ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, January 15, 2015

ਅਣਖ ਲਈ ਕਤਲਾਂ ਦਾ ਜ਼ਰਖ਼ੇਜ਼ ਮਾਹੌਲ

ਨੌਜਵਾਨ ਮੁੰਡੇ-ਕੁੜੀਆਂ ਵੱਲੋਂ ਇੱਕ-ਦੂਜੇ ਨਾਲ ਰਹਿਣ ਦਾ ਫ਼ੈਸਲਾ ਮਾਪਿਆਂ ਨੂੰ ਇਸ ਹੱਦ ਤੱਕ ਨਾਖ਼ੁਸ਼ਗਬਾਰ ਗੁਜ਼ਰਦਾ ਹੈ ਕਿ ਹੱਥੀਂ-ਪਾਲੇ ਪੁੱਤਾਂ-ਧੀਆਂ ਨੂੰ ਕਤਲ ਕੀਤਾ ਜਾਂ ਕਰਵਾਇਆ ਜਾਂਦਾ ਹੈ। ਕਤਲ ਤੋਂ ਪਹਿਲਾਂ ਦਾ ਵਿਹਾਰ ਖ਼ਬਰ ਦਾ ਰੁਤਬਾ ਹਾਸਲ ਨਹੀਂ ਕਰਦਾ। ਕਤਲ ਤੋਂ ਪਹਿਲਾਂ ਦਾ ਵਿਹਾਰ ਨਿੱਜੀ ਜਾਂ ਪਰਿਵਾਰ ਦੇ ਘੇਰੇ ਵਿੱਚ ਰਹਿੰਦਾ ਹੈ। ਇਨ੍ਹਾਂ ਕਤਲਾਂ ਲਈ ਕਸੂਰਵਾਰ ਧਿਰ ਨਾਲ ਹਮਦਰਦੀ ਹਰ ਤਬਕੇ ਅਤੇ ਅਦਾਰੇ ਵਿੱਚ ਮਿਲ ਜਾਂਦੀ ਹੈ। ਨਤੀਜੇ ਵਜੋਂ ਕਾਤਲ ਨਮੋਸ਼ੀ ਅਤੇ ਸਜ਼ਾ ਤੋਂ ਬਚ ਜਾਂਦਾ ਹੈ ਅਤੇ ਸਮਾਜਿਕ-ਰਹਿਤ ਦੇ ਰਾਖੇ ਵਜੋਂ ਵਡਿਆਇਆ ਜਾਂਦਾ ਹੈ। ਕਾਤਲ ਨੂੰ ਪੀੜਤ ਵਜੋਂ ਵੇਖਿਆ ਜਾਂਦਾ ਹੈ ਕਿਉਂ ਜੋ ਉਸ ਨੂੰ 'ਮਜਬੂਰੀਵਸ ਜਿਗਰ ਦੇ ਟੁਕੜਿਆਂ ਖ਼ਿਲਾਫ਼' ਇਹ ਕਾਰਵਾਈ ਕਰਨੀ ਪਈ ਹੈ। ਮੌਜੂਦਾ ਦੌਰ ਵਿੱਚ ਇਸ ਰੁਝਾਨ ਦੇ ਪੱਖ ਵਿੱਚ ਬੌਧਿਕ ਦਲੀਲ ਕਮਜ਼ੋਰ ਜਾਪਦੀ ਹੈ ਪਰ ਇਸ ਦੀ ਮੂੰਹਜ਼ੋਰੀ ਹਰ ਤਬਕੇ ਦੇ ਵਿਹਾਰ ਵਿੱਚ ਝਲਕਦੀ ਰਹਿੰਦੀ ਹੈ। ਬੌਧਿਕ ਤਬਕੇ ਵਿੱਚ 'ਕਾਨੂੰਨੀ ਘੇਰੇ' ਦਾ ਚੋਖਾ ਲਿਹਾਜ ਰੱਖਿਆ ਜਾਂਦਾ ਹੈ। ਚਰਚਾ ਦਾ ਵਿਸ਼ਾ ਕਾਨੂੰਨ ਦੇ ਘੇਰੇ ਵਿੱਚ ਆਉਂਦੇ ਕਤਲ ਤੱਕ ਮਹਿਦੂਦ ਰਹਿੰਦਾ ਹੈ। ਇਨ੍ਹਾਂ ਕਤਲਾਂ ਬਾਬਤ ਕਾਨੂੰਨੀ ਦਲੀਲ 'ਆਤਮ ਰੱਖਿਆ ਲਈ ਕੀਤੇ ਕਤਲਾਂ' ਦੇ ਘੇਰੇ ਵਿੱਚ ਨਹੀਂ ਆਉਂਦੀ ਪਰ ਸਮਾਜਿਕ ਦਲੀਲ ਵਿੱਚ ਇਨ੍ਹਾਂ ਨੂੰ 'ਆਤਮ ਰੱਖਿਆ ਲਈ ਕੀਤੇ ਕਤਲਾਂ' ਦੀ ਥਾਂ ਮਿਲਦੀ ਹੈ।

ਸੁਆਲ ਇਹੋ ਹੈ ਕਿ 'ਆਤਮ ਰੱਖਿਆ' ਦਾ ਕਿਹੜਾ ਪੱਖ ਹੈ ਜੋ ਇੰਨਾ ਮੂੰਹਜ਼ੋਰ ਹੈ? ਬੰਦੇ ਦੀ ਸਮਾਜਿਕ-ਰੱਖਿਆ (ਅਣਖ) ਨੂੰ ਦੋ ਜੀਆਂ ਦੇ ਮੇਲ ਤੋਂ ਕੀ ਖ਼ਤਰਾ ਹੈ? ਇਸ ਅਣਖ ਦਾ ਸੱਭਿਆਚਾਰ ਨਾਲ ਕੀ ਰਿਸ਼ਤਾ ਹੈ? ਆਮ ਤੌਰ ਉੱਤੇ ਅਜਿਹੇ ਵਿਆਹਾਂ ਨੂੰ ਸਮਾਜਿਕ ਰਹਿਤ ਦੇ ਖ਼ਿਲਾਫ਼ ਮੰਨਿਆ ਜਾਂਦਾ ਹੈ। ਇਹ ਸੁਆਲ ਸਮਾਜਿਕ-ਰਹਿਤ ਦੇ ਘੇਰੇ ਵਿੱਚ ਆਉਂਦਾ ਹੈ ਕਿ ਕਿਸ ਦਾ ਵਿਆਹ ਕਿਸ ਨਾਲ ਹੋ ਸਕਦਾ ਹੈ ਅਤੇ ਕਿਸ ਦਾ ਵਿਆਹ ਕਿਸ ਨਾਲ ਨਹੀਂ ਹੋ ਸਕਦਾ। ਇਸ ਮਾਮਲੇ ਵਿੱਚ ਗੋਤ, ਜਾਤ, ਧਰਮ, ਸ਼ਰੀਕੇ ਅਤੇ ਬਰਾਦਰੀ ਦੀਆਂ ਹੱਦਾਂ ਹਨ ਜੋ ਮੌਕੇ ਅਤੇ ਬੰਦੇ ਮੁਤਾਬਕ ਸੌੜੀਆਂ ਜਾਂ ਮੋਕਲੀਆਂ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ਹੱਦਾਂ ਦੀ ਮਜ਼ਬੂਤੀ ਦੀਆਂ ਮਿਸਾਲਾਂ ਜੇ ਕਤਲ ਹਨ ਤਾਂ ਇਨ੍ਹਾਂ ਦੇ ਬੇਮਾਅਨਾ ਹੋਣ ਦਾ ਸਬੂਤ ਅਖ਼ਬਾਰਾਂ ਵਿੱਚ ਛਪਦੇ ਵਿਆਹਾਂ ਦੇ ਇਸ਼ਤਿਹਾਰ ਹਨ। ਇਨ੍ਹਾਂ ਇਸ਼ਤਿਹਾਰਾਂ ਵਿੱਚ ਆਮ ਤੌਰ ਉੱਤੇ ਧਰਮ, ਜਾਤ ਅਤੇ ਗੋਤ ਦੀ ਪਛਾਣ ਉਗੜਵੇਂ ਤੌਰ ਉੱਤੇ ਦੱਸੀ ਜਾਂਦੀ ਹੈ। ਵੱਡੀ ਗਿਣਤੀ ਵਿੱਚ ਇਸ਼ਤਿਹਾਰ ਹੁੰਦੇ ਹਨ ਜਿਨ੍ਹਾਂ ਵਿੱਚ ਧਰਮ, ਜਾਤ ਅਤੇ ਗੋਤ ਦੀ ਥਾਂ ਨਵੀਂ ਸ਼ਰਤ ਹੁੰਦੀ ਹੈ। 'ਅੰਗਰੇਜ਼ੀ ਦੇ ਇਮਤਿਹਾਨ ਪਾਸ ਕਰ' ਚੁੱਕੀਆਂ ਕੁੜੀਆਂ ਲਈ ਮੁੰਡੇ ਵਾਲੇ ਵਿਆਹ ਅਤੇ ਵਿਦੇਸ਼ ਜਾਣ ਦਾ ਖ਼ਰਚ ਚੁੱਕਣ ਲਈ ਤਿਆਰ ਹਨ। ਮੁੰਡੇ ਦੇ ਇਸ਼ਤਿਹਾਰ ਨਾਲ ਸ਼ਰਤ ਲੱਗਦੀ ਹੈ ਕਿ ਕੁੜੀ ਵਾਲਿਆਂ ਦੀ ਰਿਸ਼ਤੇਦਾਰੀ ਵਿੱਚੋਂ ਕੋਈ ਮੁੰਡਾ ਇਸ਼ਹਿਤਾਰ ਵਾਲਿਆਂ ਦੀ ਕੁੜੀ ਨੂੰ ਵਿਆਹ ਕਰਵਾਕੇ ਕਿਸੇ ਦੂਜੇ ਮੁਲਕ ਲੈ ਕੇ ਜਾਵੇ। ਇਨ੍ਹਾਂ ਤੋਂ ਬਿਨਾਂ ਕੱਚੇ, ਠੇਕੇ ਅਤੇ ਅੱਟੇ-ਸੱਟੇ ਦੇ ਵਿਆਹਾਂ ਦੇ ਇਸ਼ਤਿਹਾਰ ਛਪਦੇ ਹਨ। ਇਸ਼ਤਿਹਾਰ ਦੇਣ ਵਾਲਿਆਂ ਨਾਲ ਰਾਬਤਾ ਕਰਨ ਉੱਤੇ ਪਹਿਲੀ ਗੱਲ ਪੈਸੇ ਜਾਂ ਦੂਜੀਆਂ ਸ਼ਰਤਾਂ ਦੀ ਹੁੰਦੀ ਹੈ। ਵਿਦੇਸ਼ੀਂ ਜਾਣ ਲਈ ਸਕੇ ਭੈਣ-ਭਰਾਵਾਂ ਤੱਕ ਨਾਲ ਵਿਆਹ ਕਰਵਾਕੇ ਵੀਜ਼ੇ ਲਗਵਾਉਣ ਦੀ ਮਿਸਾਲਾਂ ਬਹੁਤ ਹਨ। ਸਮਾਜਿਕ, ਧਾਰਮਿਕ ਅਤੇ ਕਾਨੂੰਨੀ ਅਦਾਰੇ ਇਨ੍ਹਾਂ ਕੱਚੇ, ਠੇਕੇ ਅਤੇ ਅੱਟੇ-ਸੱਟੇ ਦੇ ਵਿਆਹਾਂ ਨੂੰ ਧਾਰਮਿਕ, ਸਮਾਜਿਕ ਅਤੇ ਕਾਨੂੰਨੀ ਮਾਨਤਾ ਦੇਣ ਲਈ ਸਚੇਤ ਹਿੱਸਾ ਪਾਉਂਦੇ ਹਨ। ਰਿਸ਼ਤੇਦਾਰ ਅਤੇ ਸੱਜਣ-ਮਿੱਤਰ ਇਨ੍ਹਾਂ ਵਿਆਹਾਂ ਉੱਤੇ ਸਮਾਜਿਕ ਮੋਹਰ ਲਗਾਉਣ ਅਤੇ ਸਫ਼ਾਰਤਖ਼ਾਨਿਆਂ ਦੇ ਪੁਖ਼ਤਾ ਸਬੂਤ ਬਣਨ ਲਈ ਸੱਜਣ-ਧੱਜਣ, ਖਾਣ-ਪੀਣ, ਨੱਚਣ-ਗਾਉਣ ਅਤੇ ਹੱਸ-ਹੱਸ ਸ਼ਗਨ ਪਾਉਣ ਦੇ ਮੁਕਾਬਲੇ ਕਰਦੇ ਹਨ।


ਸਫ਼ਾਰਤਖ਼ਾਨਿਆਂ ਵਿੱਚ ਹਰ ਵਿਆਹ ਸ਼ੱਕ ਦੇ ਘੇਰੇ ਵਿੱਚ ਹੈ ਅਤੇ ਸ਼ੰਕਾ-ਨਵਿਰਤੀ ਲਈ ਕੁੱਖ ਤੋਂ ਘਰਾਂ ਤੱਕ ਦਾ ਹਰ ਸਾਂਗ ਰਚਿਆ ਜਾ ਰਿਹਾ ਹੈ। ਇਸ ਰੁਝਾਨ ਉੱਤੇ ਸਮਾਜਿਕ-ਰਹਿਤ ਦੇ ਹਵਾਲੇ ਨਾਲ ਕੀਤਾ ਹਰ ਸੁਆਲ 'ਸਾਰੇ ਧੋਣੇ ਧੋ ਦੇਣ' ਜਾਂ 'ਸੱਤ ਪੁਸ਼ਤਾਂ ਤਾਰ ਦੇਣ' ਲਈ ਮਿਲਣ ਵਾਲੇ ਵਿਜ਼ਿਆਂ ਸਾਹਮਣੇ ਨਿਗੂਣਾ ਸਾਬਤ ਹੁੰਦਾ ਹੈ। ਨਤੀਜੇ ਵਜੋਂ ਵਿਦੇਸ਼ੀਂ ਵਸਦੇ ਪਰਵਾਸੀ ਲਾੜਿਆਂ ਨੂੰ ਉਡੀਕਦੀਆਂ ਦੁਹਾਗਣਾਂ ਨੂੰ ਨੀਮ-ਵਿਧਵਾਵਾਂ ਦਾ ਵਿਸ਼ੇਸ਼ਣ ਮਿਲਿਆ ਹੈ। ਉਹ ਆਪਣੇ ਬੱਚਿਆਂ ਨੂੰ ਇੱਕਲੀਆਂ ਪਾਲਣ ਲਈ ਮਜਬੂਰ ਹੋਈਆਂ ਹਨ। ਜਹਾਜ਼ ਚੜ੍ਹਣ ਦੀ ਆਸ ਲਗਾਈਂ ਬੈਠੇ ਮਾਪੇ ਅਤੇ ਭਾਈ-ਭਤੀਜੇ ਇਨ੍ਹਾਂ ਦੀਆਂ ਰੀਝਾਂ ਦੀ ਬੇਕਦਰੀ ਤੋਂ ਮੂੰਹ ਫੇਰ ਕੇ ਹੀ 'ਲੋਕ-ਲਾਜ' ਪਾਲਦੇ ਹਨ।


ਇਸੇ ਦੌਰਾਨ ਕਾਨੂੰਨੀ ਪੱਧਰ ਉੱਤੇ ਰਸਮੀ ਵਿਆਹ ਤੋਂ ਬਿਨ੍ਹਾਂ ਇਕੱਠੇ ਰਹਿ ਰਹੇ ਜੀਆਂ ਨੂੰ ਜੋੜਿਆਂ ਵਾਲੇ ਅਖ਼ਤਿਆਰਾਂ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ। ਇਨ੍ਹਾਂ ਜੋੜਿਆਂ ਦੀ ਔਲਾਦ ਦੇ ਜਾਇਦਾਦ ਉੱਤੇ ਅਖ਼ਤਿਆਰਾਂ ਤੋਂ ਲੈ ਕੇ ਵੱਖ ਹੋਣ ਦੇ ਮਸਲੇ ਕਾਨੂੰਨ ਦੇ ਘੇਰੇ ਵਿੱਚ ਲਿਆਂਦੇ ਗਏ ਹਨ। ਵਿਆਹ ਦੇ ਵਾਅਦੇ ਨਾਲ ਕੀਤੀ ਨੇੜਤਾ ਨੂੰ ਵਾਅਦਾਫਿਰੋਸ਼ੀ ਦੀ ਹਾਲਤ ਵਿੱਚ ਸਹਿਮਤੀ ਦੇ ਘੇਰੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। ਇਨ੍ਹਾਂ ਸਾਰੀਆਂ ਤਬਦੀਲੀਆਂ ਨੂੰ ਬਦਲਦੇ ਸਮਾਜਿਕ ਵਿਹਾਰ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਨੌਜਵਾਨ ਮੁੰਡੇ-ਕੁੜੀਆਂ ਦੀ ਵੱਡੀ ਗਿਣਤੀ ਆਪਣੀ ਪੜ੍ਹਾਈ, ਨੌਕਰੀ, ਪੇਸ਼ੇ ਜਾਂ ਕਾਰੋਬਾਰ ਦੇ ਸਿਲਸਿਲੇ ਵਿੱਚ ਲਗਾਤਾਰ ਸਫ਼ਰਯਾਫ਼ਤਾ ਹੈ। ਇਨ੍ਹਾਂ ਦੀ ਸਫ਼ਰਯਾਫ਼ਤਾ ਜ਼ਿੰਦਗੀ ਆਪਣੇ ਰਿਸ਼ਤੇ ਤੈਅ ਕਰ ਰਹੀ ਹੈ। ਸਫ਼ਰਯਾਫ਼ਤਾ ਜੀਅ ਨੇ ਆਪਣੇ ਹਮਸਫ਼ਰਾਂ ਨਾਲ ਜਿਉਣ ਦਾ ਸਲੀਕਾ ਸਿੱਖਣਾ ਹੈ। ਜਦੋਂ ਸਫ਼ਰਯਾਫ਼ਤਾ ਜੀਅ ਦਾ ਪੜਾਅ 'ਰਵਾਇਤੀ ਘਰ' ਵਿੱਚ ਹੁੰਦਾ ਹੈ ਤਾਂ ਉਸ ਦੀਆਂ ਕਾਮਯਾਬੀਆਂ-ਨਾਕਾਮਯਾਬੀਆਂ ਨਾਲ ਪ੍ਰਵਾਨਗੀ-ਨਾਪ੍ਰਵਾਨਗੀ ਤੈਅ ਹੁੰਦੀ ਹੈ। ਕਾਮਯਾਬੀਆਂ-ਨਾਕਾਮਯਾਬੀਆਂ ਦੇ ਮਿਆਰ ਵੱਖਰੇ-ਵੱਖਰੇ ਹੋ ਸਕਦੇ ਹਨ। ਬੰਦੇ ਦੀ ਆਪਣੀ ਆਸ ਪ੍ਰਵਾਨ ਕੀਤੀ ਗਈ ਕਾਮਯਾਬੀ ਤੋਂ ਵਡੇਰੀ ਹੋ ਸਕਦੀ ਹੈ। ਬੰਦੇ ਤੋਂ ਕੀਤੀ ਗਈ ਆਸ ਉਸ ਦੀ ਪ੍ਰਾਪਤੀ ਤੋਂ ਵਡੇਰੀ ਹੋ ਸਕਦੀ ਹੈ। ਕਾਮਯਾਬੀਆਂ ਨਾਲ ਖੁੱਲ੍ਹ ਮਿਲਦੀ ਹੈ ਅਤੇ ਨਾਕਾਮਯਾਬੀਆਂ ਨਾਲ ਪਾਬੰਦੀ ਲੱਗਦੀ ਹੈ। ਕਾਮਯਾਬੀ-ਨਾਕਾਮਯਾਬੀ ਵਿਚਲਾ ਫ਼ਰਕ ਹਾਲਾਤ ਵਿੱਚ ਤਬਦੀਲੀ ਨਹੀਂ ਕਰਦਾ। ਨਤੀਜੇ ਵਜੋਂ ਬੰਦੇ ਦੇ ਅੰਦਰ ਲਗਾਤਾਰ ਟੁੱਟ-ਭੰਨ੍ਹ ਹੁੰਦੀ ਹੈ ਅਤੇ ਉਸ ਦੇ ਰਿਸ਼ਤੇ ਵੀ ਇਹੋ ਤਜਰਬਾ ਹੱਡੀਂ-ਹੰਢਾਉਂਦੇ ਹਨ।


ਮੁੰਡੇ-ਕੁੜੀ ਦੇ ਰਿਸ਼ਤੇ ਦੀ ਸਾਰੀ ਸਿਆਸਤ ਸਿਰਫ਼ ਘਰ, ਸ਼ਰੀਕੇ ਜਾਂ ਨਿੱਜੀ ਘੇਰਿਆਂ ਤੱਕ ਮਹਿਦੂਦ ਨਹੀਂ ਹੁੰਦੀ। ਸਿਆਸੀ ਪਾਰਟੀਆਂ ਦੀ ਸਰਪ੍ਰਸਤੀ ਵਿੱਚ ਜਥੇਬੰਦੀਆਂ ਮੁੰਡੇ-ਕੁੜੀ ਦੇ ਰਿਸ਼ਤੇ ਦੁਆਲੇ ਮੁੰਹਿਮਾਂ ਚਲਾਉਂਦੇ ਹਨ। ਇਨ੍ਹਾਂ ਜਥੇਬੰਦੀਆਂ ਦੀ ਦਲੀਲ ਰਹਿੰਦੀ ਹੈ ਕਿ ਕਿਸੇ ਧਰਮ ਦੇ ਮੁੰਡੇ ਵਿਉਂਤਬੰਦ ਢੰਗ ਨਾਲ ਦੂਜੇ ਧਰਮ ਦੀਆਂ ਕੁੜੀਆਂ ਨੂੰ ਵਰਗਲਾ ਰਹੇ ਹਨ। ਇਨ੍ਹਾਂ 'ਵਰਗਲਾਈਆਂ ਗਈਆਂ ਕੁੜੀਆਂ' ਦੀ ਵਾਪਸੀ ਲਈ ਮੁਹਿੰਮਾਂ ਚੱਲਦੀਆਂ ਹਨ। ਰਾਸ਼ਟਰੀ ਸਵੈਮ ਸੇਵਕ ਸੰਘ ਦੇ ਆਗੂ ਇੰਦਰੀਸ਼ ਕੁਮਾਰ ਇਸ ਰੁਝਾਨ ਨੂੰ ਇੱਕ ਫਿਕਰੇ ਵਿੱਚ ਬਿਆਨ ਕਰਦੇ ਹਨ, "ਜੋ ਹਮਾਰੀ ਬੇਟੀਆਂ ਵਰਗਲਾਈ ਗਈ ਹੈ ਉਨ ਕੋ ਵਾਪਸ ਲਾਨਾ ਔਰ ਅਗਰ ਹਮਾਰੇ ਬੇਟੋਂ ਨੇ ਉਨ ਕੀ ਬੇਟੀਓਂ ਸੇ ਸ਼ਾਦੀ ਕਰ ਲੀ ਹੈ ਤੋ ਬਹੁਰਾਨੀ ਕਾ ਧਿਆਨ ਰਖਨਾ ਹਮਾਰਾ ਧਰਮ ਹੈ।" ਇਹ ਦਲੀਲ ਸਮਾਜਿਕ ਪੱਧਰ ਉੱਤੇ ਕਈ ਤਰ੍ਹਾਂ ਲਾਗੂ ਹੁੰਦੀ ਹੈ। ਜਾਤ ਦੇ ਮਾਮਲੇ ਵਿੱਚ ਇਹੋ ਦਲੀਲ ਦਿੱਤੀ ਜਾਂਦੀ ਹੈ। ਅਮੀਰ ਤਬਕਾ ਮੰਨਦਾ ਹੈ ਕਿ ਗ਼ਰੀਬ ਤਬਕੇ ਦੇ ਮੁੰਡੇ ਵਿਉਂਤਬੰਦ ਢੰਗ ਨਾਲ ਅਮੀਰਜ਼ਾਦੀਆਂ ਨੂੰ ਫਸਾਉਂਦੇ ਹਨ। ਇਸ ਦਲੀਲ ਤਹਿਤ ਕੁੜੀ ਨੂੰ ਵਰਗਲਾਈ ਜਾ ਸਕਣ ਵਾਲੀ ਕਮਅਕਲ ਵਜੋਂ ਪ੍ਰਵਾਨ ਕਰ ਲਿਆ ਗਿਆ ਹੈ ਜਿਸ ਦੀ ਰਾਖੀ ਕਰਨੀ ਮਰਦਾਂ ਦੀ 'ਜ਼ਿੰਮੇਵਾਰੀ' ਬਣਦੀ ਹੈ।


ਜਦੋਂ ਅਣਖ ਲਈ ਕਤਲ ਕੀਤੇ ਜਾਂਦੇ ਹਨ ਤਾਂ ਅਫ਼ਸੋਸ ਵਿੱਚ ਦਲੀਲ ਦਿੱਤੀ ਜਾਂਦੀ ਸੀ ਕਿ 'ਮਾਪੇ ਆਪਣੀਆਂ ਰੀਝਾਂ ਨੂੰ ਦਰਕਿਨਾਰ ਕਰ ਕੇ ਬੱਚਿਆਂ ਦੇ ਪਾਲਣ-ਪੋਸ਼ਨ ਅਤੇ ਪੜ੍ਹਾਈ-ਲਿਖਾਈ ਉੱਤੇ ਖ਼ਰਚ ਕਰਦੇ ਹਨ। ਬੱਚਿਆਂ ਨੂੰ ਖੁਦਗਰਜ਼ੀ ਨਹੀਂ ਕਰਨੀ ਚਾਹੀਦੀ।' ਜਦੋਂ ਬੱਚਿਆਂ ਨੂੰ ਪਾਲਿਆ ਹੀ ਗਰਜ਼ਾਂ ਤਹਿਤ ਜਾਂਦਾ ਹੈ ਤਾਂ ਨੌਜਵਾਨ ਹੋਏ ਮੁੰਡੇ-ਕੁੜੀਆਂ ਨੂੰ ਆਪਣੀ ਮਰਜ਼ੀ ਨਾਲ ਫ਼ੈਸਲੇ ਕਰਨ ਦੀ ਇਜਾਜ਼ਤ ਕਿਵੇਂ ਮਿਲ ਸਕਦੀ ਹੈ? ਕੁਝ ਲੋਕ 'ਆਪਣੇ ਮਨ ਨੂੰ ਸਮਝਾ ਲੈਂਦੇ ਹਨ' ਪਰ ਕਈਆਂ ਤੋਂ ਇਹ 'ਸਦਮਾ' ਬਰਦਾਸ਼ਤ ਨਹੀਂ ਹੁੰਦਾ। ਇਸੇ ਮੋੜ ਉੱਤੇ ਮਾਪਿਆਂ ਦੀ ਬੇਗਰਜ਼ੀ ਦਾ ਦਾਅਦਾ ਬੇਪਰਦ ਹੁੰਦਾ ਹੈ।


ਆਪਣੀ ਬੰਦਖਲਾਸੀ ਦਾ ਸਭ ਤੋਂ ਵੱਡਾ ਦਾਅ ਜਦੋਂ ਬੱਚਿਆਂ ਉੱਤੇ ਲਗਾਇਆ ਜਾਂਦਾ ਹੈ ਤਾਂ ਉਨ੍ਹਾਂ ਤੋਂ ਸੀਲ ਹੋਣ ਦੀ ਤਵੱਕੋ ਤਾਂ ਕੀਤੀ ਜਾਵੇਗੀ। ਬੱਚਿਆਂ ਦੇ 'ਕਹਿਣੇ ਵਿੱਚ ਹੋਣ' ਅਤੇ 'ਲਾਇਕ ਹੋਣ' ਦੀ ਪ੍ਰਾਪਤੀ ਉੱਤੇ ਮਾਪਿਆਂ ਦੇ ਨਾਲ ਪਰਿਵਾਰ, ਸ਼ਰੀਕਾ, ਰਿਸ਼ਤੇਦਾਰ ਅਤੇ ਸਮੁੱਚੀ ਬਰਾਦਰੀ ਮਾਣ ਕਰਦੀ ਹੈ। ਆਪਣੀ ਮਰਜ਼ੀ ਦੇ ਜੀਵਨ-ਸਾਥੀ ਨਾਲ ਰਹਿਣ ਦਾ ਇੱਕੋ ਫ਼ੈਸਲਾ ਇਸ ਪ੍ਰਾਪਤੀ ਉੱਤੇ ਕਾਟਾ ਮਾਰ ਦਿੰਦਾ ਹੈ। ਇਸ ਪ੍ਰਾਪਤੀ ਨਾਲ ਵਡਿਆਇਆ ਗਿਆ ਬੰਦਾ ਆਪਣੀ ਔਲਾਦ ਦੀ ਹਰ ਕਾਣ-ਕੱਜ ਢੱਕ ਲੈਂਦਾ ਹੈ ਪਰ ਇਸ ਫ਼ੈਸਲੇ ਦੀ 'ਨਮੋਸ਼ੀ' ਬਰਦਾਸ਼ਤ ਨਹੀਂ ਕਰਦਾ। ਸਕੂਲਾਂ-ਕਾਲਜਾਂ ਦੇ ਨਤੀਜਿਆਂ ਵੇਲੇ ਆਪੇ ਤੋਂ ਬਾਹਰ ਹੋਏ ਮਾਪੇ ਖ਼ਬਰਾਂ ਬਣਦੇ ਹਨ। ਮਾਪਿਆਂ ਦੀਆਂ ਉਮੀਦਾਂ ਮੁਤਾਬਕ ਨਤੀਜੇ ਨਾ ਆਉਣ ਉੱਤੇ ਬੱਚੇ ਮਨੋਰੋਗੀ ਹੋ ਜਾਂਦੇ ਹਨ। ਕਈ ਖੁਦਕੁਸ਼ੀਆਂ ਦੀ ਖ਼ਬਰਾਂ ਆਉਂਦੀਆਂ ਹਨ।


ਇਨ੍ਹਾਂ ਹਾਲਾਤ ਵਿੱਚੋਂ ਨਿਕਲ ਕੇ ਮਾਪੇ ਵਿਆਹ ਰਾਹੀਂ ਆਪਣੀ ਮਲਕੀਅਤ ਦੀ ਦਾਅਵੇਦਾਰੀ ਕਰਨਾ ਚਾਹੁੰਦੇ ਹਨ। ਜਦੋਂ ਇਹ ਮਲਕੀਅਤ ਖੁੱਸ ਜਾਂਦੀ ਹੈ ਤਾਂ ਬੱਚਿਆਂ ਦੀ ਹਰ ਗ਼ਲਤੀ ਨਜ਼ਰਅੰਦਾਜ਼ ਕਰਨ ਵਾਲੇ ਮਾਪੇ ਉਨ੍ਹਾਂ ਦੇ ਕਿਸੇ ਗੁਣ ਦੀ ਕਦਰ ਨਹੀਂ ਕਰਦੇ। ਜੱਦੀ ਜਾਇਦਾਦ ਤੋਂ ਬੇਦਖ਼ਲੀ ਦੀਆਂ ਧਮਕੀਆਂ ਕੰਮ ਨਹੀਂ ਕਰਦੀਆਂ ਤਾਂ 'ਔਲਾਦ ਰੂਪੀ ਆਪਣੀ ਕਮਾਈ' ਦੇ ਹੱਥੋਂ ਖੁੱਸਣ ਦਾ 'ਅਹਿਸਾਸ' ਹਮਲਾਵਰ ਰੂਪ ਅਖ਼ਤਿਆਰ ਕਰ ਲੈਂਦਾ ਹੈ। ਇਸ ਦੌਰ ਵਿੱਚ ਵਿਦਿਅਕ ਅਦਾਰਿਆਂ ਨੇ ਵਿਦਿਆਰਥੀਆਂ ਨੂੰ ਖਪਤਕਾਰ ਕਰਾਰ ਦਿੱਤਾ ਹੈ। ਹਸਪਤਾਲਾਂ ਨੇ ਮਰੀਜ਼ਾਂ ਨੂੰ ਖਪਤਕਾਰ ਮੰਨ ਲਿਆ ਹੈ। ਸਰਕਾਰ ਮੁਨਾਫ਼ੇ ਕਮਾਉਣ ਵਾਲੇ ਨਿੱਜੀ ਅਦਾਰਿਆਂ ਨੂੰ ਸਮਾਜਿਕ ਪ੍ਰਾਪਤੀ ਵਜੋਂ ਪੇਸ਼ ਕਰਦੀ ਹੈ। ਇਹੋ ਰੁਝਾਨ ਮਾਪਿਆਂ ਉੱਤੇ ਅਸਰਅੰਦਾਜ਼ ਹੁੰਦਾ ਹੈ ਅਤੇ ਉਹ ਔਲਾਦ ਨੂੰ ਨਿਵੇਸ਼ ਦੀ ਉਪਜ ਮੰਨਦੇ ਹਨ। ਇਸ ਉਪਜ ਦਾ ਇੱਕ ਫ਼ੈਸਲਾ ਮੁਨਾਫ਼ੇ ਤੋਂ ਮੁਨਕਰ ਹੋਣ ਦੇ ਤੁੱਲ ਮੰਨਿਆ ਜਾਂਦਾ ਹੈ। ਖੁੱਲ੍ਹੀ ਮੰਡੀ ਦੀਆਂ ਕਦਰਾਂ-ਕੀਮਤਾਂ ਮੁਤਾਬਕ ਬੰਦਾ ਇੱਕੋ ਵੇਲੇ ਖਪਤਕਾਰ ਅਤੇ ਵਸਤੂ ਹੈ। ਜੇ ਮਾਪੇ ਸਾਰੀ ਮੁਸ਼ੱਕਤ ਔਲਾਦ ਰੂਪੀ ਵਸਤੂ ਦਾ ਮੁੱਲ ਵਧਾਉਣ ਲਈ ਕਰਦੇ ਹਨ ਤਾਂ ਖਪਤਕਾਰ ਵਜੋਂ ਲੁੱਟੇ ਜਾਣ ਦਾ ਅਹਿਸਾਸ ਤਾਂ ਹਮਲਾਵਰ ਰੂਪ ਵਿੱਚ ਸਾਹਮਣੇ ਆ ਹੀ ਸਕਦਾ ਹੈ।


ਇਹ ਜ਼ਰੂਰੀ ਨਹੀਂ ਕਿ ਅਣਖ ਲਈ ਹੁੰਦੇ ਹਰ ਕਤਲ ਵਿੱਚ ਇਹ ਸਾਰੇ ਕਾਰਨ ਸਰਗਰਮ ਹੋਣ। ਇਨ੍ਹਾਂ ਦਾ ਕੋਈ ਵੀ ਜਮ੍ਹਾਂਜੋੜ ਹੋ ਸਕਦਾ ਹੈ ਪਰ ਇਨ੍ਹਾਂ ਕਾਰਨਾਂ ਨਾਲ 'ਅਣਖ ਲਈ ਹੁੰਦੇ ਕਤਲਾਂ' ਨੂੰ ਪ੍ਰਵਾਨਗੀ ਮਿਲਦੀ ਹੈ। ਮੌਜੂਦਾ ਦੌਰ ਵਿੱਚ ਟੈਲੀਵਿਜ਼ਨ ਅਤੇ ਇੰਟਰਨੈੱਟ ਰਾਹੀਂ ਬੰਦਾ ਆਲਮੀ ਪੱਧਰ ਉੱਤੇ ਜਾਣਕਾਰੀ ਰਾਹੀਂ ਜੁੜ ਗਿਆ ਹੈ। ਉਸ ਦਾ ਰਾਬਤਾ ਹਰ ਤਰ੍ਹਾਂ ਦੀ ਜੀਵਨ-ਸ਼ੈਲੀ ਨਾਲ ਪੈ ਰਿਹਾ ਹੈ। ਉਸ ਦੀ ਸਫ਼ਰਯਾਫ਼ਤਾ ਜ਼ਿੰਦਗੀ ਦਾ ਇੱਕ ਪੱਖ ਇੱਕ ਥਾਂ ਤੋਂ ਦੂਜੀ ਥਾਂ ਵੱਲ ਜਾਣ ਨਾਲ ਜੁੜਿਆ ਹੋਇਆ ਹੈ ਪਰ ਦੂਜਾ ਪੱਖ ਉਸ ਦੇ ਅੰਦਰ ਚੱਲਦੀ ਹਿੱਲਜੁਲ ਨਾਲ ਜੁੜਿਆ ਹੋਇਆ ਹੈ। ਖੁੱਲ੍ਹੀ-ਮੰਡੀ ਇੱਕ ਪਾਸੇ ਉਸ ਤੋਂ ਸਿਰ-ਵੱਢ ਮੁਕਾਬਲੇ ਵਿੱਚ ਪੈਣ ਦੀ ਮੰਗ ਕਰਦੀ ਹੈ ਅਤੇ ਦੂਜੇ ਪਾਸੇ ਸੀਲ ਖਪਤਕਾਰ ਹੋਣ ਦੀ ਤਵੱਕੋ ਕਰਦੀ ਹੈ। ਮਾਪੇ ਇੱਕ ਪਾਸੇ ਬੱਚਿਆਂ ਤੋਂ ਦੁਨੀਆਂ ਦੇ ਗਿਆਨ-ਵਿਗਿਆਨ ਅਤੇ ਖ਼ੁਸ਼ਹਾਲੀ ਦੀਆਂ ਸਿਖਰਾਂ ਸਰ ਕਰਨ ਦੀ ਆਸ ਕਰਦੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਆਪਣੀ 'ਰਜ਼ਾ ਵਿੱਚ ਰਾਜੀ ਰੱਖਣਾ' ਚਾਹੁੰਦੇ ਹਨ।


'ਅਣਖ' ਦੇ ਨਾਮ ਉੱਤੇ ਹੁੰਦੀ ਹਿੰਸਾ ਨੂੰ ਠੱਲ੍ਹ ਪਾਉਣ ਦੀ ਜ਼ਿੰਮੇਵਾਰੀ ਕਾਨੂੰਨ ਉੱਤੇ ਨਹੀਂ ਪਾਈ ਜਾ ਸਕਦੀ। ਕਾਨੂੰਨ ਦੇ ਘੇਰੇ ਵਿੱਚ ਤਾਂ ਹਿੰਸਾ ਤੋਂ ਬਾਅਦ ਦੇ ਸੁਆਲ ਆਉਂਦੇ ਹਨ ਜੋ ਇਨਸਾਫ਼ ਅਤੇ ਸਜ਼ਾ ਨਾਲ ਜੁੜਦੇ ਹਨ। ਪੇਸ਼ਬੰਦੀਆਂ ਦਾ ਸੁਆਲ ਸਮਾਜਿਕ ਅਤੇ ਸਿਆਸੀ ਘੇਰੇ ਵਿੱਚ ਆਉਂਦਾ ਹੈ ਪਰ ਇਸ ਮਾਮਲੇ ਵਿੱਚ ਪਹਿਲਕਦਮੀਆਂ ਸਾਹਿਤਕ, ਬੌਧਿਕ, ਸੱਭਿਆਚਾਰਕ ਅਤੇ ਸਮਾਜਿਕ ਜਥੇਬੰਦੀਆਂ ਕਰ ਸਕਦੀਆਂ ਹਨ। ਸੰਵਾਦ ਤੋਰਨ ਦੀ ਜ਼ਿੰਮੇਵਾਰੀ ਬੌਧਿਕ ਅਦਾਰਿਆਂ ਉੱਤੇ ਪੈਂਦੀ ਹੈ। ਇਸ ਧਾਰਨਾ ਨੂੰ ਹਰ ਪੱਖ ਤੋਂ ਵਿਚਾਰਿਆ ਜਾਣਾ ਚਾਹੀਦਾ ਹੈ ਕਿ ਸੱਭਿਆਚਾਰ ਸਦਾ ਸਫ਼ਰਯਾਫ਼ਤਾ ਹੈ। ਲਗਾਤਾਰ ਤਬਦੀਲੀ ਵਾਪਰਦੀ ਰਹਿੰਦੀ ਹੈ ਅਤੇ ਸੱਭਿਆਚਾਰ ਦੀ ਵੰਨ-ਸਵੰਨਤਾ ਵਿੱਚ ਵਾਧਾ ਹੁੰਦਾ ਰਹਿੰਦਾ ਹੈ। ਮਨੁੱਖੀ ਕਦਰਾਂ-ਕੀਮਤਾਂ ਸਦੀਵੀ ਹਨ ਪਰ ਇਨ੍ਹਾਂ ਦੀ ਸਮਕਾਲੀ ਵਿਆਖਿਆ ਸਭ ਤੋਂ ਅਹਿਮ ਹੈ। ਇਹ ਸੁਆਲ ਅਹਿਮ ਰਹੇਗਾ ਕਿ ਹਰ ਦੌਰ ਦੇ ਸਲੀਕੇ ਵਿੱਚ ਮਨੁੱਖੀ ਕਦਰਾਂ-ਕੀਮਤਾਂ ਕਿਵੇਂ ਪਾਲੀਆਂ ਜਾਣਗੀਆਂ? ਜੇ ਇਸੇ ਸੁਆਲ ਨੂੰ ਖੋਲ੍ਹ ਕੇ ਵੇਖਿਆ ਜਾਵੇ ਤਾਂ ਬੰਦਾ ਸ਼ਾਇਦ ਆਪਣੇ ਆਪ ਨੂੰ ਖਪਤਕਾਰ ਜਾਂ ਵਸਤੂ ਦੀ ਥਾਂ ਮਨੁੱਖ ਵਜੋਂ ਸਮਝ ਸਕਦਾ ਹੈ ਜਿਸ ਦੀ ਹੋਂਦਾ ਦਾ ਧੁਰਾ ਦਰਦਮੰਦੀ ਅਤੇ ਜਗਿਆਸਾ ਉੱਤੇ ਟਿਕਿਆ ਹੋਵੇ।

ਦਲਜੀਤ ਅਮੀ 

ਲੇਖ਼ਕ ਦਸਤਾਵੇਜ਼ੀ ਫ਼ਿਲਮਸਾਜ਼ ਤੇ ਪੱਤਰਕਾਰ ਹਨ। ਅੱਜਕਲ੍ਹ ਬੀ ਬੀ ਸੀ ਹਿੰਦੀ ਨਾਲ ਜੁੜੇ ਹੋਏ ਹਨ।

'ਅਨਹਦ ਬਾਜਾ ਬੱਜੇ' ਬਲੌਗ ਤੋਂ ਬਾ-ਦਸਤੂਰ ਚੋਰੀ :)

1 comment:

  1. res. sir i appreciate your efforts and acknowledge some facts too, told by you but i could not agree with the concept of investment. its not a factor for honor killing .its much more complicated than u expect

    ReplyDelete