰਮਾ ਸਿਓ ਖਾਣਾ ਏ। ਅੱਗੋਂ ਅੱਖਾਂ ਕੱਢ ਕੇ ਦੋਸਤ ਦੀ ਪਤਨੀ ਕਹਿੰਦੀ ਬੇਟਾ ਅਭੀ ਲਾਈ ਮੈਂ ਤੁਮਾਹਰੇ ਲੀਏ ਐਪਲ। ਇਸ ਤੋਂ ਬਾਅਦ ਮੁੰਡਾ ਟੁੱਟੀ-ਭੱਜੀ ਜਿਹੀ ਹਿੰਦੀ-ਅੰਗਰੇਜ਼ੀ ਬੋਲਣ ਲੱਗਾ। ਖਿਆਲਾਂ ਦਾ ਜੋ ਵਹਾਅ ਮਾਤ ਭਾਸ਼ਾ 'ਚ ਹੁੰਦਾ ਹੈ ਉਹ ਹੋਰ ਭਾਸ਼ਾਵਾਂ 'ਚ ਕਿਵੇਂ ਹੋ ਸਕਦਾ ਹੈ? ਅੰਗਰੇਜ਼ੀ 'ਚ ਲਿਖਣ ਵਾਲੇ ਬਹੁਤੇ ਪੰਜਾਬੀ ਲਿਖਾਰੀ ਵੀ ਇਹ ਗੱਲ ਮੰਨਦੇ ਹਨ ਕਿ ਸੋਚਦੇ ਉਹ ਪੰਜਾਬੀ 'ਚ ਹੀ ਹਨ ਭਾਵੇਂ ਲਿਖਣ ਵੇਲੇ ਅੰਗਰੇਜ਼ੀ ਅੱਖਰਾਂ ਦਾ ਇਸਤੇਮਾਲ ਕਰਦੇ ਹੋਣ। ਆਪ ਮੁਹਾਰੇ ਜੋ ਭਾਸ਼ਾ ਮੂੰਹੋਂ ਨਿਕਲਦੀ ਹੈ ਉਹੀਂ ਤਾਂ ਮਾਂ ਬੋਲੀ ਹੁੰਦੀ ਹੈ। ਇਕ ਉਦਾਹਰਣ ਯਾਦ ਆ ਰਹੀ ਹੈ। ਸ਼ਾਇਦ ਬੀਰਬਲ ਦੇ ਕਿੱਸਿਆ 'ਚੋਂ ਹੈ।

ਕਿਸੇ ਦੇਸ਼ 'ਚ ਇਕ ਵਿਦਵਾਨ ਬੰਦਾ ਆ ਗਿਆ। ਕਈ ਦੇਸ਼ਾਂ ਦੀਆਂ ਉਹ ਭਾਸ਼ਾਵਾਂ ਬੋਲੇ। ਜਨਤਾ ਨੂੰ ਸਮਝ ਨਾ ਆਵੇ ਕਿ ਇਹ ਆਇਆ ਕਿੱਥੋਂ ਹੈ। ਵਿਦਵਾਨ ਬੰਦਾ ਕਹਿੰਦਾ ਇਹ ਕੋਈ ਨਹੀਂ ਬੁੱਝ ਸਕਦਾ ਕਿ ਮੈਂ ਕਿੱਥੋਂ ਦਾ ਵਾਸੀ ਹਾਂ ਤੇ ਮੇਰੀ ਮੂਲ ਭਾਸ਼ਾ ਕਿਹੜੀ ਹੈ। ਕਈ ਦੇਸ਼ਾਂ ਤੋਂ ਲੋਕ ਬੁਲਾਏ ਗਏ। ਵਿਦਵਾਨ ਬੰਦਾ ਹਰੇਕ ਨਾਲ ਹੀ ਉਸ ਦੀ ਭਾਸ਼ਾ 'ਚ ਗੱਲ ਕਰੀ ਜਾਵੇ। ਆਖਿਰ ਉਸ ਦੇਸ਼ ਦੇ ਇਕ ਸਿਆਣੇ ਨੇ ਇਹ ਜ਼ਿੰਮਾ ਆਪਣੇ ਹੱਥ ਲਿਆ ਅਤੇ ਕਿਹਾ ਕਿ ਉਹ ਦੋ ਦਿਨ ਬਾਅਦ ਦੱਸ ਦੇਵੇਗਾ ਕਿ ਵਿਦਵਾਨ ਸਾਹਿਬ ਕਿੱਥੋਂ ਆਏ ਹਨ। ਵਿਦਵਾਨ ਹੋਰ ਜ਼ਿਆਦਾ ਚੌਕਸ ਹੋ ਗਿਆ। ਰਾਤ ਨੂੰ ਜਦੋਂ ਵਿਦਵਾਨ ਸੁੱਤਾ ਪਿਆ ਸੀ ਤਾਂ ਉਸ ਦੇਸ਼ ਦੇ ਸਿਆਣੇ ਬੰਦੇ ਨੇ ਠੰਡੇ ਪਾਣੀ ਦੀ ਭਰੀ ਬਾਲਟੀ ਉਸ 'ਤੇ ਉਲਟਾ ਦਿੱਤੀ। ਬੌਂਦਲਿਆ ਜਿਹਾ ਵਿਦਵਾਨ ਇਹ ਬੋਲਦਾ ਉੱਠ ਖੜਾ ਹੋਇਆ 'ਓ ਮਾਰ 'ਤਾ ਸਾਲਿਓ, ਥੋਡੀ...।' ਉਸ ਦੇਸ਼ ਦਾ ਸਿਆਣਾ ਬੰਦਾ ਕਹਿੰਦਾ, ਵਿਦਵਾਨ ਸਾਹਿਬ ਪੰਜਾਬੀ ਨੇ ਜੀ।

ਇਕ ਹੋਰ ਗੱਲ। ਲੁਧਿਆਣਾ ਦੇ ਹਾਈ-ਫਾਈ ਇਲਾਕੇ 'ਚ ਕਿਸੇ ਡਾਕਟਰ ਕੋਲ ਦਵਾਈ ਲੈਣ ਗਿਆ। ਉਹ ਜਾਂ ਤਾਂ ਅੰਗਰੇਜ਼ੀ 'ਚ ਗੱਲ ਕਰ ਰਿਹਾ ਸੀ ਜਾਂ ਹਿੰਦੀ 'ਚ। ਮੇਰੇ ਨਾਲ ਵੀ ਉਸ ਨੇ ਗੱਲਾਂ ਇਨ੍ਹਾਂ ਦੋ ਭਾਸ਼ਾਵਾਂ 'ਚ ਹੀ ਸ਼ੁਰੂ ਕੀਤੀਆਂ। ਮੈਂ ਜਵਾਬ ਪੰਜਾਬੀ 'ਚ ਦੇਈ ਜਾਵਾਂ। ਡਾਕਟਰ ਸਾਹਿਬ ਵੀ ਸ਼ੁੱਧ ਪੰਜਾਬੀ 'ਚ ਗੱਲ ਕਰਨ ਲੱਗ ਪਏ। ਨਾਲ ਦਾ ਬਹੁਤ ਹੈਰਾਨ। ਕਹਿੰਦਾ ਅੱਜ ਤੱਕ ਮੈਂ ਡਾਕਟਰ ਕਦੇ ਪੰਜਾਬੀ ਬੋਲਦਾ ਨੀ ਸੁਣਿਆਂ। ਮੈਂ ਕਿਹਾ ਹੋ ਸਕਦੈ ਡਾਕਟਰ ਦੀ ਭਾਸ਼ਾ ਸੁਣ ਕੇ ਮਰੀਜ਼ ਵੀ ਉਸ ਨਾਲ ਹਿੰਦੀ-ਅੰਗਰੇਜ਼ੀ ਹੀ ਬੋਲਦੇ ਹੋਣ। ਪੰਜਾਬ 'ਚ ਰਹਿਣ ਵਾਲੇ ਨੂੰ ਪੰਜਾਬੀ ਨਾ ਆਵੇ, ਇਹ ਕਿੱਦਾਂ ਹੋ ਸਕਦੈ?

ਕੁਝ ਸਮਾਂ ਪਹਿਲਾਂ ਕਿਸੇ ਮਹਿਕਮੇ 'ਚ ਤਬਦੀਲ ਹੋ ਕੇ ਆਏ ਇਕ ਆਈ.ਏ.ਐਸ. ਅਫਸਰ ਕੋਲ ਉਸ ਦੇ ਮਹਿਕਮੇ ਦਾ ਕਰਮਚਾਰੀ 'ਮਤਲਬ ਰਹਿਤ ਅੰਗਰੇਜ਼ੀ' 'ਚ ਉਸ ਨੂੰ ਕੁਝ ਦੱਸ ਰਿਹਾ ਸੀ ਤੇ ਲਖਨਊ ਦੇ ਜੰਮੇ ਅਤੇ ਪੜ੍ਹੇ-ਲਿਖੇ ਉਸ ਅਫਸਰ ਨੇ ਕਿਹਾ ਬਾਊ ਜੀ ਮੈਂ ਪੰਜਾਬੀ ਬਹੁਤ ਚੰਗੀ ਤਰ੍ਹਾਂ ਸਮਝ ਤੇ ਬੋਲ ਲੈਂਦਾ ਹਾਂ। ਪੰਜਾਬੀ 'ਚ ਦੱਸ ਦਿਓ। ਕੋਲ ਬੈਠਾ ਮੈਂ ਬਹੁਤ ਪ੍ਰਭਾਵਿਤ ਹੋਇਆ। ਆਖਰੀ ਗੱਲ। ਪੰਜਾਬੀ 'ਚ ਲਿਖੀ ਮੇਰੀ ਕੋਈ ਕਵਿਤਾ ਪੜ੍ਹ ਕੇ ਫੇਸਬੁੱਕ 'ਤੇ ਕਿਸੇ ਨੇ ਤਾਰੀਫ ਕਰਨ ਲਈ ਕੁਮੈਂਟ ਕੀਤਾ 'ਭਾਅ ਜੀ ਆਰ ਯੂ ਏ ਗ੍ਰੇਟ ਰਾਈਟਰ' (ਕੀ ਤੁਸੀਂ ਮਹਾਨ ਲੇਖਕ ਹੋ?)। ਉਸਦੀ ਭਾਵਨਾ ਮੈਂ ਸਮਝ ਤਾਂ ਗਿਆ ਸੀ ਪਰ ਇਸ ਗੱਲੋਂ ਹੱਸਿਆ ਵੀ ਕਿ ਤਾਰੀਫ ਜੇ ਪੰਜਾਬੀ 'ਚ ਲਿਖ ਦਿੱਤੀ ਜਾਂਦੀ ਤਾਂ ਕੀ ਫਰਕ ਪੈ ਜਾਣਾ ਸੀ? ਐਵੇਂ ਅੰਗਰੇਜ਼ੀ ਲਿਖ ਕੇ ਤਾਰੀਫ ਦੀ ਜਗ੍ਹਾਂ ਮੇਰੀ ਲੇਖਣੀ 'ਤੇ ਸਵਾਲ ਹੀ ਖੜ੍ਹਾ ਕਰ ਦਿੱਤਾ।

ਨਰਿੰਦਰ ਪਾਲ ਸਿੰਘ ਜਗਦਿਓ
ਲੇਖ਼ਕ ਸਰਗਰਮ ਪੱਤਰਕਾਰੀ ਨੂੰ ਤਲਾਕ ਦੇਣ ਤੋਂ ਬਾਅਦ ਅੱਜਕਲ੍ਹ ਪੰਜਾਬ ਸਰਕਾਰ ਦੇ 'ਅਸਿਸਟੈਂਟ ਪਬਲਿਕ ਰਿਲੇਸ਼ਨ ਅਫਸਰ' ਹਨ।

No comments:

Post a Comment