ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, January 31, 2013

ਪੱਤਰਕਾਰੀ ਲਈ ਕੋਈ ਵਿੱਦਿਅਕ ਯੋਗਤਾ ਲਾਜ਼ਮੀ ਕਿਉਂ ਨਹੀਂ?


ਮੇਰੇ ਨਾਂ ਪਿੱਛੇ ਇਕ ਛੋਟੀ ਜਿਹੀ ਸੱਚੀ ਕਹਾਣੀ ਹੈ। ਸਾਡੇ ਸ਼ਹਿਰ 'ਚ ਬੱਚਿਆਂ ਦਾ ਇਕ ਮਸ਼ਹੂਰ ਡਾਕਟਰ ਹੋਇਆ ਕਰਦਾ ਸੀ ਜਿਸਦਾ ਨਾਂ ਸੀ ਨਰਿੰਦਰ ਪਾਲ ਸਿੰਘ। ਬਹੁਤ ਹੀ ਕਾਬਲ, ਯੋਗਤਾ-ਭਰਪੁਰ ਤੇ ਕੰਮ ਪ੍ਰਤੀ ਸਮਰਪਿਤ ਪਰ ਸੁਭਾਅ ਪੱਖੋਂ ਥੋੜ੍ਹਾ ਗੁੱਸੇਖੋਰ ਤੇ ਨਿਯਮਾਂ ਦਾ ਪੱਕਾ ਡਾਕਟਰ ਸੀ। ਖੈਰ, ਇਹ ਸਾਰੀਆਂ ਵਿਸ਼ੇਸ਼ਤਾਵਾਂ ਤਾਂ ਮੇਰੇ 'ਚ ਨਹੀਂ ਪਰ ਮੇਰੀ ਅੰਮੀਂ ਦੱਸਦੀ ਹੁੰਦੀ ਹੈ ਕਿ ਉਸ ਡਾਕਟਰ ਤੋਂ ਪ੍ਰਭਾਵਿਤ ਹੋ ਕੇ ਹੀ ਮੇਰਾ ਨਾਂ ਰੱਖਿਆ ਗਿਆ ਸੀ 'ਨਰਿੰਦਰ ਪਾਲ ਸਿੰਘ'। ਬਚਪਨ 'ਚ ਮੈਂ ਇਸ ਡਾਕਟਰ ਸਾਹਿਬ ਦਾ ਬੀਮਾਰ-ਠਿਮਾਰ ਹੋਣ 'ਤੇ ਮਰੀਜ਼ ਵੀ ਰਿਹਾ ਹਾਂ। ਨਰਿੰਦਰ ਪਾਲ ਸਿੰਘ ਨਾਂ ਰੱਖਣਾ ਹੀ ਮੇਰੇ ਪਰਿਵਾਰ ਦਾ ਮਕਸਦ ਨਹੀਂ ਸੀ ਸ਼ਾਇਦ ਮੈਨੂੰ ਡਾਕਟਰ ਬਣਿਆਂ ਦੇਖਣਾ ਚਾਹੁੰਦੇ ਹੋਣਗੇ ਮੇਰੇ ਪਰਿਵਾਰ ਵਾਲੇ! ਇਸ ਗੱਲ ਦਾ ਇਲਮ ਤਾਂ ਨਹੀਂ ਮੈਨੂੰ ਪਰ ਲੱਗਦੈ ਨਾਂ ਰੱਖਣ ਪਿੱਛੇ ਇੱਛਾ ਇਹੀ ਰਹੀ ਹੋਵੇਗੀ ਮੇਰੀ ਅੰਮੀਂ ਦੀ? ਇਹ ਸਾਰੀ ਕਹਾਣੀ ਦੱਸਣ ਦਾ ਮੇਰਾ ਸਿਰਫ ਇਹੀ ਮਕਸਦ ਸੀ ਕਿ ਮੈਂ ਬਚਪਨ ਤੋਂ ਹੀ ਬਹੁਤ ਔਸਤ ਦਰਜੇ ਦਾ ਵਿਦਿਆਰਥੀ ਰਿਹਾ ਹਾਂ ਅਤੇ ਡਾਕਟਰ ਬਣਨ ਲਈ ਨਾ ਤਾਂ ਮੈਂ ਵਿਦਿਅਕ ਯੋਗਤਾ ਲੈ ਸਕਣ ਦੇ ਕਾਬਿਲ ਸੀ ਅਤੇ ਨਾ ਹੀ ਮੈਂ ਰਾਤਾਂ ਨੂੰ ਪੜ੍ਹਾਈ ਕਰ ਸਕਦਾ ਸੀ। ਜਿਉਂ-ਜਿਉਂ ਵੱਡੀਆਂ ਕਲਾਸਾਂ 'ਚ ਹੁੰਦੇ ਗਏ, ਇਕ ਵਾਰ ਤਾਂ ਸਿਰਫ ਇਹੀ ਇੱਛਾ ਰਹਿ ਗਈ ਸੀ ਕਿ ਘੱਟੋ-ਘੱਟ ਕਿਸੇ ਬੈਂਕ 'ਚ ਕਲਰਕ ਦੀ ਨੌਕਰੀ ਹੀ ਮਿਲ ਜਾਵੇ ਤਾਂ ਜ਼ਿੰਦਗੀ ਸੁਖਾਲੀ ਲੰਘ ਜਾਊ ਪਰ ਨਹੀਂ, ਕਿੰਨੇ ਹੀ ਬੈਂਕ ਦੇ ਪੇਪਰ ਦੇਣ ਤੋਂ ਬਾਅਦ ਵੀ ਗੱਲ ਨਹੀਂ ਬਣੀ।

ਬੀ.ਕਾਮ ਦੀ ਪੜ੍ਹਾਈ ਦੌਰਾਨ ਯਾਰਾਂ-ਦੋਸਤਾਂ ਤੋਂ ਸੁਣ ਕੇ ਵਕੀਲ ਬਣਨ ਦਾ ਚਾਅ ਵੀ ਚੜ੍ਹਿਆ ਸੀ ਪਰ ਜਦੋਂ ਵਕੀਲ ਬਣਨ ਲਈ ਪੜ੍ਹੀਆਂ ਜਾਣ ਵਾਲੀਆਂ ਮੋਟੀਆਂ-ਮੋਟੀਆਂ ਕਿਤਾਬਾਂ ਬਾਰੇ ਸੁਣਿਆਂ ਤੇ ਕਿੰਨੇ ਹੀ ਕਾਨੂੰਨ ਯਾਦ ਰੱਖਣ ਸਬੰਧੀ ਪਤਾ ਲੱਗਾ ਤਾਂ ਫੂਕ ਜਿਹੀ ਨਿਕਲ ਗਈ। ਆਖਰ ਕੀ ਕਰੀਏ? ਇਹ ਸਵਾਲ ਕਾਫੀ ਸਮਾਂ ਤੰਗ ਕਰਦਾ ਰਿਹਾ ਪਰ ਬਹੁਤਾ ਫਿਕਰਮੰਦ ਕਦੇ ਨਹੀਂ ਹੋਏ। ਇਕ ਦਿਨ ਕਿਸੇ ਦੂਸਰੇ ਸ਼ਹਿਰ ਤੋਂ ਆਉਂਦੇ ਮੇਰੇ ਸਹਿਪਾਠੀ ਨੇ ਆਪਣੇ ਕਿਸੇ ਮਿੱਤਰ ਲਈ ਮੇਰੇ ਤੋਂ ਕਿਤਾਬਾਂ ਵਾਲੀ ਮਾਰਕਿਟ 'ਚੋਂ ਕੁਰੂਕਸ਼ੇਤਰ ਯੂਨੀਵਰਸਿਟੀ ਦਾ ਦਾਖਲਾ ਫਾਰਮ (ਪ੍ਰੋਸਪੈਕਟਸ) ਮੰਗਵਾਇਆ। ਉਸ ਸਮੇਂ ਮੈਨੂੰ ਪਤਾ ਲੱਗਾ ਸੀ ਕਿ ਪੱਤਰਕਾਰੀ ਦੀ ਵੀ ਕੋਈ ਪੜ੍ਹਾਈ ਹੁੰਦੀ ਹੈ। ਲਿਖਣ-ਪੜ੍ਹਨ ਦਾ ਸ਼ੌਕ ਤਾਂ ਪਹਿਲਾਂ ਹੀ ਸੀ। ਕੁਝ ਨਾ ਸੁੱਝਦਾ ਦੇਖ ਕੇ ਤੇ ਬੀ.ਕਾਮ ਤੋਂ ਬਾਅਦ ਇਕ ਸਾਲ 'ਖਰਾਬ' ਕਰ ਲੈਣ ਤੋਂ ਬਾਅਦ ਪ੍ਰਾਈਵੇਟ ਤੌਰ 'ਤੇ ਕੁਰੂਕਸ਼ੇਤਰ ਯੂਨੀਵਰਸਿਟੀ ਦਾ ਪੱਤਰਕਾਰੀ ਦਾ ਪੋਸਟ ਗ੍ਰੈਜੂਏਟ ਡਿਪਲੋਮਾ ਭਰ ਦਿੱਤਾ ਸੀ।

ਉਂਝ ਮੈਂ ਖਰਾਬ ਕੀਤੇ ਸਾਲ ਦੌਰਾਨ ਪੰਜਾਬੀ ਦੇ ਇਕ ਅਖਬਾਰ ਲਈ 7-8 ਮਹੀਨੇ ਪੱਤਰਕਾਰੀ ਵੀ ਕਰ ਲਈ ਸੀ। ਮਤਲਬ ਬਿਨਾਂ ਕਿਸੇ ਡਿਗਰੀ, ਯੋਗਤਾ ਤੋਂ ਪੱਤਰਕਾਰ ਪਹਿਲਾਂ ਬਣ ਗਿਆ ਸੀ, ਪੜ੍ਹਾਈ ਬਾਅਦ 'ਚ ਸ਼ੁਰੂ ਕੀਤੀ। ਹੈ ਕੋਈ ਐਸਾ ਕੰਮ ਜਿਸ 'ਚ ਨਾ ਕਿਸੇ ਵਿੱਦਿਅਕ ਯੋਗਤਾ ਦੀ ਲੋੜ ਪੈਂਦੀ ਹੈ ਅਤੇ ਨਾ ਹੀ ਕੋਈ ਹੋਰ ਖਾਸ ਯੋਗਤਾ ਦੇਖੀ ਜਾਂਦੀ ਹੈ!!! ਇਸ ਸਾਰੀ ਵਿੱਥਿਆ ਪਿੱਛੇ ਮੁੱਖ ਸਵਾਲ ਤਾਂ ਇਹੀ ਵਾਰ-ਵਾਰ ਖੜ੍ਹਾ ਹੁੰਦਾ ਹੈ ਕਿ ਡਾਕਟਰ, ਵਕੀਲ ਜਾਂ ਇੰਜੀਨੀਅਰ ਬਣਨ ਲਈ ਤਾਂ ਖਾਸ ਡਿਗਰੀਆਂ ਤੇ ਯੋਗਤਾਵਾਂ ਦੀ ਜ਼ਰੂਰਤ ਪੈਂਦੀ ਹੈ ਪਰ ਪੱਤਰਕਾਰ ਬਣਨ ਲਈ ਕੋਈ ਖਾਸ ਵਿੱਦਿਅਕ ਯੋਗਤਾ ਦੀ ਜ਼ਰੂਰਤ ਕਿਉਂ ਨਹੀਂ? ਜੋ ਕੁਝ ਨਾ ਕਰ ਸਕਿਆ ਉਹ ਪੱਤਰਕਾਰ ਬਣ ਗਿਆ! ਭਾਰਤੀ ਲੋਕਤੰਤਰ ਦੇ ਚਾਰ ਮੁੱਖ ਥਮਲੇ ਹਨ- ਲੋਕ ਨੁਮਾਇੰਦੇ ਜਾਂ ਕਾਨੂੰਨਸਾਜ਼ (ਸਿਆਸੀ ਹਸਤੀਆਂ), ਅਫਸਰਸ਼ਾਹੀ, ਅਦਾਲਤਾਂ (ਜੱਜ) ਅਤੇ ਮੀਡੀਆ (ਪੱਤਰਕਾਰ)। ਅਫਸਰ ਤੇ ਜੱਜ ਬਣਨ ਲਈ ਖਾਸ ਵਿੱਦਿਅਕ ਯੋਗਤਾ ਤੇ ਮਿਹਨਤ ਦੀ ਲੋੜ ਪੈਂਦੀ ਹਨ। ਲੋਕ ਨੁਮਾਇੰਦਾ ਬਣਨ ਲਈ ਵਿੱਦਿਅਕ ਯੋਗਤਾ ਦੀ ਨਹੀਂ ਤਾਂ ਖਾਸ ਦਾਅਪੇਚਾਂ ਦੀ ਸਮਝ ਹੋਣੀ ਤੇ 'ਹੋਰ ਬਹੁਤ ਕੁਝ' ਹੋਣਾ ਲਾਜ਼ਮੀ ਹੈ ਪਰ ਮੀਡੀਆਕਰਮੀ ਬਣਨ ਲਈ ਨਾ ਤਾਂ ਕੋਈ ਵਿੱਦਿਅਕ ਯੋਗਤਾ ਦੇਖੀ ਜਾਂਦੀ ਹੈ ਅਤੇ ਨਾ ਹੀ ਇਹ ਦੇਖਿਆ ਜਾਂਦਾ ਹੈ ਕਿ ਬਾਕੀ ਤਿੰਨ ਥਮਲਿਆਂ ਨਾਲ ਸਬੰਧਿਤ ਪੱਤਰਕਾਰ ਤਾਲਮੇਲ ਬਿਠਾ ਸਕੇਗਾ ਜਾਂ ਨਹੀਂ।

ਹੁਣ ਮੈਂ ਸਰਗਰਮ ਪੱਤਰਕਾਰੀ ਨਾਲ ਜੁੜਿਆ ਹੋਇਆ ਨਹੀਂ ਹਾਂ ਪਰ ਸਰਗਰਮ ਪੱਤਰਕਾਰਾਂ ਨਾਲ ਰਾਬਤਾ ਰੱਖਣ ਵਾਲੇ ਪੇਸ਼ੇ 'ਚ ਹਾਂ। ਪੱਤਰਕਾਰੀ ਦਾ ਅੱਜਕੱਲ੍ਹ ਮੈਂ ਜ਼ਿਆਦਾ ਨੇੜਿਓਂ ਬਲਾਤਕਾਰ ਹੁੰਦਾ ਦੇਖ ਰਿਹਾਂ ਹਾਂ। ਛੋਟੇ ਕਸਬਿਆਂ/ਸ਼ਹਿਰਾਂ 'ਚ ਤਾਂ ਸਥਿਤੀ ਹੋਰ ਵੀ ਜ਼ਿਆਦਾ ਮਾੜੀ ਹੈ। ਅੱਗੇ ਗੱਲ ਕਰਨ ਤੋਂ ਪਹਿਲਾਂ ਤਿੰਨ ਦਿਲਸਚਪ ਉਦਾਹਰਣਾਂ ਸਾਂਝੀਆਂ ਕਰਾਂਗਾ। ਪਹਿਲੀ। ਨਵਾਂ-ਨਵਾਂ ਪੱਤਰਕਾਰ ਬਣਿਆਂ ਇਕ ਨੌਜਵਾਨ ਮਿਲਿਆ। ਗੱਲਬਾਤ ਤੁਰੀ ਤਾਂ ਪਤਾ ਲੱਗਿਆ ਕਿ ਉਹ ਕਾਂਗਰਸ ਪਾਰਟੀ ਦਾ ਬਲਾਕ ਪੱਧਰ ਦਾ ਕੋਈ ਆਗੂ ਸੀ ਅਤੇ ਸੂਬੇ 'ਚ ਕਾਂਗਰਸ ਦੀ ਸਰਕਾਰ ਨਾ ਬਣਨ ਦੇ 'ਡਰ' ਵੱਜੋਂ ਪੱਤਰਕਾਰ ਬਣ ਗਿਆ ਸੀ।

ਦੂਜੀ। ਵਧੀਕ ਡਿਪਟੀ ਕਮਿਸ਼ਨਰ ਦੀ ਮੀਟਿੰਗ ਦਾ ਇਕ ਪ੍ਰੈੱਸ ਨੋਟ ਈ-ਮੇਲ ਕੀਤਾ। ਦੂਜੇ ਦਿਨ ਇਕ ਪੱਤਰਕਾਰ ਦਾ ਫੋਨ ਆਇਆ ਤੇ ਕਹਿੰਦਾ ਤੁਸੀਂ ਪ੍ਰੈੱਸ ਨੋਟ ਗਲਤ ਭੇਜ ਦਿੱਤਾ ਹੈ। ਮੈਂ ਆਖਿਆ, ਅੱਜ ਤਾਂ ਕੋਈ ਪ੍ਰੈੱਸ ਨੋਟ ਹੀ ਨਹੀਂ ਭੇਜਿਆ। ਕਹਿੰਦਾ, ਉਹ ਜਿਹੜਾ ਮੀਟਿੰਗ ਵਾਲਾ ਭੇਜਿਆ ਸੀ ਉਸ 'ਚ ਤੁਸੀਂ ਡਿਪਟੀ ਕਮਿਸ਼ਨਰ ਦਾ ਨਾਂ ਗਲਤ ਲਿਖ ਦਿੱਤਾ। ਮੈਂ ਕਿਹਾ ਪਰ ਮੈਂ ਤਾਂ ਡਿਪਟੀ ਕਮਿਸ਼ਨਰ ਦਾ ਨਾਂ ਹੀ ਨਹੀਂ ਲਿਖਿਆ ਉਸ ਮੀਟਿੰਗ ਦੀ ਪ੍ਰਧਾਨਗੀ ਤਾਂ ਵਧੀਕ ਡਿਪਟੀ ਕਮਿਸ਼ਨਰ ਨੇ ਕੀਤੀ ਸੀ। ਪੱਤਰਕਾਰ ਕਹਿੰਦਾ ਪਰ ਭਾਅ ਜੀ ਅੱਗੇ ਤਾਂ ਹਮੇਸ਼ਾਂ ਡਿਪਟੀ ਕਮਿਸ਼ਨਰ ਕਰਦਾ ਹੁੰਦਾ ਏ ਪ੍ਰਧਾਨਗੀ, ਮੈਨੂੰ ਮੁੱਖ ਦਫਤਰ ਵਾਲਿਆਂ ਨੇ ਕਿਹਾ ਏ ਕਿ ਪਤਾ ਕਰਕੇ ਦੱਸ ਖਬਰ ਗਲਤ ਤਾਂ ਨਹੀਂ। ਮੈਂ ਪੁੱਛਿਆਂ ਬਾਈ ਜੀ ਕੀ ਕਮਲੀਆਂ ਗੱਲਾਂ ਕਰੀ ਜਾਂਦੇ ਓ? ਇਹ ਉਹੀ ਪੱਤਰਕਾਰ ਸੀ ਜਿਸਨੇ ਮੈਨੂੰ ਪਹਿਲੀ ਵਾਰ ਮਿਲ ਕੇ ਆਪਣੀ ਦੁਕਾਨ ਦਾ ਵਿਜੀਟਿੰਗ ਕਾਰਡ ਦੇ ਕੇ ਕਿਹਾ ਸੀ ਕਿ 'ਇਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ'।

ਤੀਜੀ। ਕਿਸੇ ਪੱਤਰਕਾਰ ਮਿੱਤਰ ਨੂੰ ਇਕ ਡਿਪਟੀ ਕਮਿਸ਼ਨਰ ਨੇ ਕਿਹਾ ਸੀ ਕਿ ਉਹ ਆਪਣੀ ਪੜ੍ਹਾਈ ਦੌਰਾਨ ਹਮੇਸ਼ਾ ਅੱਵਲ ਦਰਜੇ ਦਾ ਵਿਦਿਆਰਥੀ ਰਿਹਾ ਹੈ ਅਤੇ ਆਈ.ਏ.ਐਸ. ਦੀ ਪ੍ਰੀਖਿਆ 'ਚ ਵੀ ਅੱਵਲ ਸੀ। ਆਪਣੇ ਕੰਮ ਪ੍ਰਤੀ ਵੀ ਉਹ ਬਹੁਤ ਜ਼ਿਆਦਾ ਸਮਰਪਿਤ ਹੈ ਪਰ ਕਿੰਨੀ ਨਮੋਸ਼ੀ ਵਾਲੀ ਗੱਲ ਹੈ ਕਿ ਇਕ ਦਸਵੀਂ ਪਾਸ (ਜਾਂ ਫੇਲ੍ਹ) ਪੱਤਰਕਾਰ ਉਸਨੂੰ ਕਈ ਮਾਮਲਿਆਂ 'ਚ ਇੰਝ ਸਵਾਲ ਕਰਨਗੇ ਜਿਵੇਂ ਸਾਰੀ ਗਲਤੀ ਡਿਪਟੀ ਕਮਿਸ਼ਨਰ ਦੀ ਹੀ ਹੋਵੇ। ਸਲਾਹਾਂ ਵੀ ਇੰਝ ਦੇਣਗੇ ਜਿਵੇਂ ਜ਼ਿਲਾ ਅਧਿਕਾਰੀ ਸਿਰੇ ਦੇ ਨਿਕੰਮੇ ਤੇ ਬੁੱਧੂ ਹਨ। ਉਨ੍ਹਾਂ ਦੱਸਿਆ ਕਿ ਇਕ ਵਾਰ ਤਲਖੀ 'ਚ ਉਨ੍ਹਾਂ ਇਕ ਪੱਤਰਕਾਰ ਨੂੰ ਆਖ ਦਿੱਤਾ ਸੀ ਪਹਿਲਾਂ ਆਪਣੀ ਡਿਗਰੀ ਲਿਆ ਕੇ ਦਿਖਾਈ ਫੇਰ ਗੱਲ ਕਰੀਂ ਤੇ ਅੱਜ ਤੱਕ ਉਨ੍ਹਾਂ ਕਿਸੇ ਪ੍ਰੈੱਸ ਕਾਨਫਰੰਸ 'ਚ ਉਸ ਪੱਤਰਕਾਰ ਨੂੰ ਦੇਖਿਆ ਤੱਕ ਨਹੀਂ। ਇਕ ਉਦਾਹਰਣ ਹੋਰ। ਆਚਾਰ ਦਾ ਕੰਮ ਕਰਦੇ ਮੇਰੇ ਇਕ ਦੋਸਤ ਕੋਲ ਕਿਸੇ ਚੈਨਲ ਦਾ ਪੱਤਰਕਾਰ ਦੱਸਕੇ ਆਇਆ ਇਕ ਬੰਦਾ ਕਹਿੰਦਾ ਮੈਂ ਚੈਕਿੰਗ ਕਰਨੀ ਹੈ ਤੁਹਾਡੇ ਮਾਲ ਦੀ ਅਤੇ ਡਰਦਿਆਂ ਮੇਰੇ ਦੋਸਤ ਨੇ ਉਸਨੂੰ ਪੰਜ ਸੌ ਰੁਪਿਆ ਦੇ ਦਿੱਤਾ ਸੀ। ਮੈਨੂੰ ਇਹ ਗੱਲ ਉਸ ਨੇ ਬਹੁਤ ਦੇਰ ਬਾਅਦ ਦੱਸੀ ਤੇ ਮੈਨੂੰ ਸੁਣਕੇ ਉਸ 'ਤੇ ਗੁੱਸਾ ਵੀ ਆਇਆ ਤੇ ਅਖੌਤੀ ਪੱਤਰਕਾਰ ਦੇ ਗੋਡੇ ਭੰਨ੍ਹਣ ਦਾ ਤਾਅ ਵੀ ਚੜ੍ਹਿਆ। ਪਰ ਹੁਣ ਕੁਝ ਨਹੀਂ ਹੋ ਸਕਦਾ ਸੀ। ਦਰਅਸਲ ਪੱਤਰਕਾਰੀ ਨੂੰ ਅਸੀਂ ਜਿੰਨੀ ਹਲਕੀ ਪੱਧਰ 'ਤੇ ਲੈਂਦੇ ਹਾਂ ਇਹ ਮਸਲਾ ਓਨਾ ਹੀ ਗੰਭੀਰ ਹੈ। ਜਣਾ-ਖਣਾ ਪੱਤਰਕਾਰ ਬਣ ਜਾਣ ਨਾਲ ਇਸ ਪੇਸ਼ੇ 'ਚ ਅੰਤਾਂ ਦਾ ਨਿਘਾਰ ਆਇਆ ਹੈ। ਮੈਨੂੰ ਇਹ ਗੱਲ ਵੀ ਅੱਜ ਤੱਕ ਸਮਝ ਨਹੀਂ ਪੈ ਰਹੀ ਕਿ ਜਦੋਂ ਪੱਤਰਕਾਰੀ ਨਾਲ ਸਾਡਾ ਸਭ ਦਾ ਵਾਸਤਾ ਹੈ ਤਾਂ ਇਸ ਨੂੰ ਸਕੂਲੀ ਪੱਧਰ ਤੋਂ ਪੜ੍ਹਾਈ ਦਾ ਹਿੱਸਾ ਕਿਉਂ ਨਹੀਂ ਬਣਾਇਆ ਜਾ ਰਿਹਾ। ਬਹੁਤਿਆਂ ਲੋਕਾਂ ਨੂੰ ਤਾਂ ਇਹ ਹੀ ਨਹੀਂ ਪਤਾ ਕਿ ਪੱਤਰਕਾਰ ਦੇ ਅਧਿਕਾਰ ਤੇ ਜ਼ਿੰਮੇਵਾਰੀਆਂ ਕੀ ਹਨ। ਕਾਰਜ ਖੇਤਰ ਕੀ ਹੈ। ਪੱਤਰਕਾਰ ਕੀ-ਕੀ ਕਰ ਸਕਦਾ ਹੈ ਤੇ ਖਬਰ ਲਗਵਾਉਣ ਲਈ ਪੱਤਰਕਾਰਾਂ ਨੂੰ ਪੈਸੇ ਦੇਣੇ ਹੁੰਦੇ ਹਨ ਜਾਂ ਨਹੀਂ। ਬਹੁਤੇ ਲੋਕਾਂ ਨੇ ਤਾਂ ਆਪਣਾ ਕੰਮ-ਧੰਦਾ ਚਮਕਾਉਣ ਲਈ ਵੀ ਪੱਤਰਕਾਰੀ ਦੀ ਆੜ ਲਈ ਹੋਈ ਹੈ। ਹਰ ਬੰਦਾ ਰੋਜ਼ ਸਵੇਰੇ ਅਖਬਾਰ ਪੜ੍ਹਦਾ ਹੈ ਪਰ ਅਖਬਾਰੀ ਪ੍ਰਕਿਰਿਆ ਬਾਰੇ ਬਹੁਤਿਆਂ ਨੂੰ ਉੱਕਾ ਹੀ ਜਾਣਕਾਰੀ ਨਹੀਂ ਹੈ ਕਿ ਖਬਰ ਕਿਵੇਂ ਲਿਖੀ ਤੇ ਭੇਜੀ ਜਾਂਦੀ ਹੈ, ਕਿਵੇਂ ਐਡਿਟ ਹੁੰਦੀ ਹੈ ਤੇ ਕਿਵੇਂ ਛਪਦੀ ਹੈ। ਕੀ ਪਾਠਕਾਂ ਨੂੰ ਇਸ ਪ੍ਰਕਿਰਿਆ ਦੀ ਮੁੱਢਲੀ ਜਾਣਕਾਰੀ ਨਹੀਂ ਹੋਣੀ ਚਾਹੀਦੀ? ਕਿਉਂ ਨਾ ਪੱਤਰਕਾਰੀ ਨੂੰ ਸਕੂਲੀ ਪੱਧਰ ਤੋਂ ਹੀ ਵਿੱਦਿਅਕ ਕੋਰਸਾਂ ਦਾ ਹਿੱਸਾ ਬਣਾਇਆਂ ਜਾਵੇ?

ਇਕ ਗੱਲ ਤਾਂ ਬਹੁਤ ਸਪੱਸ਼ਟ ਹੈ ਕਿ ਇਸ ਖੇਤਰ 'ਚ ਸੁਧਾਰ ਤਾਂ ਹੀ ਆ ਸਕਦਾ ਹੈ ਜੇਕਰ ਕੋਈ ਸਖਤ ਕਦਮ ਚੁੱਕੇ ਜਾਣ। ਕਿਉਂ ਨਾ ਕੋਈ ਅਜਿਹੀ ਸੰਸਥਾ ਬਣਾਈ ਜਾਵੇ ਜੋ ਪੱਤਰਕਾਰੀ ਦੇ ਪੇਸ਼ੇ 'ਚ ਆਉਣ ਤੋਂ ਪਹਿਲਾਂ ਲਾਇਸੰਸ ਜਾਰੀ ਕਰੇ। ਇਹ ਲਾਇਸੰਸ ਸਿਰਫ ਵਿੱਦਿਅਕ ਯੋਗਤਾ ਪੂਰੀ ਕਰਨ ਵਾਲੇ ਤੇ ਸਿਖਲਾਈ ਪ੍ਰਾਪਤ ਪੱਤਰਕਾਰਾਂ ਦੇ ਹੀ ਜਾਰੀ ਹੋਣ। ਜਿਵੇਂ ਲਾਅ ਦੀ ਡਿਗਰੀ ਕਰਨ ਤੋਂ ਬਾਅਦ ਬਾਰ ਕੌਂਸਲ ਆਫ ਇੰਡੀਆ ਵਕੀਲ ਦੀ ਪ੍ਰੈਕਟਿਸ ਕਰਨ ਲਈ ਲਾਇਸੰਸ ਜਾਰੀ ਕਰਦੀ ਹੈ ਤੇ ਅਦਾਲਤਾਂ ਮੁਕੱਦਮੇ ਲੜਨ ਲਈ ਸਿਰਫ ਉਨ੍ਹਾਂ ਵਕੀਲਾਂ ਨੂੰ ਹੀ ਆਗਿਆ ਦਿੰਦੀ ਹੈ ਜਿਨ੍ਹਾਂ ਕੋਲ ਲਾਇਸੰਸ ਹੁੰਦਾ ਹੈ, ਇਸੇ ਪ੍ਰਕਾਰ ਪੱਤਰਕਾਰੀ ਦੇ ਪੇਸ਼ੇ ਲਈ ਵੀ ਇਕ ਪੇਸ਼ੇਵਰ ਯੋਗਤਾ ਨਿਰਧਾਰਿਤ ਕੀਤੀ ਜਾਵੇ ਤੇ ਲਾਇਸੰਸਿਗ ਅਥਾਰਟੀ ਬਣਾਈ ਜਾਵੇ। ਡਾਕਟਰ ਬਣਨ ਲਈ ਵੀ ਅਜਿਹੀ ਹੀ ਪ੍ਰਕਿਰਿਆ 'ਚੋਂ ਹੋ ਕੇ ਲੰਘਣਾ ਪੈਂਦਾ ਹੈ, ਫੇਰ ਪੱਤਰਕਾਰਾਂ ਲਈ ਅਜਿਹਾ ਕੋਈ ਪ੍ਰਬੰਧ ਕਿਉਂ ਨਹੀਂ ਹੈ?

ਮੈਂ ਦੋ ਮਾਸਟਰ ਡਿਗਰੀਆਂ (ਪੱਤਰਕਾਰੀ ਤੇ ਪੰਜਾਬੀ ਸਾਹਿਤ) ਕਰਕੇ ਪੱਤਰਕਾਰ ਬਣਿਆਂ ਸੀ ਅਤੇ ਮੇਰੇ ਵਾਂਗ ਹੀ ਇਕ ਨੌਵੀਂ ਪਾਸ ਬੰਦਾ ਵੀ ਪੱਤਰਕਾਰ ਅਖਵਾਉਂਦਾ ਹੈ। ਕੋਈ ਫਰਕ ਹੀ ਨਹੀਂ ਪੜ੍ਹੇ-ਲਿਖੇ ਪੱਤਰਕਾਰ ਤੇ ਦੂਜਿਆਂ ਦਾ? ਹੋਰ ਕਿਸੇ ਪੇਸ਼ੇ 'ਚ ਅਜਿਹਾ ਵਰਤਾਰਾ ਵੇਖਣ ਨੂੰ ਨਹੀਂ ਮਿਲਦਾ! ਵੈਸੇ ਮੈਨੂੰ ਪਤਾ ਲੱਗਿਆ ਸੀ ਕਿ ਡਾ. ਨਰਿੰਦਰ ਪਾਲ ਸਿੰਘ ਅਮਰੀਕਾ 'ਚ ਟਵਿਨ ਟਾਵਰ 'ਤੇ ਹੋਏ ਅੱਤਵਾਦੀ ਹਮਲੇ ਦੌਰਾਨ ਹਲਾਕ ਹੋ ਗਿਆ ਸੀ।

ਨਰਿੰਦਰ ਪਾਲ ਸਿੰਘ ਜਗਦਿਓ
ਲੇਖ਼ਕ ਸਰਗਰਮ ਪੱਤਰਕਾਰੀ ਨੂੰ ਤਲਾਕ ਦੇਣ ਤੋਂ ਬਾਅਦ ਅੱਜਕਲ੍ਹ ਪੰਜਾਬ ਸਰਕਾਰ ਦੇ 'ਅਸਿਸਟੈਂਟ ਪਬਲਿਕ ਰਿਲੇਸ਼ਨ ਅਫਸਰ' ਹਨ।

3 comments:

  1. ਬਾਈ ਇਹ ਮਸਲਾ ਉਨ੍ਹਾਂ ਸਿੱਧਾ ਨਹੀਂ ਜਿੰਨਾਂ ਉੱਪਰੋਂ ਦੇਖਣ ਤੋਂ ਲੱਗਦਾ ਹੈ। ਜਿਵੇਂ ਕਿ ਤੁਸੀਂ ਛੋਟੇ ਇਲਾਕਿਆਂ ਦੇ ਪੱਤਰਕਾਰਾਂ ਦੀ ਗੱਲ ਕੀਤੀ ਹੈ, ਤੁਹਾਨੂੰ ਵੀ ਦੁਪਤਾ ਹੋਵੇਗਾ ਕਿ ਉੱਥੇ ਪੱਤਰਕਾਰ ਕੌਣ ਬਣਾਉਂਦਾ ਹੈ ਤੇ ਕੌਣ ਬਣਦਾ ਹੈ। ਅਸਲ ਵਿਚ ਇਹ ਮਸਲਾ ਓਨਾ ਯੋਗਤਾ ਦਾ ਨਹੀਂ, ਜਿੰਨਾਂ ਮੀਡੀਆ ਅਦਾਰਿਆਂ ਦੀ ਦੇਸ਼ ਦੇ ਪੇਂਡੂ, ਕਸਬਾਈ ਅਤੇ ਖੇਤਰੀ ਇਲਾਕਿਆਂ ਪ੍ਰਤਿ ਦਿਲਚਸਪੀ ਦਾ ਹੈ। ਕੋਈ ਵੀ ਮੀਡੀਆ ਅਦਾਰਾ ਉਂਝ ਤਾਂ ਇਨ੍ਹਾਂ ਇਲਾਕਿਆਂ ਦੀਆਂ ਖ਼ਬਰਾਂ ਛਾਪਣ ਨੂੰ ਲਾਹੇ ਦਾ ਸੌਦਾ ਨਹੀਂ ਸਮਝਦਾ, ਪਰ ਜੇ ਉਨ੍ਹਾਂ ਨੂੰ ਉੱਥੋਂ ਕੋਈ ਆਚਾਰ ਵਾਲਾ, ਦੁਕਾਨਦਾਰ ਜਾਂ ਤਹਿਸੀਲ ਵਿਚ ਏਜੰਟ ਕੰਮ ਕਰਨ ਵਾਲੇ ਕਿਸਮ ਦਾ ਬੰਦਾ ਮਿਲ ਜਾਵੇ ਜੋ ਨਾਲੇ ਆਪ ਰੋਟੀ ਖਾਵੇ ਆਵੇ ਤੇ ਨਾਲੇ ਅਖ਼ਬਾਰ ਦੇ ਮਾਲਕਾਂ ਲਈ ਲੈ ਆਵੇ ਤਾਂ ਫਿਰ ਉਹ ਦੋ-ਚਾਰ ਖ਼ਬਰਾਂ ਲਾਉਣ ਨੂੰ ਮਹਿੰਗਾ ਸੌਦਾ ਨਹੀਂ ਮੰਨਦੇ। ਕਸਬਾਈ ਪੱਤਰਕਾਰ ਵੀ ਲੋਕਤੰਤਰ ਦਾ ਚੌਥਾ ਥੰਮ ਬਣਨ ਨਾਲੋਂ ਨਾਮ 'ਤੇ ਨੋਟ ਕਮਾਉਣ ਵਿਚ ਜ਼ਿਆਦਾ ਵਿਸ਼ਵਾਸ ਰੱਖਦਾ ਹੈ, ਤੇ ਇਸ ਕੰਮ ਲਈ ਉਸ ਨੂੰ ਪੱਤਰਕਾਰੀ ਦੀ ਵਿੱਦਿਅਕ ਯੋਗਤਾ ਨਾਲੋਂ ਵਪਾਰਕ ਯੋਗਤਾ ਜ਼ਿਆਦਾ ਜ਼ਰੂਰੀ ਲੱਗਦੀ ਹੈ। ਦੋ-ਚਾਰ ਖਬਰਾਂ ਉੱਤੇ ਥੱਲੇ ਹੋ ਗਈਆਂ ਤਾਂ ਕੀ ਹੋਇਆ-ਨਾ ਅਦਾਰੇ ਨੂੰ ਫਰਕ ਪੈਂਦਾ ਹੈ ਨਾ ਪੱਤਰਕਾਰ ਨੂੰ। ਨਾਮ ਗਲਤ ਛਪ ਜਾਣ ਜਾ ਅਹੁਦਾ ਜਾਂ ਪੂਰੇ ਤੱਥ ਹੀ ਗਲਤ ਹੋਣ, ਇਨ੍ਹਾਂ ਖ਼ਬਰਾਂ ਨੂੰ ਕੋਈ ਨਹੀਂ ਪੁੱਛਦਾ।

    ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਵਿੱਦਿਅਕ ਯੋਗਤਾ ਦੀ ਲੋੜ ਨਹੀਂ, ਉਸ ਤੋਂ ਪਹਿਲਾਂ ਲੋੜ ਮੀਡੀਆ ਅਦਾਰਿਆਂ ਅੰਦਰ ਇਨ੍ਹਾਂ ਇਲਾਕਿਆਂ ਪ੍ਰਤਿ ਗੰਭੀਰਤਾ ਪੈਦਾ ਕਰਨ ਦੀ ਲੋੜ ਹੈ। ਜਦੋਂ ਉਹ ਇਨ੍ਹਾਂ ਇਲਾਕਿਆਂ, ਇਨ੍ਹਾਂ ਦੀਆਂ ਖ਼ਬਰਾਂ ਨੂੰ ਗੰਭੀਰਤਾ ਨਾਲ ਲੈਣ ਲੱਗਣਗੇ, ਉਦੋਂ ਹੀ ਉਨ੍ਹਾਂ ਨੂੰ ਯੋਗ ਪੱਤਰਕਾਰਾਂ ਦੀ ਲੋੜ ਮਹਿਸੂਸ ਹੋਵੇਗੀ। ਜਦੋਂ ਲੋੜ ਮਹਿਸੂਸ ਹੋਵੇਗੀ ਤਾਂ ਪੱਤਰਕਾਰਾਂ ਨੂੰ ਵੀ ਯੋਗ ਬਣਨ ਦਾ ਅਰਥ ਸਮਝ ਆਵੇਗਾ ਤੇ ਉਹ ਪਹਿਲਾਂ ਯੋਗਤਾ ਲਵੇਗਾ, ਫੇਰ ਪੱਤਰਕਾਰ ਬਣੇਗਾ।
    ਫਿਲਹਾਲ ਉਨ੍ਹਾਂ ਦੀ ਲੋੜ ਮੀਡੀਆ ਨੂੰ ਨਹੀਂ ਹੈ, ਕਿਉਂ ਕਿ ਡਿਗਰੀ ਲੈਣ ਤੋਂ ਬਾਅਦ ਸਿਆਣਾ ਹੋਇਆ ਪੱਤਰਕਾਰ ਉਨ੍ਹਾਂ ਲਈ ਰੋਟੀਆਂ ਲਿਆਉਣ ਨੂੰ ਰਾਜੀ ਨਹੀਂ ਹੁੰਦਾ, ਸਿਰਫ਼ ਕਾਗਜ਼ ਕਾਲੇ ਕਰਦਾ ਹੈ। ਅਦਾਰਿਆਂ ਨੂੰ ਕਾਲੇ ਕਾਗਜ਼ਾਂ ਨਾਲੋਂ ਰੜ੍ਹੀਆਂ ਰੋਟੀਆਂ ਜ਼ਿਆਦਾ ਚੰਗੀਆਂ ਲੱਗਦੀਆਂ ਹਨ, ਭਾਵੇਂ ਉਹ ਕੋਈ ਅਯੋਗ ਹੀ ਲਿਆਵੇ।

    ReplyDelete
  2. Deep Jagdeep has left a new comment on your post "ਪੱਤਰਕਾਰੀ ਲਈ ਕੋਈ ਵਿੱਦਿਅਕ ਯੋਗਤਾ ਲਾਜ਼ਮੀ ਕਿਉਂ ਨਹੀਂ?":

    ਬਾਈ ਇਹ ਮਸਲਾ ਉਨ੍ਹਾਂ ਸਿੱਧਾ ਨਹੀਂ ਜਿੰਨਾਂ ਉੱਪਰੋਂ ਦੇਖਣ ਤੋਂ ਲੱਗਦਾ ਹੈ। ਜਿਵੇਂ ਕਿ ਤੁਸੀਂ ਛੋਟੇ ਇਲਾਕਿਆਂ ਦੇ ਪੱਤਰਕਾਰਾਂ ਦੀ ਗੱਲ ਕੀਤੀ ਹੈ, ਤੁਹਾਨੂੰ ਵੀ ਦੁਪਤਾ ਹੋਵੇਗਾ ਕਿ ਉੱਥੇ ਪੱਤਰਕਾਰ ਕੌਣ ਬਣਾਉਂਦਾ ਹੈ ਤੇ ਕੌਣ ਬਣਦਾ ਹੈ। ਅਸਲ ਵਿਚ ਇਹ ਮਸਲਾ ਓਨਾ ਯੋਗਤਾ ਦਾ ਨਹੀਂ, ਜਿੰਨਾਂ ਮੀਡੀਆ ਅਦਾਰਿਆਂ ਦੀ ਦੇਸ਼ ਦੇ ਪੇਂਡੂ, ਕਸਬਾਈ ਅਤੇ ਖੇਤਰੀ ਇਲਾਕਿਆਂ ਪ੍ਰਤਿ ਦਿਲਚਸਪੀ ਦਾ ਹੈ। ਕੋਈ ਵੀ ਮੀਡੀਆ ਅਦਾਰਾ ਉਂਝ ਤਾਂ ਇਨ੍ਹਾਂ ਇਲਾਕਿਆਂ ਦੀਆਂ ਖ਼ਬਰਾਂ ਛਾਪਣ ਨੂੰ ਲਾਹੇ ਦਾ ਸੌਦਾ ਨਹੀਂ ਸਮਝਦਾ, ਪਰ ਜੇ ਉਨ੍ਹਾਂ ਨੂੰ ਉੱਥੋਂ ਕੋਈ ਆਚਾਰ ਵਾਲਾ, ਦੁਕਾਨਦਾਰ ਜਾਂ ਤਹਿਸੀਲ ਵਿਚ ਏਜੰਟ ਕੰਮ ਕਰਨ ਵਾਲੇ ਕਿਸਮ ਦਾ ਬੰਦਾ ਮਿਲ ਜਾਵੇ ਜੋ ਨਾਲੇ ਆਪ ਰੋਟੀ ਖਾਵੇ ਆਵੇ ਤੇ ਨਾਲੇ ਅਖ਼ਬਾਰ ਦੇ ਮਾਲਕਾਂ ਲਈ ਲੈ ਆਵੇ ਤਾਂ ਫਿਰ ਉਹ ਦੋ-ਚਾਰ ਖ਼ਬਰਾਂ ਲਾਉਣ ਨੂੰ ਮਹਿੰਗਾ ਸੌਦਾ ਨਹੀਂ ਮੰਨਦੇ। ਕਸਬਾਈ ਪੱਤਰਕਾਰ ਵੀ ਲੋਕਤੰਤਰ ਦਾ ਚੌਥਾ ਥੰਮ ਬਣਨ ਨਾਲੋਂ ਨਾਮ 'ਤੇ ਨੋਟ ਕਮਾਉਣ ਵਿਚ ਜ਼ਿਆਦਾ ਵਿਸ਼ਵਾਸ ਰੱਖਦਾ ਹੈ, ਤੇ ਇਸ ਕੰਮ ਲਈ ਉਸ ਨੂੰ ਪੱਤਰਕਾਰੀ ਦੀ ਵਿੱਦਿਅਕ ਯੋਗਤਾ ਨਾਲੋਂ ਵਪਾਰਕ ਯੋਗਤਾ ਜ਼ਿਆਦਾ ਜ਼ਰੂਰੀ ਲੱਗਦੀ ਹੈ। ਦੋ-ਚਾਰ ਖਬਰਾਂ ਉੱਤੇ ਥੱਲੇ ਹੋ ਗਈਆਂ ਤਾਂ ਕੀ ਹੋਇਆ-ਨਾ ਅਦਾਰੇ ਨੂੰ ਫਰਕ ਪੈਂਦਾ ਹੈ ਨਾ ਪੱਤਰਕਾਰ ਨੂੰ। ਨਾਮ ਗਲਤ ਛਪ ਜਾਣ ਜਾ ਅਹੁਦਾ ਜਾਂ ਪੂਰੇ ਤੱਥ ਹੀ ਗਲਤ ਹੋਣ, ਇਨ੍ਹਾਂ ਖ਼ਬਰਾਂ ਨੂੰ ਕੋਈ ਨਹੀਂ ਪੁੱਛਦਾ।

    ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਵਿੱਦਿਅਕ ਯੋਗਤਾ ਦੀ ਲੋੜ ਨਹੀਂ, ਉਸ ਤੋਂ ਪਹਿਲਾਂ ਲੋੜ ਮੀਡੀਆ ਅਦਾਰਿਆਂ ਅੰਦਰ ਇਨ੍ਹਾਂ ਇਲਾਕਿਆਂ ਪ੍ਰਤਿ ਗੰਭੀਰਤਾ ਪੈਦਾ ਕਰਨ ਦੀ ਲੋੜ ਹੈ। ਜਦੋਂ ਉਹ ਇਨ੍ਹਾਂ ਇਲਾਕਿਆਂ, ਇਨ੍ਹਾਂ ਦੀਆਂ ਖ਼ਬਰਾਂ ਨੂੰ ਗੰਭੀਰਤਾ ਨਾਲ ਲੈਣ ਲੱਗਣਗੇ, ਉਦੋਂ ਹੀ ਉਨ੍ਹਾਂ ਨੂੰ ਯੋਗ ਪੱਤਰਕਾਰਾਂ ਦੀ ਲੋੜ ਮਹਿਸੂਸ ਹੋਵੇਗੀ। ਜਦੋਂ ਲੋੜ ਮਹਿਸੂਸ ਹੋਵੇਗੀ ਤਾਂ ਪੱਤਰਕਾਰਾਂ ਨੂੰ ਵੀ ਯੋਗ ਬਣਨ ਦਾ ਅਰਥ ਸਮਝ ਆਵੇਗਾ ਤੇ ਉਹ ਪਹਿਲਾਂ ਯੋਗਤਾ ਲਵੇਗਾ, ਫੇਰ ਪੱਤਰਕਾਰ ਬਣੇਗਾ।
    ਫਿਲਹਾਲ ਉਨ੍ਹਾਂ ਦੀ ਲੋੜ ਮੀਡੀਆ ਨੂੰ ਨਹੀਂ ਹੈ, ਕਿਉਂ ਕਿ ਡਿਗਰੀ ਲੈਣ ਤੋਂ ਬਾਅਦ ਸਿਆਣਾ ਹੋਇਆ ਪੱਤਰਕਾਰ ਉਨ੍ਹਾਂ ਲਈ ਰੋਟੀਆਂ ਲਿਆਉਣ ਨੂੰ ਰਾਜੀ ਨਹੀਂ ਹੁੰਦਾ, ਸਿਰਫ਼ ਕਾਗਜ਼ ਕਾਲੇ ਕਰਦਾ ਹੈ। ਅਦਾਰਿਆਂ ਨੂੰ ਕਾਲੇ ਕਾਗਜ਼ਾਂ ਨਾਲੋਂ ਰੜ੍ਹੀਆਂ ਰੋਟੀਆਂ ਜ਼ਿਆਦਾ ਚੰਗੀਆਂ ਲੱਗਦੀਆਂ ਹਨ, ਭਾਵੇਂ ਉਹ ਕੋਈ ਅਯੋਗ ਹੀ ਲਿਆਵੇ।

    ReplyDelete
  3. eh gal v theek e 22 ji.
    nps

    ReplyDelete